ਚੁੱਪ ਰਹਿਣਾ ਵੀ ਗੁਨਾਹ ਹੈ

ਗੁਰਦਿਆਲ ਸਿੰਘ

ਕੁਝ ਸਮਾਂ ਪਹਿਲਾਂ ਖ਼ਬਰ ਛਪੀ ਸੀ ਕਿ ਹਿਸਾਰ ਨੇੜੇ, ਹਰਿਆਣੇ ਦੇ ਇੰਜਨੀਅਰਿੰਗ ਕਾਲਜ ’ਚ ਪੜ੍ਹਦੇ ਨੌਜਵਾਨ ਨੂੰ ਉਸ ਦੇ ਦੋ ਸਾਥੀ ਵਿਦਿਆਰਥੀਆਂ ਨੇ ਦਿਨ-ਦਿਹਾੜੇ, ਗੋਲੀਆਂ ਨਾਲ ਇਸ ਲਈ ਮਾਰ ਦਿੱਤਾ ਕਿ ਉਹ ਪੜ੍ਹਾਈ ਵਿੱਚ ਸਭ ਤੋਂ ਹੁਸ਼ਿਆਰ ਸੀ। ਦੂਸਰਾ ਕਾਰਨ ਇਹ ਸੀ ਕਿ ਉਹ ਪਛੜੀ ਜਾਤੀ ਨਾਲ ਸਬੰਧ ਰੱਖਦਾ ਸੀ। ਮਾਰਨ ਵਾਲੇ ਉੱਚ ਜਾਤੀ ਦੇ ਮੁੰਡੇ ਸਨ। ਮਰਨ ਵਾਲੇ ਨੌਜਵਾਨ ਦਾ ਪਿਉ ਤਰਖਾਣਾ ਕੰਮ ਕਰਕੇ ਟੱਬਰ ਪਾਲਦਾ ਸੀ। ਇਸ ਨੌਜਵਾਨ ਕੋਲ ਬਾਰ੍ਹਵੀਂ ਪਾਸ ਕਰਨ ਪਿੱਛੋਂ ਉੱਚ ਵਿੱਦਿਆ ਦੀ ਪੜ੍ਹਾਈ ਲਈ ਖਰਚਾ ਨਹੀਂ ਸੀ। ਇਸ ਕਰਕੇ ਉਸ ਨੇ ਅਤੇ ਹਿਸਾਰ ਕਾਲਜ ਵਿੱਚ ਪੜ੍ਹਦੀ ਉਸ ਦੀ ਭੈਣ ਨੇ ਦੋ-ਤਿੰਨ ਸਾਲ ਛੋਟੀਆਂ ਜਮਾਤਾਂ ਦੀਆਂ ਟਿਊਸ਼ਨਾਂ ਪੜ੍ਹਾ ਕੇ ਫ਼ੀਸ ਜੋਗੇ ਪੈਸੇ ਇਕੱਠੇ ਕੀਤੇ ਸਨ। ਮਰਨ ਵਾਲੇ ਮੁੰਡੇ ਨੇ ਬਾਰ੍ਹਵੀਂ ਪਾਸ ਕਰਨ ਮਗਰੋਂ ਇੰਜਨੀਅਰਿੰਗ ਕਾਲਜ ਵਿੱਚ ਦਾਖਲੇ ਜੋਗੇ ਪੈਸੇ ਨਾ ਹੋਣ ਕਾਰਨ ਆਪਣੀ ਪੜ੍ਹਾਈ ਲਈ ਗੁੜਗਾਉਂ ਜਾ ਕੇ ਦੋ-ਤਿੰਨ ਸਾਲ ਤਕ ਮਜ਼ਦੂਰੀ ਵੀ ਕੀਤੀ, ਫੇਰ ਹੀ ਉਹ ਕਾਲਜ ’ਚ ਦਾਖਲ ਹੋ ਸਕਿਆ। ਕਾਲਜ ਵਿੱਚ ਦਾਖਲ ਹੋਣ ਸਮੇਂ ਤੋਂ ਹੀ ਉਹ ਅਕਸਰ ਆਪਣੇ ਘਰ ਦੱਸਦਾ ਰਹਿੰਦਾ ਸੀ ਕਿ ਕੁਝ ਉੱਚੀਆਂ ਜਾਤਾਂ ਦੇ ਮੁੰਡੇ ਉਸ ਨੂੰ ਨੀਵੀਂ ਜਾਤ ਦਾ ਹੋਣ ਕਰਕੇ ਮੰਦਾ-ਚੰਗਾ ਬੋਲਦੇ ਤੇ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ। ਉਹ ਆਪ ਪੜ੍ਹਦੇ ਨਹੀਂ ਸਨ ਤੇ ਉਸ ਨੂੰ ਵੀ ਜਮਾਤ ਵਿੱਚ ਜਾਣੋਂ ਰੋਕਦੇ ਸਨ। ਦੂਜੀ ਖ਼ਬਰ ਵੀ ਹਰਿਆਣੇ ਦੀ ਹੈ। ਇੱਕ ਬੰਦੇ ਨੇ ਆਪਣੀਆਂ ਦੋ ਧੀਆਂ ਦੀ ਮੰਗਣੀ ਕੀਤੀ ਸੀ। ਵਿਆਹ ਵਿੱਚ ਦੋ ਦਿਨ ਹੀ ਰਹਿੰਦੇ ਸਨ ਕਿ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਮੁੰਡਿਆਂ ਦੀ ਦਾਦੀ ਦਾ ਗੋਤ, ਕੁੜੀਆਂ ਦੇ ਗੋਤ ਨਾਲ ਦੂਰੋਂ ਮੇਲ ਖਾਂਦਾ ਸੀ। ਇਸ ਕਰਕੇ ਕੁੜੀਆਂ ਦੇ ਪਰਿਵਾਰ ਨੂੰ ਪਿੰਡ ਵਾਲਿਆਂ ਨੇ ਗੋਤ ਮਿਲਦੇ ਹੋਣ ਕਾਰਨ ਵਿਆਹ ਕਰਵਾਉਣ ਲਈ ਰੋਕ ਦਿੱਤਾ, ਭਾਵੇਂ ਕੁੜੀਆਂ ਦੀ ਮੰਗਣੀ ਹੋਇਆਂ ਦੋ ਸਾਲ ਹੋ ਗਏ ਸਨ। ਅਜਿਹੀਆਂ ਹੋਰ ਅਨੇਕ ਘਟਨਾਵਾਂ ਵੀ ਨਿੱਤ ਵਾਪਰਦੀਆਂ ਰਹਿੰਦੀਆਂ ਹਨ। ਕਾਨੂੰਨ ਅਨੁਸਾਰ ਪਿੰਡ ਦੇ ਲੋਕਾਂ ਜਾਂ ਪੰਚਾਇਤਾਂ ਨੂੰ ਕਿਸੇ ਪਰਿਵਾਰ ਦੇ ਅਜਿਹੇ ਮਾਮਲਿਆਂ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਸਾਰੇ ਦੇਸ਼ ਵਿੱਚ ਹੀ ਰੋਜ਼ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਕਾਨੂੰਨ ਅਤੇ ਇਸ ਨੂੰ ਲਾਗੂ ਕਰਨ ਵਾਲੇ ਪੁਲੀਸ ਤੇ ਪ੍ਰਬੰਧਕ ਅਮਲਾ ਕੁਝ ਨਹੀਂ ਕਰ ਸਕਦੇ। ਅਜਿਹੀ ਇੱਕ ਅਤਿਅੰਤ ਘਿਣਾਉਣੀ ਘਟਨਾ ਉੱਤਰ ਪ੍ਰਦੇਸ਼ ਦੇ ਪਿੰਡ ਵਿੱਚ ਵਾਪਰੀ ਸੀ। ਇੱਕ ਮੁੰਡਾ ਤੇ ਕੁੜੀ, ਘਰੋਂ ਭੱਜ ਗਏ ਤੇ ਕਿਸੇ ਹੋਰ ਥਾਂ ਜਾ ਕੇ ਵਿਆਹ ਕਰਵਾ ਲਿਆ। ਦੋ-ਤਿੰਨ ਮਹੀਨੇ ਉਹ ਬਾਹਰ ਕਿਧਰੇ ਲੁਕੇ ਰਹੇ ਪਰ ਫੇਰ ਇਹ ਸੋਚ ਕੇ ਪਿੰਡ ਆ ਗਏ ਕਿ ਪਿੰਡ ਦੇ ਲੋਕ ਉਨ੍ਹਾਂ ਦੇ ਵਿਆਹ ਨੂੰ ਪ੍ਰਵਾਨ ਕਰ ਲੈਣਗੇ ਪਰ ਪਿੰਡ ਦੀ ਪੰਚਾਇਤ ਨੇ ਦੋਵੇਂ ਪਰਿਵਾਰਾਂ ਨੂੰ ਸੱਦ ਕੇ ਕਿਹਾ ਕਿ ਉਨ੍ਹਾਂ ਦੇ ਮੁੰਡੇ-ਕੁੜੀ ਨੇ ਜੋ ਕਲੰਕ ਪਿੰਡ ਦੇ ਮੱਥੇ ਲਾਇਆ ਹੈ, ਉਹ ਤਦ ਹੀ ਧੋਤਾ ਜਾ ਸਕਦਾ ਹੈ, ਜੇ ਦੋਵੇਂ ਪਰਿਵਾਰ, ਮੁੰਡੇ ਤੇ ਕੁੜੀ ਨੂੰ ਪਿੰਡ ਦੇ ਵਿਚਕਾਰ, ਬੋੜ੍ਹ ਹੇਠ ਲਿਆ ਕੇ, ਪਿੰਡ ਦੇ ਸਾਹਮਣੇ ਫਾਹੇ ਲਾਉਣ। ਦੋਵੇਂ ਪਰਿਵਾਰਾਂ ਨੇ ਮੁੰਡੇ ਤੇ ਕੁੜੀ ਨੂੰ ਬੋੜ੍ਹ ਦੇ ਟਾਹਣਿਆਂ ਨਾਲ ਰੱਸੀਆਂ ਬੰਨ੍ਹ ਕੇ ਫਾਹੇ ਲਾ ਦਿੱਤਾ। ਜਦੋਂ ਕੁਝ ਪੱਤਰਕਾਰਾਂ ਨੇ ਉਸ ਇਲਾਕੇ ਦੇ ਪਿੰਡ ਦੇ ਨੇੜੇ ਹੀ ਥਾਣੇਦਾਰ ਨੂੰ ਐਨੀ ਗ਼ੈਰ-ਕਾਨੂੰਨੀ ਤੇ ਘਿਣਾਉਣੀ ਘਟਨਾ ਦੀ ਜਾਣਕਾਰੀ ਦੇ ਕੇ ਪੁੱਛਿਆ ਕਿ ਉਨ੍ਹਾਂ ਨੇ ਪਿੰਡ ਵਾਲਿਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਥਾਣੇਦਾਰ ਦਾ ਜੁਆਬ ਸੀ ਕਿ ਸਾਡੇ ਕੋਲ ਅਜਿਹੀ ਕੋਈ ਸ਼ਿਕਾਇਤ ਕਿਸੇ ਨੇ ਨਹੀਂ ਕੀਤੀ, ਇਸ ਕਰਕੇ ਕੋਈ ਕਾਰਵਾਈ ਨਹੀਂ ਹੋ ਸਕਦੀ। ਇਹ ਉਹ ਘਟਨਾਵਾਂ ਹਨ ਜੋ ਅਖ਼ਬਾਰਾਂ ’ਚ ਛਪਦੀਆਂ ਜਾਂ ਟੀ.