ਅਮਨ ਦੀ ਲੋਅ

ਹਿੰਦੋਸਤਾਨ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੁਆਰਾ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਜਾਰੀ ਰੱਖਣ ਦਾ ਫ਼ੈਸਲਾ ਸੁਭਾਗਾ ਹੈ। ਪੁਲਵਾਮਾ ਵਿਚ ਸੈਂਟਰਲ ਰਿਜ਼ਰਵ ਪੁਲੀਸ ਫੋਰਸ ’ਤੇ ਹੋਏ ਦਹਿਸ਼ਤਗਰਦ ਹਮਲੇ, ਬਾਲਾਕੋਟ ਵਿਚ ਹਿੰਦੋਸਤਾਨੀ ਹਵਾਈ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ ਤੇ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਤਣਾਓ ਵਾਲੇ ਹਾਲਾਤ ਹਨ। ਦੋਹਾਂ ਦੇਸ਼ਾਂ ਵੱਲੋਂ ਬਾਲਾਕੋਟ ਵਿਚ ਕੀਤੇ ਗਏ ਹਵਾਈ ਹਮਲੇ ਬਾਰੇ ਵੱਖ ਵੱਖ ਤਰ੍ਹਾਂ ਦੇ ਦਾਅਵੇ ਕੀਤੇ ਗਏ। ਹਿੰਦੋਸਤਾਨ ਦੇ ਕੇਂਦਰੀ ਮੰਤਰੀਆਂ ਤੇ ਸਿਆਸੀ ਆਗੂਆਂ ਨੇ ਮਾਰੇ ਗਏ ਦਹਿਸ਼ਤਗਰਦਾਂ ਦੀ ਵੱਖਰੀ ਵੱਖਰੀ ਗਿਣਤੀ ਦੱਸੀ ਜਦੋਂਕਿ ਹਵਾਈ ਫ਼ੌਜ ਦੇ ਮੁਖੀ ਨੇ ਕਿਹਾ ਕਿ ਹਵਾਈ ਫ਼ੌਜ ਦਾ ਕੰਮ ਉਨ੍ਹਾਂ ਨੂੰ ਸੌਂਪੀ ਗਈ ਕਾਰਵਾਈ ਕਰਨਾ ਹੈ ਨਾ ਕਿ ਲਾਸ਼ਾਂ ਗਿਣਨਾ। ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਪਾਰਟੀ ਨੇ ਪੁਲਵਾਮਾ ਵਿਚ ਸ਼ਹੀਦ ਹੋਏ ਸੀਆਰਪੀਐੱਫ਼ ਦੇ ਜਵਾਨਾਂ ਅਤੇ ਬਾਲਾਕੋਟ ਵਿਚ ਕੀਤੀ ਕਾਰਵਾਈ ਨੂੰ ਸਿਆਸੀ ਲਾਹਾ ਲੈਣ ਲਈ ਵੀ ਵਰਤਿਆ। ਇਸ ਤੋਂ ਬਾਅਦ ਕੇਂਦਰੀ ਚੋਣ ਕਮਿਸ਼ਨ ਨੂੰ ਇਹ ਕਹਿਣਾ ਪਿਆ ਕਿ ਕੋਈ ਵੀ ਸਿਆਸੀ ਪਾਰਟੀ ਆਪਣੇ ਚੋਣ ਪ੍ਰਚਾਰ ਦੌਰਾਨ ਫ਼ੌਜ ਤੇ ਸੁਰੱਖਿਆ ਬਲਾਂ ਦੀਆਂ ਤਸਵੀਰਾਂ ਦੀ ਵਰਤੋਂ ਨਾ ਕਰੇ। ਇਸ ਤਣਾਓ ਭਰੇ ਹਾਲਾਤ ਵਿਚ ਸਭ ਤੋਂ ਚੰਗੀ ਖ਼ਬਰ ਪਾਕਿਸਤਾਨ ਵੱਲੋਂ ਹਿੰਦੋਸਤਾਨ ਦੇ ਪਾਇਲਟ ਅਭਿਨੰਦਨ ਵਰਤਮਾਨ ਦੀ ਤੁਰੰਤ ਵਾਪਸੀ ਸੀ। ਇਹ ਵਾਪਸੀ ਇਸ ਗੱਲ ਦਾ ਵੀ ਸੰਕੇਤ ਸੀ/ਹੈ ਕਿ ਬਹੁਤ ਸਾਰੇ ਮਾਮਲੇ ਕੂਟਨੀਤਕ ਤੇ ਸਫ਼ਾਰਤੀ ਯਤਨਾਂ ਰਾਹੀਂ ਨਜਿੱਠੇ ਜਾ ਸਕਦੇ ਹਨ। ਬਹੁਤੇ ਲੋਕਾਂ ਨੂੰ ਅੰਦੇਸ਼ਾ ਸੀ ਕਿ ਅੰਧ-ਰਾਸ਼ਟਰਵਾਦ ਦੀ ਝੁੱਲ ਰਹੀ ਹਨੇਰੀ ਵਿਚ, ਦੋਹਾਂ ਦੇਸ਼ਾਂ ਦੇ ਕੁਝ ਆਪਸੀ ਮਾਮਲੇ, ਜਿਨ੍ਹਾਂ ਵਿਚੋਂ ਕਰਤਾਰਪੁਰ ਲਾਂਘੇ ਬਾਰੇ ਵਾਰਤਾ ਪ੍ਰਮੁੱਖ ਹੈ, ਉਲਝ ਕੇ ਰਹਿ ਜਾਣਗੇ ਅਤੇ ਦੋਹਾਂ ਸਰਕਾਰਾਂ ਦਰਮਿਆਨ ਹੋਣ ਵਾਲੀ ਗੱਲਬਾਤ ਮੁਲਤਵੀ ਕਰ ਦਿੱਤੀ ਜਾਏਗੀ। ਕਈ ਵਾਰ ਪਾਕਿਸਤਾਨ ਉੱਤੇ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਉਹ ਕਰਤਾਰਪੁਰ ਲਾਂਘੇ ਨੂੰ ਸਿਆਸੀ ਤੇ ਕੂਟਨੀਤਕ ਹਥਿਆਰ ਵਜੋਂ ਵਰਤ ਰਿਹਾ ਹੈ ਅਤੇ ਹਿੰਦੋਸਤਾਨ ਵਿਚਲੇ ਕੱਟੜਪੰਥੀ ਪਾਕਿਸਤਾਨ ਵੱਲੋਂ ਕੀਤੀ ਗਈ ਪਹਿਲਕਦਮੀ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਰਹੇ ਹਨ। ਦੂਸਰੇ ਪਾਸੇ ਕੁਝ ਰਾਜਸੀ ਮਾਹਿਰਾਂ ਦਾ ਖਿਆਲ ਹੈ ਕਿ ਪਾਕਿਸਤਾਨੀ ਫ਼ੌਜ ਤੇ ਸਰਕਾਰ ਦਾ ਵੱਡਾ ਹਿੱਸਾ ਹੁਣ ਇਹ ਮਹਿਸੂਸ ਕਰਨ ਲੱਗ ਪਿਆ ਹੈ ਕਿ ਦਹਿਸ਼ਤਗਰਦੀ ਪਾਕਿਸਤਾਨ ਵਾਸਤੇ ਵੀ ਘਾਤਕ ਹੈ ਅਤੇ ਜੰਗ ਦੋਹਾਂ ਦੇਸ਼ਾਂ ਲਈ ਮਾਰੂ ਸਾਬਤ ਹੋਵੇਗੀ। ਪਾਕਿਸਤਾਨ ਦੇ ਇਤਿਹਾਸ ਵਿਚ ਫ਼ੌਜ ਨੇ ਅਹਿਮ ਸਿਆਸੀ ਭੂਮਿਕਾ ਨਿਭਾਈ ਹੈ। ਇਸ ਲਈ ਇਹ ਸੋਚਣਾ ਬਚਕਾਨਾ ਹੋਵੇਗਾ ਕਿ ਉਹ ਪਾਕਿਸਤਾਨ ਦੀ ਸਿਆਸਤ ਵਿਚ ਆਪਣੇ ਗ਼ਲਬੇ ਨੂੰ ਏਨੀ ਜਲਦੀ ਘਟਣ ਦੇਵੇਗੀ। ਇਸ ਦੇ ਨਾਲ ਨਾਲ ਫ਼ੌਜ ਦਹਿਸ਼ਤਗਰਦ ਜਥੇਬੰਦੀਆਂ ਉੱਤੇ ਕੁਝ ਨਕੇਲ ਤਾਂ ਭਾਵੇਂ ਪਾ ਲਵੇ ਪਰ ਉਹ ਉਨ੍ਹਾਂ ਨੂੰ ਜੰਮੂ ਕਸ਼ਮੀਰ ਵਿਚ ਹਿੰਦੋਸਤਾਨ ਵਿਰੁੱਧ ਕਾਰਵਾਈਆਂ ਤੋਂ ਵਰਜਣ ਵਾਲੀ ਨਹੀਂ। ਇਸ ਸਭ ਕੁਝ ਦੇ ਬਾਵਜੂਦ ਕਰਤਾਰਪੁਰ ਲਾਂਘਾ, ਆਪਸੀ ਵਪਾਰ ਤੇ ਸੱਭਿਆਚਾਰਕ ਪੱਧਰ ’ਤੇ ਕਲਾਕਾਰਾਂ, ਵਿਦਵਾਨਾਂ ਤੇ ਲੇਖਕਾਂ ਦਾ ਮੇਲ-ਜੋਲ ਇਹੋ ਜਿਹੇ ਖੇਤਰ ਹਨ ਜਿਨ੍ਹਾਂ ਵਿਚ ਉਸਾਰੂ ਪਹਿਲਕਦਮੀਆਂ ਰਾਹੀਂ ਹਾਲਾਤ ਸੁਖਾਵੇਂ ਹੋ ਸਕਦੇ ਹਨ। ਪੁਲਵਾਮਾ ਵਿਚ ਹੋਈ ਦਹਿਸ਼ਤਗਰਦ ਕਾਰਵਾਈ ਤੋਂ ਬਾਅਦ ਭਾਵੇਂ ਹਿੰਦੋਸਤਾਨ ਦੇ ਬਹੁਤ ਸਾਰੇ ਹਿੱਸਿਆਂ ਵਿਚ ਬਦਲਾ-ਲਊ ਭਾਵਨਾਵਾਂ ਦਾ ਤੂਫ਼ਾਨ ਉੱਠਿਆ ਪਰ ਸਰਹੱਦੀ ਸੂਬਿਆਂ ਦੇ ਲੋਕ ਇਸ ਜਜ਼ਬਾਤੀ ਵਹਿਣ ਵਿਚ ਨਹੀਂ ਵਹੇ। ਸਰਹੱਦੀ ਸੂਬਿਆਂ ਦੇ ਲੋਕਾਂ ਨੇ ਲਗਭਗ ਇਕ ਆਵਾਜ਼ ਵਿਚ ਕਿਹਾ ਕਿ ਉਹ ਅਮਨ ਚਾਹੁੰਦੇ ਹਨ। ਪੰਜਾਬ ਦੇ ਲੋਕ ਇਤਿਹਾਸਕ, ਸੱਭਿਆਚਾਰਕ ਤੇ ਧਾਰਮਿਕ ਕਾਰਨਾਂ ਕਰਕੇ ਕਰਤਾਰਪੁਰ ਦੇ ਲਾਂਘੇ ਬਾਰੇ ਭਾਵੁਕ ਹਨ। ਇਸ ਲਈ ਜੇ ਇਸ ਗੱਲਬਾਤ ਵਿਚ ਕੋਈ ਰੁਕਾਵਟ ਆਉਂਦੀ ਤਾਂ ਲੋਕਾਂ ਵਿਚ ਭਾਰੀ ਨਿਰਾਸ਼ਾ ਫੈਲ ਸਕਦੀ ਹੈ। ਕਰਤਾਰਪੁਰ ਲਾਂਘਾ ਜੰਗ ਤੋਂ ਪੈਦਾ ਹੋਣ ਵਾਲੇ ਹਨੇਰੇ ਵਿਰੁੱਧ ਅਮਨ ਦੀ ਲੋਅ ਹੈ। ਇਸ ਲੋਅ ਨੂੰ ਜਗਾਈ ਰੱਖਣਾ ਚਾਹੀਦਾ ਹੈ ਤੇ ਆਸ ਕਰਨੀ ਚਾਹੀਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੀ ਇਸ ਭੂਮੀ ਦਾ ਸਦਕਾ ਦੋਵੇਂ ਦੇਸ਼ ਗੱਲਬਾਤ ਰਾਹੀਂ ਮਸਲੇ ਸੁਲਝਾਉਣ ਦੀ ਲੰਮੀ ਪ੍ਰਕਿਰਿਆ ਦਾ ਆਰੰਭ ਕਰ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All