ਅਕਾਲੀ ਦਲ ਦੇ ਵਰਤਮਾਨ ਸੰਕਟ ਦੀਆਂ ਜੜ੍ਹਾਂ : The Tribune India

ਅਕਾਲੀ ਦਲ ਦੇ ਵਰਤਮਾਨ ਸੰਕਟ ਦੀਆਂ ਜੜ੍ਹਾਂ

ਅਕਾਲੀ ਦਲ ਦੇ ਵਰਤਮਾਨ ਸੰਕਟ ਦੀਆਂ ਜੜ੍ਹਾਂ

ਜਗਰੂਪ ਸਿੰਘ ਸੇਖੋਂ

ਸਿੱਖਾਂ ਦੀ ਸਭ ਤੋਂ ਪੁਰਾਣੀ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਦੇ ਸਭ ਤੋਂ ਗੰਭੀਰ ਸੰਕਟ ਦੇ ਦੌਰ ‘ਚ ਲੰਘ ਰਹੀ ਹੈ। ਸਿਆਸੀ ਵਿਸ਼ਲੇਸ਼ਣਕਾਰਾਂ ਦਾ ਖਿਆਲ ਹੈ ਕਿ ਪਾਰਟੀ ਨੇ ਭਾਵੇਂ 1920 ਵਿਚ ਆਪਣੇ ਮੁੱਢ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਉਤਰਾਅ-ਚੜ੍ਹਾਅ ਦੇਖੇ ਹਨ ਪਰ ਮੌਜੂਦਾ ਸੰਕਟ ਵਰਗੀ ਮਿਸਾਲ ਪਹਿਲਾਂ ਦੇ ਇਤਿਹਾਸ ਵਿਚ ਨਹੀਂ ਮਿਲਦੀ। ਇਹ ਨਾ ਕੇਵਲ ਮੌਜੂਦਾ ਲੀਡਰਸ਼ਿਪ ਲਈ ਸੰਕਟ ਦੀ ਘੜੀ ਹੈ ਸਗੋਂ ਇਸ ਦੇ ਜਥੇਬੰਦਕ ਢਾਂਚੇ ਵਿਚ ਭਰੋਸੇ ਦੀ ਘਾਟ ਹੈ ਅਤੇ ਸੰਕਟ ‘ਤੇ ਕਾਬੂ ਪਾਉਣ ਲਈ ਪਾਰਟੀ ਆਗੂਆਂ ਦੀ ਕਾਬਲੀਅਤ ਦੀ ਕਮੀ ਵੀ ਝਲਕ ਰਹੀ ਹੈ। ਹਾਲ ਹੀ ਵਿਚ ਹੋਈਆਂ ਮਿਉਂਸਿਪਲ, ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਨਤੀਜਿਆਂ ਨੇ ਪਾਰਟੀ ਦੇ ਸਿਖਰਲੇ ਆਗੂਆਂ ਦੀ ਪ੍ਰਬੰਧਕੀ ਕਾਰਜ-ਕੁਸ਼ਲਤਾ ਬੇਪਰਦ ਕਰ ਕੇ ਰੱਖ ਦਿੱਤੀ ਹੈ। ਨੌਬਤ ਇਹ ਆ ਗਈ ਹੈ ਕਿ ਇਹ ਆਗੂ 2007-17 ਦੇ ਅਰਸੇ ਦੌਰਾਨ ਕੀਤੇ ਕਾਰਨਾਮਿਆਂ ਕਾਰਨ ਹੁਣ ਲੋਕਾਂ ਦੀ ਕਰੋਪੀ ਦੇ ਡਰੋਂ ਆਪੋ-ਆਪਣੇ ਇਲਾਕਿਆਂ ਵਿਚ ਜਾਣ ਤੋਂ ਵੀ ਝਿਜਕ ਰਹੇ ਹਨ। ਮੌਜੂਦਾ ਸੰਕਟ ਉਦੋਂ ਉਭਰ ਕੇ ਸਾਹਮਣੇ ਆਇਆ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂਂ ਤੋਂ ਅਸਤੀਫ਼ਾ ਦੇ ਦਿੱਤਾ। ਉਂਝ, ਇਸ ਟਕਰਾਅ ਦੀ ਜੜ੍ਹਾਂ 2007 ਵਿਚ ਪਈਆਂ ਹਨ ਜਦੋਂ ਬਹੁਤ ਸਾਰੇ ਟਕਸਾਲੀ ਆਗੂਆਂ ਨੂੰ ਨਜ਼ਰਅੰਦਾਜ਼ ਕਰ ਕੇ ਪਾਰਟੀ ਦੀ ਵਾਗਡੋਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਗਈ ਸੀ। ਢੀਂਡਸਾ ਪਾਰਟੀ ਦੇ ਸਭ ਤੋਂ ਸੀਨੀਅਰ ਆਗੂਆਂ ‘ਚੋਂ ਹਨ ਤੇ ਨਾਲ ਹੀ ਰਾਜ ਸਭਾ ਦੇ ਮੈਂਬਰ ਹਨ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਕੁਝ ਹੋਰ ਸੀਨੀਅਰ ਆਗੂਆਂ ਨੇ ਵੀ ਅਸਤੀਫ਼ਿਆਂ ਦੀ ਸੁਰ ਅਖ਼ਤਿਆਰ ਕਰ ਲਈ। 