ਕਿਰਤ ਅਤੇ ਪੰਜਾਬੀ

ਕਿਰਤ ਅਤੇ ਪੰਜਾਬੀ

ਪੰਜਾਬੀ ਹੱਡ ਭੰਨਵੀਂ ਮਿਹਨਤ ਕਰਨ ਲਈ ਮਸ਼ਹੂਰ ਹਨ। ਇਨ੍ਹਾਂ ਸ਼ਬਦਾਂ ਦਾ ਆਪਸ ਵਿਚ ਜੁੜੇ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬੀਆਂ ਦਾ ਮਿਹਨਤ ਮੁਸ਼ੱਕਤ ਕਰਨ ਦਾ ਅਮਲ ਉਨ੍ਹਾਂ ਦੀ ਬੋਲੀ ਵਿਚ ਕਿਸੇ ਮੁਹਾਵਰੇ ਵਾਂਗ ਖੜ੍ਹਾ ਹੈ। ‘ਦੱਬ ਕੇ ਵਾਹ ਤੇ ਰੱਜ ਕੇ ਖਾ’ ਅਤੇ ‘ਦਸਾਂ ਨਹੁੰਆਂ ਦੀ ਕਮਾਈ’ ਜਿਹੇ ਬੋਲ ਵੀ ਹਰ ਕਿਸੇ ਦੀ ਜ਼ੁਬਾਨ ’ਤੇ ਹਨ। ਸਾਨੂੰ ਲੱਗਦਾ ਹੈ ਕਿ ਅਸੀਂ ਪੰਜਾਬੀ ਕੁਦਰਤੀ ਤੌਰ ’ਤੇ ਹੀ ਮਿਹਨਤੀ ਹਾਂ ਤੇ ਹੱਡ ਭੰਨਵੀਂ ਮੁਸ਼ੱਕਤ ਕਰਨਾ ਸਾਡੀ ਫ਼ਿਤਰਤ ਹੈ। ਇਹ ਵਿਸ਼ਵਾਸ ਕੋਈ ਖਿਆਲੀ ਪੜੁੱਲ ਨਹੀਂ। ਪੰਜਾਬੀਆਂ ਦੀ ਆਪਣੇ ਖ਼ਿੱਤੇ ਵਿਚ ਕੀਤੀ ਗਈ ਮਿਹਨਤ ਹੀ ਜਗਤ ਪ੍ਰਸਿੱਧ ਨਹੀਂ ਸਗੋਂ ਉਹ ਦੁਨੀਆਂ ’ਚ ਜਿੱਥੇ ਵੀ ਗਏ, ਉੱਥੇ ਮਿਹਨਤ ਨਾਲ ਆਪਣੇ ਲਈ ਵਿਲੱਖਣ ਥਾਂ ਪੈਦਾ ਕੀਤੀ, ਪੈਸਾ ਅਤੇ ਨਾਂ ਕਮਾਇਆ ਤੇ ਉੱਥੋਂ ਦੇ ਲੋਕਾਂ ਦੇ ਦਿਲ ਜਿੱਤੇ। ਦੁਨੀਆਂ ਦੇ ਹਰ ਖ਼ਿੱਤੇ ਦੇ ਲੋਕ ਪੰਜਾਬੀਆਂ ਨੂੰ ਮਿਹਨਤੀ ਇਨਸਾਨਾਂ ਵਜੋਂ ਜਾਣਦੇ ਹਨ ਤੇ ਪੰਜਾਬੀਆਂ ਦੀ ਇੱਜ਼ਤ ਕਰਦੇ ਹਨ। ਪਰ ਕਿਸੇ ਵੀ ਧਾਰਨਾ ਦਾ ਬਣਨਾ ਕੁਦਰਤੀ ਨਹੀਂ ਹੁੰਦਾ। ਉਸ ਦੇ ਬਣਨ ਪਿੱਛੇ ਇਤਿਹਾਸਕ, ਆਰਥਿਕ ਤੇ ਸਮਾਜਿਕ ਕਾਰਨ ਹੁੰਦੇ ਹਨ। ਪੰਜਾਬ ਦੇ ਲੋਕ ਤੇ ਉਨ੍ਹਾਂ ਦਾ ਸੱਭਿਆਚਾਰ ਭੌਂਅ-ਮੁਖੀ ਹਨ। ਏਥੋਂ ਦੀ ਮਿੱਟੀ ਜ਼ਰਖੇਜ਼ ਹੈ ਤੇ ਮਿੱਟੀ ਨਾਲ ਜੁੜੇ ਹੋਏ ਜ਼ਿੰਦਗੀ ਦੇ ਅਮਲ ਨੇ ਲੋਕਾਂ ਨੂੰ ਸਿਖਾਇਆ ਹੈ ਕਿ ਮਿਹਨਤ ਮੁਸ਼ੱਕਤ ਕਰਨ ਨਾਲ ਚੰਗੀ ਫ਼ਸਲ ਪੈਦਾ ਹੁੰਦੀ ਹੈ। ਚਾਰ ਪੈਸੇ ਵੱਟ ਲਈਦੇ ਹਨ। ਮੱਝਾਂ ਗਾਵਾਂ ਪਾਲਣ ਨਾਲ ਦੁੱਧ ਘਿਉ ਮਿਲਦੇ ਹਨ। ਇੱਥੋਂ ਦੇ ਕਾਰੀਗਰਾਂ, ਸ਼ਿਲਪੀਆਂ ਅਤੇ ਹੋਰ ਹੁਨਰਾਂ ਨਾਲ ਸਬੰਧਿਤ ਕਾਮਿਆਂ ਨੂੰ ਵੀ ਆਪਣੇ ਕੰਮ ਵਿਚ ਮੁਹਾਰਤ ਹਾਸਲ ਹੈ ਅਤੇ ਉਹ ਵੀ ਮਿਹਨਤੀ ਲੋਕ ਹਨ। ਬਾਅਦ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਰਤ ਨੂੰ ਮਨੁੱਖੀ ਜ਼ਿੰਦਗੀ ਦੇ ਬੁਨਿਆਦੀ ਆਸ਼ਿਆਂ ਵਿਚ ਮੁੱਢਲੀ ਥਾਂ ਦਿੱਤੀ। ਇਸ ਨਾਲ ਪੰਜਾਬ ਵਿਚ ਕਿਰਤ ਨੂੰ ਹੋਰ ਮਹੱਤਵ ਮਿਲਿਆ ਤੇ ਇਹ ਧਾਰਨਾ ਬਣ ਗਈ ਕਿ ਕੋਈ ਵੀ ਕੰਮ ਹੀਣਾ ਨਹੀਂ ਹੁੰਦਾ। ਦਸਾਂ ਨਹੁੰਆਂ ਦੀ ਕਮਾਈ ਵਿਚ ਹੀ ਬਰਕਤ ਹੈ। ਰੱਬ ਕਿਰਤੀਆਂ ਨੂੰ ਪਿਆਰ ਕਰਦਾ ਹੈ। ਇਸ ਤਰ੍ਹਾਂ ਕਿਰਤ ਪੰਜਾਬੀ ਜ਼ਿੰਦਗੀ ਦੀ ਪਛਾਣ ਬਣ ਗਈ। ਕਈ ਲੋਕ ਪੰਜਾਬੀ ਸੱਭਿਆਚਾਰ (ਕਲਚਰ) ਦਾ ਮਖ਼ੌਲ ਉਡਾਉਂਦੇ ਹਨ ਕਿ ਇਹ ਐਗਰੀਕਲਚਰ ਹੈ। ਇਸ ਤੋਂ ਵੱਡੀ ਮੂਰਖਤਾ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਏਸ ਗੱਲ ਦਾ ਜਵਾਬ ਇਸ ਤਰ੍ਹਾਂ ਵੀ ਦਿੱਤਾ ਜਾ ਸਕਦਾ ਹੈ ਕਿ ਹਾਂ ਜਨਾਬ, ਸਾਡਾ ਕਲਚਰ ਐਗਰੀਕਲਚਰ ਹੈ, ਭੌਂਅ-ਮੁਖੀ ਹੈ, ਅਸੀਂ ਆਪਣੀ ਮਿੱਟੀ, ਜੰਗਲਾਂ, ਬੇਲਿਆਂ ਤੇ ਪਾਣੀਆਂ ਨਾਲ ਮੋਹ ਕੀਤਾ ਹੈ, ਇਨ੍ਹਾਂ ਕੁਦਰਤੀ ਸ਼ਕਤੀਆਂ ਨਾਲ ਜੂਝੇ ਹਾਂ ਤੇ ਮਿਹਨਤੀ ਬਣੇ ਹਾਂ। ਮਿਹਨਤੀ ਹੋਣਾ ਖ਼ਿੱਤੇ ਦੇ ਸੱਭਿਆਚਾਰ ਦੀ ਵਡਿਆਈ ਦਾ ਸੂਚਕ ਹੈ, ਮਖ਼ੌਲ ਦਾ ਨਹੀਂ। ਇਸ ਤਰ੍ਹਾਂ ਪੰਜਾਬੀਆਂ ਦੀ ਕਿਰਤ ਦਾ ਸੱਭਿਆਚਾਰਕ ਅਮਲ ਇਤਿਹਾਸਕ ਅਮਲ ਹੈ। ਇਹ ਪੰਜਾਬੀ ਮਰਦਾਂ ਤੇ ਔਰਤਾਂ ਦੇ ਸਰੀਰਾਂ ’ਚੋਂ ਨਿਕਲਿਆ ਸੱਚ ਹੈ। ਇਹ ਸਦੀਆਂ ਦੀਆਂ ਸਦੀਆਂ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚਲੀ ਉਨ੍ਹਾਂ ਦੀਆਂ ਦੇਹਾਂ ਦੁਆਰਾ ਕੀਤੀ ਗਈ ਮਿਹਨਤ ਦੀ ਸੱਭਿਆਚਾਰਕ ਪੂੰਜੀ ਹੈ। ਕਿਰਤ ਦਾ ਇਹ ਸੱਭਿਆਚਾਰ ਪੰਜਾਬੀ ਲੋਕਾਂ ਦੇ ਤਨਾਂ ਮਨਾਂ ਦੀ ਸਦੀਆਂ ਦੀ ਕਮਾਈ ਹੈ, ਕਿਸੇ ਪ੍ਰਭੂ ਜਾਂ ਦੇਵੀ ਦੇਵਤੇ ਦੀ ਅਸੀਸ ਜਾਂ ਅਸ਼ੀਰਵਾਦ ਨਹੀਂ। ਇਹ ਉਹ ਕਹਾਣੀ ਹੈ ਜੋ ਪੰਜਾਬੀਆਂ ਦੀਆਂ ਦੇਹਾਂ ’ਤੇ ਲਿਖੀ ਗਈ ਹੈ। ਇਹ ਕੋਈ ਦੈਵੀ ਆਦੇਸ਼ ਨਹੀਂ। ਇਸ ਦੀ ਭੌਤਿਕ ਬਿਸਾਤ ਹੈ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸੱਭਿਆਚਾਰਕ ਪੂੰਜੀ ਗੁਆਚ ਵੀ ਸਕਦੀ ਹੈ। ਅੱਜ ਪੰਜਾਬ ਵਿਚ ਰਹਿੰਦੇ ਪੰਜਾਬੀ ਕਿਰਤ ਦੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਉੱਚ ਤੇ ਮੱਧ ਵਰਗੀ ਜਮਾਤਾਂ ਦੇ ਲੋਕ ਹੱਥੀਂ ਕੀਤੇ ਜਾਣ ਵਾਲੇ ਕੰਮ ਨੂੰ ਹਿਕਾਰਤ ਨਾਲ ਵੇਖਦੇ ਹਨ। ਕਿਸਾਨਾਂ ਦੇ ਪੁੱਤਰ ਵਿਦੇਸ਼ਾਂ ਵਿਚ ਜਾ ਕੇ ਤਾਂ ਕੋਈ ਵੀ ਕੰਮ ਕਰਨ ਨੂੰ ਤਿਆਰ ਹਨ ਪਰ ਉਸ ਕੰਮ ਨੂੰ ਏਥੇ ਕਰਨ ਨੂੰ ਹੀਣਾ ਸਮਝਦੇ ਹਨ। ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਜੇ ਲੋਕਾਂ ਦੀ ਜ਼ਿੰਦਗੀ ਦਾ ਅਮਲ ਬਦਲਦਾ ਹੈ ਤਾਂ ਇਸ ਸੱਭਿਆਚਾਰਕ ਪੂੰਜੀ ਨੂੰ ਖ਼ੋਰਾ ਲੱਗੇਗਾ ਅਤੇ ਲੱਗ ਰਿਹਾ ਹੈ। ਸੱਠਵਿਆਂ ਵਿਚ ਪੰਜਾਬ ’ਚ ਹਰੇ ਇਨਕਲਾਬ ਦਾ ਸੂਰਜ ਉਦੈ ਹੋਇਆ। ਕਣਕ ਦਾ ਝਾੜ ਕਈ ਗੁਣਾ ਵਧਿਆ। ਸੱਤਰਵਿਆਂ ਵਿਚ ਝੋਨੇ ਦੀ ਫ਼ਸਲ ਦੀਆਂ ਨਵੀਆਂ ਕਿਸਮਾਂ ਆਈਆਂ। 1965 ਤੋਂ ਲੈ ਕੇ 1980 ਤੱਕ ਪੰਜਾਬ ਵਿਚ ਖੇਤੀ ਦੇ ਵਿਕਾਸ ਦੀ ਦਰ ਲਗਭਗ 5.6 ਫ਼ੀਸਦ ਰਹੀ ਜਦੋਂਕਿ ਹਿੰਦੋਸਤਾਨ ਵਿਚ ਇਹ ਦਰ 2.2 ਫ਼ੀਸਦ ਸੀ। ਇਸ ਦੇ ਨਾਲ ਪੰਜਾਬ ਵਿਚ ਖ਼ੁਸ਼ਹਾਲੀ ਆਈ ਤੇ ਕਿਸਾਨਾਂ ਦੇ ਹੱਥ ਚਾਰ ਪੈਸੇ ਆਉਣ ਲੱਗੇ। ਖੇਤੀ ਦਾ ਮਸ਼ੀਨੀਕਰਨ ਹੋਇਆ। ਟਰੈਕਟਰ, ਟਿਊਬਵੈੱਲ, ਬੀਜ ਬੀਜਣ ਤੇ ਫ਼ਸਲਾਂ ਕੱਟਣ ਵਾਲੀਆਂ ਮਸ਼ੀਨਾਂ ਆਈਆਂ। ਇਹ ਸਭ ਕੁਝ ਹਰੇ ਇਨਕਲਾਬ ਲਈ ਜ਼ਰੂਰੀ ਵੀ ਸੀ। ਪੰਜਾਬ ਦਾ ਨਾਂ ਚਮਕਿਆ ਅਤੇ ਪੰਜਾਬ ਬਾਕੀ ਦੇ ਹਿੰਦੋਸਤਾਨ ਲਈ ਅੰਨਦਾਤਾ ਬਣ ਗਿਆ। ਪਰ ਜਦ ਇਹ ਚਮਕੀਲਾ ਦਿਸਣ ਵਾਲਾ ਵਰਤਾਰਾ ਵਾਪਰ ਰਿਹਾ ਸੀ ਤਾਂ ਉਸ ਦੇ ਨਾਲ ਨਾਲ ਇੱਕ ਹਨੇਰਾ ਪੱਖ ਵੀ ਜਨਮ ਲੈ ਰਿਹਾ ਸੀ। ਉਹ ਹਨੇਰਾ ਪੱਖ ਕੀ ਸੀ? ਉਹ ਸੀ, ਪੰਜਾਬੀਆਂ ਦਾ ਕਿਰਤ ਦੇ ਸੱਭਿਆਚਾਰ ਤੋਂ ਦੂਰ ਹੁੰਦੇ ਜਾਣਾ। ਜਦ ਕਿਰਤ ਦਾ ਮਸ਼ੀਨੀਕਰਨ ਹੁੰਦਾ ਹੈ ਤਾਂ ਉਸ ਦੇ ਨਾਲ ਨਾਲ ਕਿਰਤੀਆਂ ਦੀ ਹੁਨਰਮੰਦੀ ਦਾ ਨੁਕਸਾਨ ਹੁੰਦਾ ਹੈ। ਉਦਾਹਰਣ ਦੇ ਤੌਰ ’ਤੇ ਜਦ ਕੰਮ ਮਸ਼ੀਨ ਕਰਨ ਲੱਗ ਪੈਂਦੀ ਹੈ ਤਾਂ ਇਸ ਗੱਲ ਦਾ ਕੋਈ ਮਹੱਤਵ ਨਹੀਂ ਰਹਿੰਦਾ ਕਿ ਫਲਾਂ ਕਿਸਾਨ ਚੰਗੀ ਬਿਜਾਈ ਜਾਂ ਉਡਾਈ ਕਰ ਸਕਦਾ ਹੈ। ਅਸਲ ਵਿਚ ਇਕੱਲਾ ਕਿਸਾਨ ਹੀ ਨਹੀਂ ਸਗੋਂ ਉਹਦਾ ਸਾਰਾ ਪਰਿਵਾਰ ਖੇਤੀ ਦੇ ਕਿੱਤੇ ਨਾਲ ਜੁੜਿਆ ਹੁੰਦਾ ਹੈ। ਮਸ਼ੀਨੀਕਰਨ ਨਾਲ ਕਿਸਾਨ ਦੀ ਹੁਨਰਮੰਦੀ ਦਾ ਹੀ ਨੁਕਸਾਨ ਨਹੀਂ ਹੁੰਦਾ, ਸਗੋਂ ਸਾਰਾ ਪਰਿਵਾਰ ਅਕੁਸ਼ਲ/ਬੇਹੁਨਰਾ ਹੋ ਜਾਂਦਾ ਹੈ। ਮਸ਼ੀਨੀਕਰਨ ਕਿਰਤ ਨੂੰ ਆਪਣੇ ਢਾਂਚੇ ਵਿਚ ਢਾਲਦਾ ਹੈ। ਉਹ ਨਵੀਂ ਕਿਰਤ ਪੈਦਾ ਕਰਦਾ ਹੈ ਜਿਵੇਂ ਕਿਸਾਨ ਨੂੰ ਟਰੈਕਟਰ ਤੇ ਹੋਰ ਮਸ਼ੀਨਾਂ ਚਲਾਉਣੀਆਂ ਆਉਣੀਆਂ ਚਾਹੀਦੀਆਂ ਹਨ, ਪਰ ਨਾਲ ਦੀ ਨਾਲ ਰਵਾਇਤੀ ਕਿਰਤ ਨੂੰ ਢਾਹ ਲੱਗਦੀ ਹੈ। ਇਸ ਦੌਰਾਨ ਪੰਜਾਬ ਵਿਚ ਪਰਵਾਸੀ ਮਜ਼ਦੂਰਾਂ ਦੀ ਆਮਦ ਸ਼ੁਰੂ ਹੁੰਦੀ ਹੈ। ਸੱਤਰਵਿਆਂ ਵਿਚ ਝੋਨੇ ਦੀ ਫ਼ਸਲ ਦੀਆਂ ਨਵੀਆਂ ਕਿਸਮਾਂ ਆਉਣ ਨਾਲ ਪਰਵਾਸੀ ਮਜ਼ਦੂਰਾਂ ਦਾ ਆਉਣਾ ਵਧਿਆ ਕਿਉਂਕਿ ਪੰਜਾਬ ਦੇ ਬਹੁਤ ਵੱਡੇ ਹਿੱਸੇ ਵਿਚ ਕਿਸਾਨਾਂ ਕੋਲ ਝੋਨਾ ਬੀਜਣ ਦਾ ਹੁਨਰ ਹੈ ਹੀ ਨਹੀਂ ਸੀ। ਇਨ੍ਹਾਂ ਮਜ਼ਦੂਰਾਂ ਨੇ ਹਰੇ ਇਨਕਲਾਬ ਨੂੰ ਅਗਾਂਹ ਵਧਾਉਣ ਵਿਚ ਆਪਣਾ ਯੋਗਦਾਨ ਪਾਇਆ। ਇਸ ਸਾਰੇ ਵਰਤਾਰੇ ਨਾਲ ਪੰਜਾਬੀ ਬੰਦੇ ਦੀ ਜ਼ਿੰਦਗੀ ਦਾ ਅਮਲ ਬਦਲਦਾ ਹੈ। ਉਹ ਸਮਝਦਾ ਹੈ ਕਿ ਹੱਥੀਂ ਕੰਮ ਕਰਨਾ ਪਰਵਾਸੀ ਮਜ਼ਦੂਰਾਂ ਦਾ ਕੰਮ ਹੈ। ਉਹ ਮਸ਼ੀਨ ਨਾਲ ਕੰਮ ਕਰੇਗਾ, ਟਰੈਕਟਰ ਚਲਾਏਗਾ ਅਤੇ ਪਰਵਾਸੀ ਮਜ਼ਦੂਰਾਂ ਦੇ ਕੰਮ ਦੀ ਦੇਖਭਾਲ ਕਰੇਗਾ। ਉਨ੍ਹਾਂ ’ਤੇ ਸਰਦਾਰੀ ਕਰੇਗਾ। ਉਹ ਸਰਦਾਰ ਹੈ, ਕਿਰਤੀ ਨਹੀਂ। ਹਿਕਾਰਤ ਏਥੋਂ ਤੱਕ ਵਧੀ ਕਿ ਕਿਰਤੀ ਪਰਵਾਸੀ ਮਜ਼ਦੂਰਾਂ ਦਾ ਬੜਾ ਪਿਆਰਾ ਆਪਸੀ ਸੰਬੋਧਨੀ ਸ਼ਬਦ ‘ਭਈਆ’ ਭਾਵ ਭਰਾ ਨੂੰ ਪੰਜਾਬੀ ਬੜੇ ਤ੍ਰਿਸਕਾਰ ਨਾਲ ਵਰਤਦੇ ਹਨ ਤੇ ਉਨ੍ਹਾਂ ਨੂੰ ਹਿਕਾਰਤ ਨਾਲ ਭਈਏ ਕਹਿੰਦੇ ਹਨ। ਸਨਅਤ ਪੰਜਾਬ ਵਿਚ ਹੈ ਨਹੀਂ। ਪੰਜਾਬ ਵਿਚ ਡਿਜੀਟਲ ਸਰਮਾਏਦਾਰੀ ਦੇ ਕੇਂਦਰ ਵੀ ਨਹੀਂ ਬਣੇ। ਬੇਰੁਜ਼ਗਾਰੀ ਵਧੀ ਹੈ। ਕਿਰਤ ਨਾਲੋਂ ਟੁੱਟੇ ਨੌਜਵਾਨ ਜਾਂ ਤਾਂ ਨਸ਼ਿਆਂ ਵਿਚ ਡੁੱਬਦੇ ਚਲੇ ਗਏ ਜਾਂ ਪਰਵਾਸ ਕਰ ਗਏ ਜਾਂ ਪਰਵਾਸ ਕਰਨ ਦੀ ਤਿਆਰੀ ਵਿਚ ਹਨ। ਇਸ ਵਰਤਾਰੇ ਦੇ ਕਈ ਕਾਰਨ ਹਨ, ਪਰ ਉਨ੍ਹਾਂ ਵਿਚੋਂ ਜਿਹੜਾ ਕਾਰਨ ਸਭ ਤੋਂ ਜ਼ਿਆਦਾ ਦੁਖਦਾਈ ਹੈ, ਉਹ ਪੰਜਾਬੀਆਂ ਦਾ ਕਿਰਤ ਦੇ ਸੱਭਿਆਚਾਰ ਤੋਂ ਦੂਰ ਹੋਣਾ ਹੈ। ਸਾਡੇ ਸਾਹਮਣੇ ਵੱਡੀਆਂ ਉਦਾਹਰਣਾਂ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਅਖ਼ੀਰਲੇ ਵਰ੍ਹੇ ਕਿਰਤ ਕਰਦਿਆਂ ਬਿਤਾਏ। ਉਨ੍ਹਾਂ ਨੇ ਕਰਤਾਰਪੁਰ ਆ ਕੇ ਮਨ ਦੇ ਨਾਲ ਨਾਲ ਤਨ ਨੂੰ ਵੀ ਹਾਲੀ ਬਣਾਇਆ। ਦੱਸਿਆ ਜਾਂਦਾ ਹੈ ਕਿ ਜਦ ਮਦੀਨਾ ਦੀ ਮਸਜਿਦ ਬਣ ਰਹੀ ਸੀ ਤਾਂ ਪੈਗ਼ੰਬਰ ਹਜ਼ਰਤ ਮੁਹੰਮਦ ਨੇ ਹਰ ਕੰਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਨੇ ਪੱਥਰ ਢੋਏ, ਚੂਨਾ ਮਸਾਲਾ ਬਣਾਇਆ, ਕੰਧਾਂ ਦੀ ਚਿਣਾਈ ਕੀਤੀ। ਜਦੋਂ ਉਹ ਸਫ਼ਰ ’ਤੇ ਨਿਕਲਦੇ ਤਾਂ ਰਾਹ ਵਿਚ ਕਈ ਪੜਾਅ ਕਰਨੇ ਪੈਂਦੇ। ਹਜ਼ਰਤ ਸਾਹਿਬ ਹਰ ਕੰਮ ਵਿਚ ਹਿੱਸਾ ਲੈਂਦੇ। ਉਹ ਤੰਬੂ ਗੱਡਦੇ, ਅੱਗ ਬਾਲਣ ਲਈ ਲੱਕੜੀਆਂ ਇਕੱਠੀਆਂ ਕਰਦੇ, ਪਾਣੀ ਭਰਦੇ। ਵੀਹਵੀਂ ਸਦੀ ਵਿਚ ਮਹਾਤਮਾ ਗਾਂਧੀ ਸਾਬਰਮਤੀ ਆਸ਼ਰਮ ਵਿਚ ਰਹਿੰਦੇ ਸਨ। ਉੱਥੇ ਉਨ੍ਹਾਂ ਨੂੰ ਤੇ ਆਸ਼ਰਮ ਵਿਚ ਰਹਿੰਦੇ ਹੋਰਨਾਂ ਲੋਕਾਂ ਨੂੰ ਸਾਰੇ ਕੰਮ ਸਾਂਝੇ ਤੌਰ ’ਤੇ ਆਪਣੇ ਹੱਥਾਂ ਨਾਲ ਕਰਨੇ ਪੈਂਦੇ; ਸਣੇ ਮਲ-ਮੂਤਰ ਦੀ ਸਫ਼ਾਈ ਦੇ। ਪੰਜਾਬ ਨੂੰ ਬਹੁਮੁਖੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿੱਦਿਅਕ ਢਾਂਚੇ ਨੂੰ ਲੱਗੇ ਖ਼ੋਰੇ ਨੇ ਨੌਜਵਾਨਾਂ ਦੀ ਬਹੁਗਿਣਤੀ ਨੂੰ ਕਿਸੇ ਕੰਮ ਦੇ ਕਾਬਲ ਨਹੀਂ ਬਣਨ ਦਿੱਤਾ। ਰਿਸ਼ਵਤਖੋਰੀ ਸਿਖ਼ਰਾਂ ’ਤੇ ਹੈ। ਨਸ਼ੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸ ਲਈ ਜੇ ਕਿਤੇ ਆਸ ਹੈ ਤਾਂ ਉਹ ਇਸੇ ਵਿਚ ਹੈ ਕਿ ਪੰਜਾਬੀ ਨੌਜਵਾਨ ਕਿਰਤ ਦੇ ਸੱਭਿਆਚਾਰ ਨਾਲ ਜੁੜਨ, ਅੱਜ ਦੀ ਅਖੌਤੀ ਆਧੁਨਿਕਤਾ ਨਾਲ ਨਹੀਂ ਸਗੋਂ ਉਸ ਆਧੁਨਿਕਤਾ ਨਾਲ ਜਿਸ ਦੀ ਨੀਂਹ ਬਾਬੇ ਨਾਨਕ ਨੇ ਰੱਖੀ ਸੀ; ਸਾਨੂੰ ਕਿਰਤ ਤੇ ਗੋਸ਼ਟਿ ਦੇ ਸੱਭਿਆਚਾਰ ਵੱਲ ਪ੍ਰੇਰਿਤ ਕਰਦਿਆਂ ਹੋਇਆਂ। ਬੀਤੇ ਦੀਆਂ ਉਦਾਹਰਣਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਜੇ ਅਸੀਂ ਸੱਚਮੁੱਚ ਕੋਈ ਨਵਾਂ ਪੰਜਾਬ ਸਿਰਜਣਾ ਹੈ ਤਾਂ ਜ਼ਰੂਰਤ ਹੈ ਕਿ ਸਾਡੇ ਨੌਜਵਾਨ ਕਿਰਤ ਦੇ ਸੱਭਿਆਚਾਰ ਨੂੰ ਅਪਣਾਉਣ ਅਤੇ ਹੱਥੀਂ ਕੰਮ ਕਰਨ ਨੂੰ ਹਿਕਾਰਤ ਨਾਲ ਨਾ ਵੇਖਣ। ਇਸੇ ਵਿਚ ਪੰਜਾਬ ਤੇ ਪੰਜਾਬੀਆਂ ਦਾ ਭਲਾ ਹੈ।

-ਸਵਰਾਜਬੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All