ਕਾਲੇਪਾਣੀਆਂ ਦੇ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ

ਹਰਪ੍ਰੀਤ ਸਿੰਘ ਸਵੈਚ ਮੁਲਕ ਦੇ ਆਜ਼ਾਦੀ ਸੰਗਰਾਮ ਵਿਚ ਆਪਾ ਕੁਰਬਾਨ ਕਰਨ ਵਾਲੇ ਸ਼ਹੀਦਾਂ ਵਿਚ ਫਹਿਰਿਸਤ ਵਿਚ ਪੰਜਾਬੀਆਂ ਦਾ ਵਿਸ਼ੇਸ਼ ਸਥਾਨ ਹੈ। ਸਾਡੇ ਉਨ੍ਹਾਂ ਅਮਰ ਸ਼ਹੀਦਾਂ ਨੇ ਤਸ਼ੱਦਦ ਸਹਿ ਕੇ ਵੀ ਇਨਸਾਨੀਅਤ ਲਈ ਪਿਆਰ ਤੇ ਆਜ਼ਾਦੀ ਲਈ ਸੰਘਰਸ਼ ਦਾ ਰਾਹ ਨਹੀਂ ਛੱਡਿਆ। ਅਜਿਹੇ ਹੀ ਅਮਰ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਹਨ ਜਿਨ੍ਹਾਂ ਆਪਣਾ ਜੀਵਨ ਮਨੁੱਖਤਾ, ਅਣਖ, ਧਰਮ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ਕਰ ਦਿੱਤਾ। ਕਾਲੇਪਾਣੀ ਦੇ ਟਾਪੂਆਂ ਉੱਤੇ ਡਾਕਟਰੀ ਦੀ ਸੇਵਾ ਕਰਨ ਗਏ ਡਾ. ਦੀਵਾਨ ਸਿੰਘ ਨੇ ਉੱਥੋਂ ਦੇ ਵਸਨੀਕਾਂ ਵਿਚ ਵਿੱਦਿਆ ਦਾ ਪਸਾਰ ਕਰਨ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ। ਆਪਣੇ ਜੀਵਨ ਦੇ ਅਖੀਰਲੇ 15 ਸਾਲ ਉਨ੍ਹਾਂ ਨੇ ਇਸੇ ਟਾਪੂ ਉੱਤੇ ਗੁਜ਼ਾਰੇ ਅਤੇ ਇਥੇ ਹੀ ਜਪਾਨੀਆਂ ਨੇ ਉਨ੍ਹਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਸਾਲ 1897 ਨੂੰ ਲਹਿੰਦੇ ਪੰਜਾਬ ਵਿਚ ਸਿਆਲਕੋਟ ਦੇ ਨਜ਼ਦੀਕ ਪਿੰਡ ਛੋਟੀਆਂ ਗਲੋਟੀਆਂ ਵਿਚ ਸੁੰਦਰ ਸਿੰਘ ਦੇ ਘਰ ਜਨਮੇ ਦੀਵਾਨ ਸਿੰਘ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਛੋਟੀ ਉਮਰੇ ਹੀ ਖੁੱਸ ਗਿਆ। ਉਨ੍ਹਾਂ ਦੇ ਪਾਲਣ ਪੋਸ਼ਣ ਦਾ ਜ਼ਿੰਮਾ ਉਨ੍ਹਾਂ ਦੇ ਚਾਚੇ ਸੋਹਣ ਸਿੰਘ ਨੇ ਨਿਭਾਇਆ। ਉਸ ਵੇਲੇ ‘ਪੜ੍ਹੇ ਫਾਰਸੀ, ਵੇਚੇ ਤੇਲ’ ਦਾ ਮੁਹਾਵਰਾ ਬਹੁਤ ਪ੍ਰਚੱਲਿਤ ਸੀ ਪਰ ਅਜਿਹੇ ਹਾਲਾਤ ਦੇ ਬਾਵਜੂਦ ਚਾਚਾ ਜੀ ਨੇ ਦੀਵਾਨ ਸਿੰਘ ਨੂੰ ਸਕੂਲੀ ਸਿੱਖਿਆ ਦਿਵਾਈ। ਬਚਪਨ ਵਿਚ ਜਿਥੇ ਆਮ ਬੱਚੇ ਕਲੰਦਰ ਤੇ ਬਾਂਦਰ ਦੇ ਤਮਾਸ਼ੇ ਦੇਖ ਕੇ ਮਨੋਰੰਜਨ ਕਰਦੇ ਸਨ, ਦੀਵਾਨ ਸਿੰਘ ਨੂੰ ਬਾਂਦਰ ਦੀਆਂ ਜ਼ੰਜੀਰਾਂ ਪਿੱਛੇ ਲੁਕੀ ਗੁਲਾਮ ਮਾਨਸਿਕਤਾ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ। ਮਿਸ਼ਨ ਸਕੂਲ ਤੋਂ ਮਿਡਲ ਪਾਸ ਕਰਨ ਮਗਰੋਂ ਉਹ ਖਾਲਸਾ ਸਕੂਲ ਵਿਚ ਦਾਖਲ ਹੋਏ ਜਿਥੋਂ ਉਨ੍ਹਾਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਇਸੇ ਦੌਰ ਵਿਚ ਉਹ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਆਏ। ਮਿਸ਼ਨ ਸਕੂਲ ਵਿਚ ਪੜ੍ਹਦਿਆਂ ਉਹ ਹਜ਼ਰਤ ਈਸਾ ਦੇ ਖਿਆਲਾਂ ਤੋਂ ਬਹੁਤ ਮੁਤਾਸਿਰ ਹੋਏ। ਸ਼ਾਇਦ ਇਸੇ ਲਈ ਉਨ੍ਹਾਂ ਹਜ਼ਰਤ ਈਸਾ ਦੇ ਗੁਣਾਂ ਨੂੰ ਬਿਆਨ ਕਰਦੀ ਕਵਿਤਾ (ਈਸਾ ਨੂੰ) ਵੀ ਲਿਖੀ ਸੀ। 1919 ਵਿਚ ਡਾਕਟਰੀ ਪਾਸ ਕਰਨ ਤੋਂ ਬਾਅਦ ਰਾਵਲਪਿੰਡੀ ਦੇ ਫੌਜੀ ਹਸਪਤਾਲ ਵਿਚ ਬਤੌਰ ਡਾਕਟਰ ਭਰਤੀ ਹੋਏ ਦੀਵਾਨ ਸਿੰਘ ਨੇ ਜਵਾਨੀ ਵਿਚ ਹੀ ਰੋਗੀਆਂ ਦੀ ਨਿਸ਼ਕਾਮ ਸੇਵਾ ਆਰੰਭ ਦਿੱਤੀ ਸੀ। ਜਿਥੇ ਅੰਗਰੇਜ਼ ਡਾਕਟਰ ਮਰੀਜ਼ਾਂ ਨੂੰ ਵੱਢ ਖਾਣ ਨੂੰ ਪੈਂਦੇ, ਉਥੇ ਡਾ. ਦੀਵਾਨ ਸਿੰਘ ਹਮਦਰਦੀ ਨਾਲ ਮਰੀਜ਼ਾਂ ਦੀ ਦੇਖਭਾਲ ਕਰਦੇ। ਲਾਹੌਰ ਵਿਚ ਹੋਈ ਬਦਲੀ ਨਾਲ ਉਨ੍ਹਾਂ ਨੇ ਸਾਹਿਤਕਾਰਾਂ ਦੀ ਸੰਗਤ ਵਿਚ ਸਾਹਿਤਕ ਪ੍ਰਭਾਵ ਕਬੂਲਿਆ। ਉਨ੍ਹਾਂ ਦੀ ਪਲੇਠੀ ਕਾਵਿ ਪੁਸਤਕ ‘ਵਗਦੇ ਪਾਣੀ’ 1938 ਵਿਚ ਛਪੀ ਜਿਸ ਵਿਚ ਉਨ੍ਹਾਂ ਖੁੱਲ੍ਹੀ ਕਵਿਤਾ ਰਾਹੀਂ ਪ੍ਰਗਤੀਵਾਦੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਾਵਿ ਪੁਸਤਕਾਂ ‘ਅੰਤਿਮ ਲਹਿਰਾਂ’, ‘ਮਲ੍ਹਿਆਂ ਦੇ ਬੇਰ’ ਅਤੇ ਵਾਰਤਕ ਪੁਸਤਕ ‘ਸਹਿਜ ਸੰਚਾਰ’ ਪੰਜਾਬੀ ਸਾਹਿਤ ਨੂੰ ਦਿੱਤੀਆਂ। ਡਗਸ਼ਈ (ਹਿਮਾਚਲ ਪ੍ਰਦੇਸ਼) ਵਿਚ ਹੋਏ ਜਲਸੇ ਵਿਚ ਡਾ. ਦੀਵਾਨ ਸਿੰਘ ਨੇ ਲੋਕਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਸਤੇ ਇਕੱਠੇ ਹੋਣ ਦਾ ਸੰਦੇਸ਼ ਦਿੱਤਾ ਜਿਸ ਕਾਰਨ ਉਨ੍ਹਾਂ ਖਿਲਾਫ ਅੰਗਰੇਜ਼ ਹਕੂਮਤ ਨੇ ਮੁਕੱਦਮਾ ਦਰਜ ਕਰ ਲਿਆ ਪਰ ਉਹ ਉਥੋਂ ਦੇ ਲੋਕਾਂ ਦੇ ਦਿਲਾਂ ਵਿਚ ਵਸਦੇ ਸੀ ਜਿਸ ਕਾਰਨ ਗਵਾਹ ਨਾ ਮਿਲਣ ਕਾਰਨ ਉਹ ਬਰੀ ਹੋ ਗਏ। ਉਂਜ, ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਬਦਲੀ ਅੰਬਾਲਾ ਛਾਉਣੀ ਕਰ ਦਿੱਤੀ ਗਈ ਜਿਥੋਂ 1925 ਵਿਚ ਉਨ੍ਹਾਂ ਨੂੰ ਫੌਜੀ ਪਲਟਣ ਨਾਲ ਰੰਗੂਨ ਭੇਜ ਦਿੱਤਾ ਗਿਆ। ਇਥੋਂ 27 ਅਪਰੈਲ 1927 ਨੂੰ ਉਨ੍ਹਾਂ ਦੀ ਪਲਟਣ ਨੂੰ ਕਾਲੇਪਾਣੀ ਦੇ ਟਾਪੂਆਂ ਦੇ ਸ਼ਹਿਰ ਐਬਰਡੀਨ ਭੇਜਿਆ ਗਿਆ। ਉਸ ਸਮੇਂ ਕਾਲੇਪਾਣੀ ਦਾ ਨਾਮ ਸੁਣ ਕੇ ਆਮ ਆਦਮੀ ਦੀ ਰੂਹ ਕੰਬਦੀ ਸੀ। ਅਜਿਹੀ ਥਾਂ ਉੱਤੇ ਵੀ ਉਨ੍ਹਾਂ ਨੇ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਕਰਦਿਆਂ ਜੀਅ ਜਾਨ ਨਾਲ ਫੌਜੀ ਮਰੀਜ਼ਾਂ ਦੀ ਦੇਖਭਾਲ ਕੀਤੀ। ਇਥੇ ਕੈਦੀਆਂ ਨਾਲ ਹੁੰਦੇ ਅਣਮਨੁੱਖੀ ਵਤੀਰੇ ਨੇ ਉਨ੍ਹਾਂ ਦੇ ਦਿਲ ਉੱਤੇ ਡੂੰਘੀ ਸੱਟ ਮਾਰੀ। ਕੈਦੀਆਂ ਨੂੰ ਕਈ ਕਈ ਦਿਨ ਭੁੱਖੇ ਰੱਖਿਆ ਜਾਂਦਾ ਸੀ ਪਰ ਉਹ ਆਪਣੇ ਪੱਧਰ ਤੇ ਉਨ੍ਹਾਂ ਲਈ ਚਾਹ-ਪਾਣੀ ਦਾ ਇੰਤਜ਼ਾਮ ਕਰਦੇ। ਅਜਿਹੇ ਹਮਦਰਦੀ ਭਰੇ ਵਿਹਾਰ ਕਰਕੇ ਉਹ ਕੈਦੀਆਂ ਵਾਸਤੇ ਮਸੀਹਾ ਬਣ ਗਏ। ਮਨੁੱਖਤਾ ਦੀ ਇਸ ਸੇਵਾ ਵਿਚ ਉਨ੍ਹਾਂ ਦੀ ਪਤਨੀ ਇੰਦਰ ਕੌਰ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਡਾ. ਦੀਵਾਨ ਸਿੰਘ ਦੀ ਮਕਬੂਲੀਅਤ ਦੇ ਮੱਦੇਨਜ਼ਰ ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਨੂੰ ਕਾਲੇਪਾਣੀਆਂ ਦੇ ਹਸਪਤਾਲ ਦਾ ਸਹਾਇਕ ਮੈਡੀਕਲ ਅਫਸਰ ਮੁਕੱਰਰ ਕੀਤਾ। ਉਨ੍ਹਾਂ ਦੀ ਰੀਝ ਸੀ ਕਿ ਇਨ੍ਹਾਂ ਟਾਪੂਆਂ ਤੇ ਕੋਈ ਵੀ ਅਨਪੜ੍ਹ ਨਾ ਰਹੇ। ਇਸੇ ਲਈ ਉਨ੍ਹਾਂ ਉਥੇ ਸਕੂਲ ਖੋਲ੍ਹਿਆ ਅਤੇ ਗੁਰਦੁਆਰੇ ਵਿਚ ਲਾਇਬ੍ਰੇਰੀ ਵੀ ਬਣਾਈ ਜਿਥੇ ਸਾਹਿਤਕ ਮਹਿਫਲਾਂ ਵੀ ਲੱਗਦੀਆਂ। ਉਨ੍ਹਾਂ ਵਿਅੰਗਤਾਮਕ ਤਰੀਕੇ ਨਾਲ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਲੋਕਾਂ ਨੂੰ ਆਜ਼ਾਦੀ ਸੰਘਰਸ਼ ਵਿਚ ਹਿੱਸਾ ਲੇਣ ਲਈ ਪ੍ਰੇਰਿਆ। ਉਨ੍ਹਾਂ ਅੰਡੇਮਾਨ ਵਿਚ ਸਾਹਿਤਕ ਸਰਗਰਮੀਆਂ ਲਈ ਪੰਜਾਬੀ ਸਟੱਡੀ ਸਰਕਲ ਵੀ ਕਾਇਮ ਕੀਤਾ। ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨੀਆਂ ਵੱਲੋਂ ਅੰਡੇਮਾਨ ਟਾਪੂਆਂ ਤੇ ਕੀਤੇ ਜਾਣ ਵਾਲੇ ਹਮਲੇ ਦੇ ਮੱਦੇਨਜ਼ਰ ਅੰਗਰੇਜ਼ੀ ਹਕੂਮਤ ਨੇ ਉਥੋਂ ਆਪਣੇ ਲੋਕਾਂ ਨੂੰ ਕੱਢਣ ਦੀ ਮੁਹਿੰਮ ਆਰੰਭੀ। ਇਸ ਮੁਹਿੰਮ ਵਿਚ ਵੀ ਡਾ. ਦੀਵਾਨ ਸਿੰਘ ਨੇ ਦਿਨ ਰਾਤ ਇਕ ਕਰ ਦਿੱਤਾ। 13 ਮਾਰਚ 1942 ਨੂੰ ਜਿਹੜਾ ਆਖਰੀ ਜਹਾਜ਼ ਉਥੋਂ ਰਵਾਨਾ ਹੋਇਆ, ਉਸ ਵਿਚ ਉਨ੍ਹਾਂ ਆਪਣੇ ਪਰਿਵਾਰ ਨੂੰ ਵਾਪਸ ਭੇਜ ਦਿੱਤਾ ਪਰ ਆਪ ਨਹੀਂ ਗਏ। ਫਿਰ ਜਪਾਨੀ ਫੌਜਾਂ ਨੇ ਟਾਪੂਆਂ ਉੱਤੇ ਧਾਵਾ ਬੋਲਿਆ। ਉਥੋਂ ਦੇ ਲੋਕਾਂ ਵਿਚ ਡਾ. ਦੀਵਾਨ ਸਿੰਘ ਦੀ ਹਰਮਨਪਿਆਰਤਾ ਕਾਰਨ ਹੀ ਜਪਾਨੀਆਂ ਨੇ ਅੰਡੇਮਾਨ ਵਿਚ ਬਣਾਈ ਅਮਨ ਕਮੇਟੀ ਦਾ ਚੇਅਰਮੈਨ ਉਨ੍ਹਾਂ ਨੂੰ ਹੀ ਬਣਾਇਆ। ਜਪਾਨੀ ਐਡਮਿਰਲ ਵੀ ਉਨ੍ਹਾਂ ਦੀ ਆਮ ਲੋਕਾਂ ਪ੍ਰਤੀ ਸੇਵਾ ਭਾਵਨਾ ਦਾ ਕਾਇਲ ਹੋ ਗਿਆ ਪਰ ਕੁੱਝ ਮੌਕਾਪ੍ਰਸਤਾਂ ਦੀਆਂ ਚਾਲਾਂ ਨੇ ਜਪਾਨੀ ਹਾਕਮਾਂ ਨੂੰ ਉਨ੍ਹਾਂ ਦੇ ਵਿਰੁੱਧ ਕਰ ਦਿੱਤਾ। ਉਨ੍ਹਾਂ ਅਤੇ ਉਨ੍ਹਾਂ ਦੇ ਕੁੱਝ ਸਾਥੀਆਂ ਨੂੰ ਜਾਸੂਸੀ ਦੇ ਝੂਠੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਕੁੱਝ ਸਾਥੀਆਂ ਨੂੰ ਤਾਂ ਖੜ੍ਹਾ ਕੇ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਅਤੇ ਉਨ੍ਹਾਂ ਉੱਤੇ ਤਸ਼ੱਦਦ ਢਾਹਿਆ ਗਿਆ। ਸਰੀਰ ਉੱਤੇ ਥਾਂ ਥਾਂ ਕੋਰੜਿਆਂ ਦੀ ਮਾਰ ਨਾਲ ਨੀਲ ਪੈ ਗਏ। ਜ਼ਖਮ ਮੋਮਬੱਤੀ ਨਾਲ ਸਾੜੇ ਗਏ, ਸੜੇ ਜ਼ਖਮਾਂ ਵਿਚ ਕਿੱਲਾਂ ਗੱਡੀਆਂ ਗਈਆਂ। ਇਨ੍ਹਾਂ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਉਹ 14 ਜਨਵਰੀ 1944 ਨੂੰ ਸ਼ਹਾਦਤ ਦਾ ਜਾਮ ਪੀ ਗਏ। ਅੰਡੇਮਾਨ ਦੇ ਜਿਹੜੇ ਟਾਪੂ ਅੱਜ ਆਪਣੀ ਖੂਬਸੂਰਤੀ ਨਾਲ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ, ਉਹ ਆਪਣੇ ਅੰਦਰ ਸੈਂਕੜੇ ਖੌਫਨਾਕ ਜ਼ੁਲਮਾਂ ਦੀਆਂ ਦਿਲ ਕੰਬਾਊ ਕਹਾਣੀਆਂ ਲੁਕੋਈ ਬੈਠੇ ਹਨ। ਨੇਕੀ ਦੀ ਮੂਰਤ ਅਤੇ ਦਲੇਰ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਸ਼ਹੀਦੀ ਦੀ ਦਾਸਤਾਨ ਨਵੀਆਂ ਪੀੜ੍ਹੀਆਂ ਨੂੰ ਨਿਸ਼ਚੇ ਹੀ ਪ੍ਰੇਰਨਾ ਦਿੰਦੀ ਰਹੇਗੀ। ਸੰਪਰਕ: 98782-24000

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਸੱ...

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਡਿਪਟੀ ਕਮਿਸ਼ਨਰ ਨੇ ਸ਼ਰਾਬ ਜ਼ਹਿਰੀਲੀ ਹੋਣ ਦਾ ਖਦਸ਼ਾ ਪ੍ਰਗਟਾਇਆ

ਸ਼ਹਿਰ

View All