ਚਾਨਣ ਦਾ ਬਿੰਬ

ਜਗਦੀਪ ਸਿੱਧੂ ਇੱਕੀ ਫਰਵਰੀ 2019 ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਆਪਣੇ ਵਿਹੜੇ ਭਾਰਤੀ ਭਾਸ਼ਾਵਾਂ ਦੇ ਕਵੀ ਦਰਬਾਰ ਲਈ ਸੱਦਾ ਆਉਂਦਾ ਹੈ। ਹਿੰਦੀ ਦੇ ਕਵੀਆਂ ਨਾਲ ਤਾਂ ਅਕਸਰ ਵਾਹ ਪੈਂਦਾ ਰਹਿੰਦਾ ਹੈ। ਹੋਰਨਾਂ ਭਾਸ਼ਾਵਾਂ ਦੇ ਕਵੀਆਂ ਨੂੰ ਪਹਿਲੀ ਵਾਰ ਮਿਲਣਾ ਹੈ। ਬੰਗਾਲੀ, ਹਿੰਦੀ, ਊਰਦੂ, ਬੋਡੋ, ਆਸਾਮੀ, ਗੁਜਰਾਤੀ, ਕੋਂਕਣੀ, ਡੋਗਰੀ ਆਦਿ ਭਾਸ਼ਾਵਾਂ ਦੇ ਕਵੀਆਂ ਨਾਲ ਚਾਹ ’ਤੇ ਮੇਲ ਹੁੰਦਾ ਹੈ। ਅਜੀਬ ਜਿਹੇ ਵਲਵਲੇ ਨੇ। ਇਸ ਤਰ੍ਹਾਂ ਦੇ ਕਿੰਨੇ ਹੀ ਸਮਾਗਮ ਦੇਖੇ ਨੇ, ਪਰ ਮੇਰਾ ਆਕਰਸ਼ਣ ਕਦੇ ਘੱਟ ਨਹੀਂ ਹੁੰਦਾ। ਹੋਟਲ ਵਿਚ ਪੰਜਾਬੀ, ਕਸ਼ਮੀਰੀ, ਡੋਗਰੀ ਕਵੀਆਂ ਦੇ ਕਮਰੇ ਨਾਲ ਨਾਲ ਨੇ। ਮੈਂ ਡੋਗਰੀ ਕਵੀ ਰੌਸ਼ਨ ਬਰਾਲ ਦਾ ਉਸ ਦੇ ਕਮਰੇ ਵਿਚ ਇੰਤਜ਼ਾਰ ਕਰ ਰਿਹਾ ਹਾਂ, ਉਹ ਨਾਲ ਦੇ ਕਮਰੇ ਵਿਚ ਕਸ਼ਮੀਰੀ ਸ਼ਾਇਰਾ ਸਾਫੀਆ ਤੇ ਦੋਸਤਾਂ ਕੋਲ ਬੈਠਾ ਹੈ। ਸਾਫੀਆ ਨਾਲ ਚਾਹ ’ਤੇ ਮੇਲ ਨਹੀਂ ਸੀ ਹੋਇਆ। ਮੈਨੂੰ ਇਨ੍ਹਾਂ ਪਹਾੜੀਆਂ ਕੋਲ ਰਹਿ ਕੇ ਉੱਚਾ-ਉੱਚਾ ਆਪਣਾ-ਆਪਣਾ ਮਹਿਸੂਸ ਹੁੰਦਾ ਹੈ, ਸ਼ਾਇਦ ਪ੍ਰਬੰਧਕਾਂ ਨੇ ਕਮਰੇ ਵੀ ਇਸ ਲਈ ਗੁਆਂਢੀਆਂ ਦੇ ਨਾਲ ਨਾਲ ਰੱਖੇ ਨੇ ਕਿ ਚੰਗਾ ਮਹਿਸੂਸ ਕਰਨ। ਰੌਸ਼ਨ ਕਮਰੇ ਵਿਚ ਆ ਕੇ ਕਸ਼ਮੀਰੀ ਸ਼ਾਇਰਾ ਦੀਆਂ ਗੱਲਾਂ ਸੁਣਾ ਕੇ ਉਮੀਦ ਦੇ ਚਾਨਣ ਨਾਲ ਭਰ ਦਿੰਦਾ ਹੈ। ਉਹ ਦੱਸਦਾ ਹੈ ਕਿ ਉਹ ਕਿੰਨੀ ਮੁਸ਼ਕਿਲ ਨਾਲ ਏਥੇ ਕਵਿਤਾ ਪੜ੍ਹਣ ਆਈ ਹੈ। ਪਰਿਵਾਰ ਵਾਲੇ ਤੇ ਸਕੇ ਸਬੰਧੀ ਉਸ ਨੂੰ ਆਉਣ ਤੋਂ ਵਰਜ ਰਹੇ ਸਨ ਕਿ ਸਾਡੀਆਂ ਕੁੜੀਆਂ ਤਾਂ ਸਾਡੇ ਕੋਲ ਸੁਰੱਖਿਅਤ ਨਹੀਂ ਹਨ। ਕਠੂਆ ਵਿਚ ਜੋ ਆਸਿਫ਼ਾ ਨਾਲ ਹੋਇਆ ਉਹ ਓਥੇ ਕਿਸੇ ਨੂੰ ਭੁੱਲਿਆ ਨਹੀਂ ਅਜੇ। ਦੂਜੇ ਦਿਨ ਉਸ ਨੂੰ ਮਿਲਣ ਦੀ ਤਾਂਘ ਨਾਲ ਬਿਸਤਰ ’ਤੇ ਜਾ ਸੌਂਦਾ ਹਾਂ। ਰਾਤੀਂ ਮੈਨੂੰ ਸੁਪਨਾ ਆਉਂਦਾ ਹੈ ਕਿ ਪਹਾੜਾਂ ’ਤੇ ਹਨੇਰੀ ਰਾਤ ਹੈ, ਬਿਜਲੀ ਲਿਸ਼ਕ ਰਹੀ ਹੈ। ਪਤਾ ਨਹੀਂ ਮੈਨੂੰ ਡਰ ਕਿਉਂ ਨਹੀਂ ਲੱਗਦਾ। ਉਹ ਬਿਜਲੀ ਚਾਨਣ ਦਾ ਬਿੰਬ ਲੱਗਦੀ ਹੈ। ਸਵੇਰੇ ਉੱਠਦੇ ਵੀ ਮੈਨੂੰ ਬਿਜਲੀ ਲਿਸ਼ਕਦੀ ਦਿਸੀ। ਇਸ ਚਾਨਣ ਵਿਚ ਵੀ ਉਸ ਦਾ ਪ੍ਰਭਾਵ ਘੱਟ ਨਹੀਂ ਹੋਇਆ। ਸਵੇਰੇ ਉਸ ਲੰਮੀ-ਲੰਝੀ ਪਹਾੜੀ ਵਰਗੀ ਪੰਜੀ ਕੁ ਸਾਲਾਂ ਦੀ ਕਸ਼ਮੀਰੀ ਸ਼ਾਇਰਾ ਨਾਲ ਮੇਲ ਹੋਇਆ। ਦੁਆ ਸਲਾਮ ਹੋਈ। ਉਹ ਸਾਰਿਆਂ ਨਾਲ ਖੜ੍ਹੀ, ਕਸ਼ਮੀਰ ਦੇ ਬਾਲਾਕੋਟ ਵਿਚ ਅਤਿਵਾਦੀਆਂ ਵੱਲੋਂ ਫ਼ੌਜ ’ਤੇ ਹੋਏ ਹਮਲੇ ਅਤੇ ਉਸ ਤੋਂ ਬਾਅਦ ਸਾਰੇ ਦੇਸ਼ ਵਿਚ ਕਸ਼ਮੀਰੀ ਵਿਦਿਆਰਥੀਆਂ ਤੇ ਮੁਸਲਮਾਨਾਂ ’ਤੇ ਹੋ ਰਹੇ ਹਮਲਿਆਂ ਬਾਰੇ ਗੱਲਾਂ ਕਰ ਰਹੀ ਸੀ। ਉਸ ਨੇ ਦੱਸਿਆ ਕਿ ਉਹ ਬੜੀ ਮੁਸ਼ਕਿਲ ਨਾਲ ਘਰਦਿਆਂ ਤੋਂ ਇਜਾਜ਼ਤ ਲੈ ਕੇ ਏਥੇ ਕਵਿਤਾ ਪੜ੍ਹਣ ਆਈ ਹੈ। ਉਸ ਨੇ ਆਪਣੀ ਕਸ਼ਮੀਰੀ ਬੋਲੀ ਨੂੰ ਜਿਉਂਦਾ ਰੱਖਣਾ ਹੈ। ਉਹਦੀਆਂ ਗੱਲਾਂ ਉਲਾਭਾਂ ਲੱਗ ਰਹੀਆਂ ਸਨ ਤੇ ਅਸੀਂ ਵੀ ਖ਼ੁਦ ਨੂੰ ਗੁਨਾਹਗਾਰ ਮਹਿਸੂਸ ਕਰ ਰਹੇ ਸਾਂ। ਉਹ ਕਹਿ ਰਹੀ ਸੀ- ‘‘ਸਾਰੇ ਭਾਰਤ ਮੇਂ ਹਮਾਰੇ ਬੱਚੋਂ ਕੇ ਸਾਥ ਭੀ ਜ਼ੁਲਮ ਹੋ ਰਹਾ ਹੈ।’’ ਮੈਂ ਕਿਹਾ, ‘‘ਸਾਡੇ ਪੰਜਾਬ ਵਿਚ ਇਕ ਵੀ ਅਜਿਹੀ ਵਾਰਦਾਤ ਨਹੀਂ ਹੋਈ, ਚੰਡੀਗੜ੍ਹ ਤੇ ਉਸ ਦੇ ਆਸ-ਪਾਸ ਹਜ਼ਾਰਾਂ ਕਸ਼ਮੀਰੀ ਵਿਦਿਆਰਥੀ ਸੁਰੱਖਿਅਤ ਹਨ।’’ ਇਹ ਗੱਲ ਕਰਦੇ ਸਮੇਂ ਮੈਨੂੰ ਖ਼ੁਦ ਆਪਣੀਆਂ ਗੱਲਾਂ ’ਚੋਂ ਕਚਿਆਣ ਜਿਹੀ ਆਈ। ਸਾਹਿਤ ਅਕਾਦਮੀ ਦੇ ਸੈਮੀਨਾਰ ਹਾਲ ਵਿਚ ਜਾਣ ਲਈ ਗੱਡੀਆਂ ਆ ਰਹੀਆਂ ਸਨ। ਸਾਫੀਆ ਮੇਰੇ ਵਾਲੀ ਕਾਰ ਵਿਚ ਹੀ ਮੇਰੇ ਲਾਗੇ ਬੈਠੀ ਸੀ। ਮੈਂ ਉਹਦੇ ਨਾਲ ਅੱਖ ਨਹੀਂ ਮਿਲਾ ਪਾ ਰਿਹਾ ਸਾਂ। ਉਹਦੇ ਕੋਲ ਬੈਠਾ ਸੋਚ ਰਿਹਾ ਸਾਂ, ਕੀ ਅਸੀਂ ਉਸ ਦੇ ਸੰਘਰਸ਼ ਵਿਚ ਉਸ ਦੇ ਨਾਲ ਨਹੀਂ ਖੜ੍ਹ ਸਕਦੇ? ਸਾਰੇ ਕਵੀ ਕਵਿਤਾਵਾਂ ਪੜ੍ਹ ਰਹੇ ਸਨ। ਮਸਲੇ ਉਹੀ ਸਮਾਜਿਕ, ਰਾਜਨੀਤਿਕ, ਭੁੱਖ, ਦੁੱਖ। ਸਾਨੂੰ ਸਭ ਕੁਝ ਸਾਂਝਾ ਲੱਗ ਰਿਹਾ ਸੀ। ਕਸ਼ਮੀਰੀ ਕੁੜੀ ਨੇ ਆਪਣੇ ਵੱਖਰੇ ਦੁੱਖਾਂ ਦੀਆਂ ਕਵਿਤਾਵਾਂ ਸੁਣਾਈਆਂ। ਦੁੱਖ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਮੈਂ ਜਾਣਦਿਆਂ ਵੀ ਅੱਜ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ। ਉਹ ਕਵਿਤਾ ਵਿਚ ਦੱਸਦੀ ਹੈ ਕਿ ਕਿਵੇਂ ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਵਿਚ ਸੰਘਰਸ਼ ਕਰਨਾ ਪੈਂਦਾ ਹੈ। ਉੱਥੇ ਬਹਿ ਕੇ ਕਵਿਤਾ ਸੁਣਾਉਣਾ ਸੌਖਾ ਨਹੀਂ ਹੁੰਦਾ ਜਿੱਥੇ ਆਸੇ-ਪਾਸੇ ਦੇ ਲੋਕ ਤੁਹਾਨੂੰ ਹਿਕਾਰਤ ਦੀ ਨਜ਼ਰ ਨਾਲ ਦੇਖਦੇ ਹੋਣ। ਮੈਨੂੰ ਚੇਤੇ ਹੈ ਕਿਵੇਂ ਹਾਤੋ (ਕਸ਼ਮੀਰੀ) ਸਰਦੀਆਂ ਵਿਚ ਪੰਜਾਬ ਆਉਂਦੇ ਸਨ, ਸਾਡੀਆਂ ਔਰਤਾਂ ਅਖਰੋਟ, ਬਾਦਾਮ, ਸ਼ਾਲ ਉਨ੍ਹਾਂ ਤੋਂ ਖ਼ਰੀਦਦੀਆਂ ਸਨ। ਹੁਣ ਏਥੇ ਅਮਰੀਕੀ ਬਾਦਾਮ ਉਨ੍ਹਾਂ ਮੁਕਾਬਲੇ ਰਸਹੀਣ ਹੁੰਦੇ ਹਨ। ਬਦਲੇ ਵਿਚ ਸਾਡੀਆਂ ਫ਼ੌਜਾਂ ਉੱਥੇ ਦਗੜ-ਦਗੜ ਕਰਦੀਆਂ ਹਨ। ਇਹ ਖਾਕੀ ਨਾਲ ਕੇਹਾ ਖਾਕੀ ਮਿਲਾਇਆ ਅਸੀਂ। ਗੱਲ ਕੋਈ ਵੀ ਹੋਵੇ ਹੱਲ ਹੋਣਾ ਚਾਹੀਦਾ ਹੈ। ਮੇਰੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਹਨ। ਕਵਿਤਾ ਸੁਣਾਉਣ ਦੀ ਮੇਰੀ ਵਾਰੀ ਆਈ। ਮੈਂ ਸ਼ਸ਼ੋਪੰਜ ਵਿਚ ਸਾਂ ਕਿ ਕਿਹੜੀਆਂ ਕਵਿਤਾਵਾਂ ਸੁਣਾਵਾਂ। ਮੈਂ ਮਾਂ, ਪਤਨੀ ਤੇ ਧੀ ਵਾਲੀਆਂ ਕਵਿਤਾਵਾਂ ਸੁਣਾਈਆਂ। ਭਰਪੂਰ ਦਾਦ ਮਿਲੀ। ਮੈਨੂੰ ਸਕੂਨ ਮਿਲਿਆ। ਮੈਨੂੰ ਲੱਗਿਆ ਜਿਵੇਂ ਮੈਂ ਸਾਫੀਆ ਨੂੰ ਕਹਿ ਰਿਹਾ ਹੋਵਾਂ, ‘‘ਸਾਫੀਆ, ਤੇਰੇ ਸੰਘਰਸ਼ ਵਿਚ ਮੇਰੀ ਮਾਂ, ਪਤਨੀ ਤੇ ਧੀ ਵੀ ਤੇਰੇ ਨਾਲ ਨੇ।’’ ਕਵੀ ਦਰਬਾਰ ਦੀ ਸਮਾਪਤੀ ਤੋਂ ਦੁਪਹਿਰ ਦੀ ਰੋਟੀ ਸ਼ੁਰੂ ਹੁੰਦੀ ਹੈ। ਸਭ ਸਰੋਤੇ ਕਵੀਆਂ ਨੂੰ ਮਿਲ ਰਹੇ ਨੇ। ਉਨ੍ਹਾਂ ਤੋਂ ਕੁਝ ਪੁੱਛਦੇ ਹੈਰਾਨ ਹੁੰਦੇ ਹਨ। ਸਾਫੀਆ ਨੂੰ ਲੋਕ ਘੇਰੀ ਖੜ੍ਹੇ ਨੇ। ਭਾਸ਼ਾ ਵੀ ਕਦੇ-ਕਦੇ ਵਿਰੋਧ ਵਿਚ ਖੜ੍ਹੀ ਨਜ਼ਰ ਆਉਂਦੀ ਹੈ। ‘ਘੇਰੀ’ ਤੋਂ ਮਤਲਬ ਸਭ ਪ੍ਰਸ਼ੰਸਕ ਗੱਲਾਂ ਕਰਦੇ ਉਸ ਦੁਆਲੇ ਖੜ੍ਹੇ ਨੇ। ਉਹ ਪੂਰੇ ਖ਼ੁਸ਼ੀ ਭਰੇ ਰੌਂ ਵਿਚ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦੇ ਰਹੀ ਹੈ। ਵਿਦਾ ਦਾ ਸਮਾਂ ਹੈ। ਸਾਰੇ ਕਵੀ ਇਕ-ਦੂਜੇ ਨੂੰ ਮਿਲ ਰਹੇ ਨੇ। ਫੋਟੋਆਂ ਖਿਚਵਾ ਰਹੇ ਨੇ। ਮੈਂ, ਰੌਸ਼ਨ ਬਰਾਲ, ਸਾਫੀਆ ਤੇ ਹੋਰ ਕਵੀ ਵੀ ਫੋਟੋਆਂ ਖਿਚਵਾਉਂਦੇ ਹਾਂ। ਕੈਮਰੇ ਦੀ ਫਲੈਸ਼ ਵਜਦੀ ਹੈ। ਸਾਫੀਆ ਨਾਲ ਖੜ੍ਹਿਆਂ ਮੈਨੂੰ ਸੁਪਨੇ ਵਾਲੀ ਪਹਾੜੀ ’ਤੇ ਲਿਸ਼ਕਦੀ ਬਿਜਲੀ ਯਾਦ ਆਉਂਦੀ ਹੈ ਜੋ ਚਾਨਣ ਦਾ ਬਿੰਬ ਲੱਗਦੀ ਹੈ। ਸੰਪਰਕ: 82838-26876

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All