ਗੁਜਰਾਲ ਦਾ ਪੰਜਾਬੀ ਸਾਹਿਤ ਨਾਲ ਨਾਤਾ

ਦੇਵਿੰਦਰ ਸਤਿਆਰਥੀ (ਖੱਬੇ) ਨੂੰ ਸਨਮਾਨਿਤ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਅਤੇ ਹੋਰ।

ਯਾਦਾਂ

ਬਲਬੀਰ ਮਾਧੋਪੁਰੀ

ਚਾਰ ਦਸੰਬਰ 1919 ਨੂੰ (ਅਜੋਕੇ ਲਹਿੰਦੇ ਪੰਜਾਬ ਦੇ) ਜੇਹਲਮ ਜ਼ਿਲ੍ਹੇ ਵਿਚ ਜਨਮੇ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ (ਮਰਹੂਮ) ਇੰਦਰ ਕੁਮਾਰ ਗੁਜਰਾਲ ਦੀ ਜਨਮ ਸ਼ਤਾਬਦੀ ਦੀਆਂ ਗੱਲਾਂ ਤੁਰੀਆਂ ਤਾਂ ਉਨ੍ਹਾਂ ਦੀ ਸ਼ਖ਼ਸੀਅਤ ਨਾਲ ਜੁੜੀਆਂ ਯਾਦਾਂ ਮੇਰੇ ਜ਼ਿਹਨ ਵਿਚ ਤਾਜ਼ਾ ਹੋ ਗਈਆਂ। ... ਤੇ ਮੈਂ ਪਹਿਲੀ ਵਾਰ 1978 ਵਿਚ ਉਨ੍ਹਾਂ ਨੂੰ ਸਰਦੀਆਂ ਦੇ ਇਕ ਨਿੱਖਰੇ ਦਿਨ ਬਾਅਦ ਦੁਪਹਿਰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਦੇ ਹਰੇ-ਭਰੇ ਲਾਅਨ ਵਿਚ ਦੇਖਿਆ ਸੀ। ਉਦੋਂ ਉਹ ਸੋਵੀਅਤ ਸੰਘ ਵਿਚ ਭਾਰਤ ਦੇ ਰਾਜਦੂਤ ਸਨ ਤੇ ਮੈਂ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਿਚ ਐੱਮ.ਏ. ਦਾ ਵਿਦਿਆਰਥੀ। ਸੈਂਕੜਿਆਂ ਦੀ ਹਾਜ਼ਰੀ ਵਿਚ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ, ਸਿਆਸਤਦਾਨ ਤੇ ਪੱਤਰਕਾਰ ਗੁਜਰਾਲ ਸਾਹਿਬ ਦਾ ਇੰਤਜ਼ਾਰ ਕਰ ਰਹੇ ਸਨ। ਕਾਮਰੇਡ ਜਗਜੀਤ ਸਿੰਘ ਆਨੰਦ ਵਾਰ-ਵਾਰ ਮਾਈਕ ’ਚ ਬੋਲ ਕੇ ਇਕੱਠ ਨੂੰ ਦੱਸ ਰਹੇ ਸਨ ਕਿ ਮੌਸਮ ਦੀ ਖਰਾਬੀ ਕਾਰਨ ਜਹਾਜ਼ ਤਾਸ਼ਕੰਦ ਤੋਂ ਦੇਰੀ ਨਾਲ ਅੰਮ੍ਰਿਤਸਰ ਲਈ ਉਡਿਆ ਹੈ। ਘੰਟਿਆਂਬੱਧੀ ਉਡੀਕ ਮਗਰੋਂ ਲੈਨਿਨ-ਕੱਟ ਵਾਲੀ ਸੁਨੱਖੀ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਨਾਲ ਰੂਸੀ ਲੇਖਕਾਂ ਤੇ ਚਿੰਤਕਾਂ ਦਾ ਵਫ਼ਦ ਆਇਆ। ਤਕਰੀਰ ਦੌਰਾਨ ਗੁਜਰਾਲ ਹੋਰਾਂ ਸੋਵੀਅਤ ਸਿਫ਼ਤਾਂ ਵਿਚ ਕਿਰਤੀ ਜਮਾਤ ਦੇ ਸੁਚੱਜੇ ਰਾਜਸੀ ਪ੍ਰਬੰਧ, ਸਹਿਕਾਰਤਾ, ਜ਼ਮੀਨ-ਜਾਇਦਾਦ ਤੋਂ ਲੈ ਕੇ ਲੋਕਾਂ ਦੇ ਰਾਸ਼ਟਰੀਕਰਨ ਦੇ ਨਾਲ-ਨਾਲ ਸੋਵੀਅਤ ਸੰਘ ਵੱਲੋਂ ਦੂਜੀ ਆਲਮੀ ਜੰਗ ਦੌਰਾਨ ਸੰਸਾਰ ਅਮਨ ਲਈ ਤੇ ਨਸਲਵਾਦ ਵਿਰੁੱਧ ਦਿੱਤੀਆਂ ਕਰੋੜਾਂ ਕੁਰਬਾਨੀਆਂ ਦਾ ਵੇਰਵੇ ਸਹਿਤ ਜ਼ਿਕਰ ਕੀਤਾ। ਸ੍ਰੀ ਆਨੰਦ ਨੇ ਸੋਵੀਅਤ ਲੇਖਕਾਂ ਦੀਆਂ ਤਕਰੀਰਾਂ ਦੇ ਤਰਜਮੇ ਤੇ ਪ੍ਰੋਫ਼ੈਸਰ ਮੋਹਨ ਦੀ ਕਵਿਤਾ ‘ਜੈ ਮੀਰ’ ਦੇ ਜ਼ਿਕਰ ਵਿਚ ਸੰਸਾਰ ਅਮਨ ਦੀ ਸਲਾਮਤੀ ਦੇ ਫ਼ਿਕਰ ਦਾ ਨੁਕਤਾ ਸਾਂਝਾ ਕੀਤਾ। ਇੰਦਰ ਕੁਮਾਰ ਗੁਜਰਾਲ ਹੁਰਾਂ ਨੂੰ ਦੂਜੀ ਵਾਰ ਮੈਂ ਭਾਰਤ ਦੀ ਰਾਜਧਾਨੀ ਵਿਚ 5 ਮਈ 1990 ਨੂੰ ਘੰਟਿਆਂ ਦੇ ਹਿਸਾਬ ਦੇਖਿਆ, ਜਦੋਂ ਉਹ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ‘ਪੰਜਾਬੀ ਭਵਨ’ ਦਾ ਨੀਂਹ ਪੱਥਰ ਰੱਖਣ ਲਈ ਆਏ। ਉਦੋਂ ਉਹ ਭਾਰਤ ਦੇ ਵਿਦੇਸ਼ ਮੰਤਰੀ ਸਨ। ਉਨ੍ਹਾਂ ਦੀ ਮੌਕੇ ਮੁਤਾਬਿਕ ਪੰਜਾਬੀ ਸਾਹਿਤਕਾਰਾਂ ਤੇ ਪੰਜਾਬੀ ਪ੍ਰੇਮੀਆਂ ਨੂੰ ਮੁਖਾਤਿਬ ਤਕਰੀਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ’ਤੇ ਕੇਂਦਰਿਤ ਸੀ। ਪੰਜਾਬੀ ਸਭਿਆਚਾਰ ਸਬੰਧੀ ਸ੍ਰੀ ਗੁਜਰਾਲ ਦੀ ਸੂਝ-ਸਮਝ ਵਿਦਵਾਨਾਂ ਦੀ ਸਿਆਣਪ ਨੂੰ ਝੰਜੋੜ ਗਈ ਕਿਉਂਕਿ ਉਨ੍ਹਾਂ ਨੇ ਪੰਜਾਬੀਅਤ ਦੇ ਅਰਥ ਵਿਸਥਾਰ ਵਿਚ ਸਮਝਾਏ ਸਨ ਤੇ ਉਨ੍ਹਾਂ ਦੇ ਵਿਚਾਰਾਂ ਦੀ ਚਰਚਾ ਕਈ ਦਿਨਾਂ ਤੱਕ ਹੁੰਦੀ ਰਹੀ ਸੀ। ਉਨ੍ਹਾਂ ਦੀਆਂ ਅਜਿਹੀਆਂ ਅਹਿਮ ਤਕਰੀਰਾਂ ਪੰਜਾਬੀ ਭਵਨ ’ਚ (1997) ਨਾਵਲਕਾਰ ਨਾਨਕ ਸਿੰਘ ਸ਼ਤਾਬਦੀ ਤੇ ਗਿਆਨੀ ਗੁਰਮੁਖ ਸਿੰਘ ਸ਼ਤਾਬਦੀ (1999) ਸਮੇਂ ਵੀ ਸੁਣਨ ਦਾ ਮੌਕਾ ਮਿਲਿਆ, ਜਦੋਂ ਉਹ ਪ੍ਰਧਾਨ ਮੰਤਰੀ ਸਨ ਤੇ ਫਿਰ ਸਾਬਕਾ ਪ੍ਰਧਾਨ ਮੰਤਰੀ ਹੋ ਗਏ ਸਨ। ਮੇਰੀ ਉਮਰ ਜਾਂ ਹੋਰ ਵਡੇਰੀ ਉਮਰ ਦੇ ਲੇਖਕ ਜਾਂ ਵਿਚਾਰਵਾਨ ਅੱਜ ਵੀ ਸ੍ਰੀ ਗੁਜਰਾਲ ਦੀ ਧਰਮ ਨਿਰਪੱਖ ਤੇ ਮਾਨਵਮੁਖੀ ਸੋਚ ਤੇ ਲੋਚ ਦੀ ਵਡਿਆਈ ਕਰਦੇ ਹਨ। ਮੇਰੇ ਮਨ ਵਿਚ ਉਸ ਨਜ਼ਾਰੇ ਨੇ ਭਰਵੀਂ ਥਾਂ ਮੱਲੀ ਹੋਈ ਹੈ ਜਦੋਂ 20 ਨਵੰਬਰ 1999 ਨੂੰ ਸ੍ਰੀ ਗੁਜਰਾਲ ਦੇ ਹੱਥੋਂ ਦੇਵਿੰਦਰ ਸਤਿਆਰਥੀ ਨੂੰ ਪੰਜਾਬੀ ਸਾਹਿਤ ਸਭਾ ਨੇ ਸਨਮਾਨਤ ਕਰਾਇਆ ਤੇ ਫੈਲੋਸ਼ਿਪ ਦਿੱਤੀ ਸੀ। ਸ੍ਰੀ ਇੰਦਰ ਕੁਮਾਰ ਗੁਜਰਾਲ ਦਾ ਗੱਲ ਕਰਨ ਦਾ ਲਹਿਜਾ ਤੇ ਤਰਕ ਭਰੇ ਵਿਚਾਰ ਮਨ ਨੂੰ ਟੁੰਬਦੇ ਗਏ ਸਨ। ਮੌਕੇ ’ਤੇ ਜੁੜੇ ਸੂਝਵਾਨ, ਸਿਆਸਤਦਾਨ, ਚਿੰਤਕ ਤੇ ਸਾਹਿਤਕਾਰ ਉਨ੍ਹਾਂ ਦੇ ਪ੍ਰਧਾਨ ਮੰਤਰੀ ਵੇਲੇ ਦੀਆਂ ਗੱਲਾਂ ਦੁਹਰਾ ਰਹੇ ਸਨ ਕਿ ਇੰਦਰ ਕੁਮਾਰ ਗੁਜਰਾਲ ਲਹਿੰਦੇ ਪੰਜਾਬ ’ਚ ਜੰਮਿਆ ਤੇ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਤੇ ਚੜ੍ਹਦੇ ਪੰਜਾਬ ਦੇ ਅੰਮ੍ਰਿਤਸਰ ਤੋਂ ਗਏ ਮੁਹੰਮਦ ਸ਼ਰੀਫ਼ ਦਾ ਪੁੱਤਰ ਨਵਾਜ਼ ਸ਼ਰੀਫ਼ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ। ਦੋਵਾਂ ਮੁਲਕਾਂ ਵਿਚਾਲੇ ਅਮਨ ਸ਼ਾਂਤੀ ਲਈ ਦੁਵੱਲੇ ਪਾਸਿਓਂ ਉਪਰਾਲੇ ਹੋਏ। ਉਹ ਇਕ ਤਰ੍ਹਾਂ ਤਸੱਲੀ ਦਾ ਇਜ਼ਹਾਰ ਕਰ ਰਹੇ ਸਨ।

