ਕਵੀ, ਕਵਿਤਾ ਤੇ ਬੰਦੀਖਾਨਾ : The Tribune India

ਕਵੀ, ਕਵਿਤਾ ਤੇ ਬੰਦੀਖਾਨਾ

ਕਵੀ, ਕਵਿਤਾ ਤੇ ਬੰਦੀਖਾਨਾ

ਲੇਖਕ, ਲਿਖਤ, ਸੋਚ ਤੇ ਜੇਲ੍ਹ ਦਾ ਜੋੜ ਪੁਰਾਤਨ ਸਮਿਆਂ ਤੋਂ ਚਲਿਆ ਆ ਰਿਹਾ ਹੈ। ਸੁਕਰਾਤ ਤੋਂ ਲੈ ਕੇ ਹੁਣ ਦੇ ਸਮਿਆਂ ਤਕ ਇਸ ਦੀਆਂ ਅਣਗਿਣਤ ਉਦਾਹਰਣਾਂ ਮਿਲਦੀਆਂ ਹਨ। ਸਮਾਜ ਵਿੱਚ ਪਨਪਦੀ ਅਸਹਿਮਤੀ ਦੀ ਸੋਚ ਲੇਖਕਾਂ ਤੇ ਚਿੰਤਕਾਂ ਦੀਆਂ ਲਿਖਤਾਂ ਵਿੱਚੋਂ ਉਜਾਗਰ ਹੁੰਦੀ ਹੈ। ਵੱਖ ਵੱਖ ਸਮਿਆਂ ਦੀਆਂ ਹਕੂਮਤਾਂ ਨੇ ਚਿੰਤਕਾਂ, ਕਵੀਆਂ ਤੇ ਲੇਖਕਾਂ ਨੂੰ ਕੈਦਖਾਨਿਆਂ ਵਿੱਚ ਡੱਕਿਆ। ਆਵਾਜ਼ ’ਤੇ ਪਹਿਰੇ ਲਗਾਏ। ਵੀਹਵੀਂ ਸਦੀ ਵਿੱਚ ਇਹ ਵਰਤਾਰਾ ਵੱਡੀ ਪੱਧਰ ’ਤੇ ਵਾਪਰਿਆ। ਮੈਕਸਿਮ ਗੋਰਕੀ, ਪਾਬਲੋ ਨੈਰੂਦਾ, ਨਾਜ਼ਿਮ ਹਿਕਮਤ, ਲੋਰਕਾ, ਓਸਿਪ ਮੈਂਡਲਸਟਾਮ ਤੇ ਹੋਰ ਅਨੇਕ ਕਵੀ ਤੇ ਲੇਖਕ ਬੰਦੀਖਾਨਿਆਂ ਵਿੱਚ ਡੱਕੇ ਗਏ। ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਕਈ ਲੇਖਕਾਂ ਨੇ ਬਸਤੀਵਾਦੀ ਹਕੂਮਤ ਵਿਰੁੱਧ ਆਵਾਜ਼ ਉਠਾਈ ਤੇ ਜੇਲ੍ਹ ਕੱਟੀ। ਗ਼ਦਰੀ ਕਵੀ, ਗੁਰਮੁਖ ਸਿੰਘ ਮੁਸਾਫ਼ਿਰ, ਫੀਰੋਜ਼ਦੀਨ ਸ਼ਰਫ, ਨਾਨਕ ਸਿੰਘ ਤੇ ਹੋਰ ਲੇਖਕ ਤੇ ਕਵੀ ਗ੍ਰਿਫ਼ਤਾਰ ਕੀਤੇ ਗਏ। ਆਜ਼ਾਦੀ ਤੋਂ ਬਾਅਦ ਚੜ੍ਹਦੇ ਪੰਜਾਬ ਵਿੱਚ ਸੋਹਣ ਸਿੰਘ ਜੋਸ਼, ਸੰਤੋਖ ਸਿੰਘ ਧੀਰ, ਪਾਸ਼, ਅਮਰਜੀਤ ਚੰਦਨ, ਹਰਭਜਨ ਹਲਵਾਰਵੀ, ਹਰਭਜਨ ਹੁੰਦਲ, ਗੁਰਸ਼ਰਨ ਸਿੰਘ, ਵਰਿਆਮ ਸੰਧੂ, ਦਰਸ਼ਨ ਖਟਕੜ ਤੇ ਹੋਰ ਲੇਖਕ ਤੇ ਕਵੀ ਨਜ਼ਰਬੰਦ ਕੀਤੇ ਗਏ। ਲਹਿੰਦੇ ਪੰਜਾਬ ਵਿੱਚ ਲੇਖਕਾਂ ਤੇ ਕਵੀਆਂ ਦੀਆਂ ਲਿਖਤਾਂ ’ਤੇ ਬੰਦਸ਼ਾਂ ਲਗਾਉਣ ਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਸਿਲਸਿਲਾ ਪਹਿਲੀ ਫ਼ੌਜੀ ਹਕੂਮਤ ਦੇ ਆਉਣ ਨਾਲ ਸ਼ੁਰੂ ਹੋਇਆ। ਫੈਜ਼ ਅਹਿਮਦ ਫੈਜ਼, ਇਸਹਾਕ ਮੁਹੰਮਦ, ਉਸਤਾਦ ਦਾਮਨ, ਅਹਿਮਦ ਸਲੀਮ, ਅਹਿਮਦ ਫਰਾਜ਼, ਹਬੀਬ ਜਾਲਿਬ ਨੂੰ ਬੰਦੀਵਾਨ ਬਣਾਇਆ ਗਿਆ। ਜੇਲ੍ਹ ਕੱਟ ਰਹੇ ਪੰਜਾਬੀ ਕਵੀ ਪਾਸ਼ ਨੇ ਲਹਿੰਦੇ ਪੰਜਾਬ ਵਿੱਚ ਜੇਲ੍ਹ ਕੱਟ ਰਹੇ ਅਹਿਮਦ ਸਲੀਮ ਦੇ ਨਾਂ ਕਵਿਤਾ ਲਿਖੀ। ਪੰਜਾਬੀ ਸ਼ਾਇਰੀ ਵਿੱਚ ਇਹ ਰਵਾਇਤ ਪੁਰਾਣੀ ਹੈ ਤੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦੀ ਹੈ ਜਿਨ੍ਹਾਂ ਨੇ ਰਾਗ ਧਨਾਸਰੀ ਵਿੱਚ ਆਪਣੇ ਆਪ ਨੂੰ ਸ਼ਾਇਰ ਕਿਹਾ ਹੈ। (ਨਾਨਕ ਸਾਇਰ ਏਵ ਕਹਤੁ ਹੈ) ਹੁਣੇ ਹੁਣੇ ਤੇਲਗੂ ਕਵੀ ਵਰਵਰਾ ਰਾਓ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵਰਵਰਾ ਰਾਓ ਕੌਣ ਹੈ? ਵਰਵਰਾ ਰਾਓ ਤੇਲਗੂ ਭਾਸ਼ਾ ਦਾ ਕਵੀ ਹੈ ਜੋ ਕਈ ਦਹਾਕਿਆਂ ਤੋਂ ਨਾਬਰੀ ਦਾ ਸੁਰ ਬਣ ਕੇ ਉਭਰਿਆ ਹੈ। 1973 ਵਿੱਚ ਉਸ ਨੂੰ ਸਿਕੰਦਰਾਬਾਦ ਸਾਜ਼ਿਸ਼ ਕੇਸ ਵਿੱਚ ਕੈਦ ਕੀਤਾ ਗਿਆ। ਉਸ ਦੇ ਨਾਲ ਹੋਰ ਤੇਲਗੂ ਕਵੀ ਤੇ ਲੇਖਕਾਂ ਨੂੰ ਵੀ ਜੇਲ੍ਹ ਵਿੱਚ ਸੁੱਟਿਆ ਗਿਆ ਪਰ ਕੇਸ ਸਾਬਤ ਨਾ ਹੋ ਸਕਿਆ। ਉਸ ਨੂੰ ਐਮਰਜੈਂਸੀ ਦੌਰਾਨ ਵੀ ਬੰਦੀਵਾਨ ਬਣਾਇਆ ਗਿਆ ਅਤੇ ਬਾਅਦ ਵਿੱਚ ਵੀ। ਆਪਣੇ ਸ਼ਬਦਾਂ ਦੀ ਸ਼ਕਤੀ ਨੂੰ ਉਹਨੇ ਇਸ ਤਰ੍ਹਾਂ ਪਛਾਣਿਆ ਤੇ ਬਿਆਨ ਕੀਤਾ ‘‘ਸਾਨੂੰ ਆਪਣੀਆਂ ਹੋਂਦਾਂ ਵਿੱਚ ਦਰੜੇ ਹੋਏ ਸ਼ਬਦਾਂ ਨੂੰ ਜਗਾਉਣਾ ਚਾਹੀਦਾ ਹੈ/ ਜ਼ਰੂਰ ਜਗਾਉਣਾ ਚਾਹੀਦਾ ਹੈ/ ਦੇਣੀ ਚਾਹੀਦੀ ਹੈ ਉਨ੍ਹਾਂ ਨੂੰ ਰਵਾਨੀ/ ਤੇ ਵੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਖੰਭ ਉੱਗ ਆਉਣ।’’ ਸਵਾਲ ਇਹ ਉੱਠਦਾ ਹੈ ਕਿ ਹਕੂਮਤ ਲੇਖਕਾਂ ਤੇ ਚਿੰਤਕਾਂ ਨੂੰ ਜੇਲ੍ਹ ਵਿੱਚ ਕਿਉਂ ਸੁੱਟਦੀ ਹੈ? ਸਪਸ਼ਟ ਜਵਾਬ ਇਹ ਹੈ ਕਿ ਬਹੁਤੀਆਂ ਹਕੂਮਤਾਂ ਅਸਹਿਮਤੀ ਨੂੰ ਬਰਦਾਸ਼ਤ ਨਹੀਂ ਕਰਦੀਆਂ। ਕਈ ਵਾਰ ਕਵੀਆਂ, ਲੇਖਕਾਂ ਤੇ ਚਿੰਤਕਾਂ ਨੂੰ ਸਿੱਧੇ ਤੌਰ ’ਤੇ ਉਨ੍ਹਾਂ ਦੀਆਂ ਲਿਖਤਾਂ ਕਰਕੇ ਬੰਦੀ ਬਣਾਇਆ ਗਿਆ ਤੇ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਹਕੂਮਤ ਵਿਰੁੱਧ ਕਿਸੇ ਸਾਜ਼ਿਸ਼ ਵਿੱਚ ਸ਼ਾਮਲ ਹਨ। ਜਦੋਂ ਇਟਲੀ ਦੇ ਹੁਕਮਰਾਨ ਮੁਸੋਲਿਨੀ ਨੇ ਮਾਰਕਸਵਾਦੀ ਚਿੰਤਕ ਗ੍ਰਾਮਸੀ ਨੂੰ ਕੈਦ ਕਰਨ ਦਾ ਹੁਕਮ ਦਿੱਤਾ ਤਾਂ ਕਿਹਾ ਕਿ ਉਹ ਖ਼ਤਰਨਾਕ ਦਿਮਾਗ਼ ਦਾ ਮਾਲਕ ਹੈ ਤੇ ਹਕੂਮਤ ਦਾ ਫਰਜ਼ ਬਣਦਾ ਹੈ ਕਿ ਉਸ ਦੇ ਦਿਮਾਗ਼ ਨੂੰ ਕੰਮ ਕਰਨ ਤੋਂ ਰੋਕਿਆ ਜਾਵੇ। ਪਰ ਗ੍ਰਾਮਸੀ ਨੇ ਬੜਾ ਲੰਬਾ ਸਮਾਂ ਜੇਲ੍ਹ ਕੱਟੀ ਤੇ ਲਿਖਣਾ ਜਾਰੀ ਰੱਖਿਆ। ਉਸ ਦੀਆਂ ਜੇਲ੍ਹ ਵਿੱਚ ਲਿਖੀਆਂ ਲਿਖਤਾਂ ਜ਼ਦੀਦ ਖੱਬੇ ਪੱਖੀ ਸੋਚ ਦਾ ਆਧਾਰ ਬਣੀਆਂ। ਵੇਲੇ ਦੀ ਫਰਾਂਸੀਸੀ ਹਕੂਮਤ ਨੇ ਵਾਲਤੇਅਰ ਤੇ ਹੋਰ ਚਿੰਤਕਾਂ ਤੇ ਲੇਖਕਾਂ ਨੂੰ ਨਜ਼ਰਬੰਦ ਕੀਤਾ ਤੇ ਦੇਸ਼ ਬਦਰ ਕੀਤਾ। ਆਉ ਵੇਖੀਏ ਜੇਲ੍ਹ ਵਿੱਚ ਰਹਿੰਦਿਆਂ ਕਵੀ ਕਿਸ ਤਰ੍ਹਾਂ ਦੀ ਕਵਿਤਾ ਲਿਖਦੇ ਹਨ। ਫੈਜ਼ ਅਹਿਮਦ ਫੈਜ਼ ਨੇ ਮਸ਼ਹੂਰ ਨਜ਼ਮ ‘ਦਰਦ ਆਏਗਾ ਦਬੇ ਪਾਂਵ’ ਕਾਰਾਵਾਸ ਦੌਰਾਨ ਲਿਖੀ। ਉਸ ਨਜ਼ਮ ਵਿੱਚ ਫੈਜ਼ ਅਹਿਮਦ ਫੈਜ਼ ਕਹਿੰਦਾ ਹੈ: ‘‘ਦਰਦ ਆਏਗਾ ਦਬੇ ਪਾਂਵ, ਲੀਏ ਸੁਰਖ਼ ਚਿਰਾਗ਼/ ਵਹ ਜੋ ਏਕ ਦਰਦ ਧੜਕਤਾ ਹੈ ਕਹੀਂ ਦਿਲ ਸੇ ਪਰੇ... ਦਿਲ ਸੇ ਫਿਰ ਹੋਗੀ ਮਿਰੀ ਬਾਤ ਕੇ ਏ ਦਿਲ, ਏ ਦਿਲ/ ਯੇ ਜੋ ਮਹਿਬੂਬ ਬਨਾ ਹੈ ਤਿਰੀ ਤਨਹਾਈ ਕਾ/ ਯੇ ਤੋ ਮੈਹਮਾਂ ਹੈ ਘੜੀ-ਭਰ ਕਾ ਚਲਾ ਜਾਏਗਾ/ ਇਸਸੇ ਕਬ ਤੇਰੀ ਮੁਸੀਬਤ ਕਾ ਮਦਾਵਾ ਹੋਗਾ/ ਮੁਸ਼ਤਈ’ਲ ਹੋਕੇ ਅਭੀ ਉਠੇਂਗੇ ਬਾਕੀ ਸਾਏ/ ਰਾਤ ਭਰ ਜਿਨਸੇ ਤਿਰਾ ਖ਼ੂਨ-ਖ਼ਰਾਬਾ ਹੋਗਾ।’’ ਅਮਰਜੀਤ ਚੰਦਨ ਨੇ ਇਕਾਂਤਵਾਸ ਜੇਲ੍ਹ ਕੱਟਦਿਆਂ ਲਿਖਿਆ: ‘‘ਨਾ ਤੱਕਾਂ ਮੈਂ ਚੜ੍ਹਦਾ ਸੂਰਜ/ ਨਾ ਤੱਕਾਂ ਮੈਂ ਲਹਿੰਦਾ/ ਹਰ ਸਾਹ/ ਉਹਦਾ ਨਿੱਘ ਮੈਂ ਪੀਵਾਂ/ ਇਸ ਠਰਦੀ ਨੁਕਰ ਵਿੱਚ ਬੈਠਾ/ ਹਰ ਕਣ ਮਖ਼ਮੂਰ ਉਹਦੇ ਸੰਗ/ ਓਦਰਾਇਆ ਓਦਰਾਇਆ/ ਇੱਕ ਦੂਜੇ ਨੂੰ ਤੱਕ ਨਾ ਸਕੀਏ/ ਇਹ ਸਾਡੀ ਮਜਬੂਰੀ...।’’ ਪਾਸ਼ ਨੇ ਜੇਲ੍ਹ ਵਿੱਚ ਰਹਿੰਦਿਆਂ ਲਿਖਿਆ: ‘‘ਤੁਸਾਂ ਮੈਨੂੰ ਦਿੱਤਾ ਹੈ ਸਿਰਫ਼ ਇੱਕ ਕਮਰਾ/ ਸਥਿਰ ਤੇ ਬੰਦ/ ਮਿਣਨਾ ਤੇ ਮੈਂ ਹੈ/ ਕਿ ਇਸ ਵਿੱਚ ਕਿੰਨੇ ਕਦਮਾਂ ਨਾਲ ਮੀਲ ਬਣਦਾ ਹੈ/ ਕਿੰਨੇ ਚੱਲ ਕੇ ਕੰਧ, ਕੰਧ ਨਹੀਂ ਰਹਿੰਦੀ/ ਤੇ ਸਫ਼ਰ ਦੇ ਅਰਥ ਸ਼ੁਰੂ ਹੁੰਦੇ ਹਨ...।’’ ਰੂਸੀ ਕਵੀ ਓਸਿਪ ਮੈਂਡਲਸਟਾਮ ਨੂੰ ਲੰਬੇ ਸਮੇਂ ਲਈ ਜੇਲ੍ਹ ਵਿੱਚ ਸੁੱਟਿਆ ਗਿਆ ਤੇ ਸਾਇਬੇਰੀਆ ਦੇ ਕੈਂਪਾਂ ਵਿੱਚ ਵੀ ਭੇਜਿਆ ਗਿਆ। ਓਸਿਪ ਮੈਂਡਲਸਟਾਮ ਨੇ ਲਿਖਿਆ: ‘‘ਸ਼ਾਇਦ ਤੇਰੀ ਗੱਲ ਮੇਰੇ ਹੋਠਾਂ ਤੋਂ ਪਹਿਲਾਂ ਪੈਦਾ ਹੋ ਗਈ ਸੀ... ਮੈਂ ਉਸ ਗਰੀਬੜੀ ਧਰਤੀ ਨੂੰ ਪਿਆਰ ਕਰਦਾ ਹਾਂ, ਕਿਉਂਕਿ ਮੈਂ ਹੋਰ ਕੋਈ ਧਰਤੀ ਵੇਖੀ ਹੀ ਨਹੀਂ।’’ ਓਹਨੇ ਇਹ ਵੀ ਲਿਖਿਆ: ‘‘ਲੋਕਾਂ ਨੂੰ ਕਵਿਤਾ ਚਾਹੀਦੀ ਹੈ ਜਿਹੜੀ ਉਨ੍ਹਾਂ ਦਾ ਭੇਤ ਬਣੇ/ ਜਿਹੜੀ ਉਨ੍ਹਾਂ ਨੂੰ ਜਾਗਦਿਆਂ ਰੱਖੇ ਤੇ ਉਨ੍ਹਾਂ ਨੂੰ ਆਪਣੇ ਸਾਹਾਂ ਦੀਆਂ ਲਿਸ਼ਕਦੇ ਵਾਲਾਂ ਵਾਲੀਆਂ ਲਹਿਰਾਂ ਵਿੱਚ ਇਸ਼ਨਾਨ ਕਰਾਉਂਦੀ ਰਹੇ।’’ ਆਪਣੀ ਇੱਕ ਕਵਿਤਾ ਵਿੱਚ ਫਲਸਤੀਨੀ ਕਵੀ ਮੁਹੰਮਦ ਦਰਵੇਸ਼ ਕੈਦਖਾਨੇ ਦੇ ਪਹਿਰੇਦਾਰ ਨਾਲ ਸਵਾਲ-ਜਵਾਬ ਕਰਦਾ ਹੈ। ਪਹਿਰੇਦਾਰ ਸਵਾਲ ਪੁੱਛਦਾ ਹੈ ਤੇ ਕਵੀ ਜਵਾਬ ਦਿੰਦਾ ਹੈ। ‘‘ਚੰਦ ਕਿੱਥੋਂ ਆਉਂਦਾ ਹੈ? ਬਗਦਾਦ ਦੀਆਂ ਰਾਤਾਂ ’ਚੋਂ... ਸੰਗੀਤ? ਮੇਰੇ ਦਿਲ ਦੀ ਧੜਕਣ ’ਚੋਂ... ਇਹ ਆਜ਼ਾਦੀ? ਉਨ੍ਹਾਂ ਜੰਜ਼ੀਰਾਂ ’ਚੋਂ ਜਿਨ੍ਹਾਂ ਨਾਲ ਕੱਲ੍ਹ ਰਾਤੀ ਤੂੰ ਮੈਨੂੰ ਬੰਨ੍ਹਿਆ ਸੀ।’’ ਕਵੀ, ਲੇਖਕ ਤੇ ਚਿੰਤਕ ਆਪਣੇ ਵੇਲੇ ਦੀਆਂ ਹਕੂਮਤਾਂ ਨਾਲ ਅਸਹਿਮਤ ਕਿਉਂ ਹੁੰਦੇ ਹਨ? ਉਹ ਸਥਾਪਤੀ ਦੀ ਧਿਰ ਬਣਕੇ ਕਿਉਂ ਨਹੀਂ ਰਹਿ ਸਕਦੇ? ਵੈਸੇ ਤਾਂ ਦਰਬਾਰੀ ਕਵੀਆਂ ਦੀ ਰਵਾਇਤ ਰਹੀ ਹੈ ਤੇ ਸ਼ਾਇਰ ਬਾਦਸ਼ਾਹਾਂ ਤੇ ਜਗੀਰਦਾਰਾਂ ਦੀ ਸ਼ਾਨ ਵਿੱਚ ਕਸੀਦੇ ਲਿਖਦੇ ਰਹੇ ਹਨ। ਪਰ ਸਮਾਜ ਵਿੱਚ ਹੁੰਦੀ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਵਾਲੇ ਸ਼ਾਇਰ, ਲਿਖਾਰੀ ਤੇ ਦਾਨਿਸ਼ਵਰ ਨਾਬਰੀ ਦੀ ਆਵਾਜ਼ ਬਣਕੇ ਉੱਭਰਦੇ ਰਹੇ ਹਨ। ਜਾਣੇ ਪਛਾਣੇ ਲੇਖਕ ਤੇ ਚਿੰਤਕ ਹੀ ਨਹੀਂ, ਲੋਕ ਖ਼ੁਦ ਆਪਣੇ ਨਾਇਕਾਂ ਨੂੰ ਚੇਤੇ ਰੱਖਣ ਤੇ ਲੜਨ ਲਈ ਲੋਕ-ਬੋਲ ਸਿਰਜਦੇ ਹਨ। ਦੁੱਲਾ ਭੱਟੀ ਦਾ ਪੁਰਾਤਨ ਕਿੱਸਾ ਕ੍ਰਿਸ਼ਨ ਸਿੰਘ ਨੇ ਬਹੁਤ ਬਾਅਦ ਵਿੱਚ ਲਿਖਿਆ ਪਰ ਸ਼ਾਹ ਮੁਹੰਮਦ ਦੀ ਗਵਾਹੀ ਅਨੁਸਾਰ ਪੰਜਾਬੀ ਚਿਰਾਂ ਤੋਂ ਦੁੱਲਾ ਭੱਟੀ ਤੇ ਜੈਮਲ ਫੱਤੇ ਦੀਆਂ ਵਾਰਾਂ ਗਾਉਂਦੇ ਆਏ ਹਨ। ਪੰਜਾਬੀ ਸ਼ਾਇਰੀ ਵਿੱਚ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਤੇ ਵਾਰਿਸ ਸ਼ਾਹ ਨੇ ਆਪਣੇ ਸਥਾਪਤੀ ਵਿਰੋਧੀ ਕਲਾਮ ਵਿੱਚ ਮਨਸੂਰ ਨੂੰ ਨਾਇਕ ਬਣਾਇਆ। ਕਿਸੇ ਬਾਦਸ਼ਾਹ ਜਾਂ ਧਾੜਵੀ ਨੂੰ ਨਹੀਂ। ਬੁੱਲ੍ਹੇ ਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਨੂੰ ਗਾਜ਼ੀ ਕਿਹਾ ਤੇ ਸਰਮਦ ਦੀ ਹਾਮੀ ਭਰੀ। ਉਹਨੇ ਆਪਣੇ ਆਪ ਨੂੰ ਇਹ ਕਹਿ ਕੇ ਵੰਗਾਰਿਆ ‘‘ਲਾਹ ਪਗੜੀ ਭੋਇੰ ਮਾਰ’’। ਬੁੱਲ੍ਹੇ ਸ਼ਾਹ ਨੇ ਸਾਨੂੰ ਇਹ ਵੀ ਦੱਸਿਆ ਕਿ ਇਸ਼ਕ ਤੇ ਸ਼ਰਾ ਦੀ ਬਾਜ਼ੀ ਹਰ ਵਕਤ ਲੱਗੀ ਰਹਿੰਦੀ ਹੈ। ਇਹ ਬਾਜ਼ੀ ਲੱਗੀ ਰਹਿਣੀ ਹੈ। ਚਿੰਤਕਾਂ, ਸ਼ਾਇਰਾਂ ਤੇ ਦਾਨਿਸ਼ਵਰਾਂ ਨੇ ਬੁੱਲ੍ਹੇ ਸ਼ਾਹ ਦੇ ਬੋਲਾਂ ਅਨੁਸਾਰ ‘ਉਲਟੀ ਦਸਤਕ’ ਲਗਾਉਂਦੇ ਰਹਿਣਾ ਹੈ ਤੇ ਏਸ ਵਰਤਾਰੇ ਕਰਕੇ ਹਕੂਮਤ ਨਾਲ ਉਨ੍ਹਾਂ ਦਾ ਤਣਾਓ ਭਰਿਆ ਰਿਸ਼ਤਾ ਬਣਿਆ ਰਹਿਣਾ ਹੈ।

-ਸਵਰਾਜਬੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

28 ਹਜ਼ਾਰ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਲਾਨ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਛੇ ਦਿਨ ਮਗਰੋਂ ਨਹਿਰ ’ਚੋਂ ਮਿਲੀ ਲਾਸ਼; ਲੜਕੀ ਨੂੰ ਰਿਜ਼ੌਰਟ ਦੇ ਗਾਹਕਾਂ ...

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਮੀਂਹ ਕਾਰਨ ਮੰਡੀ ਰੈਲੀ ’ਚ ਨਹੀਂ ਪਹੁੰਚ ਸਕੇ ਪ੍ਰਧਾਨ ਮੰਤਰੀ; ਵੀਡੀਓ-ਕਾ...

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਪੰਜਾਬ ’ਚ ਕਈ ਥਾਵਾਂ ’ਤੇ ਫਸਲਾਂ ਵਿਛੀਆਂ; ਝਾੜ ਪ੍ਰਭਾਵਿਤ ਹੋਣ ਦਾ ਖਦਸ਼ਾ

ਸ਼ਹਿਰ

View All