ਅਧਿਆਪਕ ਦਿਵਸ ਦੀ ਸਾਰਥਿਕਤਾ ਦਾ ਸਵਾਲ

ਅਧਿਆਪਕ ਦਿਵਸ ਦੀ ਸਾਰਥਿਕਤਾ ਦਾ ਸਵਾਲ

ਅਪੂਰਵਾਨੰਦ ਅਧਿਆਪਕ ਦਿਵਸ ਫਿਰ ਆਣ ਢੁੱਕਿਆ ਹੈ। ਰਾਜਸਥਾਨ ਸਰਕਾਰ ਨੇ ਪੰਜਾਹ ਹਜ਼ਾਰ ਸਕੂਲ ਅਧਿਆਪਕਾਂ ਨੂੰ ਸੂਬੇ ਦੀ ਰਾਜਧਾਨੀ ਜੈਪੁਰ ਬੁਲਾਇਆ ਹੈ। ਹੁਣ ਤੱਕ ਇਹੀ ਕਿਹਾ ਗਿਆ ਹੈ ਕਿ ਇਸ ਸਮਾਗਮ ਦਾ ਮੁੱਖ ਮਕਸਦ ਅਧਿਆਪਕਾਂ ਦਾ ਮਾਣ-ਤਾਣ ਜਨਤਕ ਰੂਪ ਵਿਚ ਕਰਨ ਦਾ ਹੈ ਪਰ ਰਤਾ ਕੁ ਗੌਰ ਕਰਨ ‘ਤੇ ਪਤਾ ਲੱਗਦਾ ਹੈ ਕਿ ਇਹ ਉਹ ਅਧਿਆਪਕ ਹਨ ਜਿਹੜੇ 2013 ਤੋਂ ਬਾਅਦ ਨਿਯੁਕਤ ਹੋਏ ਸਨ, ਭਾਵ ਵਸੁੰਧਰਾ ਰਾਜੇ ਸਰਕਾਰ ਬਣਨ ਤੋਂ ਬਾਅਦ। ਫਿਰ ਤਾਂ ਸਮਾਗਮ ਦਾ ਇਰਾਦਾ ਸਾਫ਼ ਹੀ ਹੋ ਗਿਆ। ਮਕਸਦ ਅਧਿਆਪਕਾਂ ਨੂੰ ਮਾਣ-ਸਨਮਾਨ ਦੇਣ ਦਾ ਨਹੀਂ ਹੈ ਜਿੰਨਾ ਇਨ੍ਹਾਂ ਅਧਿਆਪਕਾਂ ਦੇ ਸਨਮਾਨ ਦੇ ਬਹਾਨੇ ਵਸੁੰਧਰਾ ਰਾਜੇ ਸਰਕਾਰ ਦਾ ਧੰਨਵਾਦ ਕਰਨ ਦਾ ਹੈ ਕਿ ਇਸ ਨੇ ਮਿਹਰਬਾਨ ਹੋ ਕੇ ਉਨ੍ਹਾਂ ਨੂੰ ਨੌਕਰੀ ਦਿੱਤੀ ਹੈ। ਅਮਰੂਦਾਂ ਦੇ ਬਾਗ਼ਾਂ ਵਿਚ ਹੋਣ ਵਾਲਾ ਇਸ ਸਮਾਗਮ ਲਈ ਵਿੱਤ ਵਿਭਾਗ ਨੇ ਬਾਕਾਇਦਾ ਰਾਸ਼ੀ ਮਨਜ਼ੂਰ ਕਰਵਾਈ ਹੈ। ਅਧਿਆਪਕਾਂ ਨੂੰ ਸਫ਼ਰ ਭੱਤੇ ਦੇ ਨਾਲ-ਨਾਲ ਉਸ ਦਿਨ ਲੰਗਰ ਵੀ ਛਕਾਇਆ ਜਾਵੇਗਾ। ਸਾਰੇ ਅਧਿਆਪਕਾਂ ਨੂੰ ਇਕ ਦਿਨ ਪਹਿਲਾਂ ਸਿੱਖਿਆ ਅਫ਼ਸਰ ਕੋਲ ਹਾਜ਼ਰੀ ਭਰਨੀ ਪਵੇਗੀ। ਉਹ ਸਭ ਨੂੰ ਉਨ੍ਹਾਂ ਦੇ ਨਾਮ ਦਾ ਸੱਦਾ ਪੱਤਰ ਦੇਣਗੇ ਜਿਸ ਨੂੰ ਦਿਖਾ ਕੇ ਅਮਰੂਦਾਂ ਦੇ ਬਾਗ਼ ਵਿਚ ਦਾਖ਼ਲ ਹੋਇਆ ਜਾ ਸਕੇਗਾ। ਪਤਾ ਨਹੀਂ ਕਿਸ ਹਿਸਾਬ ਨਾਲ ਅਧਿਆਪਕਾਂ ਦੀ ਉਸ ਦਿਨ ਦੀ ਤਨਖ਼ਾਹ ਕੱਟਣ ਦਾ ਹੁਕਮ ਵੀ ਜਾਰੀ ਹੋਇਆ ਹੈ। ਸਿੱਖਿਆ ਅਫ਼ਸਰਾਂ ਦਾ ਹੁਕਮ ਹੈ ਕਿ ਉਹ ਉਨ੍ਹਾਂ ਨੂੰ ਬੱਸਾਂ ਵਿਚ ਭਰ ਕੇ ਲਿਜਾਣਗੇ। ਇਸ ਦਾ ਖ਼ਰਚਾ ਵੀ ਯਾਤਰਾ ਭੱਤੇ ਵਿਚੋਂ ਕੱਟਿਆ ਜਾਣਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਗ਼ੈਰ ਰਸਮੀ ਤੌਰ ‘ਤੇ ਜਾਰੀ ਹਦਾਇਤਾਂ ਮੁਤਾਬਕ, ਅਧਿਆਪਕ ਉਸ ਦਿਨ ਜੋ ਵੀ ਲਿਬਾਸ ਪਹਿਨ ਕੇ ਆਉਣ, ਉਸ ਵਿਚ ਕਿਤੇ ਕਾਲਾ ਰੰਗ ਨਾ ਹੋਵੇ। ਡਰ ਸ਼ਾਇਦ ਇਹ ਹੈ ਕਿ ਕੋਈ ਅਧਿਆਪਕ ਉਸ ਕਾਲੇ ਕੱਪੜੇ ਨਾਲ ਹੀ ਕਿਤੇ ਮੁੱਖ ਮੰਤਰੀ ਦਾ ਵਿਰੋਧ ਨਾ ਕਰ ਦੇਵੇ। ਅਧਿਆਪਕ ਕਈ ਸਾਲਾਂ ਤੋਂ ਵੱਖ ਵੱਖ ਤਰ੍ਹਾਂ ਦੇ ਬਕਾਇਆਂ ਦੀ ਅਦਾਇਗੀ ਨਾ ਹੋਣ ਕਰਕੇ ਨਾਰਾਜ਼ ਹਨ। ਉਨ੍ਹਾਂ ਦੀਆਂ ਨੌਕਰੀ ਦੀਆਂ ਸ਼ਰਤਾਂ ਵੀ ਸਨਮਾਨਜਨਕ ਨਹੀਂ ਹਨ। ਅਜਿਹੇ ਹਾਲਾਤ ਵਿਚ ਉਨ੍ਹਾਂ ਦੇ ਸਨਮਾਨ ਦਾ ਇਹ ਨਾਟਕ ਉਨ੍ਹਾਂ ਨਾਲ ਮਜ਼ਾਕ ਹੀ ਕਿਹਾ ਜਾ ਸਕਦਾ ਹੈ। ਅਧਿਆਪਕਾਂ ਨਾਲ ਇਹ ਅਪਮਾਨਜਨਕ ਵਿਹਾਰ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਚਾਰ ਸਾਲਾਂ ਦੌਰਾਨ ਕੇਂਦਰ ਸਰਕਾਰ ਨੇ ਭਾਰਤ ਦੇ ਸੰਘੀ ਢਾਂਚੇ ਨੂੰ ਕਿੱਲੀ ਉੱਤੇ ਟੰਗਦਿਆਂ ‘ਅਧਿਆਪਕ ਦਿਵਸ’ ਹੜੱਪ ਲਿਆ। ਮਕਸਦ? ਤਾਂਕਿ ਇਸ ਦੇ ਜ਼ਰੀਏ ਪ੍ਰਧਾਨ ਮੰਤਰੀ ਦਾ ਅਕਸ ਨਿਖਾਰਿਆ ਜਾ ਸਕੇ। ਇਹ ਅਪਮਾਨ ਹੈ ਜਾਂ ਸਨਮਾਨ? ਪ੍ਰਧਾਨ ਮੰਤਰੀ ਹਰ ਸਾਲ ਖ਼ੁਦ ਕੌਮੀ ਅਧਿਆਪਕ ਬਣ ਕੇ ਸਮੁੱਚੇ ਮੁਲਕ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀਵਨ ਦੇ ਕੁਝ ਪਾਠ ਪੜ੍ਹਾਉਂਦੇ ਹਨ। ਉਸ ਦਿਨ ਅਧਿਆਪਕਾਂ ਦਾ ਕੰਮ ਟੀ.ਵੀ. ਸੈੱਟ ਲੈ ਕੇ ਆਉਣਾ, ਬੱਚਿਆਂ ਨੂੰ ਇਕੱਠੇ ਕਰਨਾ ਅਤੇ ਇਹ ਯਕੀਨੀ ਬਣਾਉਣਾ ਰਹਿ ਗਿਆ ਹੈ ਕਿ ਪ੍ਰਧਾਨ ਮੰਤਰੀ ਦੇ ਪ੍ਰਵਚਨਾਂ ਦੌਰਾਨ ਉਹ ਪੂਰਾ ਸਮਾਂ ਉੱਥੇ ਹੀ ਰਹਿਣ। ਇਹੀ ਨਹੀਂ, ਫਿਰ ਪਹਿਲਾਂ ਹੀ ਚੁਣੇ ਬੱਚੇ ਪਹਿਲਾਂ ਹੀ ਤੈਅ ਕੀਤੇ ਸਵਾਲ ਪ੍ਰਧਾਨ ਮੰਤਰੀ ਨੂੰ ਪੁੱਛਦੇ ਹਨ ਅਤੇ ਪ੍ਰਧਾਨ ਮੰਤਰੀ ਜੀ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੇ ਹਨ। ਅਧਿਆਪਕ ਦਿਵਸ ਦੀ ਇਹ ਪੜਚੋਲ ਪਿਛਲੇ ਚਾਰ ਸਾਲਾਂ ਦੀ ਹੈ ਪਰ ਅਧਿਆਪਕਾਂ ਦਾ ਰੁਤਬਾ ਸਮਾਜ ਵਿਚ ਲਗਾਤਾਰ ਨਿਘਰਦਾ ਜਾ ਰਿਹਾ ਹੈ। ਉਨ੍ਹਾਂ ਨੂੰ ਸਰਕਾਰੀ ਕਾਰਕੁਨ ਮੰਨਿਆ ਜਾਂਦਾ ਹੈ। ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਕੂਲ ਵਿਚ ਪੜ੍ਹਾਉਣ ਦੇ ਨਾਲ ਨਾਲ ਸਰਕਾਰੀ ਕੰਮ ਵੀ ਕਰਨ। ਇਨ੍ਹਾਂ ਦੇ ਕੰਮਾਂ ਵਿਚ ਪਿਛਲੇ ਸਾਲਾਂ ਦੌਰਾਨ ਇਕ ਹੋਰ ਕੰਮ ਵੀ ਜੁੜ ਗਿਆ ਹੈ; ਉਹ ਸਵੱਛਤਾ ਦੇ ਸੰਦੇਸ਼ਵਾਹਕ ਵੀ ਬਣਨ। ਮਰਦਮਸ਼ੁਮਾਰੀ ਹੋਵੇ ਜਾਂ ਕੋਈ ਹੋਰ ਕੰਮ, ਸਕੂਲੀ ਅਧਿਆਪਕ ਸਭ ਤੋਂ ਪਹਿਲਾਂ ਲਾਈਨ ‘ਚ ਲੱਗਿਆ ਦਿਸਦਾ ਹੈ। ਸਕੂਲ ਵਿਚ ਭੋਜਨ ਦਾ ਇੰਤਜ਼ਾਮ ਅਤੇ ਉਸ ਦਾ ਮਿਆਰ ਕਾਇਮ ਰੱਖਣਾ ਵੀ ਉਸ ਦਾ ਹੀ ਕੰਮ ਹੈ। ਇਸ ਵਜ੍ਹਾ ਕਰਕੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਵਿਗੜਦੇ ਰਿਸ਼ਤੇ ਮੈਂ ਅੱਖੀਂ ਦੇਖੇ ਹਨ। ਕਈ ਸਾਲ ਪਹਿਲਾਂ ਝਾਰਖੰਡ ਦੇ ਕਿਸੇ ਸਕੂਲ ਅਧਿਆਪਕ ਨਾਲ ਹੋਈ ਘਟਨਾ ਮੈਨੂੰ ਅੱਜ ਤੱਕ ਯਾਦ ਹੈ। ਉਹ ਹਰ ਵਾਰ ਰਿਕਸ਼ਾ ਕਿਰਾਏ ‘ਤੇ ਲੈ ਕੇ ਕਣਕ ਦੇ ਬੋਰੇ ਬਲਾਕ ਦਫ਼ਤਰ ਤੋਂ ਸਕੂਲ ਲੈ ਕੇ ਜਾਂਦਾ ਸੀ। ਪਿੰਡ ਵਾਲਿਆਂ ਨੇ ਉਸ ਨੂੰ ਸਿਰਫ਼ ਇਸ ਕਰਕੇ ਕੁਟਾਪਾ ਚਾੜ੍ਹ ਦਿੱਤਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਪੈ ਗਿਆ ਸੀ ਕਿ ਬਚੇ ਹੋਏ ਬੋਰੇ ਉਹ ਕਿਤੇ ਵੇਚ ਨਾ ਦੇਵੇ। ਉੱਤਰ ਪ੍ਰਦੇਸ਼ ਵਿਚ ਵੀ ਕਈ ਸਾਲ ਪਹਿਲਾਂ ਕਲਾਸ ਵਿਚ ਹਾਜ਼ਰੀ ਦੇ ਆਧਾਰ ਉੱਤੇ ਅਨਾਜ ਦੇਣ ਦਾ ਰਿਵਾਜ਼ ਸੀ। ਇਸੇ ਕਰਕੇ ਹੀ ਅਧਿਆਪਕਾਂ ਉੱਤੇ ਇਹ ਦਬਾਅ ਰਹਿੰਦਾ ਸੀ ਕਿ ਬੱਚਿਆਂ ਦੀ ਹਾਜ਼ਰੀ ਪੂਰੀ ਰੱਖੀ ਜਾਵੇ। ਸਕੂਲ ਅਧਿਆਪਕਾਂ ਦੇ ਕੰਮ ਬਾਬਤ ਕਿਹਾ ਜਾਂਦਾ ਹੈ ਕਿ ਇਹ ਕੰਮ ਕੋਈ ਵੀ ਕਰ ਸਕਦਾ ਹੈ। ਇਸੇ ਤਰ੍ਹਾਂ ਇਹ ਵੀ ਮੰਨਿਆ ਜਾਂਦਾ ਹੈ ਕਿ ਅਧਿਆਪਕ ਦੇ ਕੰਮ ਦੀ ਪੁਣਛਾਣ ਕੋਈ ਵੀ ਕਰ ਸਕਦਾ ਹੈ। ਗੁਜਰਾਤ ਦੇ ਸਰਕਾਰੀ ਅਫ਼ਸਰ ਇਕ-ਅੱਧ ਦਿਨ ਸਕੂਲੇ ਜਾ ਕੇ ਉਨ੍ਹਾਂ ਦੇ ਚੰਗੇ ਜਾਂ ਮਾੜੇ ਹੋਣ ਦਾ ਨਾ ਸਿਰਫ਼ ਸਰਟੀਫ਼ਿਕੇਟ ਦਿੰਦੇ ਹਨ ਸਗੋਂ ਸਕੂਲਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਬਾਹਰ ਕੰਧਾਂ ਉੱਤੇ ਇਹ ਵੀ ਲਿਖਣ ਕਿ ਉਨ੍ਹਾਂ ਦਾ ਦਰਜਾ ਪਹਿਲਾ ਹੈ ਜਾਂ ਤੀਜਾ। ਹੁਣ ਸਵਾਲ ਹੈ, ਜੇ ਕੰਧ ਉੱਤੇ ਤੀਜਾ ਦਰਜਾ ਲਿਖ ਦਿੱਤਾ ਜਾਵੇ ਤਾਂ ਉੱਥੇ ਆਪਣੇ ਬੱਚਿਆਂ ਨੂੰ ਕੌਣ ਦਾਖ਼ਲ ਕਰਵਾਏਗਾ? ਇਮਤਿਹਾਨਾਂ ਦੌਰਾਨ ਬੱਚਿਆਂ ਦੇ ਨਤੀਜਿਆਂ ਨਾਲ ਅਧਿਆਪਕਾਂ ਦੀ ਤਨਖ਼ਾਹ ਨੂੰ ਜੋੜਨ ਦਾ ਕਾਰਜ ਵੀ ਕੀਤਾ ਜਾਂਦਾ ਹੈ। ਜੇ ਕੋਈ ਬੱਚਾ ਕਿਸੇ ਵਿਸ਼ੇ ਵਿਚ ਫੇਲ੍ਹ ਹੋ ਗਿਆ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਅਧਿਆਪਕ ਸਿਰ ਮੜ੍ਹ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਦੰਡ ਦਿੱਤਾ ਜਾਂਦਾ ਹੈ। ਅਧਿਆਪਕ ਦਿਵਸ ਮੌਕੇ ਜੇ ਅਸੀਂ ਸਿਰਫ਼ ਇਹੀ ਪੜਤਾਲ ਕਰ ਲਈਏ ਕਿ ਇਸ ਨੂੰ ਕਿੰਨਾ ਕੁ ਜ਼ਰੂਰੀ ਸਮਝਿਆ ਜਾਂਦਾ ਹੈ ਤਾਂ ਵੀ ਸ਼ਾਇਦ ਇਸ ਦਿਵਸ ਦੀ ਸਾਰਥਿਕਤਾ ਸਿੱਧ ਹੋ ਸਕੇ। ਆਮ ਤੌਰ ‘ਤੇ ਇਸ ਦਿਨ ਨੂੰ ਸਕੂਲ ਤੱਕ ਹੀ ਮਹਿਦੂਦ ਕਰ ਦਿੱਤਾ ਜਾਂਦਾ ਹੈ। ਅਧਿਆਪਕ ਤਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਹਨ। ਸੂਬਿਆਂ ਦੀਆਂ ਯੂਨੀਵਰਸਿਟੀਆਂ, ਕੇਂਦਰੀ ਯੂਨੀਵਰਸਿਟੀਆਂ ਵਿਚ ਅਧਿਆਪਕਾਂ ਦੀ ਨਿਯੁਕਤੀ ਕਈ ਸਾਲਾਂ ਤੋਂ ਨਹੀਂ ਹੋਈ ਹੈ। ਹੁਣ ਤਾਂ ਅਧਿਆਪਕਾਂ ਦੀ ਨਿਯੁਕਤੀ ਵੀ ਠੇਕੇ ‘ਤੇ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਤਨਖ਼ਾਹ ਪੇ-ਸਕੇਲ ਮੁਤਾਬਕ ਨਹੀਂ ਸਗੋਂ ਇਕਮੁਸ਼ਤ ਮਿਲਦੀ ਹੈ। ਇਨ੍ਹਾਂ ਦੀ ਜ਼ਿੰਦਗੀ ਇੰਨੀ ਗੈਰਯਕੀਨੀ ਵਾਲੀ ਹੈ ਕਿ ਇਹ ਕੁਝ ਸਮੇਂ ਬਾਅਦ ਸਵੈ-ਸਨਮਾਨ ਗੁਆ ਬੈਠਦੇ ਹਨ। ਇਹ ਸਮੁੱਚੇ ਮੁਲਕ ਦੀ ਸਮੱਸਿਆ ਹੈ ਪਰ ਸਿਆਸਤ ਅਤੇ ਸਮਾਜ ਲਈ ਇਹ ਸਮੱਸਿਆ ਕਦੀ ਵਿਚਾਰ ਕਰਨ ਵਾਲਾ ਮਸਲਾ ਹੀ ਨਹੀਂ ਬਣੀ। ਅਧਿਆਪਕ ਦਿਵਸ ਮੌਕੇ ਗੁਰੂ-ਸਿਸ਼ ਪਰੰਪਰਾ ਅਤੇ ਗੁਰੂਆਂ ਦੀ ਮਹਿਮਾ ਕਰਨ ਦੀ ਥਾਂ ਜਮਹੂਰੀ ਸਮਾਜ ਵਿਚ ਅਧਿਆਪਕ ਦੀ ਹਾਲਤ ਅਤੇ ਉਸ ਦੀ ਭੂਮਿਕਾ ਬਾਰੇ ਸੋਚ ਵਿਚਾਰ ਹੋਣਾ ਲਾਜ਼ਮੀ ਹੈ। ਅਧਿਆਪਕ ਪੇਸ਼ੇਵਰ ਹੋਣ ਜਿਵੇਂ ਡਾਕਟਰ ਅਤੇ ਇੰਜੀਨੀਅਰ ਹੁੰਦੇ ਹਨ। ਇਸ ਨੁਕਤੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਕਾਰਜ ਲਈ ਵਸੀਲੇ ਲਗਾਉਣੇ ਪੈਂਦੇ ਹਨ। ਜਿਸ ਮੁਲਕ ਵਿਚ ਸਕੂਲਾਂ ਅਤੇ ਕਾਲਜਾਂ ਦੀ ਥਾਂ ਕੋਚਿੰਗ ਸੰਸਥਾਵਾਂ ਦਾ ਵੱਧ ਮਾਣ-ਤਾਣ ਹੋਵੇ, ਉਥੇ ਅਧਿਆਪਕ ਭਲਾ ਫਿਰ ਕਿਸ ਬਾਗ਼ ਦੀ ਮੂਲੀ ਹਨ? ਅੱਜ ਦੇ ਸਮਾਜ ਵਿਚ ਅਧਿਆਪਕਾਂ ਦਾ ਕੰਮ ਬਹੁਤ ਮੁਸ਼ਕਿਲ ਹੈ। ਉਨ੍ਹਾਂ ਨੂੰ ਸਮਾਜ ਅਤੇ ਭਾਈਚਾਰਿਆਂ ਅੰਦਰ ਪਹਿਲਾਂ ਹੀ ਰੂੜ ਹੋ ਚੁੱਕੇ ਵਿਚਾਰਾਂ ਨਾਲ ਜੂਝਣਾ ਪੈਂਦਾ ਹੈ। ਅਜਿਹਾ ਕਰਦਿਆਂ ਹੀ ਉਹ ਸਮਾਜ ਦੇ ਦੁਸ਼ਮਣ ਬਣ ਬੈਠਦੇ ਹਨ। ਉਹ ਕਿਉਂਕਿ ਗਿਆਨ ਦਾ ਪ੍ਰਸਾਰ ਕਰਦੇ ਹਨ, ਇਸ ਲਈ ਸੱਤਾ ਵਲੋਂ ਫੈਲਾਏ ਜਾ ਰਹੇ ਭਰਮਜਾਲ ਨੂੰ ਕੱਟਣਾ ਹੀ ਪੈਂਦਾ ਹੈ। ਇਸੇ ਕਰਕੇ ਉਹ ਸੱਤਾ ਲਈ ਸਦਾ ਹੀ ਸ਼ੱਕ ਦੇ ਘੇਰੇ ਵਿਚ ਰਹਿੰਦੇ ਹਨ। ਪਿਛਲੇ ਚਾਰ ਸਾਲਾਂ ਦੌਰਾਨ ਜਿਸ ਤਰ੍ਹਾਂ ਵੱਖ ਵੱਖ ਯੂਨੀਵਰਸਿਟੀਆਂ ਦੇ ਅਧਿਆਪਕਾਂ ‘ਤੇ ਹਮਲੇ ਹੋਏ ਹਨ, ਉਸ ਤੋਂ ਇਹੀ ਕੁਝ ਸਾਬਤ ਹੁੰਦਾ ਹੈ। ਅੱਜ ਅਧਿਆਪਕ ਜਿਸ ਸੰਕਟ ਨਾਲ ਜੂਝ ਰਹੇ ਹਨ, ਇਸ ਵਾਰ ਸਿਖਿਆ ਦਿਵਸ ਮੌਕੇ ਉਸ ਬਾਰੇ ਜੇ ਫਿਕਰ ਕੀਤਾ ਜਾਵੇ ਤਾਂ ਹੀ ਇਸ ਦੀ ਕੋਈ ਸਾਰਥਿਕਤਾ ਬਣ ਸਕਦੀ ਹੈ। *ਲੇਖਕ ਦਿੱਲੀ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All