ਕਿਵੇਂ ਨਿੱਕਲਣ ਜਨਤਕ ਸਮੱਸਿਆਵਾਂ ਦੇ ਹੱਲ

ਪ੍ਰੋ. ਅੱਛਰੂ ਸਿੰਘ ਲੰਮੇ ਅਰਸੇ ਤੋਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਸਿਆਸੀ ਦਹਿਸ਼ਤਵਾਦ ਦੀ ਹੈ ਜੋ ਕਿਸੇ ਖ਼ਾਸ ਸਿਆਸੀ ਗੁੱਟ ਦੁਆਰਾ ਆਪਣੀਆਂ ਮੰਗਾਂ ਮਨਵਾਉਣ ਲਈ ਪੈਦਾ ਕੀਤੀ ਜਾਂਦੀ ਹੈ। ਦੂਜੀ ਕਿਸਮ ਦੀ ਸਮੱਸਿਆ ਅਮਨ-ਕਾਨੂੰਨ ਦੀ ਹੈ, ਜੋ ਸਮਾਜ-ਵਿਰੋਧੀ ਅਤੇ ਅਪਰਾਧੀ ਬਿਰਤੀ ਵਾਲੇ ਲੋਕਾਂ ਦੁਆਰਾ ਪੈਦਾ ਕੀਤੀ ਜਾਂਦੀ ਹੈ। ਇਹ ਲੋਕ ਲੁੱਟ-ਖਸੁੱਟ, ਮਾਰ-ਧਾੜ ਅਤੇ ਲੜਾਈ-ਝਗੜੇ ਰਾਹੀਂ ਲੋਕਾਂ ਦਾ ਜਿਊਣਾ ਮੁਸ਼ਕਿਲ ਕਰੀ ਰੱਖਦੇ ਹਨ। ਤੀਜੀ ਕਿਸਮ ਦੀ ਸਮੱਸਿਆ ਮੁਲਕ ਦੇ ਸਰਬਪੱਖੀ ਵਿਕਾਸ ਦੀ ਹੈ। ਇਹ ਵਿਕਾਸ ਨਾ ਕੇਵਲ ਕੀੜੀ ਦੀ ਤੋਰ ਵਾਂਗ ਹੋਇਆ ਹੈ, ਸਗੋਂ ਇਸ ਦੀ ਵੰਡ ਵੀ ਕਾਣੀ ਹੈ। ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਵਾਤਾਵਰਨ ਪ੍ਰਦੂਸ਼ਣ ਅਤੇ ਤੇਜ਼ੀ ਨਾਲ ਵਧ ਰਹੀ ਆਬਾਦੀ ਅਜਿਹੀਆਂ ਸਮੱਸਿਆਵਾਂ ਹਨ ਜੋ ਹਰ ਸੰਜੀਦਾ ਭਾਰਤੀ ਲਈ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਵੱਡੇ ਉਪਰਾਲੇ ਕੀਤੇ ਜਾਣ ਦੇ ਨਾਲ ਨਾਲ ਬਹੁਤ ਸਾਰਾ ਧਨ ਜੁਟਾਉਣ ਦੀ ਲੋੜ ਹੈ ਪਰ ਸਾਡੀਆਂ ਕੁਝ ਸਮੱਸਿਆਵਾਂ ਅਜਿਹੀਆਂ ਹਨ ਜਨ੍ਹਿ‌ਾਂ ਨੂੰ ਜੇ ਸਰਕਾਰ ਚਾਹੇ ਤਾਂ ਸਹਿਜੇ ਹੀ ਹੱਲ ਕਰ ਸਕਦੀ ਹੈ। ਨਾ ਕੋਈ ਬਹੁਤੇ ਧਨ ਦੀ ਲੋੜ ਹੈ ਅਤੇ ਨਾ ਹੀ ਕੋਈ ਬਹੁਤ ਵੱਡੇ ਸਾਧਨ ਜੁਟਾਉਣ ਦੀ; ਜੇਕਰ ਲੋੜ ਹੈ ਤਾਂ ਬਸ ਇੱਛਾ-ਸ਼ਕਤੀ ਦੀ। ਅਜਿਹੀ ਇਕ ਸਮੱਸਿਆ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਦੀ ਹੈ। ਅੱਜਕੱਲ੍ਹ ਸੜਕੀ ਸਫ਼ਰ ਇੰਨਾ ਜੋਖ਼ਿਮ ਭਰਪੂਰ ਬਣਦਾ ਜਾ ਰਿਹਾ ਹੈ ਕਿ ਜਦ ਤਕ ਘਰੋਂ ਬਾਹਰ ਗਿਆ ਬੰਦਾ ਵਾਪਸ ਨਹੀਂ ਆ ਜਾਂਦਾ, ਤਦ ਤਕ ਸਾਰੇ ਘਰ ਵਾਲੇ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ। ਬਹੁਤੇ ਵਾਹਨ ਚਾਲਕ ਟ੍ਰੈਫ਼ਿਕ ਨਿਯਮਾਂ ਦੀ ਕੋਈ ਪਰਵਾਹ ਨਹੀਂ ਕਰਦੇ, ਗੱਡੀਆਂ ਨੂੰ ਅੰਨ੍ਹੇਵਾਹ ਚਲਾਉਂਦੇ ਹਨ ਅਤੇ ਜਿੱਥੇ ਉਨ੍ਹਾਂ ਦਾ ਜੀਅ ਕਰਦਾ ਹੈ, ਉੱਥੇ ਆਪਣਾ ਵਾਹਨ ਰੋਕ ਕੇ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਦੇ ਰਹਿੰਦੇ ਹਨ। ਇਹ ਆਪਣੇ ਵਾਹਨਾਂ ਨੂੰ ਜਿਸ ਮਰਜ਼ੀ ਲੇਨ ਵਿੱਚ ਚਲਾਉਂਦੇ ਹਨ ਅਤੇ ਜਿੱਥੋਂ ਮਰਜ਼ੀ ਮੋੜ ਲੈਂਦੇ ਹਨ। ਇਨ੍ਹਾਂ ਲਈ ਕੋਈ ਵੀ ਖ਼ੇਤਰ ਵਰਜਿਤ ਨਹੀਂ ਹੈ। ਬਹੁਤ ਸਾਰੀਆਂ ਸੜਕਾਂ ‘ਤੇ ਇੰਨੇ ਜ਼ਿਆਦਾ ਹਾਦਸੇ ਹੁੰਦੇ ਹਨ ਕਿ ਲੋਕਾਂ ਨੇ ਇਨ੍ਹਾਂ ਸੜਕਾਂ ਦਾ ਨਾਮ ਖ਼ੂਨੀ ਸੜਕਾਂ ਰੱਖ ਦਿੱਤਾ ਹੈ। ਮੋਟਰ ਸਾਈਕਲਾਂ ਉੱਪਰ ਗਲੀਆਂ-ਬਾਜ਼ਾਰਾਂ ਵਿੱਚ ਘੁੰਮਦੇ ਕੁਝ ਨੌਜਵਾਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੰਦੇ ਹਨ। ਉਹ ਆਪਣੇ ਕੰਨਾਂ ਨੂੰ ਆਪਣੇ ਮੋਬਾਈਲ ਫ਼ੋਨ ਲਾਈ, ਮੋਟਰ ਸਾਈਕਲਾਂ ਦੇ ਹਾਰਨਾਂ ਅਤੇ ਸਾਈਲੈਂਸਰਾਂ ਰਾਹੀਂ ਡਰਾਉਣੀਆਂ ਆਵਾਜ਼ਾਂ ਪੈਦਾ ਕਰਦੇ ਹਨ ਅਤੇ ਇਨ੍ਹਾਂ ਨੂੰ ਅੰਨ੍ਹੇਵਾਹ ਚਲਾ ਕੇ ਨਾ ਕੇਵਲ ਆਮ ਜਨਤਾ ਵਿੱਚ ਅਜਿਹਾ ਖ਼ੌਫ਼ ਪੈਦਾ ਕਰਦੇ ਹਨ ਕਿ ਉਹ ਸੜਕ ‘ਤੇ ਆਉਣ ਤੋਂ ਵੀ ਡਰਨ ਲਗਦੇ ਹਨ, ਸਗੋਂ ਆਪਣੀ ਜਾਨ ਵੀ ਖ਼ਤਰੇ ਵਿੱਚ ਪਾਉਂਦੇ ਹਨ। ਪਲਾਂ ਅੰਦਰ ਹੀ ਪਤਾ ਨਹੀਂ ਉਹ ਕਿੰਨੇ ਲੋਕਾਂ ਦੀਆਂ ਲੱਤਾਂ-ਬਾਹਾਂ ਭੰਨ ਜਾਂਦੇ ਹਨ। ਲਗਦਾ ਹੈ, ਇਨ੍ਹਾਂ ਨੂੰ ਕਿਸੇ ਦੀ ਪਰਵਾਹ ਹੀ ਨਹੀਂ ਹੈ। ਆਮ ਲੋਕਾਂ ਲਈ ਵੱਡੀ ਸਮੱਸਿਆ ਅਵਾਰਾ ਪਸ਼ੂਆਂ ਨੇ ਪੈਦਾ ਕੀਤੀ ਹੋਈ ਹੈ। ਗਲੀਆਂ-ਬਾਜ਼ਾਰਾਂ ਵਿੱਚ ਅਸੀਂ ਆਮ ਹੀ ਕੁੱਤਿਆਂ, ਗਊਆਂ, ਢੱਠਿਆਂ, ਸੂਅਰਾਂ ਆਦਿ ਦੇ ਝੁੰਡ ਫਿਰਦੇ ਦੇਖ ਸਕਦੇ ਹਾਂ। ਇਹ ਪਸ਼ੂ ਇਕ ਪਾਸੇ ਟ੍ਰੈਫ਼ਿਕ ਵਿੱਚ ਵਿਘਨ ਪਾਉਂਦੇ ਹਨ ਤੇ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਗੰਦਗੀ ਦਾ ਕਾਰਨ ਵੀ ਬਣਦੇ ਹਨ। ਇਹ ਪਸ਼ੂ ਕਿਸਾਨਾਂ ਦੇ ਖੇਤਾਂ ਵਿੱਚ ਵੀ ਉਜਾੜਾ ਕਰਦੇ ਹਨ। ਕਈ ਵਾਰ ਤਾਂ ਕੁੱਤਿਆਂ ਅਤੇ ਢੱਠਿਆਂ ਦੀ ਦਹਿਸ਼ਤ ਕਾਰਨ ਗਲੀ ਵਿੱਚੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੇ ਤਾਂ ਇਨ੍ਹਾਂ ਢੱਠਿਆਂ ਦੇ ਡਰ ਕਾਰਨ ਸਵੇਰ ਦੀ ਸੈਰ ਕਰਨੀ ਬੰਦ ਕਰ ਦਿੱਤੀ ਹੈ। ਅਵਾਰਾ ਕੁੱਤੇ ਅਕਸਰ ਬੱਚਿਆਂ ਦੇ ਮਗਰ ਪੈ ਜਾਂਦੇ ਹਨ। ਮੋਟਰ ਸਾਈਕਲਾਂ ਅਤੇ ਸਕੂਟਰਾਂ ਵਾਲਿਆਂ ਦੇ ਪਿੱਛੇ ਪੈ ਕੇ ਹਾਦਸਿਆਂ ਦਾ ਕਾਰਨ ਬਣਦੇ ਹਨ। ਸਰਕਾਰ ਨੇ ਵੱਖ ਵੱਖ ਥਾਵਾਂ ‘ਤੇ ਸਫ਼ਾਈ ਮੁਹਿੰਮ (ਅਭਿਆਨ) ਸ਼ੁਰੂ ਕਰਕੇ ਚੰਗੀ ਪਹਿਲ ਕੀਤੀ ਸੀ, ਪਰ ਹੁਣ ਇਹ ਮੁਹਿੰਮ ਵੀ ਠੁੱਸ ਹੋ ਕੇ ਰਹਿ ਗਈ ਹੈ। ਕੇਵਲ ਕਿਤੇ ਕਿਤੇ ਕੁਝ ਰਸਮੀ ਜਿਹੀ ਕਾਰਵਾਈ ਹੋਈ ਹੈ, ਬਾਕੀ ਸਭ ਕੁਝ ਜਿਉਂ ਦਾ ਤਿਉਂ ਕਾਇਮ ਹੈ। ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਗਲੀਆਂ-ਨਾਲੀਆਂ ਦਾ ਬੁਰਾ ਹਾਲ ਹੈ ਅਤੇ ਲੋਕ ਪਹਿਲਾਂ ਵਾਂਗ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਮੁਹਿੰਮ ਨੂੰ ਆਦਤ ਵਿੱਚ ਬਦਲਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਤੇ ਨਾ ਹੀ ਸਫ਼ਾਈ ਕਰਮਚਾਰੀਆਂ ਦੀ ਕਾਰਜਸ਼ੈਲੀ ਵਿੱਚ ਕੋਈ ਤਬਦੀਲੀ ਆਈ ਹੈ। ਲੋੜ ਇਸ ਗੱਲ ਦੀ ਹੈ ਕਿ ਨਿਯਮਿਤ ਤੌਰ ‘ਤੇ ਸਫ਼ਾਈ ਕਰਨ ਅਤੇ ਕੂੜਾ ਸਮੇਟਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਵੱਡੀ ਗੱਲ ਲੋਕਾਂ ਦੀ ਸੋਚ ਨੂੰ ਬਦਲਣ ਦੀ ਹੈ। ਸਾਡੀ ਮਾਨਸਿਕਤਾ ਇਹ ਹੈ ਕਿ ਜਦ ਕੋਈ ਦੂਜਾ ਬੰਦਾ ਕੋਈ ਗ਼ਲਤ ਕੰਮ ਕਰ ਰਿਹਾ ਹੁੰਦਾ ਹੈ ਤਾਂ ਅਸੀਂ ਉਸ ਨੂੰ ਰੱਜ ਕੇ ਬੁਰਾ-ਭਲਾ ਕਹਿੰਦੇ ਹਾਂ ਪਰ ਜਦ ਉਹੀ ‘ਕਰਤੂਤ’ ਅਸੀਂ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਇਹ ਸੋਚਣ ਦੀ ਖੇਚਲ ਵੀ ਨਹੀਂ ਕਰਦੇ ਕਿ ਦੂਜੇ ਲੋਕ ਸਾਡੇ ਬਾਰੇ ਕੀ ਸੋਚ ਰਹੇ ਹੋਣਗੇ? ਲੋਕਾਂ ਲਈ ਇਕ ਹੋਰ ਸਮੱਸਿਆ ਮੁਹੱਲਿਆਂ ਅਤੇ ਬਸਤੀਆਂ ਵਿੱਚ ਖ਼ਾਲੀ ਪਏ ਪਲਾਟਾਂ ਦੀ ਹੈ। ਬਹੁਤ ਸਾਰੇ ਅਮੀਰ ਲੋਕ ਸਸਤੇ ਭਾਅ ਪਲਾਟ ਲੈ ਕੇ ਛੱਡ ਦਿੰਦੇ ਹਨ ਅਤੇ ਉਸ ਦੀ ਸਾਂਭ-ਸੰਭਾਲ ਨਹੀਂ ਕਰਦੇ। ਇਹ ਪਲਾਟ ਨਾ ਕੇਵਲ ਗੰਦਗੀ ਦੇ ਘਰ ਬਣਦੇ ਹਨ ਸਗੋਂ ਬਹੁਤ ਸਾਰੇ ਜ਼ਹਿਰੀਲੇ ਅਤੇ ਬਿਮਾਰੀਆਂ ਫ਼ੈਲਾਉਣ ਵਾਲੇ ਜਾਨਵਰਾਂ ਲਈ ਛੁਪਣਗਾਹਾਂ ਵੀ ਬਣਦੇ ਹਨ। ਇਨ੍ਹਾਂ ਪਲਾਟਾਂ ਵਿੱਚ ਬੇਤਹਾਸ਼ਾ ਜੰਗਲੀ ਘਾਹ-ਫ਼ੂਸ ਅਤੇ ਝਾੜੀਆਂ ਦੀ ਹੋਂਦ ਕਾਰਨ ਮੱਖੀਆਂ, ਮੱਛਰ, ਚੂਹੇ, ਕੋਹੜ-ਕਿਰਲੇ ਅਤੇ ਸੱਪ ਆਦਿ ਪੈਦਾ ਹੁੰਦੇ ਰਹਿੰਦੇ ਹਨ। ਇਹ ਅਕਸਰ ਵਸਦੇ ਘਰਾਂ ਵਿੱਚ ਵੀ ਆ ਵੜਦੇ ਹਨ ਅਤੇ ਕਈ ਵਾਰ ਖ਼ਤਰਨਾਕ ਹਾਦਸੇ ਦਾ ਕਾਰਨ ਵੀ ਬਣਦੇ ਹਨ। ਬਹੁਤ ਸਾਰੇ ਗ਼ੈਰ-ਜ਼ਿੰਮੇਵਾਰ ਲੋਕ ਇਨ੍ਹਾਂ ਪਲਾਟਾਂ ਵਿੱਚ ਆਪਣੇ ਘਰਾਂ ਦਾ ਕੂੜਾ-ਕਰਕਟ ਸੁੱਟਦੇ ਰਹਿੰਦੇ ਹਨ, ਜਿਸ ਕਾਰਨ ਆਂਢ-ਗੁਆਂਢ ਵਿੱਚ ਰਹਿੰਦੇ ਲੋਕਾਂ ਦਾ ਜੀਵਨ ਨਰਕ ਬਣ ਜਾਂਦਾ ਹੈ। ਇਕ ਹੋਰ ਸਮੱਸਿਆ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿੱਚ ਉੱਚੀ ਆਵਾਜ਼ ‘ਤੇ ਸਪੀਕਰ ਜਾਂ ਡੀਜੇ ਆਦਿ ਲਗਾ ਕੇ ਸਾਰੇ ਗਲੀ-ਮੁਹੱਲੇ ਨੂੰ ਪ੍ਰੇਸ਼ਾਨ ਕੀਤੇ ਜਾਣ ਦੀ ਹੈ। ਇਸ ਨਾਲ ਇਕ ਪਾਸੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਿਘਨ ਪੈਂਦਾ ਹੈ; ਦੂਜੇ ਪਾਸੇ ਲੋਕਾਂ ਦੀ ਸ਼ਾਂਤੀ ਇਸ ਕਦਰ ਭੰਗ ਹੁੰਦੀ ਹੈ ਕਿ ਉਹ ਅਗਲੇ ਦਿਨ ਵੀ ਆਪਣਾ ਕੰਮ-ਕਾਜ ਠੀਕ ਤਰ੍ਹਾਂ ਨਹੀਂ ਕਰ ਸਕਦੇ। ਅਜਿਹੇ ਹਾਲਾਤ ਵਿੱਚ ਜੋ ਹਾਲਤ ਕਿਸੇ ਮਰੀਜ਼ ਦੀ ਹੁੰਦੀ ਹੈ, ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਗਲੀਆਂ-ਬਾਜ਼ਾਰਾਂ ਵਿੱਚ ਕੀਤੇ ਜਾਂਦੇ ਨਾਜਾਇਜ਼ ਕਬਜ਼ਿਆਂ ਅਤੇ ਆਵਾਜਾਈ ਵਿੱਚ ਪਾਈਆਂ ਜਾਂਦੀਆਂ ਰੁਕਾਵਟਾਂ ਵੀ ਆਮ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀਆਂ ਹਨ। ਇਸੇ ਤਰ੍ਹਾਂ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਵੀ ਲੋਕਾਂ ਲਈ ਜਾਨਲੇਵਾ ਸਿੱਧ ਹੋ ਰਹੀ ਹੈ। ਇਹ ਕੁਝ ਅਜਿਹੀਆਂ ਸਮੱਸਿਆਵਾਂ ਹਨ, ਜਨ੍ਹਿ‌ਾਂ ਦੇ ਹੱਲ ਲਈ ਕੇਵਲ ਇੱਛਾ-ਸ਼ਕਤੀ ਦੀ ਲੋੜ ਹੈ, ਧਨ ਦੀ ਨਹੀਂ। ਜੇ ਪ੍ਰਸ਼ਾਸਨ ਆਪਣੇ ਨਿਯਮ ਲਾਗੂ ਕਰਨ ਦੀ ਠਾਣ ਲਵੇ ਅਤੇ ਜਿੱਥੇ ਲੋੜ ਹੈ, ਇਨ੍ਹਾਂ ਵਿੱਚ ਲੋੜੀਂਦੀ ਸੋਧ ਕਰ ਲਵੇ, ਫਿਰ ਕੋਈ ਕਾਰਨ ਨਹੀਂ ਕਿ ਇਨ੍ਹਾਂ ਸਮੱਸਿਆਵਾਂ ਨੂੰ ਜਲਦੀ ਹੱਲ ਨਾ ਕੀਤਾ ਜਾ ਸਕੇ। ਇਨ੍ਹਾਂ ਸੁਧਾਰਾਂ ਨਾਲ ਤਾਂ ਸਰਕਾਰੀ ਖ਼ਜ਼ਾਨੇ ਨੂੰ ਸਗੋਂ ਲਾਭ ਹੋ ਸਕਦਾ ਹੈ। ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੋਟੇ ਜੁਰਮਾਨੇ ਕੀਤੇ ਜਾਣ ਅਤੇ ਕੰਨਾਂ ਨੂੰ ਮੋਬਾਈਲ ਲਾ ਕੇ ਵਾਹਨ ਚਲਾਉਣ ਵਾਲਿਆਂ ਦੇ ਮੋਬਾਈਲ ਜ਼ਬਤ ਕੀਤੇ ਜਾਣ। ਗਲੀਆਂ-ਬਜ਼ਾਰਾਂ ਵਿੱਚ ਗੰਦ ਪਾਉਣ ਵਾਲੇ ਲੋਕਾਂ ਨੂੰ ਢੁੱਕਵੀਆਂ ਸਜ਼ਾਵਾਂ ਦਿੱਤੀਆਂ ਜਾਣ। ਖਾਲੀ ਪਲਾਟਾਂ ਦੀ ਸੰਭਾਲ ਨਾ ਕਰਕੇ ਦੂਜੇ ਲੋਕਾਂ ਲਈ ਮੁਸ਼ਕਿਲ ਪੈਦਾ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ ਜਾਵੇ ਅਤੇ ਜੋ ਆਪਣੇ ਪਲਾਟਾਂ ਦੀ ਨਿਯਮਿਤ ਸਫ਼ਾਈ ਨਾ ਕਰਵਾਉਣ, ਉਨ੍ਹਾਂ ਤੋਂ ਜੁਰਮਾਨੇ ਵਸੂਲ ਕੀਤੇ ਜਾਣ। ਸੜਕਾਂ-ਬਾਜ਼ਾਰਾਂ ਵਿੱਚ ਘੁੰਮਦੇ ਪਸ਼ੂਆਂ ਪ੍ਰਤੀ ਜਜ਼ਬਾਤੀ ਪਹੁੰਚ ਤਿਆਗ ਕੇ ਵਿਹਾਰਕ ਪਹੁੰਚ ਅਪਣਾਈ ਜਾਵੇ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ਸਿਰ ਪਾਈ ਜਾਵੇ, ਜੋ ਇਨ੍ਹਾਂ ਦੀ ਹਮਾਇਤ ਤਾਂ ਕਰਦੇ ਹਨ ਪਰ ਵਿਹਾਰਕ ਤੌਰ ‘ਤੇ ਕੁਝ ਨਹੀਂ ਕਰਦੇ। ਸਪੀਕਰ ਆਦਿ ਵਰਤੇ ਜਾਣ ਦਾ ਨਾ ਕੇਵਲ ਸਮਾਂ ਸੀਮਿਤ ਕੀਤਾ ਜਾਵੇ ਸਗੋਂ ਵੱਧ ਤੋਂ ਵੱਧ ਆਵਾਜ਼ ਵੀ ਮਿਥੀ ਜਾਵੇ। ਇਸ ਤਰ੍ਹਾਂ ਗਲੀਆਂ-ਬਾਜ਼ਾਰਾਂ ਅਤੇ ਸੜਕਾਂ ਤੋਂ ਕਬਜ਼ੇ ਸਖ਼ਤੀ ਨਾਲ ਹਟਾਏ ਜਾਣ ਤੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਜਾਵੇ। ਲੋਕਾਂ ਦੇ ਜਨ-ਜੀਵਨ ਨੂੰ ਸੁਖਦ ਬਣਾਉਣ ਲਈ ਇਹ ਪ੍ਰਸ਼ਾਸਨਿਕ ਸੁਧਾਰ ਤੁਰੰਤ ਧਿਆਨ ਦੀ ਮੰਗ ਕਰਦੇ ਹਨ। ਸੰਪਰਕ: 98155-01381

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All