ਵੀ. ’ਤੇ ਸੁਣਾਈਆਂ ਜਾਂਦੀਆਂ ਹਨ ਪਰ ਦਿਖਾਈਆਂ ਨਹੀਂ ਜਾਂਦੀਆਂ ਕਿਉਂਕਿ ਅਜਿਹੇ ਸਮੇਂ ਟੀ.ਵੀ. ਵਾਲੇ ਉੱਥੇ ਨਹੀਂ ਹੁੰਦੇ, ਜੇ ਹੋਣ ਵੀ ਤਾਂ ਪਿੰਡ ਵਾਲੇ ਉਨ੍ਹਾਂ ਨੂੰ ਫੋਟੋ ਖਿੱਚਣ ਨਹੀਂ ਦੇਣਗੇ। ਪਿਛਲੇ ਦਿਨੀਂ ਪੰਜਾਬ ਦੇ ਇੱਕ ਗੁਰਦੁਆਰੇ ’ਤੇ ਕਬਜ਼ੇ ਲਈ, ਕਿਸਾਨਾਂ ਦੇ ਦੋ ਗੋਤਾਂ ਦੇ ਭਾਈਚਾਰੇ ਵਿਚਾਲੇ ਪੂਰਾ ਰੇੜਕਾ ਪਿਆ ਜੋ ਪੁਲੀਸ ਨੇ ਮਾਰ-ਧਾੜ ਤਕ ਪਹੁੰਚਣ ਤੋਂ ਬਚਾਅ ਲਿਆ। ਆਜ਼ਾਦ ਭਾਰਤ ਦਾ ਇਹ ਉਹ ਸਾਂਝਾ ਸੱਭਿਆਚਾਰ ਹੈ ਜਿਸ ਬਾਰੇ ਅਨੇਕ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ ਹੈ। ਪਿਛਲੇ ਦਿਨੀਂ ਟੀ.ਵੀ. ’ਤੇ ਜਲੰਧਰ ਦੂਰਦਰਸ਼ਨ ਤੋਂ ਨਾਵਲਕਾਰ ਨਾਨਕ ਸਿੰਘ ਦੀ ‘ਸੁਨਹਿਰੀ ਜਿਲਦ’ ਨਾਂ ਦੀ ਕਹਾਣੀ ’ਤੇ ਬਣੀ ਜੋ ਛੋਟੀ ਫ਼ਿਲਮ ਦਿਖਾਈ ਗਈ ਜਿਸ ਵਿੱਚ 1947 ਦੇ ਦੰਗਿਆਂ ਵਿੱਚ ਇੱਕ ਸਿੱਖ ਨੇ ਮੁਸਲਮਾਨ ਕੁੜੀ ਨੂੰ ਬਚਾਅ ਕੇ ਆਪਣੀ ਧੀ ਬਣਾ ਕੇ ਰੱਖਿਆ ਸੀ। ਉਹ ਸਿੱਖ, ਹੁਣ ਕੁੜੀ ਦਾ ਵਿਆਹ ਕਰਨਾ ਚਾਹੁੰਦਾ ਸੀ ਤੇ ਇੱਕ ਮੁਸਲਮਾਨ ਜਿਲਦਸਾਜ਼ ਕੋਲ ਪੁਰਾਣੇ, ਪਵਿੱਤਰ ਕੁਰਾਨ ਸ਼ਰੀਫ ਦੀ ਸੁਨਹਿਰੀ ਜਿਲਦ ਬੰਨ੍ਹਵਾ ਕੇ ਆਪਣੀ ਮੁਸਲਮਾਨ ਬੇਟੀ ਨੂੰ ਵਿਆਹ ਸਮੇਂ ਦਾਜ ਵਿੱਚ ਦੇਣਾ ਚਾਹੁੰਦਾ ਸੀ। ਇਹ ਵਿਰਲੀ-ਵਾਂਝੀ ਘਟਨਾ ਹੋ ਸਕਦੀ ਹੈ ਪਰ ਆਜ਼ਾਦੀ ਮਿਲਣ ਸਮੇਂ ਲੱਖਾਂ ਹਿੰਦੂ-ਸਿੱਖ ਤੇ ਮੁਸਲਮਾਨਾਂ ਨੇ, ਆਪਣੇ ਕਈ-ਕਈ ਪੁਸ਼ਤਾਂ ਤੋਂ ਵਸਦੇ ਗੁਆਂਢੀਆਂ ਨੂੰ ਜਿਸ ਬੇਰਹਿਮੀ ਨਾਲ ਮਾਰਿਆ ਤੇ ਜਿਵੇਂ ਇੱਕ-ਦੂਜੇ ਮਜ੍ਹਬ ਦੀਆਂ ਧੀਆਂ-ਭੈਣਾਂ ਦੀ ਬੇਪਤੀ ਕੀਤੀ, ਉਹ ਘਟਨਾਵਾਂ ਤਾਂ ਸੱਤਰ ਸਾਲ ਤੋਂ ਵਡੇਰੀ ਉਮਰ ਦੇ ਸਭ ਲੋਕਾਂ ਨੇ ਅੱਖੀਂ ਦੇਖੀਆਂ ਹਨ। ਸੰਨ 1947 ਤੋਂ ਮਗਰੋਂ ਪੈਦਾ ਹੋਣ ਵਾਲੇ ਵੱਡੀ ਉਮਰ ਦੇ ਬੰਦਿਆਂ ਤੇ ਨੌਜਵਾਨਾਂ ਨੇ ਉਸ ਸਮੇਂ ਦੇ ਹਾਲਾਤ ਬਾਰੇ ਸਿਰਫ਼ ਪੜ੍ਹਿਆ-ਸੁਣਿਆ ਹੀ ਹੋਏਗਾ। ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਨੇ ਉਸ ਸਮੇਂ ਹੋਈ ਬਰਬਰਤਾ ਬਾਰੇ ‘ਸੁਨਹਿਰੀ ਜਿਲਦ’ ਵਰਗੀਆਂ ਕਹਾਣੀਆਂ ਵੀ ਲਿਖੀਆਂ, ਤੇ ਦੋ-ਤਿੰਨ ਨਾਵਲ ਵੀ ਪਰ ਮਜ੍ਹਬਾਂ ਦੇ ਵਿਤਕਰੇ ਨਹੀਂ ਘਟੇ। ਪਾਠਕ ਅਜਿਹੀ ਨਾਵਲ ਤੇ ਕਹਾਣੀਆਂ ਪੜ੍ਹ ਕੇ ਕੁਝ ਭਾਵੁਕ ਵੀ ਹੋ ਜਾਂਦੇ ਹਨ ਪਰ ਆਜ਼ਾਦੀ ਤੋਂ 65 ਸਾਲ ਬਾਅਦ ਵੀ ਹਾਲਾਤ ਬਹੁਤੇ ਨਹੀਂ ਬਦਲੇ। ਪੰਜਾਬ ਵਿੱਚ ਤਾਂ ਮੁਸਲਮਾਨਾਂ ਦੀ ਆਬਾਦੀ ਮਾਲੇਰਕੋਟਲਾ ਤੋਂ ਬਿਨਾਂ ਆਟੇ ’ਚ ਲੂਣ ਦੇ ਬਰਾਬਰ ਹੈ ਪਰ ਉੱਤਰ ਪ੍ਰਦੇਸ਼, ਬਿਹਾਰ ਤੇ ਅਨੇਕ ਹੋਰ ਸੂਬਿਆਂ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਮੁਸਲਮਾਨ ਵਸਦੇ ਹਨ। ਅਨੇਕ ਥਾਵਾਂ ’ਤੇ ਉਨ੍ਹਾਂ ਦੀ ਆਬਾਦੀ ਹਿੰਦੂਆਂ ਦੇ ਬਰਾਬਰ ਜਾਂ ਕੁਝ ਘੱਟ-ਵੱਧ ਹੈ। ਅਜਿਹੇ ਥਾਈਂ ਕੁਝ ਮੌਕਿਆਂ ’ਤੇ ਦੰਗੇ ਅਕਸਰ ਭੜਕ ਪੈਂਦੇ ਹਨ। ਮਾਰੇ ਭਾਵੇਂ ਹਿੰਦੂ ਜਾਂ ਮੁਸਲਮਾਨ ਕੋਈ ਜਾਣ ਪਰ ਤਬਾਹੀ ਦੋਵੇਂ ਮਜ੍ਹਬਾਂ ਦੇ ਆਮ ਲੋਕਾਂ ਦੀ ਹੁੰਦੀ ਹੈ। ਅਜਿਹਾ ਮਾਹੌਲ ਬਦਲ ਕਿਉਂ ਨਹੀਂ ਸਕਿਆ? ਦੇਸ਼  ਵਿੱਚ ਲੋਕਤੰਤਰੀ ਰਾਜ ਸਥਾਪਤ ਹੈ, ਜਿੱਥੇ ਮਜ੍ਹਬਾਂ ਦੇ ਵਿਤਕਰੇ ਲਈ ਕੋਈ ਸਥਾਨ ਨਹੀਂ। ਮਾਮਲਾ ਚਾਹੇ ਬਾਬਰੀ ਮਸਜਿਦ ਦਾ ਹੋਵੇ ਜਾਂ ਗੁਜਰਾਤ ਵਿੱਚ ਹੋਏ ਗੋਧਰਾ ਕਾਂਡ ਤੇ ਉਸ ਮਗਰੋਂ ਭੜਕੇ ਦੰਗਿਆਂ ਤੇ ਕਤਲੇਆਮ ਦਾ ਪਰ ਇਹ ਸਭ ਕੁਝ ਉਦੋਂ ਤਕ ਵਾਪਰਦਾ ਰਹਿਣਾ ਹੈ ਜਦੋਂ ਤਕ ਮਜ੍ਹਬਾਂ ਦੀ ਕੱਟੜਤਾ ਕਾਇਮ ਹੈ। ਇਹ ਕੱਟੜਤਾ ਘਟਣ ਦੀ ਥਾਂ ਸਗੋਂ ਵਧ ਰਹੀ ਹੈ, ਆਤੰਕਵਾਦ ਇਸੇ ਕੱਟੜਤਾ ਦਾ ਨਤੀਜਾ ਹੈ ਪਰ ਇਸ ਲਈ ਇੱਕ ਵਾਕ ਬੜਾ ਹੀ ਮਹੱਤਵਪੂਰਨ ਹੈ ਜਿਸ ਅਨੁਸਾਰ ਕੋਈ ਵੀ ਮਜ੍ਹਬ, ਯਥਾਰਥਕ ਜੀਵਨ ਦਾ ਸੁਭਾਵਿਕ ਪ੍ਰਤੀਕਰਮ ਹੈ। ਜੇ ਯਥਾਰਥਕ ਜੀਵਨ ਵਿੱਚ ਹੀ ਵਿਤਕਰੇ ਮੌਜੂਦ ਹਨ ਤਾਂ ਮਜ੍ਹਬਾਂ ਅੰਦਰ ਵੀ ਘਟ ਨਹੀਂ ਆਖੇ ਜਾ ਸਕਦੇ। ਭਾਰਤੀ ਸਮਾਜ ਦੇ ਯਥਾਰਥ ਨੂੰ ਸ਼ੁਰੂ ਵਿੱਚ ਦਿੱਤੀਆਂ ਮਿਸਾਲਾਂ ਤੋਂ ਸਮਝਿਆ ਜਾ ਸਕਦਾ ਹੈ। ਅਜਿਹੇ ਅਣਮਨੁੱਖੀ ਵਿਚਾਰਾਂ, ਗਿਆਨਤਾ ਤੇ ਅੰਧਵਿਸ਼ਵਾਸਾਂ ਨੂੰ ਬਦਲਣ ਲਈ, ਇੱਕੋ ਢੰਗ ਹੈ ਕਿ ਆਮ ਲੋਕਾਂ ਦੇ ਯਥਾਰਥਕ ਜੀਵਨ ਵਿੱਚ ਮੂਲ ਤਬਦੀਲੀਆਂ ਲਿਆਂਦੀਆਂ ਜਾਣ। ਇਸ ਲਈ ਲੋਕਾਂ ਦਾ ਸਾਖਰ ਹੋਣਾ ਪਹਿਲੀ ਸ਼ਰਤ ਹੈ ਜਿਸ ਦਾ ਪੜਾਅ ਅਜਿਹਾ ਗਿਆਨ ਹੈ ਜਿਸ ਨਾਲ ਮਾਨਵੀ ਗੁਣ ਪੈਦਾ ਹੋ ਸਕਣ ਪਰ ਇਸ ਪਾਸੇ ਤਾਂ ਕੋਈ ਸਰਕਾਰ, ਰਾਜਸੀ ਦਲ, ਸਮਾਜਿਕ ਖੇਤਰ ਦੇ ਆਗੂ, ਸੋਚਣ ਲਈ ਵੀ ਤਿਆਰ ਨਹੀਂ। ਉਨ੍ਹਾਂ ਦੇ ਸਭ ਯਤਨ ਸਿਰਫ਼ ਸੱਤਾ ’ਤੇ ਕਾਬਜ਼ ਹੋਣ ਲਈ ਵੋਟਾਂ ਬਟੋਰਨ ਤਕ ਸੀਮਤ ਹੋ ਚੁੱਕੇ ਹਨ। ਲੋਕ ਜੇ ਰੌਲਾ ਪਾਉਣ ਤਾਂ ਸਰਕਾਰਾਂ ਪ੍ਰਵਾਹ ਨਹੀਂ ਕਰਦੀਆਂ ਪਰ ਇਸ ਤੋਂ ਵੀ ਵੱਡਾ ਤੇ ਮੁਸ਼ਕਲ ਕਾਰਜ ਇਹ ਹੈ ਕਿ ਸਾਖਰ ਹੋ ਕੇ ਨਿਰਾ ਗਿਆਨ ਵੀ ਸਮਾਜਿਕ ਜੀਵਨ ਦੇ ਯਥਾਰਥ ਨੂੰ ਬਦਲੇ ਬਿਨਾਂ ਕਾਰਗਰ ਸਾਬਤ ਨਹੀਂ ਹੋ ਸਕਦਾ। ਯਥਾਰਥਕ ਅਮਲ ਸਿਰਫ਼ ਇੱਕੋ ਹੈ ਕਿ ਸਮਾਜ ਅੰਦਰ ਹਰ ਤਰ੍ਹਾਂ ਦੀ ਬਰਾਬਰਤਾ ਪੈਦਾ ਹੋਵੇ- ਖ਼ਾਸ ਤੌਰ ’ਤੇ ਆਰਥਿਕ ਬਰਾਬਰੀ। ਜਦੋਂ ਤਕ ਆਰਥਿਕ ਨਾ-ਬਰਾਬਰੀ ਕਾਇਮ ਹੈ ਉਦੋਂ ਤਕ ਜੀਵਨ ਦਾ ਯਥਾਰਥ ਬਦਲਿਆ ਨਹੀਂ ਜਾ ਸਕਦਾ, ਉਦੋਂ ਤਕ ਮਜ੍ਹਬੀ ਕੱਟੜਤਾ ਨੂੰ ਵੀ ਘਟਾਇਆ ਨਹੀਂ ਜਾ ਸਕਦਾ। ਸਿਰਫ਼ ਇਹੋ ਇੱਕ ਰਾਹ ਹੈ ਜਿਸ ਰਾਹੀਂ, ਜਾਤਾਂ-ਗੋਤਾਂ ਤੇ ਮਜ੍ਹਬਾਂ ਦੇ ਵਿਤਕਰਿਆਂ ਨੂੰ ਵੀ ਘਟਾਇਆ ਜਾਂ ਖ਼ਤਮ ਕੀਤਾ ਜਾ ਸਕਦਾ ਹੈ ਪਰ ਕੋਈ ਵੀ ਰਾਜਸੀ ਦਲ ਜਾਂ ਸਮਾਜਿਕ ਸੰਸਥਾ ਅਜਿਹੀ ਹੈ ਜੋ ਇਨ੍ਹਾਂ ਤੱਥਾਂ ਨੂੰ ਸਮਝ ਕੇ ਕੋਈ ਸਾਰਥਕ ਕਾਰਵਾਈ ਕਰ ਸਕੇ? ਇਹ ਅਜਿਹੀ ਹਾਲਤ ਹੈ ਜਿਸ ਨੂੰ ਸਮਝੇ ਤੇ ਠੋਸ ਕਾਰਵਾਈ ਤੋਂ ਬਿਨਾਂ, ਕਿਸੇ ਵੀ ਤਰ੍ਹਾਂ ਹੱਲ ਨਹੀਂ ਕੀਤਾ ਜਾ ਸਕਦਾ। ਇਹ ਕਾਰਜ ਸਿਰਫ਼ ਰਾਜਨੀਤਕ ਪਾਰਟੀਆਂ (ਸੱਤਾਧਾਰੀ ਵਰਗ) ਤੇ ਪ੍ਰਭਾਵਸ਼ਾਲੀ ਸਮਾਜਿਕ ਸੰਸਥਾਵਾਂ ਹੀ ਕਰ ਸਕਦੀਆਂ ਹਨ, ਕੋਈ ਵਿਅਕਤੀ (ਜਾਂ ਕੁਝ ਬੰਦੇ) ਨਹੀਂ ਕਰ ਸਕਦਾ। ਅਜਿਹੀਆਂ ਯਥਾਰਥਕ ਤਬਦੀਲੀਆਂ ਸਿਰਫ਼ ਵਿਧਾਨ ਅਨੁਸਾਰ ਸਥਾਪਤ ਸਰਕਾਰਾਂ ਹੀ ਕਰ ਸਕਦੀਆਂ ਹਨ ਜਿਨ੍ਹਾਂ ਕੋਲ ਕਾਨੂੰਨੀ ਤੇ ਪ੍ਰਬੰਧਕੀ ਢਾਂਚੇ ਦੀ ਵਾਗਡੋਰ ਹੁੰਦੀ ਹੈ ਪਰ ਸੱਤਾਧਾਰੀ ਵਰਗ ਤਾਂ ਸਿਰਫ਼ ਆਪਣੀ ਸੱਤਾ ਕਾਇਮ ਰੱਖਣ ਲਈ ਨਾ-ਬਰਾਬਰੀ ਸਗੋਂ ਵਧਾਉਣ ’ਤੇ ਲੱਗੀਆਂ ਹੋਈਆਂ ਹਨ। ਅਜਿਹੀ ਦਸ਼ਾ ਵਿੱਚ, ਭਾਰਤੀ ਸਮਾਜ ਦੇ ਚੇਤੰਨ ਤੇ ਲੋਕਪੱਖੀ ਬੁੱਧੀਜੀਵੀ ਕੁਝ ਚੇਤਨਾ ਪੈਦਾ ਕਰਨ ਵਿੱਚ ਸਹਾਈ ਹੋ ਸਕਦੇ ਹਨ ਪਰ ਉਹ ਵੀ ਜੇ ਚੁੱਪ ਰਹਿਣ ਤਾਂ ਇਹ ਸਭ ਤੋਂ ਵਧੇਰੇ ਨਿਰਾਸ਼ਾ ਵਾਲੀ ਹਾਲਤ ਹੈ- ਦੂਜੇ ਅਰਥਾਂ ਵਿੱਚ ਇਹ ਚੁੱਪ ਗੁਨਾਹ ਹੈ। ਸੰਸਾਰ ਵਿੱਚ ਵੱਡੀਆਂ ਤਬਦੀਲੀਆਂ ਦੀ ਸ਼ੁਰੂਆਤ ਹਮੇਸ਼ਾ ਮਹਾਨ ਚਿੰਤਕਾਂ, ਬੁੱਧੀਜੀਵੀਆਂ ਨੇ ਕੀਤੀ ਹੈ। ਲੋਕ ਤਾਂ ਉਨ੍ਹਾਂ ਦੇ ਦੱਸੇ ਰਾਹਾਂ ’ਤੇ ਤੁਰਦੇ ਆਏ ਹਨ।

ਸੰਪਰਕ: 097799-03485

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All