ਇਨਸਾਨੀਅਤ ਦਾ ਸ਼ਾਇਰ

ਇਨਸਾਨੀਅਤ ਦਾ ਸ਼ਾਇਰ

ਸ਼ਬਦ ਸੰਚਾਰ ਸੁਰਿੰਦਰ ਸਿੰਘ ਤੇਜ ਗ਼ਜ਼ਲ ਸਮਰਾਟ ਜਗਜੀਤ ਸਿੰਘ ਦੀ ਦੋ ਸ਼ਾਇਰਾਂ ਨਾਲ ਸਾਂਝ ਕੁਝ ਜ਼ਿਆਦਾ ਸੀ। ਇਹ ਸਨ : ਸੁਦਰਸ਼ਨ ਫ਼ਾਕਿਰ ਤੇ ਨਿਦਾ ਫ਼ਾਜ਼ਲੀ। ਫ਼ਾਕਿਰ ਦੀਆਂ 26 ਗ਼ਜ਼ਲਾਂ ਤੇ ਨਜ਼ਮਾਂ ਜਗਜੀਤ ਨੇ ਸੁਰਬੰਦ ਕੀਤੀਆਂ। ਨਿਦਾ ਫ਼ਾਜ਼ਲੀ ਦੀਆਂ 19 ਗ਼ਜ਼ਲਾਂ ਤੇ ਨਜ਼ਮਾਂ ਨੂੰ ਇਹ ਐਜਾਜ਼ ਹਾਸਿਲ ਹੋਇਆ। ਫ਼ਾਕਿਰ ਬਾਰੇ ਜਗਜੀਤ ਸਿੰਘ ਕਿਹਾ ਕਰਦਾ ਸੀ ਕਿ ਉਹ ਮੇਰਾ ਹਮਵਤਨੀ (ਪੰਜਾਬੀ), ਹਮਜ਼ੁਬਾਂ (ਪੰਜਾਬੀ) ਤੇ ਹਮਮਿਜ਼ਾਜ ਹੈ। ਮੈਂ ਉਸਦੀ ਸ਼ਾਇਰੀ ਦੀਆਂ ਬਾਰੀਕੀਆਂ ਸਮਝਦਾ ਹਾਂ, ਉਹ ਮੇਰੇ ਸੰਗੀਤਕ ਟਿੰਬਰ (ਆਵਾਜ਼ ਦੇ ਸਰੂਪ) ਨੂੰ ਪਛਾਣਦਾ ਹੈ। ਇਸੇ ਲਈ ਸਾਡੀ ਜੁਗਲਬੰਦੀ ਸਹੀ ਬੈਠਦੀ ਹੈ। ਨਿਦਾ ਫ਼ਾਜ਼ਲੀ ਬਾਰੇ ਉਸਦਾ ਕਹਿਣਾ ਸੀ ਕਿ ਉਹ ‘ਡੂੰਘੀਆਂ ਗੱਲਾਂ ਸਾਦਗ਼ੀ ਦੀ ਜ਼ੁਬਾਨ ਵਿੱਚ ਕਹਿਣ ਦਾ ਮਾਹਿਰ ਹੈ। ਇਹ ਹੁਨਰ ਹਰ ਸ਼ਾਇਰ ਵਿੱਚ ਨਹੀਂ ਹੁੰਦਾ।’ ਇਸੇ ਹੁਨਰ ਕਰਕੇ ਮੁਕਤਿਦਾ ਹਸਨ ਨਿਦਾ ਫ਼ਾਜ਼ਲੀ ਦਾ ਚਲਾਣਾ ਹਿੰਦੋਸਤਾਨੀ ਅਦਬ ਵਿੱਚ ਇੱਕ ਖ਼ਲਾਅ ਛੱਡ ਗਿਆ ਹੈ। ਉਹ ਸਹੀ ਮਾਅਨਿਆਂ ਵਿੱਚ ਅਸਲਵਾਦੀ ਸ਼ਾਇਰ ਸੀ। ਇਹ ਉਸਦੀ ਸ਼ਾਇਰੀ ਤੇ ਸ਼ਰਫ਼ ਦਾ ਕਮਾਲ ਸੀ ਕਿ ਉਹ ਨੰਗੇ ਸੱਚ ਨੂੰ ਵੀ ਖਰ੍ਹਵੇ ਢੰਗ ਨਾਲ ਨਹੀਂ ਸੀ ਬਿਆਨਦਾ; ਮਾਸੂੁਮੀਅਤ ਨਾਲ ਸੱਚੀ ਗੱਲ ਕਹਿ ਜਾਂਦਾ ਸੀ ਜਿਵੇਂ ਕਿ ਇਸ ਸ਼ਿਅਰ ਤੋਂ ਹੀ ਜ਼ਾਹਿਰ ਹੈ: ਮੇਰੀ ਗ਼ੁਰਬਤ ਕੋ ਸ਼ਰਾਫ਼ਤ ਕਾ ਅਭੀ ਨਾਮ ਨਾ ਦੋ ਵਕਤ ਬਦਲਾ ਤੋ ਮੇਰੀ ਰਾਏ ਬਦਲ ਜਾਏਗੀ। ਮੁਸ਼ਾਇਰਿਆਂ ਤੇ ਕਵੀ ਦਰਬਾਰਾਂ ਦੀ ਸ਼ਾਨ ਸੀ ਨਿਦਾ। ਉਸਨੇ ਹਿੰਦੀ ਫ਼ਿਲਮਾਂ ਲਈ ਗੀਤ ਵੀ ਲਿਖੇ ਤੇ ਸੰਵਾਦ ਵੀ। ਜਗਜੀਤ ਸਿੰਘ ਤੋਂ ਇਲਾਵਾ ਚੰਦਨ ਦਾਸ, ਰਾਜੇਂਦਰ ਮਹਿਤਾ, ਭੁਪਿੰਦਰ ਸਿੰਘ, ਤਲਤ ਅਜ਼ੀਜ਼ ਤੇ ਮਨਹਰ ਉਧਾਸ ਨੇ ਉਸਦੀਆਂ ਗ਼ਜ਼ਲਾਂ ਨੂੰ ਆਪਣੀ ਗਾਇਕੀ ਨਾਲ ਸ਼ਾਨ ਬਖ਼ਸ਼ੀ। ਇਸ ਸਭ ਦੇ ਬਾਵਜੂਦ ਉਸਦੀ ਜ਼ਿੰਦਗੀ ਕਦੇ ਵੀ ਏਨੀ ਸੁਕੂਨਦੇਹ ਨਹੀਂ ਰਹੀ ਕਿ ਉਹ ਇਸ ਵਿੱਚੋਂ ਮਦਹੋਸ਼ੀਆਂ ਤਲਾਸ਼ਣ ਬਾਰੇ ਸੋਚਦਾ। ਸ਼ਾਇਦ ਇਸੇ ਸੰਘਰਸ਼ ਨੇ ਉਸ ਦੇ ਅੰਦਰ ‘ਸ਼ਰਾਫ਼ਤ’ ਜ਼ਿੰਦਾ ਰੱਖੀ। ਮੰਟੋ ਤੇ ਸਾਹਿਰ ਵਾਂਗ ਕਸ਼ਮੀਰੀ ਪਿਛੋਕਡ਼ ਵਾਲੇ ਪਰਿਵਾਰ ਨਾਲ ਸਬੰਧਤ ਨਿਦਾ ਦਾ ਜਨਮ 1938 ਵਿੱਚ ਦਿੱਲੀ ’ਚ ਹੋਇਆ। ਪਰਿਵਾਰ ਗਵਾਲੀਅਰ ਵਿੱਚ ਵਸਿਆ ਹੋਣ ਕਾਰਨ ਉਸਦੀ ਪਰਵਰਿਸ਼ ਤੇ ਤਾਲੀਮ ਉੱਥੇ ਹੀ ਹੋਈ। ਕੌਮੀ ਬਟਵਾਰੇ ਮਗਰੋਂ ਪਿਤਾ ਨੇ ਪਰਿਵਾਰ ਸਮੇਤ ਪਾਕਿਸਤਾਨ ਜਾਣ ਦਾ ਇਰਾਦਾ ਕਰ ਲਿਆ ਪਰ ਨਿਦਾ ਗਵਾਲੀਅਰ ਵਿੱਚ ਹੀ ਟਿਕੇ ਰਹਿਣ ’ਤੇ ਅਡ਼ਿਆ ਰਿਹਾ। 