ਚਾਨਣ ਦੇ ਰਾਹੀ

ਅਵਨੀਤ ਕੌਰ ਕਾਲਜ ਵਿਚ ਉਹ ਮੇਰਾ ਪਹਿਲਾ ਸਾਲ ਸੀ। ਖ਼ਾਲੀ ਪੀਰੀਅਡ ਮੈਂ ਲਾਇਬ੍ਰੇਰੀ ਜਾ ਬੈਠਦੀ। ਉੱਥੇ ਰਮਨ ਮੈਨੂੰ ਅਕਸਰ ਮਿਲਦੀ। ਹੱਥ ਵਿਚ ਪੁਸਤਕ, ਚਿਹਰੇ ਤੇ ਸਕੂਨ। ਪੜ੍ਹਨ ਦੀ ਰੁਚੀ ਨੇ ਉਸ ਨਾਲ ਬੋਲਾਂ ਦੀ ਸਾਂਝ ਬਣਾਈ। ਉਸ ਦੀਆਂ ਗੱਲਾਂ ਵਿਚ ਸਿਆਣਪ ਦਾ ਰੰਗ ਹੁੰਦਾ। ਉਹ ਅਕਸਰ ਤਰਕਸ਼ੀਲ ਅੰਕਲ ਦਾ ਜ਼ਿਕਰ ਕਰਦੀ। ਪੁੱਛਣ ਤੇ ਉਹ ਦਸਦੀ, ਸਾਡੇ ਆਪਣੇ ਹਨ ਬੱਸ| ਕੋਈ ਮੁਸ਼ਕਿਲ ਹੋਵੇ ਤਾਂ ਹੱਲ ਲਈ ਰਾਹ ਪਾ ਦਿੰਦੇ ਹਨ। ਆਹ ਪੁਸਤਕਾਂ ਨਾਲ ਦੋਸਤੀ ਦਾ ਗੁਣ ਉਨ੍ਹਾਂ ਦੀ ਹੀ ਦੇਣ ਹੈ। ਜੇ ਉਹ ਨਾ ਮਿਲਦੇ ਤਾਂ ਸ਼ਾਇਦ ਮੈਂ ਤੈਨੂੰ ਇੱਥੇ ਨਾ ਮਿਲਦੀ। ਇੱਕ ਦਿਨ ਉਹ ਆਪਣੀ ਹੱਡ-ਬੀਤੀ ਸੁਣਾਉਣ ਲੱਗੀ: ਮੈਂ ਛੋਟੇ ਕਿਸਾਨ ਦੀ ਧੀ ਹਾਂ| ਸਾਡੀ ਗੁਜ਼ਾਰੇ ਜੋਗੀ ਜ਼ਮੀਨ ਹੈ। ਬਚਪਨ ਤੋਂ ਹੀ ਆਪਣੇ ਘਰ ਤੰਗੀਆਂ ਤੁਰਸ਼ੀਆਂ ਦੇਖੀਆਂ| ਪਾਪਾ ਖੇਤਾਂ ਵਿਚ ਸਖਤ ਮਿਹਨਤ ਕਰਦੇ। ਫ਼ਿਰ ਵੀ ਘਰ ਦੀਆਂ ਲੋੜਾਂ ਮਸਾਂ ਪੂਰੀਆਂ ਹੁੰਦੀਆਂ। ਖੁਸ਼ੀ ਦਾ ਕੋਈ ਮੌਕਾ ਆਉਂਦਾ ਤਾਂ ਸਾਨੂੰ ਭੈਣ ਭਰਾਵਾਂ ਨੂੰ ਚਾਅ ਚੜ੍ਹ ਜਾਂਦਾ। ਪਾਪਾ ਲਈ ਹੋਣ ਵਾਲੇ ਖ਼ਰਚ ਦੀ ਮੁਸ਼ਕਿਲ ਆ ਖੜ੍ਹਦੀ। ਉਹ ਲਗਾਤਾਰ ਸਿਰ ਚੜ੍ਹ ਰਹੇ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦੇ| ਆਖਦੇ, ਜੇ ਜ਼ਮੀਨ ਵਿਕ ਗਈ ਤਾਂ ਜੀਵਾਂਗੇ ਕੀਹਦੇ ਆਸਰੇ? ਮਾਂ ਪਾਪਾ ਨਾਲ ਸਹਿਮਤ ਤਾਂ ਹੁੰਦੀ ਪਰ ‘ਨੱਕ ਨਮੂਜ’ ਦਾ ਵਧੇਰੇ ਖਿਆਲ ਰੱਖਦੀ। ਇੱਕ ਸਾਲ ਖੇਤ ਵਿਚ ਫ਼ਸਲ ਘੱਟ ਹੋਈ। ਪਾਪਾ ਜੀ ਨੂੰ ਬੈਂਕ ਤੋਂ ਕਰਜ਼ਾ ਚੁੱਕਣਾ ਪਿਆ। ਆਰਥਿਕ ਤੰਗੀ ਕਾਰਨ ਘਰ ਦੇ ਮਾਹੌਲ ਵਿਚ ਤਲਖ਼ੀ ਆਉਣ ਲੱਗੀ। ਨੋਕ-ਝੋਕ ਲੜਾਈ ਵਿਚ ਬਦਲਣ ਲੱਗੀ। ਪੈਸਿਆਂ ਦੀ ਤੰਗੀ ਕਰਕੇ ਵੱਡੀ ਭੈਣ ਨੂੰ ਪੜ੍ਹਾਈ ਵਿਚੇ ਛੱਡਣੀ ਪਈ। ਅਜਿਹੇ ਮਾਹੌਲ ਦੌਰਾਨ ਇੱਕ ਦਿਨ ਮਾਂ ਅਚਾਨਕ ਬੇਹੋਸ਼ ਹੋ ਗਈ। ਫ਼ਿਰ ਇਹ ਬੇਹੋਸ਼ੀ ਨਿੱਤ ਦਿਨ ਦੇ ਦੌਰਿਆਂ ਵਿਚ ਬਦਲ ਗਈ। ਡਾਕਟਰੀ ਇਲਾਜ ਕਰਵਾਇਆ। ਟੈਸਟਾਂ ਵਿਚ ਕੋਈ ਬਿਮਾਰੀ ਨਹੀਂ ਆਈ| ਮਜਬੂਰੀ ਵਿਚ ਚੇਲਿਆਂ ਕੋਲ ਜਾਣ ਲੱਗੇ ਅਤੇ ਅਸੀਂ ਮਾਂ ਦੇ ਇਲਾਜ ਲਈ ਚੌਂਕੀਆਂ ਤੇ ਰੁਲਣ ਲੱਗੇ। ਉਹ ਆਖਦੇ, ਇਸਨੂੰ ਵੱਡੇ ਵਡੇਰਿਆਂ ਦੀ ‘ਅਹੁਰ’ ਹੈ। ਉਹ ਆਪਣੀ ਮਨਤਾ ਮੰਗਦੇ ਹਨ। ਵਡੇਰਿਆਂ ਦੀਆਂ ਮਨਤਾਵਾਂ ਪੂਰੀਆਂ ਕਰਦਿਆਂ ਪੈਸਾ ਪਾਣੀ ਵਾਂਗ ਵਹਿਣ ਲੱਗਾ। ਕਿਸੇ ਰਿਸ਼ਤੇਦਾਰ ਨੇ ਪੈਸੇ ਟਕੇ ਪੱਖੋਂ ਮੱਦਦ ਨਾ ਕੀਤੀ। ਮੁਸ਼ਕਿਲਾਂ ਸਿਰ ਆ ਚੜ੍ਹੀਆਂ। ਬੈਂਕ ਦੇ ਕਰਜ਼ੇ ਦੀਆਂ ਕਿਸ਼ਤਾਂ ਜੁੜਨ ਲੱਗੀਆਂ। ਇਸ ਔਖੇ ਸਮੇਂ ਵਿਚ ਪਾਪਾ ਜੀ ਨੇ ਸ਼ਰਾਬ ਦਾ ਸਹਾਰਾ ਤੱਕ ਲਿਆ। ਉਹ ਦੇਰ ਰਾਤ ਪੀ ਕੇ ਘਰ ਮੁੜਦੇ ਤਾਂ ਮਾਂ ਬੋਲਦੀ। ਮਾਂ ਦੀ ਹਾਲਤ ਸੁਧਰਨ ਦੀ ਬਜਾਏ ਵਿਗੜਦੀ ਗਈ। ਰਾਤ ਨੂੰ ਉੱਠ ਕੇ ਬੈਠ ਜਾਂਦੀ, ਰੋਣ ਲਗਦੀ। ਉਨ੍ਹਾਂ ਨੂੰ ਠੀਕ ਕਰਨ ਦੇ ਸਾਡੇ ਯਤਨ ਸਫਲ ਨਾ ਹੋਏ। ਕੋਈ ਰਾਹ ਨਹੀਂ ਸੀ ਨਜ਼ਰ ਆ ਰਿਹਾ। ਘਰ ਉਜੜਨ ਕਿਨਾਰੇ ਹੀ ਸੀ। ਪਾਪਾ ਨੂੰ ਪਿੰਡ ਦੇ ਕਿਸੇ ਭਲੇ ਬੰਦੇ ਨੇ ਤਰਕਸ਼ੀਲ ਅੰਕਲ ਦੀ ਦੱਸ ਪਾਈ। ਛੁੱਟੀ ਵਾਲੇ ਦਿਨ ਉਹ ਦੋ ਜਣੇ ਸਾਡੇ ਘਰ ਆਏ। ਅਸੀਂ ਦੇਖ ਕੇ ਹੈਰਾਨ ਸਾਂ। ਉਹ ਸਾਡੇ ਵਰਗੇ ਹੀ ਸਨ, ਸਾਦ ਮੁਰਾਦੇ। ਮੈਂ ਸੋਚਿਆ, ਉਹ ਮਾਂ ਦਾ ਇਲਾਜ ਕਿਵੇਂ ਕਰਨਗੇ? ਉਨ੍ਹਾਂ ਕੋਲ ਕੋਈ ਚਿਮਟਾ, ਚਿੱਪੀ ਜਿਹਾ ਸਮਾਨ ਤਾਂ ਨਹੀਂ ਸੀ| ਚਾਹ ਪਾਣੀ ਪੀ ਕੇ ਉਨ੍ਹਾਂ ਸਾਰਿਆਂ ਨਾਲ ਗੱਲਬਾਤ ਚਲਾਈ। ਸਾਥੋਂ ਤਿੰਨੇ ਭੈਣ ਭਰਾਵਾਂ ਤੋਂ ਘਰੇ ਵਾਪਰੀ ਨਿੱਕੀ ਨਿੱਕੀ ਗੱਲ ਪੁੱਛੀ। ਮਾਂ ਤੇ ਪਾਪਾ ਜੀ ਨਾਲ ਕਈ ਘੰਟੇ ਬੈਠੇ ਰਹੇ| ਮੈਨੂੰ ਤੇ ਪਾਪਾ ਨੂੰ ਕੋਲ ਬਿਠਾ ਕੇ ਮਾਂ ਨੂੰ ਸੰਮੋਹਨ ਵਿਚ ਸੁਝਾਅ ਦਿੱਤੇ। ਜਾਂਦੇ ਵਕਤ ਉਹ ਘਰ ਪਏ ਸਾਰੇ ਧਾਗੇ, ਤਵੀਤ, ਟੂਣੇ ਚੁੱਕ ਕੇ ਨਾਲ ਲੈ ਗਏ। ਪੜ੍ਹਨ ਲਈ ਪੁਸਤਕਾਂ ਦਾ ਸੈੱਟ ਤੇ ਮੈਗਜ਼ੀਨ ਦੇ ਗਏ| ਕੁਝ ਹੀ ਦਿਨਾਂ ਵਿਚ ਮਾਹੌਲ ਬਦਲਣ ਲੱਗਾ। ਪਾਪਾ ਨੇ ਸ਼ਰਾਬ ਦਾ ਸਹਾਰਾ ਤਿਆਗ ਦਿੱਤਾ। ਦੋ ਕੁ ਮਹੀਨਿਆਂ ਵਿਚ ਖੁਸ਼ੀ ਘਰੇ ਦਸਤਕ ਦੇਣ ਲੱਗੀ। ਮਾਂ ਦੇ ਦੌਰੇ ਬੰਦ ਹੋ ਗਏ। ਦੁੱਧ ਦਾ ਕੰਮ ਸ਼ੁਰੂ ਕਰਨ ਲਈ ਪਾਪਾ ਦੋ ਮੱਝਾਂ ਹੋਰ ਖਰੀਦ ਲਿਆਏ। ਮਾਂ ਤੇ ਵੱਡੀ ਭੈਣ ਨੇ ਮੱਝਾਂ ਦੀ ਸਾਂਭ ਸੰਭਾਲ ਦਾ ਕੰਮ ਹੱਥ ਲੈ ਲਿਆ। ਸਾਲ ਵਿਚ ਹੀ ਘਰ ਪੈਰਾਂ ਸਿਰ ਹੋ ਗਿਆ। ਪਾਪਾ ਦੱਸਦੇ, ਆਪਾਂ ਤਰਕਸ਼ੀਲਾਂ ਅਨੁਸਾਰ ਚੱਲ ਕੇ ਹੀ ਸੁਖਾਲੇ ਹੋਏ ਹਾਂ। ਉਨ੍ਹਾਂ ਆਪਣੇ ਬਲਬੂਤੇ ਮੁਸ਼ਕਿਲਾਂ ਨਾਲ ਸਿੱਝਣ ਦਾ ਰਾਹ ਦੱਸਿਆ। ਸੁੱਖ ਵਿਚ ਸੰਜਮ, ਦੁੱਖ ਵਿਚ ਹਿੰਮਤ ਅਤੇ ਹਰ ਵੇਲੇ ਮਿਹਨਤ/ਅਧਿਐਨ ਦੀ ਅਨੂਠੀ ਜਾਚ ਦੱਸੀ।... ਰਮਨ ਦੀ ਗਾਥਾ ਸੁਣ ਕੇ ਮੇਰੇ ਮੂੰਹੋਂ ਸਹਿਜ ਸੁਭਾਅ ਇਹ ਬੋਲ ਨਿਕਲੇ: ਫ਼ਿਰ ਉਹ ਅੰਕਲ ਤਾਂ ਚਾਨਣ ਦੇ ਰਾਹੀ ਹੋਏ। ਸੁੱਤਿਆਂ ਨੂੰ ਜਗਾਉਣ ਵਾਲੇ, ਭਟਕਿਆਂ ਨੂੰ ਰਾਹ ਪਾਉਣ ਵਾਲੇ। ਇਹ ਤਾਂ ਚੰਗੇਰੀ ਜ਼ਿੰਦਗੀ ਦਾ ਰਾਹ ਹੈ। ਮੈਂ ਮਨ ਹੀ ਮਨ ਉਨ੍ਹਾਂ ਦੇ ਕਰਮ ਨੂੰ ਸਿਜਦਾ ਕਰਦਿਆਂ ਸੋਚ ਰਹੀ ਸਾਂ- ਕਿੰਨਾ ਚੰਗਾ ਹੋਵੇ ਜੇ ਇਹ ਸੋਚ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ। ਸੰਪਰਕ: salamzindgi88@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All