ਕਿਸਾਨੀ ਦਾ ਸੰਕਟ

ਕਿਸਾਨੀ ਦਾ ਸੰਕਟ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਆਗੂ ਮਨਜੀਤ ਸਿੰਘ ਦੀ ਖ਼ੁਦਕੁਸ਼ੀ ਨੇ ਇਕ ਵਾਰ ਫਿਰ ਸਾਰਿਆਂ ਦਾ ਧਿਆਨ ਪੰਜਾਬ ਦੇ ਕਿਸਾਨੀ ਸੰਕਟ ਵੱਲ ਖਿੱਚਿਆ ਹੈ। ਮੌਤ ਸਾਡੀ ਜ਼ਿੰਦਗੀ ਦਾ ਪਰਮ ਸੱਚ ਹੈ। ਸਾਡੀ ਵਿਅਕਤੀਗਤ ਹੋਂਦ ਸਦੀਵੀ ਨਹੀਂ। ਮਰਨਾ ਲਾਜ਼ਮੀ ਹੈ ਪਰ ਖ਼ੁਦਕੁਸ਼ੀ ਕਾਰਨ ਹੋਈ ਮੌਤ ਜ਼ਿਆਦਾ ਦੁਖਦਾਈ ਹੁੰਦੀ ਹੈ ਕਿਉਂਕਿ ਉਹ ਤੁਰ ਗਏ ਸ਼ਖ਼ਸ ਦੇ ਪਰਿਵਾਰ ਲਈ ਸਿਰਫ਼ ਸੋਗ ਤੇ ਕਸ਼ਟ ਹੀ ਨਹੀਂ ਲਿਆਉਂਦੀ, ਸਗੋਂ ਪਰਿਵਾਰ ਦੇ ਜੀਆਂ, ਰਿਸ਼ਤੇਦਾਰਾਂ ਤੇ ਦੋਸਤਾਂ ਲਈ ਇਕ ਇਹੋ ਜਿਹਾ ਮਾਨਸਿਕ ਮਾਹੌਲ ਪੈਦਾ ਕਰ ਜਾਂਦੀ ਹੈ ਜਿਸ ਵਿਚ ਉਨ੍ਹਾਂ ਨੂੰ ਅਗਾਂਹ ਦੀ ਜ਼ਿੰਦਗੀ ਜਿਉਣੀ ਦੁੱਭਰ ਲੱਗਦੀ ਹੈ। ਭੁੱਚੋ ਖੁਰਦ (ਜ਼ਿਲ੍ਹਾ ਬਠਿੰਡਾ) ਦੇ ਇਸ ਕਿਸਾਨ ਦੀ ਖ਼ੁਦਕਸ਼ੀ ਇਸ ਪੱਖੋਂ ਵੀ ਮਨ ਨੂੰ ਹਲੂਣਦੀ ਹੈ ਕਿਉਂਕਿ ਉਹ ਇਹੋ ਜਿਹਾ ਕਿਸਾਨ ਨਹੀਂ ਸੀ ਜਿਸ ਨੂੰ ਕਿਸਾਨੀ ਸੰਕਟ ਬਾਰੇ ਸਮੱਸਿਆਵਾਂ ਦਾ ਗਿਆਨ ਨਾ ਹੋਵੇ। ਉਹ ਸਿਆਸੀ ਤੌਰ ’ਤੇ ਚੇਤਨ ਤੇ ਸੰਘਰਸਸ਼ੀਲ ਵਿਅਕਤੀ ਸੀ ਅਤੇ ਕਿਸਾਨ ਯੂਨੀਅਨ ਦੀਆਂ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ। ਬੀਤੇ ਸਮਿਆਂ ਵਿਚ ਪੰਜਾਬ ਦੀਆਂ ਕਿਸਾਨ ਸਭਾਵਾਂ ਅਤੇ ਯੂਨੀਅਨਾਂ ਨੇ ਕਿਸਾਨਾਂ ਦੇ ਮਸਲਿਆਂ ਲਈ ਲਗਾਤਾਰ ਸੰਘਰਸ਼ ਕੀਤੇ ਅਤੇ ਸਿਆਸੀ ਚੇਤਨਤਾ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਬੀਤੇ ਦਿਨੀਂ ਕਈ ਹੋਰ ਕਿਸਾਨਾਂ ਨੇ ਵੀ ਖ਼ੁਦਕੁਸ਼ੀਆਂ ਕੀਤੀਆਂ। ਵਾਂਦਰ ਜਟਾਣਾ (ਫ਼ਰੀਦਕੋਟ) ਦੇ ਸੁਖਦੇਵ ਸਿੰਘ ਨੇ ਖ਼ੁਦ ਨੂੰ ਅੱਗ ਲਾ ਲਈ ਅਤੇ ਪਿੰਡ ਚੱਕ ਫਤਹਿ ਸਿੰਘ ਵਾਲਾ (ਬਠਿੰਡਾ) ਦੇ ਬੇਅੰਤ ਸਿੰਘ ਨੇ ਫਾਹਾ ਲੈ ਲਿਆ। ਰਾਮਪੁਰ ਛੰਨਾ (ਜ਼ਿਲ੍ਹਾ ਸੰਗਰੂਰ) ਦੇ ਨੌਜਵਾਨ ਜਗਵਿੰਦਰ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਲਈ। ਇਸ ਤਰ੍ਹਾਂ ਸ਼ਨਿਚਰਵਾਰ ਵਾਲਾ ਦਿਨ ਪੰਜਾਬ ਦੇ ਕਿਸਾਨਾਂ ਲਈ ਦੁਖਦਾਈ ਦਿਨ ਰਿਹਾ। ਕਿਸਾਨ ਖ਼ੁਦਕੁਸ਼ੀਆਂ ਦਾ ਮਾਮਲਾ ਕਰਜ਼ੇ ਦੇ ਨਾਲ ਨਾਲ ਕਈ ਹੋਰ ਆਰਥਿਕ ਤੇ ਸਮਾਜਿਕ ਮਸਲਿਆਂ ਨਾਲ ਵੀ ਜੁੜਿਆ ਹੋਇਆ ਹੈ। ਅੰਕੜਿਆਂ ਅਨੁਸਾਰ ਜ਼ਿਆਦਾ ਕਰਜ਼ਾ ਵੱਡੇ ਕਿਸਾਨਾਂ ’ਤੇ ਹੈ ਪਰ ਜ਼ਿਆਦਾ ਖ਼ੁਦਕੁਸ਼ੀ ਛੋਟੀ ਮਾਲਕੀ ਵਾਲੇ ਕਿਸਾਨ ਕਰ ਰਹੇ ਹਨ। ਏਸ ਤਰ੍ਹਾਂ ਜ਼ਿਆਦਾ ਖ਼ੁਦਕੁਸ਼ੀਆਂ ਮਾਲਵੇ ਦੇ ਸੰਗਰੂਰ, ਮਾਨਸਾ, ਬਠਿੰਡਾ, ਮੁਕਤਸਰ ਤੇ ਫ਼ਰੀਦਕੋਟ ਜ਼ਿਲ੍ਹਿਆਂ ਵਿਚ ਹੋਈਆਂ ਹਨ। ਖੇਤੀ ਮਾਹਿਰਾਂ ਦੁਆਰਾ ਕੀਤੇ ਸਰਵੇ ਅਨੁਸਾਰ 2000 ਤੋਂ 2015 ਤਕ ਪੰਜਾਬ ਦੇ 16606 ਕਿਸਾਨਾਂ ਤੇ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ, ਭਾਵ ਹਰ ਵਰ੍ਹੇ ਸੂਬੇ ਵਿਚ ਹਜ਼ਾਰ ਤੋਂ ਵੱਧ (ਔਸਤਨ 1034) ਖ਼ੁਦਕੁਸ਼ੀਆਂ ਹੋਈਆਂ। ਪੰਜਾਬ ਦੇ ਤਿੰਨ ਕਿਸਾਨ ਤੇ ਮਜ਼ਦੂਰ ਰੋਜ਼ ਆਪਣੀਆਂ ਜਾਨਾਂ ਆਪ ਲੈ ਲੈਂਦੇ ਹਨ। ਅੰਕੜੇ ਇਹ ਵੀ ਦੱਸਦੇ ਹਨ ਕਿ ਖ਼ੁਦਕੁਸ਼ੀ ਕਰਨ ਵਾਲਿਆਂ ਵਿਚੋਂ ਇਕ ਤਿਹਾਈ ਆਪਣੇ ਪਰਿਵਾਰਾਂ ਦੇ ਇਕੱਲੇ ਕਮਾਊ ਜੀਅ ਸਨ। ਏਥੇ ਸੋਚਣਾ ਇਹ ਬਣਦਾ ਹੈ ਕਿ ਜੇ ਉਹ ਪਰਿਵਾਰ ਕਮਾਊ ਜੀਅ ਦੇ ਹੁੰਦੇ ਸੁੰਦੇ ਮਾਰੂ ਆਰਥਿਕਤਾ ਤੋਂ ਹਾਰ ਗਿਆ ਤਾਂ ਉਸ ਦੇ ਤੁਰ ਜਾਣ ਬਾਅਦ ਉਹ ਜੀਵਨ ਦੀ ਲੜਾਈ ਕਿਵੇਂ ਲੜੇਗਾ ? ਰਵਾਇਤੀ ਤੌਰ ਉੱਤੇ ਇਹ ਮਾਨਤਾ ਹੈ ਕਿ ਸਮਾਜ ਵਿਚ ਕਿਸਾਨ ਦੀ ਇੱਜ਼ਤ ਉਸ ਦਾ ਜ਼ਮੀਨ ਦਾ ਮਾਲਕ ਹੋਣ ਕਾਰਨ ਹੈ। ਕਰਜ਼ੇ ਵਿਚ ਫਾਥੇ ਨਿਮਨ ਵਰਗ ਦੇ ਕਿਸਾਨ ਨੂੰ ਜਦੋਂ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਜੋ ਥੋੜ੍ਹੀ ਬਹੁਤ ਜ਼ਮੀਨ ਉਸ ਕੋਲ ਹੈ, ਉਹ ਕਰਜ਼ੇ ਕਾਰਨ ਜਾਂਦੀ ਰਹੇਗੀ ਤਾਂ ਉਹ ਬਹੁਤ ਹੀਣਾ ਮਹਿਸੂਸ ਕਰਦਾ ਹੈ। ਉਸ ਨੂੰ ਲੱਗਦਾ ਹੈ ਕਿ ਉਸ ਦਾ ਮਾਨ-ਸਨਮਾਨ ਤੇ ਸਮਾਜਿਕ ਹੋਂਦ ਖ਼ਤਰੇ ਵਿਚ ਹਨ। ਇਸ ਦੇ ਨਾਲ ਨਾਲ ਸਰਕਾਰ ਵੱਲੋਂ ਸਿਹਤ ਤੇ ਵਿੱਦਿਆ ਦੇ ਖੇਤਰ ਦੀ ਕੀਤੀ ਗਈ ਅਣਗਹਿਲੀ ਕਾਰਨ ਉਸ ਦੇ ਖ਼ਰਚੇ ਵਧੇ ਹਨ। ਉਸ ਉੱਤੇ ਬੱਚਿਆਂ ਨੂੰ ਪੜ੍ਹਾਉਣ, ਮਾਪਿਆਂ ਤੇ ਘਰ ਦੇ ਹੋਰ ਜੀਆਂ ਜੰਤ ਦੀ ਸਿਹਤ ਤੇ ਹੋਰ ਖ਼ਰਚਿਆਂ ਦੀ ਜ਼ਿੰਮੇਵਾਰੀ ਵੀ ਆਉਂਦੀ ਹੈ। ਕੈਂਸਰ, ਹੈਪੇਟਾਈਟਸ-ਸੀ, ਜੋੜਾਂ ਦੇ ਦਰਦ, ਦੰਦਾਂ ਦੀਆਂ ਬਿਮਾਰੀਆਂ ਤੇ ਹੋਰ ਬਿਮਾਰੀਆਂ ਦੇ ਰੋਗੀਆਂ ਦੀ ਗਿਣਤੀ ਬੜੀ ਤੇਜ਼ੀ ਨਾਲ ਵਧੀ ਹੈ। ਸਮਾਜ ਵਿਚ ਆ ਰਹੀਆਂ ਤਬਦੀਲੀਆਂ ਵੀ ਉਸ ’ਤੇ ਅਸਰ ਪਾਉਂਦੀਆਂ ਹਨ। ਵਿਆਹਾਂ ਉਤੇ ਵੱਧ ਰਹੇ ਖ਼ਰਚੇ ਤੇ ਬੱਚਿਆਂ ਤੇ ਨੌਜਵਾਨਾਂ ਵਿਚ ਵਧ ਰਹੀ ਨਸ਼ਾਖ਼ੋਰੀ ਕਾਰਨ ਵੀ ਮਾਨਸਿਕ ਦਬਾਅ ਵਧਦਾ ਹੈ। ਬੇਰੁਜ਼ਗਾਰੀ, ਰਿਸ਼ਵਤਖ਼ੋਰੀ ਤੇ ਸਰਕਾਰੀ ਤੰਤਰ ਦੀ ਲਾਪ੍ਰਵਾਹੀ ਉਸ ਦੀ ਹੀਣਭਾਵਨਾ ਵਧਾਉਂਦੀ ਹੈ। ਸਿਆਸਤ ਵਿਚ ਪਰਿਵਾਰਵਾਦ ਅਤੇ ਲੋਟੂ ਢਾਣੀਆਂ ਦੇ ਜੇਤੂ ਮੁਹਾਂਦਰੇ ਕਾਰਨ ਉਸ ਨੂੰ ਪੰਜਾਬ ਵਿਚ ਕੋਈ ਭਵਿੱਖ ਦਿਖਾਈ ਨਹੀਂ ਦਿੰਦਾ। ਛੋਟੀ ਮਾਲਕੀ ਵਾਲੇ ਜਿਸ ਕਿਸਾਨ ਪਰਿਵਾਰ ਦਾ ਕੋਈ ਜੀਅ ਵਿਦੇਸ਼ ਵਿਚ ਨਹੀਂ ਗਿਆ ਜਾਂ ਇਸ ਕੋਸ਼ਿਸ਼ ਵਿਚ ਨਾਕਾਮਯਾਬ ਹੋ ਚੁੱਕਾ ਹੈ, ਉਸ ਪਰਿਵਾਰ ਨੂੰ ਲੱਗਦਾ ਹੈ ਕਿ ਪੰਜਾਬ ਵਿਚ ਉਸ ਦਾ ਕੋਈ ਭਵਿੱਖ ਨਹੀਂ। ਇਸ ਤਰ੍ਹਾਂ ਅੱਜ ਪੰਜਾਬੀਆਂ ਦੇ ਸਿਰ ’ਤੇ ਸਭ ਤੋਂ ਵੱਡਾ ਕਰਜ਼ਾ ਤੇ ਬੋਝ ਉਨ੍ਹਾਂ ਦੀ ਭਵਿੱਖ ਵਿਚ ਨਾਉਮੀਦਗੀ ਦਾ ਹੈ। ਕੋਈ ਵਿਅਕਤੀ ਖ਼ੁਦਕੁਸ਼ੀ ਕਿਉਂ ਕਰਦਾ ਹੈ ? ਜ਼ਾਹਿਰ ਹੈ ਓਦੋਂ, ਜਦੋਂ ਉਸ ਨੂੰ ਇਹ ਲੱਗਦਾ ਹੈ ਕਿ ਕੋਈ ਨਾ ਤਾਂ ਉਸ ਦੀ ਬਾਂਹ ਫੜ ਰਿਹਾ ਹੈ ਅਤੇ ਨਾ ਹੀ ਉਸ ਦੀ ਗੱਲ ਸੁਣ ਰਿਹਾ ਹੈ; ਉਸ ਨੂੰ ਲੱਗਦਾ ਹੈ ਕਿ ਸਰਕਾਰ, ਸਮਾਜ, ਘਰ ਪਰਿਵਾਰ ਕਿਸੇ ਨੂੰ ਵੀ ਉਸ ਦੀ ਪਰਵਾਹ ਨਹੀਂ। ਇਸ ਤਰ੍ਹਾਂ ਵੇਲੇ ਦੇ ਸਿਆਸੀ, ਆਰਥਿਕ ਅਤੇ ਮਨੋਵਿਗਿਆਨਕ ਵਰਤਾਰੇ, ਸਮਾਜਿਕ ਮਾਹੌਲ ਤੇ ਸੱਤਾ ਦੇ ਸਮੀਕਰਨ ਆਦਮੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਦੇ ਹਨ। ਪੰਜਾਬੀ ਕਿਸਾਨ ਸੰਘਰਸਸ਼ੀਲ ਵਿਰਸੇ ਦਾ ਵਾਰਸ ਹੈ। ਉਸ ਨੇ ਹਮੇਸ਼ਾਂ ਹਮਲਾਵਰਾਂ ਤੇ ਜਾਬਰਾਂ ਨਾਲ ਲੋਹਾ ਲਿਆ। ਮੱਧਕਾਲੀਨ ਸਮਿਆਂ ਵਿਚ ਸਿੱਖ ਧਰਮ ਦੀ ਛੋਹ ਪ੍ਰਾਪਤ ਹੋਣ ਨਾਲ ਉਸਦੀ ਜਾਬਰਾਂ ਵਿਰੁੱਧ ਲੜਨ ਦੀ ਤਾਕਤ ਹੋਰ ਪ੍ਰਚੰਡ ਹੋਈ ਅਤੇ ਉਹ ਇਸ ਖ਼ਿੱਤੇ ਦਾ ਹਾਕਮ ਬਣ ਗਿਆ। ਆਜ਼ਾਦੀ ਦੀ ਲੜਾਈ ਵਿਚ ਵੀ ਉਸ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਆਜ਼ਾਦੀ ਤੋਂ ਬਾਅਦ ਆਪਣੇ ਹੱਕਾਂ ਲਈ ਸੰਘਰਸ਼ ਕੀਤਾ। ਹਿੰਦੋਸਤਾਨ ਦੇ ਹੋਰਨਾਂ ਸੂਬਿਆਂ ਵਿਚ ਜਾ ਕੇ ਅਤੇ ਪ੍ਰਦੇਸ਼ਾਂ ਵਿਚ ਪਰਵਾਸ ਕਰਕੇ ਉੱਥੇ ਆਪਣੀ ਮਿਹਨਤ ਸਦਕਾ ਵੱਡਾ ਨਾਂ ਕਮਾਇਆ ਅਤੇ ਆਰਥਿਕ ਤੌਰ ’ਤੇ ਤਰੱਕੀ ਕੀਤੀ। ਪਰ ਕੀ ਕਾਰਨ ਹੈ ਕਿ ਏਨੇ ਸੰਘਰਸਸ਼ੀਲ ਵਿਰਸੇ ਦਾ ਵਾਰਿਸ ਏਨਾ ਨਿਤਾਣਾ ਹੋ ਗਿਆ ਹੈ ਕਿ ਉਹ, ਉਹ ਕੁਝ ਕਰ ਰਿਹਾ ਹੈ ਜੋ ਉਸ ਨੇ ਪਹਿਲਾਂ ਕਦੇ ਵੀ ਨਹੀਂ ਸੀ ਕੀਤਾ-ਖ਼ੁਦਕੁਸ਼ੀ। ਭਵਿੱਖੀ ਦ੍ਰਿਸ਼ਟੀ ਤੋਂ ਮਹਿਰੂਮ ਪੰਜਾਬ ਦੇ ਸਿਆਸਤਦਾਨਾਂ ਕੋਲ ਨਾ ਤਾਂ ਪੰਜਾਬ ਦੇ ਲੋਕਾਂ ਦੀਆਂ ਤਤਕਾਲੀਨ ਸਮੱਸਿਆਵਾਂ ਹੱਲ ਕਰਨ ਲਈ ਕੋਈ ਨਜ਼ਰੀਆ ਹੈ ਅਤੇ ਨਾ ਹੀ ਇਸ ਲਈ ਲੋੜੀਂਦੀ ਪ੍ਰਤੀਬੱਧਤਾ। ਏਹੀ ਹਾਲ ਸੂਬੇ ਦੀ ਅਫ਼ਸਰਸ਼ਾਹੀ ਦਾ ਹੈ। ਸਰਕਾਰ ਤੇ ਇਸ ਦੇ ਅਦਾਰਿਆਂ ਤੋਂ ਹੋਏ ਮੋਹ-ਭੰਗ ਨੇ ਲੋਕਾਂ ਵਿਚ ਨਿਰਾਸ਼ਾ ਵਧਾਈ ਹੈ। ਮੰਡੀਤੰਤਰ ਨੇ ਪੰਜਾਬ ਦੀ ਆਤਮਾ ਨੂੰ ਵੱਸ ਵਿਚ ਕਰ ਲਿਆ ਹੈ ਅਤੇ ਕਿਸਾਨ ਖ਼ਾਸ ਕਰਕੇ ਛੋਟੀਆਂ ਜੋਤਾਂ ਵਾਲੇ ਕਿਸਾਨ ਦਾ ਆਪਣੀ ਭੌਂਅ ਤੋਂ ਵਿਸ਼ਵਾਸ ਟੁੱਟ ਚੁੱਕਾ ਹੈ। ਸਿਆਸਤਦਾਨਾਂ ਨੇ ਪਰਿਵਾਰਵਾਦ, ਰਿਸ਼ਵਤਖੋਰੀ ਤੇ ਨਸ਼ਿਆਂ ਦਾ ਫੈਲਾਅ ਵਧਾਉਣ ਤੋਂ ਬਿਨਾਂ ਹੋਰ ਕੁਝ ਅਜਿਹਾ ਨਹੀਂ ਕੀਤਾ ਜੋ ਪੰਜਾਬ ਦੇ ਹੱਕਾਂ ਵਿਚ ਭੁਗਤਦਾ ਹੋਵੇ; ਉਹ ਨਿੱਜੀ ਮੁਫ਼ਾਦ ਤੋਂ ਅਗਾਂਹ ਨਹੀਂ ਗਏ ਤੇ ਰਾਜਸੀ ਢਾਂਚੇ ਨੂੰ ਆਪਣੀ ਤਾਕਤ ਤੇ ਸੱਤਾ ਵਧਾਉਣ ਲਈ ਵਰਤਿਆ ਹੈ। ਕਿਸਾਨ ਖ਼ੁਦਕੁਸ਼ੀਆਂ ਕਰਦੇ ਰਹਿਣ, ਨੌਜਵਾਨ ਨਸ਼ਿਆਂ ਦੇ ਓਵਰਡੋਜ਼ ਲੈ ਕੇ ਮਰਦੇ ਰਹਿਣ, ਵਿਦਿਆਰਥੀਆਂ ਦੀਆਂ ਵਹੀਰਾਂ ਪ੍ਰਦੇਸਾਂ ਨੂੰ ਤੁਰਦੀਆਂ ਰਹਿਣ, ਸਿਆਸਤਦਾਨਾਂ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪੰਜਾਬ ਦੇ ਬਹੁਤੇ ਸਿਆਸੀ ਆਗੂ ਪੰਜਾਬ ਪ੍ਰਤੀ ਵਫ਼ਾਦਾਰ ਨਹੀਂ। ਉਨ੍ਹਾਂ ਨੂੰ ਨਾ ਤਾਂ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦਾ ਫ਼ਿਕਰ ਹੈ ਤੇ ਨਾ ਹੀ ਏਥੋਂ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਦਲਿਤਾਂ ਅਤੇ ਦਮਿਤਾਂ ਦਾ। ਕਿਸੇ ਦੀ ਟੇਕ ਕੇਂਦਰ ਦੀ ਹੁਣ ਵਾਲੀ ਸੱਤਾਧਾਰੀ ਪਾਰਟੀ ’ਤੇ ਹੈ ਅਤੇ ਕਿਸੇ ਦੀ ਹੁਣ ਦੀ ਸੱਤਾਧਾਰੀ ਪਾਰਟੀ ਨੂੰ ਚੁਣੌਤੀ ਦੇ ਰਹੇ ਨੌਜਵਾਨ ਆਗੂ ’ਤੇ। ਪੰਜਾਬ ਬਾਰੇ ਕਿਸ ਨੇ ਸੋਚਣਾ ਹੈ ? - ਸਵਰਾਜਬੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਮੁੱਖ ਖ਼ਬਰਾਂ

