ਗੋਆ ਦਾ ਸ਼ਹੀਦ ਕਰਨੈਲ ਸਿੰਘ ਈਸੜੂ

ਪੰਦਰਾਂ ਅਗਸਤ 1947 ਨੂੰ ਭਾਰਤ ਆਜ਼ਾਦ ਤਾਂ ਹੋ ਗਿਆ ਪਰ ਇਸ ਦੇ ਇੱਕ ਛੋਟੇ ਜਿਹੇ ਹਿੱਸੇ ਗੋਆ ’ਤੇ ਪੁਰਤਗਾਲੀਆਂ ਦਾ ਕਬਜ਼ਾ ਜਾਰੀ ਰਿਹਾ। ਗੋਆ ਵਿੱਚ ਬੈਠਾ ਵਿਦੇਸ਼ੀ ਸਾਮਰਾਜ ਭਾਰਤ ਵਾਸੀਆਂ ਨੂੰ ਚੁਣੌਤੀ ਦਿੰਦਾ ਰਿਹਾ ਜਿਸ ਨੂੰ ਕਬੂਲ ਕਰਦਿਆਂ ਹੋਇਆਂ 15 ਅਗਸਤ 1955 ਵਿੱਚ ਭਾਰਤ ਵਾਸੀਆਂ ਨੇ ਗੋਆ ਨੂੰ ਗ਼ੈਰ-ਮੁਲਕੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਇੱਕ ਸ਼ਾਂਤਮਈ ਸੰਘਰਸ਼ ਸ਼ੁਰੂ ਕੀਤਾ। ਇਸ ਸੰਘਰਸ਼ ਵਿੱਚ ਪੁਰਤਗਾਲ ਸਰਕਾਰ ਦੀ ਸੈਨਾ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲਾਬਾਰੀ ਵਿੱਚ ਪੰਜਾਬੀ ਨੌਜਵਾਨ ਮਾਸਟਰ ਕਰਨੈਲ ਸਿੰਘ ਈਸੜੂ ਸ਼ਹੀਦ ਹੋ ਗਿਆ। ਉਨ੍ਹਾਂ ਦਾ ਜਨਮ 1929 ਨੂੰ ਚੱਕ ਨੰਬਰ 30, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ (ਅੱਜ-ਕੱਲ੍ਹ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਸੱਤਵੀਂ ਜਮਾਤ ਤਕ ਦੀ ਪੜ੍ਹਾਈ ਮਿਸ਼ਨ ਹਾਈ ਸਕੂਲ ਖੁਸ਼ਪੁਰ ਚੱਕ ਨੰਬਰ 51 ਤੋਂ ਹਾਸਲ ਕੀਤੀ, ਜਿੱਥੇ ਉਨ੍ਹਾਂ ਦੇ ਵੱਡੇ ਭਰਾ ਤਖ਼ਤ ਸਿੰਘ ਮੁੱਖ ਅਧਿਆਪਕ ਸਨ। ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਪਾਕਿਸਤਾਨ ਤੋਂ ਆ ਕੇ ਤਖ਼ਤ ਸਿਘ ਜ਼ਿਲ੍ਹਾ ਬੋਰਡ ਹਾਈ ਸਕੂਲ ਚੱਕ ਸ਼ੇਰੇ ਵਾਲਾ ਵਿੱਚ ਮੁੱਖ ਅਧਿਆਪਕ ਲੱਗ ਗਏ। ਕਰਨੈਲ ਸਿੰਘ ਨੇ ਵੀ ਉੱਥੇ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਅੱਠਵੀਂ ਉਸ ਸਕੂਲ ਤੋਂ ਹੀ ਪਾਸ ਕੀਤੀ। ਉਨ੍ਹਾਂ ਦਾ ਦੂਜਾ ਭਰਾ ਹਰਚੰਦ ਸਿੰਘ ਅਤੇ ਉਨ੍ਹਾਂ ਦੇ ਮਾਤਾ ਜੀ ਪਾਕਿਸਤਾਨ ਤੋਂ ਆ ਕੇ ਪਿੰਡ ਈਸੜੂ ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਰਹਿਣ ਲੱਗ ਪਏ। ਅੱਠਵੀਂ ਪਾਸ ਕਰਨ ਤੋਂ ਬਾਅਦ ਕਰਨੈਲ ਸਿੰਘ ਵੀ ਉਨ੍ਹਾਂ ਦੇ ਕੋਲ ਪਿੰਡ ਈਸੜੂ ਵਿੱਚ ਹੀ ਆ ਗਏ ਅਤੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਵਿੱਚ ਦਾਖਲ ਹੋ ਗਏ ਜਿੱਥੇ ਉਨ੍ਹਾਂ ਨੇ ਮੈਟ੍ਰਿਕ ਪਹਿਲੇ ਦਰਜੇ ਵਿੱਚ ਪਾਸ ਕੀਤੀ। ਪੜ੍ਹਾਈ ਦੌਰਾਨ ਉਨ੍ਹਾਂ ਨੂੰ ਆਪਣੇ ਭਰਾ ਤਖ਼ਤ ਸਿੰਘ ਜੋ ਇੱਕ ਨਾਮਵਰ ਸ਼ਾਇਰ ਵੀ ਸਨ, ਦੀਆਂ ਉਰਦੂ ਵਿੱਚ ਲਿਖੀਆਂ ਹੋਈਆਂ ਨਜ਼ਮਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਇਸ ਕਿਸਮ ਦੀਆਂ ਨਜ਼ਮਾਂ ਉਹ ਸਕੂਲ ਦੇ ਹਰ ਸਮਾਗਮ ’ਤੇ ਪੜ੍ਹਦੇ। ਇਸ ਤੋਂ ਉਨ੍ਹਾਂ ਦਾ ਰੁਝਾਨ ਰਾਜਨੀਤੀ ਵੱਲ ਹੋ ਗਿਆ ਅਤੇ ਉਹ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣ ਗਏ। ਉਨ੍ਹਾਂ ਦਿਨਾਂ ਵਿੱਚ ਖੰਨਾ ਦੇ ਸਕੂਲਾਂ ਵਿੱਚ ਫ਼ੀਸਾਂ ਵਧਾਉਣ ਕਾਰਨ ਹੋਏ ਸੰਘਰਸ਼ ’ਚ ਕਰਨੈਲ ਸਿੰਘ ਨੇ ਅੱਗੇ ਹੋ ਕੇ ਹਿੱਸਾ ਲਿਆ ਅਤੇ ਬਾਅਦ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਚੁਣੇ ਗਏ। ਗ਼ਰੀਬੀ ਕਾਰਨ ਉਹ ਕਾਲਜ ਵਿੱਚ ਦਾਖਲ ਨਾ ਹੋ ਸਕੇ ਅਤੇ ਪ੍ਰਾਈਵੇਟ ਤੌਰ ’ਤੇ ਐਮਰਜੈਂਸੀ ਬੇਸਿਕ ਟਰੇਨਿੰਗ ਹਾਸਲ ਕੀਤੀ। ਇਸ ਉਪਰੰਤ ਖੰਨਾ ਨੇੜੇ ਪਿੰਡ ਬੰਬਾਂ ਵਿੱਚ ਅਧਿਆਪਕ ਲੱਗ ਗਏ। ਨੌਕਰੀ ਦੌਰਾਨ ਉਨ੍ਹਾਂ ਦਾ ਧਿਆਨ ਜ਼ਿਆਦਾਤਰ ਰਾਜਨੀਤੀ ਵੱਲ ਹੀ ਰਹਿੰਦਾ ਸੀ। ਅਗਸਤ 1955 ਵਿੱਚ ਉਹ ਆਪਣਾ ਆਖ਼ਰੀ ਸਾਲ ਦਾ ਐਮਰਜੈਂਸੀ ਬੇਸਿਕ ਟਰੇਨਿੰਗ ਕੋਰਸ ਕਰਨ ਜਰਗ ਚਲੇ ਗਏ ਸਨ। ਉਦੋਂ ਹੀ ਗੋਆ ਨੂੰ ਪੁਰਤਗਾਲੀ ਸਾਮਰਾਜ ਤੋਂ ਛੁਡਾਉਣ ਲਈ ਸੰਘਰਸ਼ ਸ਼ੁਰੂ ਹੋ ਗਿਆ। ਉਨ੍ਹਾਂ ਦੇ ਦਿਲ ਵਿੱਚ ਵੀ ਇਸ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਣ ਦਾ ਸ਼ੌਕ ਪੈਦਾ ਹੋਇਆ। ਉਨ੍ਹਾਂ ਨੇ ਘਰ ਦੇ ਮੈਂਬਰਾਂ ਤੋਂ ਇਜ਼ਾਜਤ ਲਏ ਬਗ਼ੈਰ ਹੀ ਲੁਧਿਆਣੇ ਜਾ ਕੇ ਆਪਣੇ ਵੱਡੇ ਭਰਾ ਨੂੰ ਇੱਕ ਚਿੱਠੀ ਲਿਖ ਕੇ ਸੰਘਰਸ਼ ਵਿੱਚ ਜਾਣ ਬਾਰੇ ਦੱਸਿਆ ਅਤੇ ਲਿਖਿਆ ਕਿ ਸ਼ਾਇਦ ਉਹ ਵਾਪਸ ਆ ਕੇ ਉਨ੍ਹਾਂ ਦੇ ਦਰਸ਼ਨ ਵੀ ਨਾ ਕਰ ਸਕੇ। 15 ਅਗਸਤ ਨੂੰ ਪੁਰਤਗਾਲੀ ਸਰਕਾਰ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਵਿੱਚ ਉਹ ਗੋਆ ਵਿਖੇ ਸ਼ਹੀਦ ਹੋ ਗਏ। ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਪਿੰਡ ਵਾਸੀਆਂ ਵੱਲੋਂ ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਟੂਰਨਾਮੈਂਟ ਕਮੇਟੀ ਬਣਾਈ ਗਈ ਹੈ ਜੋ ਹਰ ਸਾਲ ਟੂਰਨਾਮੈਂਟ ਕਰਵਾਉਂਦੀ ਹੈ। ਉਨ੍ਹਾਂ ਦੇ ਨਾਂ ’ਤੇ ਪਿੰਡ ਵਿੱਚ ਹੀ ਇੱਕ ਲਾਇਬਰੇਰੀ ਅਤੇ ਸਰਕਾਰੀ ਸੈਕੰਡਰੀ ਸਕੂਲ ਵੀ ਬਣਾਇਆ ਗਿਆ ਹੈ। ਇੱਥੇ ਹੀ ਇੱਕ ਸਟੇਡੀਅਮ ਵੀ ਉਸਾਰੀ ਅਧੀਨ ਹੈ। ਖੰਨਾ ਵਿਖੇ ਇੱਕ ਬਾਜ਼ਾਰ ਦਾ ਨਾਂ ਵੀ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਨਾਂ ’ਤੇ ਹੈ। ਪਿੰਡ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਸਮਾਧੀ ਵੀ  ਬਣੀ ਹੋਈ ਹੈ ਜਿੱਥੇ ਉਨ੍ਹਾਂ ਦਾ ਆਦਮ ਕੱਦ ਬੁੱਤ ਲੱਗਾ ਹੋਇਆ ਹੈ ਜਿਸ ਨੂੰ ਲੋਕ ਅਕੀਦਤ ਨਾਲ ਸ਼ਰਧਾਂਜਲੀ ਭੇਟ ਕਰਦੇ ਹਨ।

ਜੋਗਿੰਦਰ ਸਿੰਘ ਓਬਰਾਏ ਸੰਪਰਕ: 94170-34189

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All