ਬਲਬੀਰ ਮਾਧੋਪੁਰੀ

ਇਕ ਹੋਰ ਨਜ਼ਾਰਾ ਮੈਨੂੰ ਚੇਤੇ ਹੈ: ਨਵਯੁੱਗ ਫਾਰਮ ਉੱਤੇ ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਈ ਜਾਂਦੀ ਸਾਲਾਨਾ ‘ਧੁੱਪ ਦੀ ਮਹਿਫਲ’ ਵਿਚ ਸ੍ਰੀ ਗੁਜਰਾਲ ਨੂੰ ਮੈਂ ਕਈ ਵਾਰ ਦੇਖਿਆ। ਮਹਿਫ਼ਿਲ ਵਿਚ ਉਸ ਦਿਨ ਸ੍ਰੀ ਗੁਜਰਾਲ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਚੱਲ ਰਿਹਾ ਸੀ ਤੇ ਮੈਂ ਕਵਿਤਾ ਪੜ੍ਹੀ ਸੀ, ‘ਸੁਰਖ ਬੋਲੀਆਂ’ ਜਿਹੜੀ ਮੈਂ ਸੋਵੀਅਤ ਯੂਨੀਅਨ ਦੇ 1991 ਵਿਚ ਟੁੱਟਣ ਮਗਰੋਂ ਲਿਖੀ ਸੀ: ਸੂਰਜ ਡੁੱਬਿਆ ਚੜ੍ਹਦੇ ਪਾਸੇ, ਲਹਿੰਦੇ ਬੰਨੇ ਪੈਣ ਲੁੱਡੀਆਂ। ਐਸੀ ਵਗੀ ਪੱਛੋਂ ਦੀ ਪੌਣ, ਸੂਹਾ ਫੁੱਲ ਫਿੱਕਾ ਪੈ ਗਿਆ। ਤੇ ਮੇਰੇ ਮਨ ਵਿਚ ਉਹ ਛਿਣ ਅੱਜ ਵੀ ਤਰੋ-ਤਾਜ਼ਾ ਹੈ ਜਦੋਂ ਉਨ੍ਹਾਂ ਆਪਣੀ ਐਨਕ ਦੇ ਸ਼ੀਸ਼ਿਆਂ ਵਿਚੀਂ ਮੇਰੀਆਂ ਅੱਖਾਂ ਵਿਚ ਦੇਖਿਆ ਸੀ। ਉਹ ਦ੍ਰਿਸ਼ ਮੇਰੇ ਮਨ ਨੂੰ ਕਦੇ-ਕਦੇ ਹੁਲਾਰਾ ਦੇ ਜਾਂਦਾ ਹੈ। ਦਰਅਸਲ, ਇੰਦਰ ਕੁਮਾਰ ਗੁਜਰਾਲ ਹੋਰਾਂ ਦੇ ਪੰਜਾਬੀ ਸਾਹਿਤ ਸਭਾ, ਭਾਪਾ ਪ੍ਰੀਤਮ ਸਿੰਘ, ਕਰਤਾਰ ਸਿੰਘ ਦੁੱਗਲ, ਕਰਨਜੀਤ ਸਿੰਘ ਤੇ ਹੋਰਾਂ ਨਾਲ ਗੂੜ੍ਹੇ ਤੇ ਨਿੱਘੇ ਸਬੰਧ ਸਨ। ਉਹ ਭਾਪਾ ਜੀ ਦੇ ਪ੍ਰਸੰਸਕ ਇਸ ਲਈ ਵੀ ਸਨ ਕਿ ਉਨ੍ਹਾਂ ਪਾਏਦਾਰ ਤੇ ਮਿਆਰੀ ਸਾਹਿਤ ਛਾਪ ਕੇ ਨਵੀਆਂ ਪਿਰਤਾਂ ਪਾਈਆਂ ਅਤੇ ਪ੍ਰਕਾਸ਼ਨ ਦੇ ਨਵੇਂ ਮਿਆਰ ਸਥਾਪਤ ਕੀਤੇ। ਇਸੇ ਕਰਕੇ

ਸ੍ਰੀ ਇੰਦਰ ਕੁਮਾਰ ਗੁਜਰਾਲ ਅਤੇ ਮੁਲਕ ਰਾਜ ਆਨੰਦ।

ਉਨ੍ਹਾਂ ਆਪਣੀ ਪਤਨੀ ਸ਼ੀਲਾ ਗੁਜਰਾਲ ਦੀਆਂ ਦੋ ਕਾਵਿ ਪੁਸਤਕਾਂ ਨਵਯੁੱਗ ਤੋਂ ਛਪਵਾਈਆਂ। ਜਦੋਂ ਭਾਪਾ ਜੀ 31 ਮਾਰਚ 2005 ਨੂੰ ਅਕਾਲ ਚਲਾਣਾ ਕਰ ਗਏ ਤਾਂ ਸਸਕਾਰ ਵੇਲੇ ਮੈਂ ਸ੍ਰੀ ਗੁਜਰਾਲ ਨੂੰ ਲੋਧੀ ਰੋਡ, ਨਵੀਂ ਦਿੱਲੀ ਦੇ ਸ਼ਮਸ਼ਾਨਘਾਟ ਵਿਚ ਗ਼ਮਗੀਨ ਹਾਲਤ ਵਿਚ ਕਰਤਾਰ ਸਿੰਘ ਦੁੱਗਲ, ਕਰਨਜੀਤ ਸਿੰਘ, ਦਰਸ਼ਨ ਸਿੰਘ ਤੇ ਤਰਲੋਚਨ ਸਿੰਘ ਹੋਰਾਂ ਨਾਲ ਅਫ਼ਸੋਸ ਕਰਦਿਆਂ ਦੇਖਿਆ। ਫਿਰ ਭਾਪਾ ਪ੍ਰੀਤਮ ਸਿੰਘ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਜਨਮ ਦਿਨ ਮੌਕੇ ਪੰਜਾਬੀ ਭਵਨ ਵਿਚ ਭਾਪਾ ਜੀ ਦੀ ਵੱਡ-ਆਕਾਰੀ ਪੇਂਟਿੰਗ ਦਾ ਪਰਦਾ ਹਟਾ ਕੇ ਇੰਦਰ ਕੁਮਾਰ ਗੁਜਰਾਲ ਹੋਰਾਂ ਨੇ ਹੀ ਉਦਘਾਟਨ ਕੀਤਾ। ਪਿਛਲੇ ਦਿਨੀਂ ਭਾਪਾ ਪ੍ਰੀਤਮ ਸਿੰਘ ਦੀ ਸਪੁੱਤਰੀ ਪ੍ਰੋਫ਼ੈਸਰ ਰੇਣੁਕਾ ਸਿੰਘ ਨਾਲ ਮਰਹੂਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਬਾਰੇ ਗੱਲਾਂ ਚੱਲੀਆਂ। ਉਨ੍ਹਾਂ ਦੱਸਿਆ, ‘‘ਗੁਜਰਾਲ ਸਾਹਿਬ ਅਕਸਰ ਸਾਡੇ ਘਰ ਆਉਂਦੇ ਰਹਿੰਦੇ ਸਨ। ਉਹ ਸਾਡੇ ਨਾਲ ਚੇਤਨਾ ਤੇ ਸੰਵੇਦਨਸ਼ੀਲਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ। ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਬਿਲ ਕਲਿੰਟਨ ਗੁਜਰਾਲ ਹੋਰਾਂ ਦੇ ਵੱਡੇ ਪ੍ਰਸ਼ੰਸਕ ਸਨ ਤੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕਲਿੰਟਨ ਨੇ ‘ਦਿ ਗੁਜਰਾਲ ਡੋਕਟਰੀਨ’ ਯਾਨੀ ‘ਗੁਜਰਾਲ ਸਿਧਾਂਤ’ ਨੂੰ ਪ੍ਰਚਾਰਿਆ ਸੀ। ਡਾ. ਰੇਣੁਕਾ ਸਿੰਘ ਨੇ ਦੱਸਿਆ ਕਿ ਗੁਜਰਾਲ ਸਾਹਿਬ ਦੇ ਘਰ ਵਿਚ ਉਨ੍ਹਾਂ ਦੀ ਆਪਣੀ ਬਹੁਤ ਵੱਡੀ ਲਾਇਬਰੇਰੀ ਸੀ ਤੇ ਉਹ ਪੁਸਤਕ ‘ਭਾਰਤ ਦੀ ਵਿਦੇਸ਼ ਨੀਤੀ’ ਸਮੇਤ ਕਈ ਪੁਸਤਕਾਂ ਦੇ ਲੇਖਕ ਸਨ। ... ਤੇ ਹੁਣ ਮੈਨੂੰ ਇਹ ਖ਼ਿਆਲ ਆਉਂਦਾ ਰਹਿੰਦਾ ਹੈ ਕਿ ਜੇ ਮੈਂ ਭਾਰਤ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਪੀ.ਆਈ.ਬੀ., ਜਲੰਧਰ ਤੋਂ ਬਦਲੀ ਕਰ ਕੇ 1987 ਵਿਚ ਦਿੱਲੀ ਨਾ ਆਉਂਦਾ ਤਾਂ ਮੈਂ ਇੰਨੀ ਵੱਡੀ ਸ਼ਖ਼ਸੀਅਤ ਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਡੂੰਘੇ ਵਿਚਾਰਾਂ ਤੋਂ ਵਾਂਝਾ ਰਹਿ ਜਾਣਾ ਸੀ।

ਸੰਪਰਕ: 93505-48100

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All