ਸਿੱਧੂ ਨੂੰ ਇਕ ਸਾਲ ਦੀ ਕੈਦ

ਸਿੱਧੂ ਨੂੰ ਇਕ ਸਾਲ ਦੀ ਕੈਦ

ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਦੀ ਨਜ਼ਰਸਾਨੀ ਪਟੀਸ਼ਨ ’ਤੇ ਸੁਣਾਇਆ ਫ਼ੈਸ...

ਜਾਖੜ ਭਾਜਪਾ ’ਚ ਸ਼ਾਮਲ

ਜਾਖੜ ਭਾਜਪਾ ’ਚ ਸ਼ਾਮਲ

* ‘ਕਾਂਗਰਸ ਨੇ ਪੰਜਾਬ ਨੂੰ ਜਾਤ-ਧਰਮ ਦੇ ਨਾਂ ’ਤੇ ਵੰਡਿਆ’ * ਪੰਜਾਬ ਦੀ ...

ਭਗਵੰਤ ਮਾਨ ਨੇ ਸ਼ਾਹ ਨਾਲ ਕਿਸਾਨੀ ਤੇ ਸੁਰੱਖਿਆ ਮੁੱਦੇ ਵਿਚਾਰੇ

ਭਗਵੰਤ ਮਾਨ ਨੇ ਸ਼ਾਹ ਨਾਲ ਕਿਸਾਨੀ ਤੇ ਸੁਰੱਖਿਆ ਮੁੱਦੇ ਵਿਚਾਰੇ

ਕਣਕ ਦਾ ਝਾੜ ਘਟਣ ਕਾਰਨ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਅਤੇ ਬਾਸਮਤੀ ...

ਸ਼ਹਿਰ

View All