1953 ਵਿੱਚ ਜਦੋਂ ਪਰਿਵਾਰ ਚਲਾ ਗਿਆ ਤਾਂ ਨਿਦਾ ਲਈ ਆਪਣਾ ਹੀ ਫ਼ੈਸਲਾ ਨਿੱਤ ਨਵੇਂ ਸੰਕਟ ਪੈਦਾ ਕਰਦਾ ਰਿਹਾ। ਉਂਜ, ਇਨਂਾਂ ਸੰਕਟਾਂ ਨੇ ਉਸ ਅੰਦਰ ਨਵੀਂ ਊਰਜਾ ਵੀ ਪੈਦਾ ਕੀਤੀ। ਉਰਦੂ ਵਿੱਚ ਸ਼ਾਇਰੀ ਉਸਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਉੱਪਰੋਂ ਸੂਰਦਾਸ ਦੇ ਭਜਨਾਂ ਤੇ ਹਿੰਦੀ ਕਵਿਤਾ ਨਾਲ ਮੋਹ ਵੀ ਪੈ ਚੁੱਕਾ ਸੀ। ਸਰਲ ਉਰਦੂ ਤੇ ਸਰਲ ਹਿੰਦੀ ਦੇ ਸੁਮੇਲ ਨੇ ਉਸਨੂੰ ਆਪਣੀ ਪੀਡ਼ਂੀ ਦੇ ਸ਼ਾਇਰਾਂ ਤੋਂ ਵੱਖਰਾ ਬਣਾ ਦਿੱਤਾ। ਇਨਂਾਂ ਦਿਨਾਂ ਵਿੱਚ ਹੀ ਜਦੋਂ ਉਸਨੂੰ ਪਾਕਿਸਤਾਨ ਨਾ ਜਾਣ ਬਾਰੇ ਸਵਾਲ ਹੋਣ ਲੱਗੇ ਤਾਂ ਉਸਨੇ ਇਸਦਾ ਜਵਾਬ ਇਸ ਅੰਦਾਜ਼ ਵਿੱਚ ਦਿੱਤਾ: ਇਨਸਾਨ ਮੇਂ ਹੈਵਾਨ ਯਹਾਂ ਭੀ ਹੈਂ, ਵਹਾਂ ਭੀ। ਅੱਲ੍ਹਾ ਨਿਗਾਹਬਾਨ ਯਹਾਂ ਭੀ ਹੈ, ਵਹਾਂ ਭੀ। ਖ਼ੂੰਖਾਰ ਦਰਿੰਦੋਂ ਕੇ ਫ਼ਕਤ ਨਾਮ ਅਲਗ ਹੈਂ, ਸ਼ਹਿਰੋਂ ਮੇਂ ਬਿਆਂਬਾਨ ਯਹਾਂ ਭੀ ਹੈਂ, ਵਹਾਂ ਭੀ। ਸ਼ਾਇਰ ਦੇ ਤੌਰ ’ਤੇ ਆਪਣੀ ਪਛਾਣ ਬਣਾਉਣ ਅਤੇ ਰੋਜ਼ੀ-ਰੋਟੀ ਜੁਟਾਉਣ ਲਈ ਨਿਦਾ ਫ਼ਾਜ਼ਲੀ 1964 ਵਿੱਚ ਬੰਬਈ ਚਲਾ ਗਿਆ। ਉਸਨੂੰ ਫ਼ਿਲਮ ਜਗਤ ਵਿੱਚ ਗੀਤਕਾਰ ਵਜੋਂ ਦਾਖ਼ਲਾ ਵੀ ਮਿਲਿਆ ਪਰ ਖੁਸ਼ਾਮਦੀ ਜਾਂ ਤਿਕਡ਼ਮਬਾਜ਼ ਨਾ ਹੋਣ ਕਾਰਨ ਕੰਮ ਲਈ ਤਰਸਣਾ ਵੀ ਪਿਆ। ‘ਬਦਲਾ ਨਾ ਅਪਨੇ ਆਪਕੋ ਜੋ ਥੇ ਵਹੀ ਰਹੇ/ ਮਿਲਤੇ ਰਹੇ ਸਭੀ ਸੇ ਪਰ ਅਜਨਬੀ ਰਹੇ’ ਵਰਗੇ ਸ਼ਿਅਰ ਇਨਂਾਂ ਦਿਨਾਂ ਦੀਆਂ ਦੁਸ਼ਵਾਰੀਆਂ ਦੀ ਹੀ ਪੈਦਾਇਸ਼ ਸਨ। ਉਹ ਇਨਸਾਨੀਅਤ ਦਾ ਸ਼ੈਦਾਈ ਸੀ ਅਤੇ ਇਹ ਵਜਦ ਉਸਨੇ ਆਪਣੇ ਅੰਦਰੋਂ ਕਦੇ ਵੀ ਮੱਠਾ ਨਹੀਂ ਪੈਣ ਦਿੱਤਾ। ਬਟਵਾਰੇ ਦੇ ਦਿਨਾਂ ਦੇ ਫ਼ਿਰਕੇਦਾਰਾਨਾ ਕਤਲੇਆਮ, ਪਾਕਿਸਤਾਨ ਵਿੱਚ ਪਿਤਾ ਦੇ ਜਨਾਜ਼ੇ ’ਚ ਹਾਜ਼ਰੀ ਨਾ ਭਰ ਸਕਣ ਤੋਂ ਉਪਜੀ ਪੀਡ਼ਾ ਅਤੇ 1992 ਦੇ ਮੁੰਬਈ ਫ਼ਿਰਕੂ ਦੰਗਿਆਂ ਦੌਰਾਨ ਸ਼ਿਵ ਸੈਨਿਕਾਂ ਵੱਲੋਂ ਉਸਦਾ ਘਰ ਸਾਡ਼ ਦਿੱਤੇ ਜਾਣ ਦੇ ਬਾਵਜੂਦ ਇਨਸਾਂਪ੍ਰਸਤੀ ਦਾ ਜਨੂਨ ਨਾ ਸਿਰਫ਼ ਉਸ ਅੰਦਰ ਜ਼ਿੰਦਾ ਰਿਹਾ ਸਗੋਂ ਹੋਰ ਤੀਬਰ ਹੋਇਆ। ਅੱਠ ਕੁ ਸਾਲ ਪਹਿਲਾਂ ਪੰਚਕੂਲਾ ਵਿੱਚ ਇੱਕ ਮੁਸ਼ਾਇਰੇ ਮੌਕੇ ਹੋਈ ਮੁਲਾਕਾਤ ਦੌਰਾਨ ਨਿਦਾ ਫ਼ਾਜ਼ਲੀ ਨੇ ਮੰਨਿਆ ਸੀ ਕਿ ਆਪਣੀ ਕਿਤਾਬ ‘ਮੁਲਾਕਾਤੇਂ’ ਵਿੱਚ ਉਸਨੇ ਅਲੀ ਸਰਦਾਰ ਜਾਫ਼ਰੀ, ਸਾਹਿਰ ਲੁਧਿਆਣਵੀ ਤੇ ਕੈਫ਼ੀ ਆਜ਼ਮੀ ਨੂੰ ‘ਜਾਅਲੀ ਸਮਾਜਵਾਦੀ’ ਦੱਸਣ ਵਰਗੀ ਜੋ ‘ਗਫ਼ਲਤ’ ਕੀਤੀ ਸੀ, ਉਹ ‘ਇਜ਼ਮਾਂ’ ਜਾਂ ‘ਵਾਦਾਂ’ ਪ੍ਰਤੀ ਉਸਦੀ ਹਿਕਾਰਤ ਦਾ ਨਤੀਜਾ ਸੀ। ਉਸਦਾ ਪੱਕਾ ਯਕੀਨ ਸੀ ਕਿ ਇਨਸਾਨਪ੍ਰਸਤੀ ਨੂੰ ਕਿਸੇ ‘ਵਾਦ’ ਦੇ ਸਹਾਰੇ ਦੀ ਜ਼ਰੂਰਤ ਨਹੀਂ ਹੁੰਦੀ। ‘ਬੱਚਾ ਬੋਲਾ ਦੇਖਕਰ ਮਸਜਿਦ ਆਲੀਸ਼ਾਨ/ ਅੱਲਂਾ ਤੇਰੇ ਏਕ ਕੋ, ਇਤਨਾ ਬਡ਼ਾ ਮਕਾਨ?’ ਜਾਂ ‘ਅੰਦਰ ਮੂਰਤ ਪਰ ਚਡ਼ਂੇ ਘੀ, ਪੂਰੀ, ਮਿਸ਼ਠਾਨ/ਮੰਦਿਰ ਕੇ ਬਾਹਰ ਖਡ਼ਂਾ, ਈਸ਼ਵਰ ਮਾਂਗੇ ਦਾਨ’ ਵਰਗੇ ਦੋਹੇ ਇਸੇ ਯਕੀਨ ਵਿੱਚੋਂ ਹੋਂਦ ’ਚ ਆਏ ਸਨ। ਕੌਮੀ ਤੇ ਕੌਮਾਂਤਰੀ ਮਸਲਿਆਂ ਪ੍ਰਤੀ ਅਤਿਅੰਤ ਸੁਚੇਤ ਅਤੇ ਸਮੇਂ ਦੇ ਹਾਲਾਤ ਨੂੰ ‘ਸਾਤ ਸਮੁੰਦਰ ਪਾਰ ਸੇ, ਕੋਈ ਕਰੇ ਵਿਆਪਾਰ/ਪਹਿਲੇ ਭੇਜੇ ਸਰਹਦੇਂ, ਫਿਰ ਭੇਜੇ ਹਥਿਆਰ’ ਵਰਗੇ ਦੋਹਿਆਂ ਨਾਲ ਬਿਆਨ ਕਰਨ ਵਾਲਾ ਨਿਦਾ ਫ਼ਾਜ਼ਲੀ ਭਾਰਤ ਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਨੂੰ ਲੀਹ ’ਤੇ ਲਿਆਉਣ ਦਾ ਹਮੇਸ਼ਾ ਹੀ ਮੁਦਈ ਰਿਹਾ। ਉਸਨੇ ਇਸੇ ਪ੍ਰਸੰਗ ਵਿੱਚ ਜੋ ਸਲਾਹ ਦਿੱਤੀ, ਉਹ ਇਸ ਰਿਸ਼ਤੇ ਨਾਲ ਜੁਡ਼ੀਆਂ ਪੇਚੀਦਗੀਆਂ ਦੇ ਮੱਦੇਨਜ਼ਰ ਅੱਜ ਵੀ ਨਿਹਾਇਤ ਸਾਜ਼ਗਾਰ ਹੈ: ਬਾਤ ਕਮ ਕੀਜੇ, ਜ਼ਿਹਾਨਤ ਕੋ ਛਿਪਾਤੇ ਰਹੀਏ। ਯਿਹ ਨਯਾ ਸ਼ਹਰ ਹੈ, ਕੁਛ ਦੋਸਤ ਬਨਾਤੇ ਰਹੀਏ। ਦੁਸ਼ਮਨੀ ਲਾਖ ਸਹੀ, ਖ਼ਤਮ ਨਾ ਕੀਜੇ ਰਿਸ਼ਤਾ, ਦਿਲ ਮਿਲੇ ਯਾ ਨਾ ਮਿਲੇ, ਹਾਥ ਮਿਲਾਤੇ ਰਹੀਏ। ਯਿਹ ਤੋ ਚਿਹਰੇ ਕਾ ਕੋਈ ਅਕਸ ਹੈ, ਤਸਵੀਰ ਨਹੀਂ ਇਸ ਪੇ ਕੁਛ ਰੰਗ ਅਭੀ ਅੌਰ ਚਡ਼੍ਹਾਤੇ ਰਹੀਏ। ਅਜਿਹੇ ਅਜ਼ੀਮ ਤੇ ਦੂਰਅੰਦੇਸ਼ੀ ਸ਼ਾਇਰ ਨੂੰ ਕੀ ਅਲਵਿਦਾ ਕਹੀ ਜਾ ਸਕਦੀ ਹੈ?

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All