
ਛੇ ਦਿਨ ਨਹੀਂ ਛਪਿਆ ਅਖ਼ਬਾਰ
ਇੱਥੇ ਵਰਨਣਯੋਗ ਹੈ ਕਿ ਇਸ ਸਮੇਂ ਦੌਰਾਨ 18 ਅਪਰੈਲ ਤੋਂ ਬਾਅਦ ਟ੍ਰਿਬਿਊਨ ਅਖ਼ਬਾਰ 24 ਅਪਰੈਲ ਨੂੰ ਹੀ ਛਪਿਆ।ਇਹ ਗਵਾਹੀਆਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਬ ਕਮੇਟੀ ਨੇ ਕਲਮਬੰਦ ਕੀਤੀਆਂ।
1919: ਜੱਲ੍ਹਿਆਂਵਾਲੇ ਬਾਗ਼ ਦਾ ਪ੍ਰਵੇਸ਼ ਦੁਆਰ, ਜਿਥੋਂ ਜਨਰਲ ਡਾਇਰ ਅੰਦਰ ਦਾਖ਼ਲ ਹੋਇਆ।
ਰਤਨ ਦੇਵੀ
‘‘ਜੱਲ੍ਹਿਆਂ ਵਾਲੇ ਬਾਗ ਨੇੜੇ ਆਪਣੇ ਘਰ ਵਿੱਚ ਸਾਂ ਜਦੋਂ ਮੈਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਮੈਂ ਉਸ ਵੇਲੇ ਲੰਮੀ ਪਈ ਹੋਈ ਸਾਂ। ਮੈਂ ਘਬਰਾ ਕੇ ਉੱਠ ਖਲੋਤੀ ਕਿਉਂਕਿ ਮੇਰਾ ਪਤੀ ਵੀ ਬਾਗ ਵਿੱਚ ਗਿਆ ਹੋਇਆ ਸੀ। ਮੈਂ ਰੋਂਦੀ ਪਿੱਟਦੀ ਦੋਂਹ ਜਨਾਨੀਆਂ ਨੂੰ ਲੈ ਕੇ ਉਧਰ ਨੂੰ ਤੁਰ ਪਈ। ਉੱਥੇ ਤਾਂ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਉਨ੍ਹਾਂ ਵਿੱਚ ਮੈਂ ਵੀ ਆਪਣੇ ਪਤੀ ਨੂੰ ਭਾਲਣ ਲੱਗ ਪਈ। ਮੁਰਦਿਆਂ ਦੀਆਂ ਢੇਰੀਆਂ ਉਲਟਦਿਆਂ-ਪਲਟਦਿਆਂ ਮੈਨੂੰ ਆਪਣੇ ਪਤੀ ਦੀ ਲੋਥ ਦਿਸ ਪਈ। ਪਰ ਉਸ ਤਕ ਪੁੱਜਣ ਦਾ ਰਾਹ, ਲਹੂ, ਮਿੱਝ ਅਤੇ ਲੋਥਾਂ ਨਾਲ ਭਰਿਆ ਪਿਆ ਸੀ। ਥੋੜ੍ਹੀ ਦੇਰ ਪਿੱਛੋਂ ਲਾਲਾ ਸੁੰਦਰ ਦਾਸ ਦੇ ਦੋਵੇਂ ਪੁੱਤਰ ਉੱਥੇ ਆ ਗਏ। ਮੈਂ ਉਨ੍ਹਾਂ ਨੂੰ ਕਿਹਾ, ‘‘ਕਿਸੇ ਤਰ੍ਹਾਂ ਜਾ ਕੇ ਮੰਜੀ ਲੈ ਆਉ ਤੇ ਉਹਦੇ ਉੱਤੇ ਪਾ ਕੇ ਲਾਸ਼ ਘਰ ਲੈ ਚਲੀਏ।’’ ਮੁੰਡੇ ਘਰਾਂ ਨੂੰ ਪਰਤ ਗਏ ਅਤੇ ਮੈਂ ਨਾਲ ਆਈਆਂ ਜਨਾਨੀਆਂ ਨੂੰ ਵੀ ਮਗਰੇ ਭੇਜ ਦਿੱਤਾ। ਉਸ ਵੇਲੇ ਰਾਤ ਦੇ ਅੱਠ ਵੱਜ ਗਏ ਸਨ। ਕਰਫਿਊ ਕਾਰਨ ਕੋਈ ਵੀ ਆਪਣੇ ਘਰ ਤੋਂ ਬਾਹਰ ਪੈਰ ਨਹੀਂ ਸੀ ਪਾ ਸਕਦਾ। ਮੈਂ ਉਡੀਕਦੀ ਰਹੀ, ਰੋਂਦੀ ਰਹੀ। ਕੋਈ ਸਾਢੇ ਅੱਠ ਵਜੇ ਇਕ ਸਿੱਖ ਨਜ਼ਰੀਂ ਆਇਆ। ਕੁਛ ਹੋਰ ਬੰਦੇ ਮੁਰਦਿਆਂ ਵਿੱਚੋਂ ਕੋਈ ਚੀਜ਼ ਭਾਲ ਰਹੇ ਸਨ। ਮੈਨੂੰ ਨਹੀਂ ਪਤਾ ਉਹ ਕੌਣ ਸਨ। ਮੈਂ ਉਸ ਸਿੱਖ ਨੂੰ ਤਰਲਾ ਪਾਇਆ, ਮੇਰੀ ਸਹਾਇਤਾ ਕਰੋ ਤਾਂ ਜੋ ਮੇਰੇ ਪਤੀ ਦੀ ਲੋਥ ਜ਼ਰਾ ਸੁੱਕੇ ਥਾਂ ਕੀਤੀ ਜਾ ਸਕੇ, ਕਿਉਂਕਿ ਉਸ ਥਾਂ ’ਤੇ ਲਹੂ ਹੀ ਲਹੂ ਫਿਰ ਰਿਹਾ ਸੀ। ਉਹਨੇ ਮੇਰੇ ਪਤੀ ਦੀ ਲੋਥ ਨੂੰ ਸਿਰ ਵਾਲੇ ਪਾਸਿਉਂ ਚੁੱਕਿਆ ਅਤੇ ਮੈਂ ਲੱਤਾਂ ਵਾਲੇ ਪਾਸਿਉਂ ਆਸਰਾ ਕੀਤਾ ਅਤੇ ਬੜੀ ਮੁਸ਼ਕਲ ਨਾਲ ਉਸ ਨੂੰ ਸੁੱਕੇ ਥਾਂ ਲੱਕੜੀ ਉਪਰ ਜਾ ਧਰਿਆ। ਮੈਂ ਕੋਈ ਦਸ ਵਜੇ ਤੱਕ ਉਡੀਕਿਆ ਅਤੇ ਫੇਰ ਕਟੜੇ ਵੱਲ ਤੁਰ ਪਈ। ਮੇਰਾ ਖਿਆਲ ਸੀ ਕਿ ਠਾਕਰਦਵਾਰੇ ਦੇ ਕਿਸੇ ਵਿਦਿਆਰਥੀ ਨੂੰ ਵਾਸਤਾ ਪਾਵਾਂ ਕਿ ਮੇਰੇ ਪਤੀ ਦੀ ਲਾਸ਼ ਨੂੰ ਘਰ ਪਹੁੰਚਾਉਣ ਵਿੱਚ ਮੇਰੀ ਮਦਦ ਕਰੇ। ਮੈਂ ਥੋੜ੍ਹੀ ਵਾਟ ਗਈ ਹੋਵਾਂਗੀ ਕਿ ਲਾਗਲੇ ਘਰ ਦੀ ਖਿੜਕੀ ਵਿੱਚੋਂ ਕਿਸੇ ਨੇ ਪੁੱਛਿਆ, ‘‘ਇਸ ਵੇਲੇ ਕਿੱਥੇ ਪਈ ਜਾਨੀ ਏਂ।’’ ਮੈਂ ਕਿਹਾ, ‘‘ਮੈਂ ਆਪਣੇ ਪਤੀ ਦੀ ਲਾਸ਼ ਆਪਣੇ ਘਰ ਲੈ ਜਾਣੀ ਹੈ, ਉਸ ਵਾਸਤੇ ਮੈਨੂੰ ਕੁਛ ਬੰਦਿਆਂ ਦੀ ਸਹਾਇਤਾ ਦਰਕਾਰ ਹੈ।’’ ਉਹਨੇ ਆਖਿਆ, ‘‘ਮੈਂ ਇਕ ਫੱਟੜ ਦੀ ਦੇਖ-ਭਾਲ ਕਰਦਾ ਪਿਆ ਹਾਂ ਪਰ ਇਸ ਵੇਲੇ ਅੱਠ ਵੱਜ ਗਏ ਹਨ, ਕੋਈ ਤੇਰੀ ਮਦਦ ਲਈ ਨਹੀਂ ਆਏਗਾ।’’ ਇਹ ਸੁਣ ਕੇ ਮੈਂ ਫੇਰ ਕਟੜੇ ਵੱਲ ਤੁਰ ਪਈ ਤਾਂ ਮੈਨੂੰ ਇਕ ਬਜ਼ੁਰਗ ਮਿਲ ਪਿਆ। ਉਹਨੂੰ ਵੀ ਮੈਂ ਆਪਣੀ ਸਾਰੀ ਦਰਦ ਭਰੀ ਵਿਥਿਆ ਕਹਿ ਸੁਣਾਈ। ਉਹਨੂੰ ਮੇਰੇ ਉਪਰ ਤਰਸ ਆ ਗਿਆ। ਆਪਣੇ ਆਦਮੀਆਂ ਨੂੰ ਉਹਨੇ ਕਿਹਾ, ‘‘ਇਹਦੇ ਨਾਲ ਜਾਓ।’’ ਪਰ ਉਹ ਕਹਿਣ, ‘‘ਹੁਣ ਦਸ ਵੱਜ ਗਏ ਹਨ। ਇਹਦੇ ਨਾਲ ਜਾ ਕੇ ਗੋਲੀ ਕਿਹੜਾ ਖਾਏ। ਬਾਹਰ ਨਿਕਲਣ
24 ਅਪਰੈਲ 1919 ਦੇ ‘ਦਿ ਟ੍ਰਿਬਿਊਨ’ ਵਿਚ ਛਪੀ ਖ਼ਬਰ (ਖੱਬੇ) ਦੀ ਇਬਾਰਤ ਅਤੇ ਉਸਦਾ ਪੰਜਾਬੀ ਉਲਥਾ।
ਦਾ ਵੇਲਾ ਨਹੀਂ ਰਹਿ ਗਿਆ। ਅਸੀਂ ਏਡੀ ਦੂਰ ਕਿਵੇਂ ਜਾਈਏ?’’ ਮੈਂ ਵਾਪਸ ਮੁੜ ਆਈ ਅਤੇ ਆਪਣੇ ਪਤੀ ਦੀ ਲਾਸ਼ ਦੇ ਸਰ੍ਹਾਣੇ ਬੈਠ ਗਈ। ਕੁੱਤਿਆਂ ਨੂੰ ਹਟਾਉਣ ਲਈ ਇਕ ਵੰਝ ਦੀ ਸੋਟੀ ਵੀ ਮੇਰੇ ਹੱਥ ਲੱਗ ਗਈ। ਮੈਂ ਅੱਧ-ਮੋਏ ਆਦਮੀਆਂ ਨੂੰ ਪੀੜ ਨਾਲ ਤੜਫਦਿਆਂ ਵੇਖਿਆ। ਲਾਗੇ ਪਈ ਫੱਟੜ ਮੱਝ ਨੂੰ ਅਸਿਹ ਪੀੜ ਨਾਲ ਕਰਾਹੁੰਦਿਆਂ ਵੀ ਮੈਂ ਸੁਣਿਆ। ਬਾਰ੍ਹਾਂ ਸਾਲ ਦਾ ਇਕ ਜ਼ਖ਼ਮੀ ਮੁੰਡਾ ਮੇਰੇ ਤਰਲੇ ਕਰਨ ਲੱਗਾ, ‘‘ਮੈਨੂੰ ਛੱਡ ਕੇ ਨਾ ਜਾਓ।’’ ਮੈਂ ਉਹਨੂੰ ਕਿਹਾ, ‘‘ਮੈਂ ਤਾਂ ਆਪਣੇ ਪਤੀ ਦੀ ਲਾਸ਼ ਦੀ ਰਾਖੀ ਬੈਠੀ ਹਾਂ, ਤੈਨੂੰ ਛੱਡ ਕੇ ਕਿਵੇਂ ਜਾ ਸਕਦੀ ਹਾਂ।’’ ਮੈਂ ਉਹਨੂੰ ਪੁੱਛਿਆ, ‘‘ਤੈਨੂੰ ਪਾਲਾ ਤਾਂ ਨਹੀਂ ਲੱਗਦਾ, ਜੇ ਕਹੇਂ ਤਾਂ ਤੇਰੇ ਉਪਰ ਕੱਪੜਾ ਪਾ ਦਿਆਂ।’’ ਉਹਨੇ ਪਾਣੀ ਮੰਗਿਆ ਪਰ ਪਾਣੀ ਉੱਥੇ ਕਿੱਥੇ ਸੀ? ਇਕ-ਇਕ ਘੰਟੇ ਪਿੱਛੋਂ ਮੈਂ ਘੜਿਆਲ ਦੀ ਆਵਾਜ਼ ਸੁਣਦੀ ਰਹੀ। ਰਾਤ ਦੇ ਦੋ ਵਜੇ ਸੁਲਤਾਨ ਪਿੰਡ ਦੇ ਇਕ ਜੱਟ, ਜੋ ਕੰਧ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ, ਨੇ ਮੈਨੂੰ ਵਾਜ ਮਾਰੀ। ਉਹਨੇ ਕਿਹਾ, ‘‘ਮੇਰੀ ਲੱਤ ਜ਼ਰਾ ਉਪਰ ਨੂੰ ਕਰ ਦਈਂ।’’ ਮੈਂ ਉੱਠ ਕੇ ਉਹਦੇ ਲਹੂ ਨਾਲ ਗੜੱਚ ਕੱਪੜਿਆਂ ਤੋਂ ਫੜ ਕੇ ਉਹਦੀ ਲੱਤ ਉੱਪਰ ਨੂੰ ਕਰ ਦਿੱਤੀ। ਉਸ ਤੋਂ ਮਗਰੋਂ ਸਾਢੇ ਪੰਜ ਵਜੇ ਤੱਕ ਕੋਈ ਉੱਥੇ ਨਾ ਆਇਆ। ਕੋਈ ਛੇ ਵਜੇ ਦੇ ਕਰੀਬ ਲਾਲਾ ਸੁੰਦਰ ਦਾਸ, ਉਹਦੇ ਲੜਕੇ ਅਤੇ ਮੇਰੇ ਮੁਹੱਲੇ ਦੇ ਕੁਝ ਹੋਰ ਲੋਕੀਂ ਮੰਜੀ ਲੈ ਕੇ ਆ ਗਏ ਅਤੇ ਮੈਂ ਆਪਣੇ ਪਤੀ ਦੀ ਲਾਸ਼ ਲੈ ਕੇ ਘਰ ਨੂੰ ਮੁੜੀ। ਮੈਂ ਕਈਆਂ ਹੋਰਨਾਂ ਨੂੰ ਵੀ ਆਪਣੇ ਸਾਕਾਂ ਅੰਗਾਂ ਦੀਆਂ ਲਾਸ਼ਾਂ ਭਾਲਦਿਆਂ ਤੱਕਿਆ। ਮੇਰੀ ਸਾਰੀ ਰਾਤ ਉੱਥੇ ਲੰਘੀ। ਮੇਰੇ ਲਈ ਇਹ ਬਿਆਨ ਕਰਨਾ ਮੁਸ਼ਕਲ ਹੈ ਕਿ ਮੈਂ ਉਸ ਵੇਲੇ ਕਿਵੇਂ ਮਹਿਸੂਸ ਕਰਦੀ ਸਾਂ। ਉੱਥੇ ਲਾਸ਼ਾਂ ਦੀਆਂ ਢੇਰੀਆਂ ਲੱਗੀਆਂ ਹੋਈਆਂ ਸਨ। ਕਈ ਉਨ੍ਹਾਂ ਵਿੱਚੋਂ ਪੁੱਠੀਆਂ ਪਈਆਂ ਸਨ ਤੇ ਕਈ ਸਿੱਧੀਆਂ। ਇਨ੍ਹਾਂ ਵਿੱਚ ਕੁਛ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਵੀ ਸਨ। ਮੈਨੂੰ ਉਹ ਦਰਦਨਾਕ ਨਜ਼ਾਰਾ ਕਦੇ ਨਹੀਂ ਭੁੱਲਣ ਲੱਗਾ। ਮੈਂ ਸਾਰੀ ਰਾਤ ਇਕੱਲੀ ਮੁਰਦਿਆਂ ਦੇ ਜੰਗਲ ਵਿੱਚ ਬੈਠੀ ਰਹੀ ਸਾਂ। ਕੁੱਤਿਆਂ ਦੇ ਭੌਂਕਣ, ਖੋਤਿਆਂ ਦੇ ਰੀਂਗਣ ਅਤੇ ਫੱਟੜਾਂ ਦੀਆਂ ਦਰਦ-ਪਰੋਈਆਂ ਚੀਕਾਂ ਅਤੇ ਹੂੰਗਰਾਂ ਤੋਂ ਸਿਵਾਏ ਕੋਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ। ਸੈਂਕੜੇ ਲੋਕਾਂ ਦੇ ਵਿਚਕਾਰ ਮੈਂ ਸਾਰੀ ਰਾਤ ਰੋਂਦੀ ਕਰਲਾਉਂਦੀ ਰਹੀ। ਉਸ ਰਾਤ ਮੇਰੀ ਹਾਲਤ ਮੈਂ ਜਾਂ ਮੇਰਾ ਰੱਬ ਹੀ ਜਾਣਦਾ ਹੈ। ’’
ਲਾਲਾ ਸ਼ਾਰਦਾ ਰਾਮ
ਲਾਲਾ ਸ਼ਾਰਦਾ ਰਾਮ ਨੇ ਆਖਿਆ, ‘‘11 ਵਜੇ (10 ਅਪਰੈਲ) ਮੈਂ ਵੀ ਭੀੜ ਵਿਚ ਸ਼ਾਮਲ ਹੋ ਗਿਆ। ਪੁਲ ਕੋਲ ਪੱਟ ਵਿਚ ਚਾਰ ਗੋਲੀਆਂ ਲੱਗੀਆਂ ਤੇ ਬੇਹੋਸ਼ ਹੋ ਕੇ ਡਿੱਗ ਪਿਆ। ਹਸਪਤਾਲ ਵਿਚ ਲੱਤ ਕੱਟ ਦਿੱਤੀ ਗਈ। ਫਿਰ 6 ਸਤੰਬਰ, 1919 ਨੂੰ ਹਸਪਤਾਲ ਤੋਂ ਛੁੱਟੀ ਮਿਲੀ।’’
ਸੇਠ ਗੁਲ ਮੁਹੰਮਦ
‘‘ਸੇਠ ਗੁਲ ਮੁਹੰਮਦ (ਸ਼ੀਸ਼ਾ ਵਪਾਰੀ) ਨੇ ਦੱਸਿਆ ਕਿ ਉਪਰੋਂ ਹਵਾਈ ਜਹਾਜ਼ ਲੰਘਣ ’ਤੇ ਜਦੋਂ ਕੁਝ ਲੋਕ ਭੱਜਣ ਲੱਗੇ ਤਾਂ ਹੰਸਰਾਜ ਨੇ ਮੰਚ ਤੋਂ ਆਖਿਆ, ‘‘ਉਹ ਆਪਣਾ ਕੰਮ ਕਰ ਰਹੇ ਨੇ, ਤੁਸੀਂ ਆਪਣਾ ਕੰਮ ਕਰੋ।’’ ਮਤਲਬ ਇਹ ਸੀ ਕਿ ਹਵਾਈ ਜਹਾਜ਼ ਵਾਲੇ ਆਪਣਾ ਗਸ਼ਤ ਦਾ ਕੰਮ ਕਰ ਰਹੇ ਸਨ ਤੇ ਤੁਸੀਂ ਉਥੇ ਤਕਰੀਰਾਂ ਸੁਣਨ ਆਏ ਸੀ।


ਕੂਚਾ ਕੌੜਿਆਂਵਾਲਾ ਵਿਚ 19 ਤੋਂ 24 ਅਪਰੈਲ, 1919 ਨੂੰ ਲੱਗੀ ਹੋਈ ਅੰਗਰੇਜ਼ ਫ਼ੌਜੀਆਂ ਦੀ ਪਿਕਟ।
ਵਕੀਲ ਮਕਬੂਲ ਮਹਿਮੂਦ
ਮੈਂ 1918 ਤੋਂ ਵਕਾਲਤ ਕਰ ਰਿਹਾਂ ਹਾਂ ਤੇ ਕਾਂਗਰਸ ਦੀਆਂ ਸਵਾਗਤੀ ਤੇ ਕਾਰਗਰ ਕਮੇਟੀਆਂ- ਦੋਵਾਂ ਦਾ ਮੈਂਬਰ ਹਾਂ। ਮੈਂ ਹਿੰਦੂ-ਮੁਸਲਿਮ ਇਤਫ਼ਾਕ ਲਈ ਵੀ ਕੰਮ ਕਰਦਾ ਹਾਂ। ਦਸ ਅਪਰੈਲ ਨੂੰ ਡਾ. ਕਿਚਲੂ ਤੇ ਸੱਤਿਆ ਪਾਲ ਦੇ ਸ਼ਹਿਰ-ਬਦਰ ਕੀਤੇ ਜਾਣ ਤੋਂ ਲੋਕਾਂ ਵਿਚ ਭਾਰੀ ਰੋਹ ਸੀ। ਲੋਕਾਂ ਦੀ ਭੀੜ ਡਿਪਟੀ ਕਮਿਸ਼ਨਰ ਨੂੰ ਮਿਲਣਾ ਚਾਹੁੰਦੀ ਸੀ ਪਰ ਅਫ਼ਸੋਸ, ਉਨ੍ਹਾਂ ਬੇਕਸੂਰਾਂ ਉਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਫਾਇਰਿੰਗ ਕਾਰਨ ਭੀੜ ਭੜਕ ਗਈ ਸੀ। ਫਿਰ ਵੀ ਅਸੀਂ ਉਨ੍ਹਾਂ ਨੂੰ ਆਖਿਆ ਕਿ ਉਹ ਵਾਪਸ ਜਾ ਕੇ ਜੱਲ੍ਹਿਆਂਵਾਲਾ ਬਾਗ਼ ਵਿਚ ਇਕੱਤਰ ਹੋਣ। ਪਰ ਉਸੇ ਵਕਤ ਡਾਕਖ਼ਾਨੇ ਵਾਲੇ ਪਾਸਿਉਂ ਗੋਲੀ ਚੱਲ ਗਈ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕ ਮੁੜ ਕੇ ਗੱਡੀਵਾਲੇ ਪੁਲ਼ ਵੱਲ ਭੱਜੇ। ਅਚਾਨਕ ਕੁਝ ਲੋਕਾਂ ਨੇ ਚੌਕੀ ਉਤੇ ਪੱਥਰ ਤੇ ਲੱਕੜਾਂ ਸੁੱਟੀਆਂ ਤਾਂ ਜਵਾਬ ਵਿਚ ਫ਼ੌਜੀਆਂ ਨੇ ਬਿਨਾਂ ਖ਼ਬਰਦਾਰ ਕੀਤਿਆਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਰੁਕਣ ਪਿੱਛੋਂ ਮੈਂ ਸਿਪਾਹੀਆਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਕੋਲ ਕੋਈ ਐਂਬੂਲੈਂਸ ਹੈ? ਤਾਂ ਉਨ੍ਹਾਂ ਨਾਂਹ ਕਰ ਦਿੱਤੀ। ਮਿਸਟਰ ਮਾਈਲਜ਼ ਇਰਵਿੰਗ ਨੇ ਇਸ ਲਈ ਅਫ਼ਸੋਸ ਜ਼ਾਹਰ ਕੀਤਾ ਕਿ ਗੋਲੀ ਉਦੋਂ ਚਲਾਈ ਗਈ ਜਦੋਂ ਸਲਾਰੀਆ ਤੇ ਮੈਂ ਭੀੜ ਅੱਗੇ ਖਲੋਤੇ ਸਾਂ। ਖ਼ੈਰ, ਉਨ੍ਹਾਂ ਮੈਨੂੰ ਘੋੜਾ ਦੇ ਕੇ ਸ਼ਹਿਰ ਦੇ ਬੈਂਕਾਂ ਵਿਚ ਦੋ ਗੋਰੇ ਮੈਨੇਜਰਾਂ ਦੀ ਹਾਲਤ ਪਤਾ ਲਾਉਣ ਲਈ ਭੇਜ ਦਿੱਤਾ।ਅੰਨ੍ਹੇ ਭਿਖਾਰੀ ਕਾਹਨ ਚੰਦ ਦਾ ਬਿਆਨ
‘‘ਗਲੀ ਵਿਚ ਭੀਖ ਮੰਗਣ ਆਉਂਦਾ ਹਾਂ। ਮੈਨੂੰ ਸਿਪਾਹੀਆਂ ਨੇ ਆਖਿਆ ਕਿ ਮੈਂ ਰੀਂਗ ਕੇ ਜਾਵਾਂ। ਰਾਹ ਵਿਚ ਸਹੀ ਢੰਗ ਨਾਲ ਨਾ ਰੀਂਗਣ ਦੀ ਆਖ ਕੇ ਉਨ੍ਹਾਂ ਮੈਨੂੰ ਠੁੱਡੇ ਮਾਰੇ। ਕੁਝ ਬੂਹਿਆਂ ਅੱਗਿਉਂ ਫ਼ਰਿਆਦਾਂ ਕਰ ਕੇ ਭਿਖਿਆ ਮੰਗੀ, ਪਰ ਜਵਾਬ ਮਿਲਿਆ ਕਿ ਬੁਰੇ ਦਿਨ ਨੇ, ਉਹ ਕੁਝ ਨਹੀਂ ਦੇ ਸਕਦੇ। ਮੈਂ ਆਖਿਆ, ‘‘ਦੋ ਦਿਨਾਂ ਤੋਂ ਭੁੱਖਾ ਹਾਂ, ਫਿਰ ਵੀ ਕੁਝ ਨਾ ਮਿਲਿਆ।’’ਲਾਲ ਨੱਥੂ ਰਾਮ
‘‘ਮੈਂ ਦੋ-ਤਿੰਨ ਥਾਈਂ ਇਸ਼ਤਿਹਾਰ ਦੇਖੇ ਤੇ ਮੁਨਾਦੀ ਸੁਣੀ ਕਿ ਜੱਲ੍ਹਿਆਂਵਾਲਾ ਬਾਗ਼ ਵਿਚ ਬਾਬੂ ਕਨ੍ਹੱਈਆ ਲਾਲ ਵਕੀਲ ਦੀ ਤਕਰੀਰ ਹੋਵੇਗੀ। ਗੋਲੀਆਂ ਦੀ ਆਵਾਜ਼ ਸੁਣ ਕੇ ਮੈਂ ਉਸ ਪਾਸੇ ਭੱਜਿਆ ਗਿਆ ਕਿਉਂਕਿ ਮੇਰਾ ਪੁੱਤਰ ਤੇ ਭਰਾ ਵੀ ਜਲਸੇ ਵਿਚ ਗਏ ਹੋਏ ਸਨ। ਮੁੰਡਾ ਮੈਨੂੰ ਰਾਹ ਵਿਚ ਮਿਲ ਗਿਆ। ਗੋਲੀਆਂ ਰੁਕਣ ਤੋਂ ਪੰਜ ਮਿੰਟ ਬਾਅਦ ਉਸ ਨੂੰ ਲੈ ਕੇ ਕੰਧ ਟੱਪ ਕੇ ਬਾਗ਼ ਵਿਚ ਦਾਖ਼ਲ ਹੋਏ। ਬਾਹਰ ਨਿਕਲਣ ਦੇ ਰਾਹਾਂ ਅਤੇ ਦੀਵਾਰਾਂ ਕੋਲ ਲਾਸ਼ਾਂ ਦੇ ਢੇਰ ਲੱਗੇ ਸਨ। ਲਾਸ਼ਾਂ ਉਲਟਾ-ਉਲਟਾ ਕੇ ਭਰਾ ਨੂੰ ਲੱਭਿਆ। ਢੇਰੀ ਵਿਚ ਹੀ ਕਰੀਬ ਦੋ ਸੌ ਲਾਸ਼ਾਂ ਸਨ। ਪੰਦਰਾਂ ਸੌ ਲੋਕ ਮਾਰ ਦਿੱਤੇ ਗਏ। ਗਿਰਝਾਂ ਉਪਰ ਗੇੜੇ ਲਾ ਰਹੀਆਂ ਸਨ। ਮੈਂ ਕੋਈ ਸਰਕਾਰੀ ਐਲਾਨ ਨਹੀਂ ਸੀ ਸੁਣਿਆ।’’ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