ਗੁੱਟੂ ਦੀ ਖੂਹੀ ਅਤੇ ਮਸਤ ਰਾਮ

ਮੋਹਨ ਸ਼ਰਮਾ

ਗਾਹੇ-ਬਗਾਹੇ ਜਦੋਂ ਵੀ ਕਦੇ ਆਪਣੀ ਜਨਮ ਭੂਮੀ ਵਿਖੇ ਗੇੜਾ ਮਾਰਦਾ ਹਾਂ ਤਾਂ ਮਨ ਦੀ ਦਹਿਲੀਜ਼ ’ਤੇ ਅਤੀਤ ਦੀਆਂ ਯਾਦਾਂ ਬਦੋਬਦੀ ਦਸਤਕ ਦੇ ਦਿੰਦੀਆਂ ਨੇ। ਹਾਣੀਆਂ ਨਾਲ ਖੇਡਣਾ, ਸਕੂਲ ਕਾਲਜ ਦੀ ਪੜ੍ਹਾਈ, ਜ਼ਿੰਦਗੀ ਦੀਆਂ ਠੋਕਰਾਂ ਵਿਚੋਂ ਮਿਲੇ ਅਨੁਭਵ ਦੇ ਆਧਾਰ ’ਤੇ ਹੀ ਮਹਿਸੂਸ ਹੁੰਦਾ ਹੈ ਕਿ ਕਿਤਾਬੀ ਪੜ੍ਹਾਈ ਅਤੇ ਜ਼ਿੰਦਗੀ ਦੀ ਪੜ੍ਹਾਈ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਕਿਤਾਬੀ ਪੜ੍ਹਾਈ ਵਿਚ ਪਾਠ ਪਹਿਲਾਂ ਮਿਲਦਾ ਹੈ ਅਤੇ ਪ੍ਰੀਖਿਆ ਬਾਅਦ ਵਿਚ ਹੁੰਦੀ ਹੈ ਪਰ ਜ਼ਿੰਦਗੀ ਦੀ ਪੜ੍ਹਾਈ ਵਿਚ ਪਹਿਲਾਂ ਪ੍ਰੀਖ਼ਿਆ ਹੁੰਦੀ ਹੈ ਅਤੇ ਪਾਠ ਬਾਅਦ ਵਿਚ ਮਿਲਦਾ ਹੈ। ਪਿੰਡ ਦੇ ਉੱਤਰ ਵੱਲ ਦੋ ਕੁ ਕਿਲੋਮੀਟਰ ਦੂਰੀ ’ਤੇ ਖੂਹੀ ਸੀ ਜਿਸ ਨੂੰ ਗੁੱਟੂ ਦੀ ਖੂਹੀ ਨਾਮ ਨਾਲ ਯਾਦ ਕੀਤਾ ਜਾਂਦਾ ਸੀ। ਟਿੱਬਿਆਂ ਦਾ ਸਫ਼ਰ ਤੈਅ ਕਰਦਿਆਂ ਰਾਹਗੀਰ ਖੂਹੀ ਦਾ ਠੰਢਾ ਪਾਣੀ ਪੀ ਕੇ ਸਕੂਨ ਪ੍ਰਾਪਤ ਕਰਦੇ। ਨੌਵੀਂ-ਦਸਵੀਂ ਵਿਚ ਪੜ੍ਹਦਿਆਂ ਜਦੋਂ ਖੂਹੀ ਦੇ ਇਤਿਹਾਸ ਬਾਰੇ ਬਜ਼ੁਰਗ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਬੜੇ ਅਦਬ ਨਾਲ ਚੇਤੇ ਕੀਤਾ, "ਗੁੱਟੂ ਆਪਣੇ ਪਿੰਡ ਦਾ ਭਲਾ ਪੁਰਸ਼ ਸੀ। ਇਹ ਖੂਹੀ ਉਹਨੇ ਆਪਣੇ ਪਿੰਡ ਆਉਂਦੇ ਰਾਹੀਆਂ ਕਰਕੇ ਜਾਂ ਫਿਰ ਖੇਤਾਂ ਵਿਚ ਕੰਮ ਕਰਦੇ ਕਿਰਸਾਨਾਂ ਕਰਕੇ ਬਣਵਾਈ ਸੀ।" ਗੁੱਟੂ ਦੀ ਜ਼ਮੀਨ, ਜਾਇਦਾਦ, ਬੈਂਕ ਬੈਲੈਂਸ ਕਿੰਨਾ ਕੁ ਸੀ, ਕੋਈ ਪਤਾ ਨਹੀਂ; ਹਾਂ, ਉਹਦੀ ਲੋੜਵੰਦਾਂ ਬਾਰੇ ਉਸਾਰੂ ਸੋਚ ਹੋਣ ਕਾਰਨ ਉਹ ਪਿੰਡ ਵਾਸੀਆਂ ਦੇ ਚੇਤੇ ਵਿਚੋਂ ਮਨਫ਼ੀ ਨਹੀਂ ਹੋਇਆ। ਫਿਰ ਪਿੰਡ ਦਾ ਇੱਕ ਹੋਰ ਦਿਆਲੂ ਸ਼ਖ਼ਸ ਗੁੱਟੂ ਦੇ ਰਾਹ ਚੱਲ ਪਿਆ। ਉਹਨੇ ਪਿੰਡ ਦੇ ਇੱਕ ਆਦਮੀ ਨੂੰ ਤਨਖਾਹ ਦੇ ਕੇ ਗੁੱਟੂ ਦੀ ਖੂਹੀ ਤੋਂ ਲੋਕਾਂ ਨੂੰ ਪਾਣੀ ਪਿਆਉਣ ਲਈ ਰੱਖ ਲਿਆ। ਗੁੜ, ਭੁੱਜੇ ਛੋਲੇ, ਠੰਢਾ ਪਾਣੀ ਹਰ ਰਾਹੀ ਦੇ ਹਿੱਸੇ ਆਉਣ ਲੱਗ ਪਿਆ। ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਜੇਬਾਂ ਵਿਚ ਉਹ ਬੰਦਾ ਛੋਲੇ ਅਤੇ ਗੁੜ ਦੀ ਡਲੀ ਪਾ ਕੇ ਕਹਿੰਦਾ, "ਰਾਹ ਵਿਚ ਖਾਂਦਾ ਜਾਈਂ।" ਰਾਹਗੀਰ ਅੰਤਾਂ ਦੀ ਗਰਮੀ ਵਿਚ ਗੁੱਟੂ ਦੀ ਖੂਹੀ ’ਤੇ ਪਹੁੰਚ ਕੇ ਥਕੇਵਾਂ ਵੀ ਲਾਹ ਲੈਂਦਾ ਸੀ। ਛੋਲੇ, ਗੁੜ ਅਤੇ ਠੰਢਾ ਪਾਣੀ ਉਨ੍ਹਾਂ ਦੀ ਕੋਹਾਂ ਦੀ ਵਾਟ ਸੁਖਾਲੀ ਕਰ ਦਿੰਦੇ। ਫਿਰ ਮਸਤ ਰਾਮ ਵੀ ਕੋਈ ਤਿੰਨ ਦਹਾਕੇ ਪਹਿਲਾਂ ਗੁਜ਼ਰ ਗਿਆ। ਗੁੱਟੂ ਅਤੇ ਮਸਤ ਰਾਮ, ਦੋਹਾਂ ਦੀ ਨੇਕੀ ਦੀ ਮਹਿਕ ਆਲੇ-ਦੁਆਲੇ ਹੁਣ ਵੀ ਬਿਖਰੀ ਹੋਈ ਹੈ। ਕਰੋਨਾਵਾਇਰਸ ਕਾਰਨ ਲੋਕ ਤਾਲਾਬੰਦੀ ਦੀ ਮਾਰ ਹੇਠ ਹਨ। ਮਜ਼ਦੂਰ ਵਰਗ ਬੁਰੀ ਤਰ੍ਹਾਂ ਝੰਜੋੜਿਆ ਗਿਆ ਹੈ। ਸਿਆਸੀ ਆਗੂਆਂ ਨੇ ਪੈਕਟਾਂ ਵਿਚ ਉਨ੍ਹਾਂ ਦੇ ਘਰੀਂ ਰਾਸ਼ਨ ਪੁੱਜਦਾ ਕੀਤਾ ਪਰ ਰਾਸ਼ਨ ਦੇ ਪੈਕਟ ਵਿਚ ਉਹ ਆਪਣੀ ਫੋਟੋ ਵਾਲਾ ਕਾਗਜ਼ ਪਾਉਣੋਂ ਨਹੀਂ ਭੁੱਲੇ। ਬਹੁਤਿਆਂ ਨੇ ਸੰਕਟ ਦੀ ਘੜੀ ਵਿਚ ਵੀ ਸਿਆਸਤ ਨਹੀਂ ਛੱਡੀ ਅਤੇ ਉਸ ਮੁਹੱਲੇ ਦਾ ਵਿਸ਼ੇਸ ਧਿਆਨ ਰੱਖਿਆ ਹੈ ਜਿੱਥੋਂ ਦੇ ਲੋਕਾਂ ਨੇ ਉਸ ਨੂੰ ਵੋਟਾਂ ਪਾਈਆਂ ਜਾਂ ਫਿਰ ਮੁਹਤਬਰ ਬੰਦਿਆਂ ਨੇ ਭਵਿੱਖ਼ ’ਚ 'ਆਪਣੇ ਆਗੂ' ਨੂੰ ਵੋਟ ਪਾਉਣ ਦੀ ਪ੍ਰੇਰਨਾ ਦਿੱਤੀ। ਕੁਝ ਅਖੌਤੀ ਸਮਾਜ ਸੇਵਕਾਂ ਨੇ ਲੋੜਵੰਦਾਂ ਦੇ ਹੱਥਾਂ ਵਿਚ ਥੋੜ੍ਹਾ ਜਿਹਾ ਸਮਾਨ ਫੜਾ ਕੇ ਫੋਟੋ ਖਿਚਵਾਉਣ ਮਗਰੋਂ ਸੋਸ਼ਲ ਮੀਡੀਆ ’ਤੇ ਪਾ ਕੇ ਆਪਣੇ ਆਪ ਨੂੰ ਮਹਾਦਾਨੀ ਸਿੱਧ ਕਰਨ ਦੀ ਵੀ ਕੋਸ਼ਿਸ ਕੀਤੀ। ਕਈ ਸਮਾਜ ਸੇਵਕਾਂ ਨੇ ਕਿਰਤੀ ਵਰਗ ਦਾ ਇਹ ਦੁੱਖ ਹੰਢਾਇਆ; ਭੋਜਨ ਅਤੇ ਹੋਰ ਸਮੱਗਰੀ ਲੋੜਵੰਦਾਂ ਦੇ ਦਰ ’ਤੇ ਦਿੱਤੀ ਅਤੇ ਆਪਣਾ ਨਾਂ ਤੱਕ ਨਹੀਂ ਦੱਸਿਆ। ਬੱਸ, ਮੋਬਾਇਲ ਨੰਬਰ ਦੇ ਕੇ ਨਿਮਰਤਾ ਸਹਿਤ ਕਹਿ ਦਿੰਦੇ ਨੇ, "ਫਿਰ ਲੋੜ ਹੋਵੇ ਤਾਂ ਇਸ ਨੰਬਰ ’ਤੇ ਫੋਨ ਕਰ ਦਿਉ, ਅਸੀਂ ਥੋਡੇ ਕੋਲ ਪਹੁੰਚ ਜਾਵਾਂਗੇ। ਘਬਰਾਉਣਾ ਨਹੀਂ।" ਸਿਆਸੀ ਲੋਕਾਂ ਦੇ ਮਾਣ ਭੱਤੇ, ਮੈਡੀਕਲ ਭੱਤੇ, ਸਫਰ ਭੱਤੇ ਅਤੇ ਹੋਰ ਸੁਖ ਸਹੂਲਤਾਂ ਕਾਰਨ ਸਰਕਾਰੀ ਖਜ਼ਾਨੇ ’ਤੇ ਹਰ ਸਾਲ ਅਰਬਾਂ ਰੁਪਏ ਦਾ ਬੋਝ ਪੈਂਦਾ ਹੈ। ਭਲਾ ਇਨ੍ਹਾਂ ਅਰਬਾਂ ਰੁਪਇਆਂ ਵਿਚੋਂ ਸਿਆਸੀ ਲੋਕਾਂ ਨੇ ਕਿੰਨੀ ਕੁ ਮਾਇਆ ਆਪਣੀ ਜੇਬ ਵਿਚੋਂ ਲੋੜਵੰਦਾਂ ਲਈ ਖਰਚੀ ਹੈ? ਦੇਸ਼ ਵਿਚ 5 ਲੱਖ 80 ਹਜ਼ਾਰ ਲੋਕ ਵੀਵੀਆਈਪੀ ਸ਼੍ਰੇਣੀ ਵਿਚ ਸ਼ਾਮਲ ਹਨ ਜਿਨ੍ਹਾਂ ਦੀ ਜਾਇਦਾਦ ਕਰੋੜਾਂ ਅਰਬਾਂ ਰੁਪਏ ਬਣਦੀ ਹੈ। ਜੇ ਇਹ ਬੰਦੇ ਇੱਕ ਇੱਕ ਲੱਖ ਰੁਪਿਆ ਆਪਣੀ ਜੇਬ ਵਿਚੋਂ ਲੋੜਵੰਦਾਂ ਲਈ ਕੱਢ ਦਿੰਦੇ ਤਾਂ ਅੰਦਾਜ਼ਨ 58 ਅਰਬ ਰੁਪਏ ਇਕੱਠੇ ਹੋ ਜਾਣੇ ਸਨ। ਜੇ ਇਸ ਰਾਸ਼ੀ ਦੀ ਵਰਤੋਂ ਈਮਾਨਦਾਰੀ ਨਾਲ ਹੋ ਜਾਵੇ ਤਾਂ ਫਿਰ ਕੋਈ ਭੁੱਖਣ ਭਾਣਾ ਨੀਲੇ ਅਸਮਾਨ ਹੇਠਾਂ ਨਹੀਂ ਸੌਂਵੇਗਾ ਪਰ ਇਹ ਸੰਭਵ ਨਹੀਂ ਹੋਵੇਗਾ ਕਿਉਂਕਿ ਗੁੱਟੂ ਅਤੇ ਮਸਤ ਰਾਮ ਵਰਗੀ ਸੋਚ ਦੇ ਉਹ ਨੇੜੇ-ਤੇੜੇ ਵੀ ਨਹੀਂ। ਕਾਸ਼! ਇਹ ਸ਼ਬਦ ਰਾਜਨੀਤਕ ਆਗੂਆਂ ਅਤੇ ਸਰਮਾਏਦਾਰਾਂ ਦੇ ਅੰਗ-ਸੰਗ ਰਹਿਣ: ਯੇਹ ਦਬਦਬਾ, ਯੇਹ ਹਕੂਮਤ, ਯੇਹ ਨਸ਼ਾ-ਏ-ਦੌਲਤ, ਕਿਰਾਏਦਾਰ ਹੈਂ, ਘਰ ਬਦਲਤੇ ਰਹਿਤੇ ਹੈਂ।

ਸੰਪਰਕ: 94171-48866

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All