ਚੈਂਪੀਅਨਾਂ ਦੀ ਕਹਾਣੀ

ਪਰਗਟ ਸਿੰਘ ਸਤੌਜ ਸਾਡੀ ਕੀਤੀ ਮਿਹਨਤ ਰੰਗ ਲਿਆਈ ਸੀ; ਸਾਡੀ ਅੰਡਰ 11 ਲੜਕੀਆਂ ਦੀ ਕਬੱਡੀ ਟੀਮ ਨੇ ਸਾਰੇ ਜ਼ਿਲ੍ਹਿਆਂ ਨੂੰ ਪਛਾੜਦਿਆਂ ਸਟੇਟ ਵਿਚੋਂ ਗੋਲਡ ਮੈਡਲ ਪ੍ਰਾਪਤ ਕਰ ਲਿਆ ਸੀ। ਸਾਰੇ ਲੋਕ ਕੁੜੀਆਂ ਨੂੰ ਗਲਵੱਕੜੀਆਂ ਪਾ ਰਹੇ ਸਨ। ਵਧਾਈਆਂ ਦਿੱਤੀਆਂ ਜਾ ਰਹੀਆਂ ਸਨ। ਫੋਟੋਆਂ ਖਿਚਵਾਈਆਂ ਜਾ ਰਹੀਆਂ ਸਨ। ਮੇਰਾ ਧਿਆਨ ਇਨ੍ਹਾਂ ਚੈਂਪੀਅਨ ਕੁੜੀਆਂ ਦੇ ਪਿਛੋਕੜ ਵੱਲ ਜਾ ਰਿਹਾ ਸੀ। ਇਨ੍ਹਾਂ ਕੁੜੀਆਂ ਦੀਆਂ ਉਹ ਕਹਾਣੀਆਂ ਜੋ ਕੋਚ ਹੋਣ ਕਰਕੇ ਮੈਨੂੰ ਪਤਾ ਲੱਗੀਆਂ ਸਨ, ਮੇਰੀਆਂ ਅੱਖਾਂ ਦੀ ਸਕਰੀਨ ਉੱਤੇ ਕਿਸੇ ਫ਼ਿਲਮ ਦੇ ਪ੍ਰੀਮੀਅਮ ਵਾਂਗ ਵਾਰ ਵਾਰ ਆ ਰਹੀਆਂ ਸਨ। ਇਹ ਉਹ ਕੁੜੀਆਂ ਸਨ ਜਿਨ੍ਹਾਂ ਦਾ ਮੁਕਾਬਲਾ ਇੱਕ ਪਾਸੇ ਨਹੀਂ ਸਗੋਂ ਦੋਹੀਂ ਪਾਸੇ ਸੀ। ਇਹ ਮੈਦਾਨ ਵਿਚ ਵੀ ਭਿੜ ਰਹੀਆਂ ਸਨ ਅਤੇ ਘਰ ਦੀ ਗਰੀਬੀ ਨਾਲ ਵੀ। ਮੇਰੇ ਕੋਚ ਅਤੇ ਮੇਰੇ ਮਿੱਤਰ ਕੁਲਦੀਪ ਦੇ ਟੀਮ ਇੰਚਾਰਜ ਹੋਣ ਕਰਕੇ ਜੋ ਕਹਾਣੀਆਂ ਸਾਨੂੰ ਪਤਾ ਲੱਗੀਆਂ, ਉਹ ਹੈਰਾਨ ਕਰਨ ਵਾਲੀਆਂ ਸਨ, ਸੋਚਣ ਵਾਲੀਆਂ ਸਨ। ਆਪਣੇ-ਆਪ ਵਿਚ ਬਹੁਤ ਸਾਰੇ ਸਵਾਲ ਵੀ ਸਨ। ਇੱਕ ਬੱਚੀ ਜਿਸ ਦਾ ਵਜ਼ਨ ਸਿਰਫ ਅਠਾਈ ਕਿੱਲੋ ਸੀ, ਆਪਣੇ ਤੋਂ ਦੁੱਗਣੇ ਵਜ਼ਨ ਦੀਆਂ ਕੁੜੀਆਂ ਦਾ ਨੱਕ ਮੋੜ ਦੇਣ ਦਾ ਦਮ ਰੱਖਦੀ ਸੀ। ਉਹ ਆਪਣੀਆਂ ਪੰਜ ਭੈਣਾਂ ਵਿਚੋਂ ਇੱਕ ਸੀ। ਉਸ ਦਾ ਪਿਤਾ ਸ਼ਰਾਬ ਨਾਲ ਟੁੰਨ ਰਹਿਣ ਵਾਲਾ, ਇੱਕ ਦਿਨ ਸ਼ਰਾਬ ਦੇ ਨਸ਼ੇ ਵਿਚ ਆਪਣੀ ਇੱਕ ਕੁੜੀ ਦੀ ਲੱਤ ਵੱਢ ਬੈਠਾ। ਕੁੜੀ ਮਰ ਗਈ ਤੇ ਉਸ ਨੂੰ ਜੇਲ੍ਹ ਹੋ ਗਈ। ਮਾਂ ਆਪਣੀਆਂ ਧੀਆਂ ਨੂੰ ਲੈ ਕੇ ਪੇਕਿਆਂ ਦੇ ਬਾਰ ਜਾ ਬੈਠੀ। ਇਹ ਬੱਚੀ ਹਾਲਾਤ ਦੀ ਭੰਨੀ ਹੋਈ, ਗਰੀਬੀ ਨਾਲ ਘੁਲਦੀ, ਖੇਡ ਦੇ ਮੈਦਾਨ ਵਿਚ ਆਪਣੇ ਵਿੱਤ ਤੋਂ ਦੁੱਗਣੇ ਹੌਸਲੇ ਨਾਲ ਖੇਡਦੀ ਹੈ। ਇੱਕ ਕੁੜੀ ਜਿਸ ਦੇ ਮਾਤਾ ਪਿਤਾ ਰੋਜ਼ੀ ਰੋਟੀ ਦੀ ਭਾਲ ਵਿਚ ਬਿਹਾਰ ਤੋਂ ਪੰਜਾਬ ਆਏ ਅਤੇ ਪੰਜਾਬ ਦੇ ਹੀ ਹੋ ਕੇ ਰਹਿ ਗਏ। ਗਰੀਬੀ ਨਾਲ ਘੁਲਦੀ ਇਹ ਕੁੜੀ ਪੰਜਾਬ ਦੀ ਟੀਮ ਵਿਚ ਚੁਣੀ ਗਈ। ਇਸ ਉਮਰੇ ਘਰ ਦੇ ਹਾਲਾਤ ਨੇ ਇਸ ਨੂੰ ਘਰ ਦੇ ਸਾਰੇ ਕੰਮਾਂ ਵਿਚ ਮੁਹਾਰਤ ਹਾਸਲ ਕਰਵਾ ਦਿੱਤੀ। “ਸਰ ਸਾਡੇ ਘਰ ਤਾਂ ਬਹੁਤੀ ਵਾਰ ਰੋਟੀ ਵੀ ਇੱਕ ਟਾਈਮ ਬਣਦੀ ਐ।” ਇਹ ਉਸ ਕੁੜੀ ਦੇ ਬੋਲ ਹਨ ਜਿਹੜੀ ਪੂਰੇ ਪੰਜਾਬ ਵਿਚੋਂ ਬੈਸਟ ਰੇਡਰ ਰਹੀ। ਨੇਪਾਲ ਵਿਚ ਜਨਮੀ ਇਸ ਕੁੜੀ ਦੇ ਮਾਂ ਪਿਓ ਚੰਗੀ ਰੋਟੀ ਦੀ ਭਾਲ ਵਿਚ ਇਸ ਨੂੰ ਗੋਦੀ ਚੁੱਕ ਕੇ ਦਿੱਲੀ ਹੁੰਦੇ ਹੋਏ ਪੰਜਾਬ ਆਣ ਵਸੇ। ਭੁੱਖਿਆਂ ਰਹਿ ਕੇ ਵੀ ਇਹ ਕੁੜੀ ਚੈਂਪੀਅਨ ਬਣੀ। ਹੈਰਾਨੀ ਤਾਂ ਉਦੋਂ ਹੋਈ ਜਦੋਂ ਪਤਾ ਲੱਗਿਆ ਕਿ ਨੰਨ੍ਹੀ ਜਿਹੀ ਇਹ ਪਰੀ ਵੀ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਟੁੱਕ ਦੀ ਬੁਰਕੀ ਮੂੰਹ ਵਿਚ ਪਾਉਣ ਜੋਗੀ ਹੁੰਦੀ ਹੈ। ਕੁਲਦੀਪ ਇਨ੍ਹਾਂ ਸਾਰੀਆਂ ਕੁੜੀਆਂ ਨੂੰ ਆਪਣੇ ਘਰ ਰੱਖਦਾ। ਸਰਕਾਰ ਵੱਲੋਂ ਕੈਂਪ ਦਾ ਕੋਈ ਖ਼ਰਚਾ ਨਹੀਂ ਦਿੱਤਾ ਗਿਆ ਸੀ। ਕੁਲਦੀਪ ਦੀ ਪਤਨੀ ਇਨ੍ਹਾਂ ਨੂੰ ਆਪਣੇ ਹੱਥੀਂ ਰੋਟੀ ਲਾਹ ਕੇ ਖਵਾਉਂਦੀ, ਗੁੱਤਾਂ ਕਰਦੀ, ਗਰਮ ਪਾਣੀ ਨਾਲ ਨਵਾਉਂਦੀ। ਜੇਕਰ ਕਿਸੇ ਬੱਚੀ ਦੇ ਮਾਂ ਯਾਦ ਆ ਜਾਂਦੀ, ਉਹ ਰੋਣ ਲੱਗ ਜਾਂਦੀ ਤਾਂ ਕੁਲਦੀਪ ਦੀ ਪਤਨੀ ਮਾਂ ਬਣ ਕੇ ਉਨ੍ਹਾਂ ਦੇ ਨਾਲ ਵੀ ਸੌਂਦੀ। ਇੱਕ ਬੱਚੀ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਠੰਢੇ ਪਾਣੀ ਨਾਲ ਹੀ ਨਹਾ ਲੈਂਦੀ। ਗੱਲਾਂ ਵਿਚੋਂ ਗੱਲ ਚੱਲੀ ਤਾਂ ਉਸ ਦੱਸਿਆ, “ਜੇ ਮੈਂ ਗਰਮ ਪਾਣੀ ਨਾਲ ਨਹਾ ਲਈ ਤਾਂ ਘਰ ਜਾ ਕੇ ਠੰਢੇ ਨਾਲ ਨਹਾਉਣਾ ਔਖਾ ਹੋ ਜਾਊਗਾ।” ਘਰ ’ਚ ਗਰੀਬੀ ਇੰਨੀ ਹੈ ਕਿ ਜੇ ਪਾਣੀ ਤੱਤਾ ਕਰਨ ’ਤੇ ਖ਼ਰਚ ਹੋ ਗਿਆ ਤਾਂ ਪੇਟ ਲਈ ਰੋਟੀ ਜੁੜਨੀ ਮੁਸ਼ਕਿਲ ਹੋ ਜਾਵੇਗੀ। ਕਿਸ ਕਿਸ ਦੀ ਗੱਲ ਕਰਾਂ? ਸਭ ਦੀ ਇਹੋ ਕਹਾਣੀ ਸੀ। ਇਹ ਸੋਨ ਪਰੀਆਂ ਗਰੀਬੀ ਨਾਲ ਲੜਦੀਆਂ ਖੇਡ ਦੇ ਮੈਦਾਨ ਵਿਚੋਂ ਤਾਂ ਜੇਤੂ ਹੋ ਕੇ ਨਿਕਲੀਆਂ ਹਨ ਪਰ ਘਰ ਦੀ ਗਰੀਬੀ ਵਿਚੋਂ ਨਿਕਲ ਸਕਣਗੀਆਂ? ਇਹ ਸਵਾਲ ਸਾਡੀਆਂ ਸਰਕਾਰਾਂ ਦੇ ਨਾਲ ਨਾਲ ਸਾਨੂੰ ਸਭ ਨੂੰ ਵੀ ਹੈ। ਸੰਪਰਕ: 94172-41787

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All