ਗੱਠਜੋੜ ਸਰਕਾਰਾਂ : The Tribune India

ਗੱਠਜੋੜ ਸਰਕਾਰਾਂ

ਗੱਠਜੋੜ ਸਰਕਾਰਾਂ

ਦੁੁਨੀਆਂ ਦੇ ਦੋ ਵੱਡੇ ਰਸਾਲੇ ‘ਦਿ ਇਕੋਨੋਮਿਸਟ’ ਅਤੇ ‘ਟਾਈਮ’ ਨੇ ਆਗਾਮੀ ਲੋਕ ਸਭਾ ਚੋਣਾਂ ਬਾਰੇ ਟਿੱਪਣੀਆਂ ਕਰਦਿਆਂ ਇਹ ਕਿਹਾ ਹੈ ਕਿ ਭਾਰਤ ਵਿਚ ਇਕੱਲੀ ਭਾਜਪਾ ਦੀ ਬਹੁਗਿਣਤੀ ਵਾਲੀ ਸਰਕਾਰ ਦਾ ਸੱਤਾ ਵਿਚ ਵਾਪਸ ਆਉਣਾ ਦੇਸ਼ ਲਈ ਮੰਦਭਾਗਾ ਹੋਵੇਗਾ। ‘ਦਿ ਇਕੋਨੋਮਿਸਟ’ ਦੀ ਟਿੱਪਣੀ ਦਾ ਅਨੁਵਾਨ ‘‘ਨਰਿੰਦਰ ਮੋਦੀ ਦੀ ਅਗਵਾਈ ਵਿਚ ਸੱਤਾਧਾਰੀ ਪਾਰਟੀ ਲੋਕਰਾਜ ਲਈ ਖ਼ਤਰਾ’’ ਹੈ। ਟਿੱਪਣੀ ਅਨੁਸਾਰ ਪਾਰਟੀ ਦੀ ਸਭ ਤੋਂ ਵੱਡੀ ਗ਼ਲਤੀ ਦੇਸ਼ ਦੇ ਦੋ ਵੱਡੇ ਭਾਈਚਾਰਿਆਂ ਵਿਚਲੀ ਦੁਫਾੜ ਨੂੰ ਵਧਾਉਣਾ ਹੈ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿਚ ਇਕ ਧਾਰਮਿਕ ਆਗੂ ਨੂੰ ਮੁੱਖ ਮੰਤਰੀ ਬਣਾਏ ਜਾਣ ਤੇ ਹਜੂਮੀ ਹਿੰਸਾ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਗਈ ਹੈ। ‘ਟਾਈਮ’ ਰਸਾਲੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਵਿਚ ਵੰਡੀਆਂ ਪਾਉਣ ਵਾਲਿਆਂ ਦਾ ਪ੍ਰਮੁੱਖ ਦੱਸਿਆ ਹੈ। ਰਸਾਲੇ ਦੇ ਮੁੱਖ ਲੇਖ ਵਿਚ ਨਾਵਲਕਾਰ ਆਤਿਸ਼ ਤਾਸੀਰ ਨੇ ਲਿਖਿਆ ਹੈ ਕਿ ਪ੍ਰੱਗਿਆ ਸਿੰਘ ਠਾਕੁਰ ਨੂੰ ਲੋਕ ਸਭਾ ਚੋਣਾਂ ਵਿਚ ਉਮੀਦਵਾਰ ਬਣਾ ਕੇ ਭਾਜਪਾ ਨੇ ਕੱਟੜ ਅੰਧ-ਰਾਸ਼ਟਰਵਾਦ ਤੇ ਅਪਰਾਧ ਦੇ ਗੱਠਜੋੜ ਦੀ ਉਦਾਹਰਨ ਪੇਸ਼ ਕੀਤੀ ਹੈ। ਇਸੇ ਰਸਾਲੇ ਦੇ ਇਕ ਹੋਰ ਲੇਖ ਵਿਚ ਨਾਮਾਨਿਗਾਰ ਇਆਨ ਬਰੈਮਰ ਨੇ ਮੋਦੀ ਨੂੰ ਵਿੱਤੀ ਸੁਧਾਰਾਂ ਦੇ ਮਾਮਲੇ ਵਿਚ ਆਸ ਦੀ ਵੱਡੀ ਕਿਰਨ ਕਿਹਾ ਹੈ। ਉਸ ਨੇ ਜੀਐੱਸਟੀ ਅਤੇ ਸਿਹਤ ਬੀਮਾ ਸਕੀਮ ਵਾਸਤੇ ਮੋਦੀ ਸਰਕਾਰ ਦੀ ਤਾਰੀਫ਼ ਕੀਤੀ ਹੈ। ਬਰੈਮਰ ਦੇ ਲੇਖ ਵਿਚ ਸੱਤਾਧਾਰੀ ਪਾਰਟੀ ਦੀ ਤਾਰੀਫ਼ ਦੇ ਬਾਵਜੂਦ ਦੋਹਾਂ ਰਸਾਲਿਆਂ ਵੱਲੋਂ ਜ਼ਾਹਿਰ ਕੀਤੀ ਗਈ ਮੁੱਖ ਚਿੰਤਾ ਦੇਸ਼ ਵਿਚਲੀ ਫ਼ਿਰਕੂ ਸਦਭਾਵਨਾ ਨਾਲ ਸਬੰਧਤ ਹੈ। ਇਹ ਗੱਲ ਕਿਸੇ ਤੋਂ ਲੁਕੀ-ਛਿਪੀ ਨਹੀਂ ਕਿ ਪਿਛਲੇ ਪੰਜ ਸਾਲਾਂ ਵਿਚ ਦੇਸ਼ ਅੰਦਰਲੇ ਬਹੁਗਿਣਤੀ ਤੇ ਘੱਟਗਿਣਤੀ ਦੇ ਫ਼ਿਰਕਿਆਂ ਦਰਮਿਆਨ ਤਣਾਓ ਨੂੰ ਵਧਾ ਕੇ ਉਸ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿੱਥੋਂ ਤਕ ਆਰਥਿਕ ਸੁਧਾਰਾਂ ਦਾ ਸਵਾਲ ਹੈ, ਰਾਜਸੀ ਤੇ ਵਿੱਤੀ ਮਾਹਿਰ ਉਸ ਬਾਰੇ ਵੱਖ ਵੱਖ ਰਾਇ ਰੱਖਦੇ ਹਨ। ਬਹੁਤ ਸਾਰੇ ਅੰਕੜਿਆਂ ਅਨੁਸਾਰ ਨੋਟਬੰਦੀ ਕਾਰਨ ਦੇਸ਼ ਨੂੰ ਵੱਡਾ ਆਰਥਿਕ ਨੁਕਸਾਨ ਤੇ ਮੰਦਵਾੜਾ ਭੋਗਣਾ ਪਿਆ। ਨੌਕਰੀਆਂ ਘਟੀਆਂ ਅਤੇ ਗ਼ੈਰ-ਰਸਮੀ ਸੈਕਟਰ ਅਜੇ ਤਕ ਦੁਬਾਰਾ ਲੀਹਾਂ ’ਤੇ ਨਹੀਂ ਆ ਸਕਿਆ। ਕਿਸਾਨੀ ਸੰਕਟ ਵਧਣ ਨਾਲ ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ। ਇਹੀ ਨਹੀਂ, ਨੋਟਬੰਦੀ ਜਿਹੇ ਫ਼ੈਸਲਿਆਂ ਵਿਚ ਜਲਦਬਾਜ਼ੀ ਕਰਨ ਨੂੰ ਸਰਕਾਰ ਦੀ ਦ੍ਰਿੜ੍ਹਤਾ ਅਤੇ ਫ਼ੈਸਲਾ ਲੈਣ ਦੀ ਯੋਗਤਾ ਵਜੋਂ ਪੇਸ਼ ਕੀਤਾ ਗਿਆ। ਮੌਜੂਦਾ ਚੋਣ ਪ੍ਰਚਾਰ ਵਿਚ ਵਿਰੋਧੀ ਪਾਰਟੀਆਂ ਜਦੋਂ ਵੀ ਕੋਈ ਮੁੱਦਾ ਉਠਾਉਂਦੀਆਂ ਹਨ ਤਾਂ ਉਸ ਦਾ ਜਵਾਬ ਦੇਣ ਦੀ ਬਜਾਇ ਉਸ ਮੁੱਦੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਵਾਂਢੀ ਦੇਸ਼ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਵਿਦੇਸ਼ੀ ਰਸਾਲਿਆਂ ਦੀਆਂ ਟਿੱਪਣੀਆਂ ਦਾ ਤੱਤ-ਸਾਰ ਇਹ ਹੈ ਕਿ ਜੇਕਰ ਭਾਜਪਾ ਨੂੰ ਇਕੱਲਿਆਂ ਬਹੁਮਤ ਪ੍ਰਾਪਤ ਹੁੰਦੀ ਹੈ ਅਤੇ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਣਦੀ ਹੈ ਤਾਂ ਇਹ ਲੋਕਰਾਜ ਲਈ ਖ਼ਤਰਾ ਹੋਵੇਗਾ। ਟਿੱਪਣੀਕਾਰਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਭਾਜਪਾ ਨੂੰ ਹਰਾ ਨਹੀਂ ਸਕਦੇ ਤਾਂ ਘੱਟੋ ਘੱਟ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਰਕਾਰ ਬਣਾਉਣ ਲਈ ਭਾਜਪਾ ਨੂੰ ਦੂਸਰੀਆਂ ਪਾਰਟੀਆਂ ਦਾ ਸਹਿਯੋਗ ਲੈਣਾ ਪਵੇ। ਇਨ੍ਹਾਂ ਲੇਖਾਂ ਵਿਚ ਇਹ ਸੰਕੇਤ ਵੀ ਦਿੱਤੇ ਗਏ ਹਨ ਕਿ ਬਹੁਤ ਸਾਰੇ ਦੇਸ਼ਾਂ, ਜਿਨ੍ਹਾਂ ਵਿਚ ਅਮਰੀਕਾ, ਤੁਰਕੀ ਤੇ ਕਈ ਹੋਰ ਦੇਸ਼ ਸ਼ਾਮਲ ਹਨ, ਲੋਕ ਉਨ੍ਹਾਂ ਲੋਕ-ਲੁਭਾਊ ਵਾਅਦਿਆਂ ਦਾ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਦਾ ਮੁੱਖ ਨਿਸ਼ਾਨਾ ਦੇਸ਼ ਦੇ ਬਹੁਗਿਣਤੀ ਫ਼ਿਰਕਿਆਂ ਨੂੰ ਖੁਸ਼ ਰੱਖਣਾ ਹੈ; ਇਹ ਰੁਝਾਨ ਕਿਸੇ ਵੀ ਜਮਹੂਰੀਅਤ ਲਈ ਸ਼ੁਭ ਸੰਕੇਤ ਨਹੀਂ ਹੁੰਦੇ। ਬਹੁਗਿਣਤੀ ਫ਼ਿਰਕੇ ਦੇ ਲੋਕਾਂ ਅਤੇ ਉਸ ਦੀ ਨੁਮਾਇੰਦਗੀ ਕਰਨ ਵਾਲੀਆਂ ਪਾਰਟੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਘੱਟਗਿਣਤੀਆਂ ਦਾ ਵਿਸ਼ਵਾਸ ਜਿੱਤਣ ਅਤੇ ਜਮਹੂਰੀਅਤ ਨੂੰ ਧਰਮ-ਨਿਰਪੱਖ ਤਰੀਕੇ ਨਾਲ ਚਲਾਇਆ ਜਾਏ। ਇਕ ਪਾਰਟੀ ਦੀ ਤਾਕਤਵਰ ਸਰਕਾਰ ਬਣਾਉਣ ਦੇ ਤਰਕ ਦੇ ਉਲਟ ਇਸ ਵਾਰ ਬਹੁਤ ਸਾਰੇ ਦੇਸੀ ਤੇ ਵਿਦੇਸ਼ੀ ਰਾਜਸੀ ਮਾਹਿਰਾਂ ਦੀ ਰਾਇ ਅਨੁਸਾਰ ਭਾਰਤ ਜਿਹੇ ਵਿਸ਼ਾਲ ਦੇਸ਼ ਵਿਚ ਗੱਠਜੋੜ ਵਾਲੀਆਂ ਸਰਕਾਰਾਂ ਬਣਨੀਆਂ ਚਾਹੀਦੀਆਂ ਹਨ ਤਾਂ ਕਿ ਵੱਖ ਵੱਖ ਵਰਗਾਂ, ਖੇਤਰਾਂ ਤੇ ਧਾਰਮਿਕ ਫ਼ਿਰਕਿਆਂ ਨੂੰ ਉੱਚਿਤ ਪ੍ਰਤੀਨਿਧਤਾ ਮਿਲ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