ਕੁਦਰਤ ਦੀ ਦਸਤਕ

ਕੁਦਰਤ ਦੀ ਦਸਤਕ

ਹਰਭਜਨ ਸਿੰਘ ਸੇਲਬਰਾਹ

ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਪਲ ਜ਼ਰੂਰ ਆਉਂਦਾ ਹੈ ਜਦੋਂ ਕੁਦਰਤ ਦਸਤਕ ਦਿੰਦੀ ਹੈ। ਜੋ ਉਸ ਨੂੰ ਸੁਣ ਲੈਂਦਾ ਹੈ, ਉਹ ਜ਼ਿੰਦਗੀ ਵਿੱਚ ਅੱਗੇ ਨਿਕਲ ਜਾਂਦਾ ਹੈ। ਜੋ ਨਹੀਂ ਸੁਣਦਾ, ਉਹ ਜ਼ਿੰਦਗੀ ਵਿੱਚ ਪਛੜ ਜਾਂਦਾ ਹੈ। ਮੇਰੀ ਜ਼ਿੰਦਗੀ ਵਿੱਚ ਵੀ ਅਜਿਹੇ ਪਲ ਆਏ। ਇਹ 1966 ਦੀਆਂ ਗਰਮੀ ਦੀਆਂ ਛੁੱਟੀਆਂ ਦੀ ਗੱਲ ਹੈ। ਉਦੋਂ ਮੈਂ ਅੱਠਵੀਂ ਜਮਾਤ ਵਿੱਚ ਪਿੰਡ ਵਾਲੇ ਸਕੂਲ ਪੜ੍ਹਦਾ ਸੀ। ਅਸੀਂ ਜਮਾਤ ਵਿੱਚ 22 ਵਿਦਿਆਰਥੀ ਸਾਂ। ਉਦੋਂ ਗਰਮੀ ਦੀਆਂ ਛੁੱਟੀਆਂ ਦੋ ਮਹੀਨੇ ਲਈ ਹੁੰਦੀਆਂ ਸਨ। ਸਕੂਲ ਦਾ ਸਮਾਂ ਗਰਮੀਆਂ ਵਿੱਚ ਸਵੇਰੇ ਸੱਤ ਤੋਂ ਡੇਢ ਵਜੇ ਤਕ ਅਤੇ ਸਰਦੀਆਂ ਵਿੱਚ ਸਵੇਰੇ ਸਵਾ ਨੌਂ ਤੋਂ ਚਾਰ ਵਜੇ ਤਕ ਹੁੰਦਾ ਸੀ। ਪੜ੍ਹਨਾ ਕਿਹੜਾ ਸੁਖਾਲਾ ਸੀ! ਸਾਡੇ ਘਰ ਤੋਂ ਸਕੂਲ ਤਕਰੀਬਨ ਡੇਢ ਮੀਲ ਦੂਰ ਟਿੱਬੇ ਉੱਤੇ ਸੀ। ਰਸਤਾ ਵੀ ਰੇਤੇ ਵਾਲਾ। ਜੁੱਤੀ ਘੱਟ ਹੀ ਜੁੜਦੀ ਸੀ। ਇਸ ਲਈ ਲਗਪਗ ਸਾਰੇ ਹੀ ਨੰਗੇ ਪੈਰੀਂ ਸਕੂਲ ਜਾਂਦੇ ਸਨ। ਸਕੂਲੋਂ ਛੁੱਟੀ ਹੋਣ ਸਮੇਂ ਤਿੱਖੜ ਦੁਪਹਿਰ ਕਾਰਨ ਰੇਤਾ ਤਪਿਆ ਹੁੰਦਾ ਸੀ। ਅਸੀਂ ਘਰ ਜਾਣ ਲਈ ਸ਼ੂਟ ਵੱਟ ਦੇਣੀ। ਪੈਰ ਤਪ ਕੇ ਤੁਰਨੋਂ ਇਨਕਾਰੀ ਹੋ ਜਾਂਦੇ ਤਾਂ ਅਸੀਂ ਫੱਟੀ ਜਾਂ ਕਾਪੀ ਹੇਠਾਂ ਸੁੱਟ ਕੇ ਥੋੜ੍ਹਾ ਠੰਢਾ ਕਰ ਲੈਂਦੇ ਤੇ ਫਿਰ ਭੱਜ ਲੈਂਦੇ। ਸਾਈਕਲ ਵਿਰਲੇ ਲੋਕਾਂ ਕੋਲ ਹੀ ਹੋਣ ਕਾਰਨ ਬੱਚਿਆਂ ਨੂੰ ਘਰ ਦੇ ਦਿੰਦੇ ਨਹੀਂ ਸਨ। ਸਵੇਰੇ ਕੋਈ ਰੋਟੀ ਪਕਾ ਕੇ ਨਹੀਂ ਸੀ ਦਿੰਦਾ। ਆ ਕੇ ਹੀ ਖਾਣੀ ਪੈਂਦੀ ਸੀ। ਉਹ ਵੀ ਰੁੱਖੀ ਸੁੱਕੀ। ਹਾਂ, ਲੱਸੀ ਜ਼ਰੂਰ ਮਿਲ ਜਾਂਦੀ ਸੀ। ਫੀਸ ਆਨਾ, ਦੋ ਆਨੇ ਹੁੰਦੀ ਸੀ ਜੋ ਵਾਹ ਲੱਗਦੀ ਮਾਸਟਰ ਹੀ ਭਰ ਦਿੰਦੇ ਸਨ। ਘਰ ਦੇ ਘੱਟ ਹੀ ਦਿੰਦੇ ਸਨ। ਫੀਸ ਮੰਗਣ ’ਤੇ ਅੱਗੋਂ ਥੱਪੜ ਹੀ ਪੈਂਦੇ ਸਨ। ਖ਼ੈਰ, ਦੋ ਮਹੀਨੇ ਦੀਆਂ ਗਰਮੀ ਦੀਆਂ ਛੁੱਟੀਆਂ ਹੋਈਆਂ। ਅਸੀਂ ਖ਼ੂਬ ਮੱਝਾਂ ਚਾਰੀਆਂ, ਛੱਪੜਾਂ ’ਚ ਤਾਰੀਆਂ ਲਾਈਆਂ, ਗੁੱਲੀ ਡੰਡਾ ਖੇਡੇ। ਛੁੱਟੀਆਂ ਖ਼ਤਮ ਹੋਈਆਂ ਤਾਂ ਸਕੂਲ ਦਾ ਕੰਮ ਕਿਵੇਂ ਹੋਣਾ ਸੀ? ਸਕੂਲ ਜਾਣ ’ਤੇ ਵੀ ਅੱਗੋਂ ਛਿੱਤਰ ਪੈਣੇ ਸਨ। ਮੈਂ ਬੁਖ਼ਾਰ ਦਾ ਬਹਾਨਾ ਬਣਾ ਲਿਆ, ਪਰ ਇਹ ਵੀ ਕਿੰਨੇ ਕੁ ਦਿਨ ਚੱਲਦਾ? ਦੂਜੇ ਦਿਨ ਮੈਨੂੰ ਬਦੋ-ਬਦੀ ਸਕੂਲ ਤੋਰ ਦਿੱਤਾ ਗਿਆ। ਮਾਸਟਰਾਂ ਤੋਂ ਚੰਗੀ ‘ਸੇਵਾ’ ਹੋਈ। ਮੇਰਾ ਵੱਡਾ ਭਰਾ (ਤਾਏ ਦਾ ਪੁੱਤਰ) ਬਲਵਿੰਦਰ ਸਿੰਘ ਨਵਾਂ ਨਵਾਂ ਜੇ.ਬੀ.ਟੀ. ਮਾਸਟਰ ਲੱਗਾ ਸੀ। ਹਫ਼ਤੇ ਕੁ ਬਾਅਦ ਉਸ ਨੂੰ ਮਾਸਟਰਾਂ ਨੇ ਮੇਰੀ ਸਾਰੀ ਕਹਾਣੀ ਦੱਸ ਦਿੱਤੀ। ਬੇਸ਼ੱਕ ਸਾਡੀ ਬਹੁਤੀ ਬੋਲਬਾਣੀ ਵੀ ਨਹੀਂ ਸੀ, ਪਰ ਅਗਲੇ ਦਿਨ ਹੀ ਮੈਨੂੰ ਘਰੋਂ ਬੁਲਾ ਕੇ ਕਹਿਣ ਲੱਗਾ, ‘‘ਕੀ ਸਲਾਹ ਐ ਤੇਰੀ? ਤੂੰ ਪੜ੍ਹ ਕੇ ਕੁਝ ਬਣਨੈਂ ਜਾਂ ਧੱਕੇ ਖਾਣੇ ਐਂ?’’ ਮੈਂ ਕੀ ਬੋਲਣਾ ਸੀ, ਚੁੱਪ ਕਰਕੇ ਸੁਣਦਾ ਰਿਹਾ। ‘‘ਮੈਨੂੰ ਸਾਰਾ ਪਤਾ ਲੱਗ ਗਿਆ। ਤੂੰ ਸਾਰੀ ਕਲਾਸ ’ਚੋਂ ਸਭ ਤੋਂ ਵੱਧ ਨਾਲਾਇਕ ਐਂ। ਕੱਲ੍ਹ ਤੋਂ ਝੋਲਾ ਚੁੱਕ ਤੇ ਮੇਰੇ ਕੋਲ ਆ ਜਾ ਚੁਬਾਰੇ ’ਚ। ਨਹੀਂ ਤਾਂ ਤੇਰਾ ਹਾਲ ਬੁਰਾ ਹੋਣੈਂ।’’ ਇਹ ਸਮਝਾ ਕੇ ਉਹ ਚਲਾ ਗਿਆ। ਸਮੱਸਿਆ ਖੜ੍ਹੀ ਹੋ ਗਈ ਸੀ। ਜੇਕਰ ਮਾਤਾ ਨੂੰ ਕਹਿੰਦਾ ਤਾਂ ਬਹੁਤ ਗੁੱਸੇ ਹੋਣਾ ਸੀ। ਪਿਤਾ ਜੀ ਨੇ ਸੁਣਨੀ ਕੋਈ ਨਹੀਂ ਸੀ। ਬਾਬਾ ਜੀ ਬੇਸ਼ੱਕ ਅੜਬ ਸਨ, ਪਰ ਸੇਵਾ ਕਰਨ ’ਤੇ ਖ਼ੁਸ਼ ਹੋ ਜਾਂਦੇ। ਕਿਸੇ ਦੀ ਜੁਰੱਅਤ ਵੀ ਨਹੀਂ ਸੀ ਕਿ ਉਨ੍ਹਾਂ ਦੀ ਕੋਈ ਗੱਲ ਮੋੜੇ। ਮੈਂ ਸ਼ਾਮ ਨੂੰ ਬਾਬਾ ਜੀ ਦੀ ਚੰਗੀ ਸੇਵਾ ਕੀਤੀ। ਜਦੋਂ ਲੱਗਿਆ ਕਿ ਖ਼ੁਸ਼ ਹਨ ਤਾਂ ਗੱਲ ਤੋਰ ਲਈ, ‘‘ਬਾਬਾ ਜੀ, ਪੜ੍ਹਾਈ ਬਹੁਤ ਔਖੀ ਐ। ਜੇ ਬਾਈ ਬਲਵਿੰਦਰ ਕੋਲੋਂ ਰਾਤ ਨੂੰ ਪੜ੍ਹ ਲਿਆ ਕਰਾਂ?’’ ਬਾਬਾ ਜੀ ਨੇ ਕਿਹਾ, ‘‘ਕੋਈ ਨਹੀਂ, ਉਹ ਵੀ ਆਪਣਾ ਈ ਐ। ਫੇਰ ਕੀ ਐ।’’ ‘‘ਕਿਤੇ ਬੇਬੇ ਨਾ ਕੁਝ ਕਹੇ।’’ ‘‘ਉਹ ਮੈਂ ਆਪੇ ਨਬੇੜ ਲਊਂ।’’ ਇਸ ਤਰ੍ਹਾਂ ਮੈਨੂੰ ਮਨਜ਼ੂਰੀ ਮਿਲ ਗਈ। ਰੋਟੀ ਖਾਣ ਤੋਂ ਬਾਅਦ ਬੇਬੇ ਨੂੰ ਕਿਹਾ, ‘‘ਮੈਂ ਚੱਲਿਆ ਬਾਈ ਕੋਲ ਪੜ੍ਹਨ। ਬਾਬਾ ਜੀ ਨੇ ਕਿਹੈ ਬਈ ਰਾਤ ਨੂੰ ਉੱਥੇ ਹੀ ਪੈ ਜਾਈਂ।’’ ਬੇਬੇ ਸੱਪ ਵਾਂਗੂੁੰ ਵਿਹੁ ਘੋਲਦੀ ਚੁੱਪ ਹੋ ਗਈ। ਕਿਤਾਬਾਂ ਵਾਲਾ ਝੋਲਾ ਚੁੱਕ ਕੇ ਬਾਈ ਕੋਲ ਜਾ ਪੁੱਜਾ। ਉਹ ਸਿੱਧਾ ਹੀ ਮੈਨੂੰ ਚੁਬਾਰੇ ’ਚ ਲਿਜਾ ਕੇ ਕਹਿਣ ਲੱਗਾ, ‘‘ਦੇਖ, ਇਹ ਦੋ ਮੰਜੇ। ਇੱਕ ਤੇਰਾ, ਇੱਕ ਮੇਰਾ। ਇਹ ਲੈਂਪ। ਇਸ ਨੂੰ ਆ ਕੇ ਮਾਂਜਣ ਦੀ ਡਿਊਟੀ ਤੇਰੀ ਐ। ਇਹ ਸਟੋਵ ਚਾਹ ਕਰਨ ਨੂੰ। ਇਹ ਪਾਣੀ ਦਾ ਜੱਗ ਤੇ ਗਿਲਾਸ। ਨੀਂਦ ਆਈ ਤਾਂ ਪਾਣੀ ਦੇ ਛਿੱਟੇ ਮੂੰਹ ’ਤੇ ਮਾਰ ਲਈਂ ਤੇ ਥੋੜ੍ਹਾ ਪਾਣੀ ਪੀ ਲਈਂ। ਪਹਿਲੇ ਹਫ਼ਤੇ 10 ਵਜੇ ਤਕ, ਫੇਰ ਹਫ਼ਤੇ ਬਾਅਦ 11 ਵਜੇ ਤਕ ਤੇ ਉਸ ਤੋਂ ਅਗਲੇ ਹਫ਼ਤੇ 12 ਵਜੇ ਤਕ ਪੜ੍ਹਨੈ। ਸੁਬ੍ਹਾ ਚਾਰ ਵਜੇ ਉਠਾਇਆ ਕਰੂੰ। ਜੇ ਅਣਗਹਿਲੀ ਕੀਤੀ ਤਾਂ ਇਹ ਡੰਡਾ ਪਿਐ, ਪੁੱਠੇ ਹੱਥ ’ਤੇ ਵੱਜਿਆ ਕਰੂ।’’ ਸਾਰੀਆਂ ਗੱਲਾਂ ਸਮਝਾ ਦਿੱਤੀਆਂ। ਮੈਂ ਲੈਂਪ ਦੀ ਚਿਮਨੀ, ਗਿਲਾਸ ਤੇ ਬਰਤਨ ਸਾਫ਼ ਕੀਤੇ। ਸਟੋਵ ਚਲਾਉਣਾ ਨਹੀਂ ਸੀ ਆਉਂਦਾ, ਉਹ ਬਾਈ ਨੇ ਸਮਝਾ ਦਿੱਤਾ। ਜਦੋਂ ਹੱਥ ’ਤੇ ਡੰਡਾ ਵੱਜਦਾ ਤਾਂ ਮੈਂ ਤ੍ਰਭਕ ਕੇ ਉੱਠਦਾ। ਔਖੇ ਸੌਖੇ ਦਸ ਵਜਾਏ ਤੇ ਸੁਖ ਦਾ ਸਾਹ ਲਿਆ। ਸਵੇਰੇ ਉੱਠਣਾ ਬੜਾ ਹੀ ਔਖਾ ਲੱਗਿਆ, ਪਰ ਕਿਸੇ ਤਰ੍ਹਾਂ ਉੱਠਿਆ। ਹੌਲੀ ਹੌਲੀ ਇਸ ਦੀ ਆਦਤ ਪੈ ਗਈ। ਅੱਠਵੀਂ ਦੇ ਇਮਤਿਹਾਨਾਂ ਦਾ ਨਤੀਜਾ ਆਇਆ ਤਾਂ ਮੈਂ ਜਮਾਤ ਵਿੱਚੋਂ ਚੌਥੇ ਨੰਬਰ ’ਤੇ ਸਾਂ। ਸਾਰੇ ਅਧਿਆਪਕ ਹੈਰਾਨ ਸਨ। ਉਸ ਤੋਂ ਬਾਅਦ ਰਾਤ ਨੂੰ ਬਾਰ੍ਹਾਂ ਵਜੇ ਤਕ ਪੜ੍ਹਨ ਅਤੇ ਸਵੇਰੇ ਚਾਰ ਵਜੇ ਜਾਗਣ ਦੀ ਆਦਤ ਪੈ ਗਈ। ਫਿਰ ਮੈਂ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਪਤਨੀ ਅਤੇ ਬੱਚੇ ਸਭ ਪੂਰੀ ਤਰ੍ਹਾਂ ਆਨੰਦ ’ਚ ਹਨ। ਜ਼ਿੰਦਗੀ ਨੂੰ ਮਾਣ ਰਹੇ ਹਾਂ। ਅੱਜ ਵੀ ਸੋਚਦਾ ਹਾਂ ਕਿ ਬਾਈ ਵੱਲੋਂ ਪੁੱਠੇ ਹੱਥਾਂ ’ਤੇ ਮਾਰੇ ਡੰਡਿਆਂ ਜ਼ਰੀਏ ਕੁਦਰਤ ਦੀ ਦਸਤਕ ਨਾ ਹੁੰਦੀ ਤਾਂ ਪਤਾ ਨਹੀਂ ਕਿੱਥੇ ਰੁਲ ਰਿਹਾ ਹੁੰਦਾ।

ਸੰਪਰਕ: 98146-13178

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All