7 ਅਕਤੂਬਰ ਦੀ ਪਟਿਆਲਾ ਰੈਲੀ ਵਿਚੋਂ ਕਈ ਸੀਨੀਅਰ ਆਗੂਆਂ ਦੀ ਗ਼ੈਰਹਾਜ਼ਰੀ ਨਾਲ ਲੀਡਰਸ਼ਿਪ ਦੀਆਂਂ ਮੁਸ਼ਕਿਲਾਂ ਹੋਰ ਵਧ ਗਈਆਂ। ਟਕਸਾਲੀ ਆਗੂਆਂ ਨੇ ਭਾਵੇਂ ਸਰਗਰਮ ਸਿਆਸੀ ਜੀਵਨ ਤੋਂ ਲਾਂਭੇ ਹੋਣ ਦੇ ਸਿਹਤ ਦੀ ਖਰਾਬੀ ਅਤੇ ਵੱਡੀ ਉਮਰ ਦੇ ਕਾਰਨ ਗਿਣਾਏ ਹਨ ਪਰ ਸਚਾਈ ਕੁਝ ਹੋਰ ਹੈ। ਇਨ੍ਹਾਂ ‘ਚੋਂ ਬਹੁਤੇ ਆਗੂਆਂ ਨੂੰ ਪਾਰਟੀ ਦਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਪਾਰਲੀਮੈਂਟ ਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੌਰਾਨ ਲੋਕਾਂ ਨੇ ਇਸ ਨੂੰ ਹਾਸ਼ੀਏ ‘ਤੇ ਲਿਆ ਖੜ੍ਹਾ ਕਰ ਦਿੱਤਾ। ਪਾਰਟੀ ਅੰਦਰ ਖੁਸਰ-ਫੁਸਰ ਤਾਂ ਸੁਖਬੀਰ ਦੀ ਤਾਜਪੋਸ਼ੀ ਨਾਲ ਹੀ ਸ਼ੁਰੂ ਹੋ ਗਈ ਸੀ ਪਰ ਉਦੋਂ ਇਹ ਟਕਸਾਲੀ ਆਗੂ, ਲੀਡਰਸ਼ਿਪ ਖ਼ਿਲਾਫ਼ ਜ਼ੁਬਾਨ ਖੋਲ੍ਹਣ ਦਾ ਦਮਖ਼ਮ ਨਾ ਦਿਖਾ ਸਕੇ। ਪਾਰਟੀ ਲੀਡਰਸ਼ਿਪ ਪ੍ਰਤੀ ਮੁਕੰਮਲ ਵਫ਼ਾਦਾਰੀ ਪਾਲਣ ਵਾਲਿਆਂ ਦੀ ਆਮਦ ਨਾਲ ਬਾਦਲ ਪਰਿਵਾਰ ਦਾ ਪਾਰਟੀ ‘ਤੇ ਗਲਬਾ ਹੋਰ ਭਾਰੂ ਹੁੰਦਾ ਚਲਿਆ ਗਿਆ। ਇਹ ਅਸਲ ਵਿਚ ਟਕਸਾਲੀ ਲੀਡਰਸ਼ਿਪ ਨੂੰ ਖੂੰਜੇ ਲਾਉਣ ਦਾ ਹੀ ਯਤਨ ਸੀ। ਪਾਰਟੀ ਵੱਲ ਉਲਰ ਰਹੀ ਨਵੀਂ ਪੌਦ ਦੀ ਕਮਾਨ ਸੁਖਬੀਰ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਸੌਂਪ ਦਿੱਤੀ ਗਈ। ਸਿੱਟਾ ਇਹ ਨਿਕਲਿਆ ਕਿ ਪਾਰਟੀ ਦੀ ਪ੍ਰੌਢ ਅਤੇ ਸਿਆਣੀ ਸੁਰ ਸੁੰਨ ਹੋ ਕੇ ਰਹਿ ਗਈ। ਇਨ੍ਹਾਂ ਦੀ ਥਾਂ ਕੁਝ ਅਜਿਹੇ ਲੋਕਾਂ ਨੇ ਲੈ ਲਈ ਜਿਨ੍ਹਾਂ ਦਾ ਕਿਰਦਾਰ ਸ਼ੱਕੀ ਸੀ। 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੇ ਲੀਡਰਸ਼ਿਪ ਦਾ ਸੰਕਟ ਮੁਲਤਵੀ ਕਰ ਦਿੱਤਾ ਕਿਉਂਕਿ ਚੋਣਾਂ ਜਿੱਤਣ ਅਤੇ ਪਾਰਟੀ ਨੂੰ ਸੰਭਾਲਣ ਦਾ ਸਿਹਰਾ ਲੀਡਰਸ਼ਿਪ ਨੂੰ ਦਿੱਤਾ ਜਾ ਰਿਹਾ ਸੀ। ਇਹ ਜਿੱਤ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਸਿਰ ਨੂੰ ਚੜ੍ਹ ਗਈ, ਤੇ ਉਨ੍ਹਾਂ ਸਾਰੀ ਸਰਕਾਰੀ ਮਸ਼ੀਨਰੀ ਅਤੇ ਪਾਰਟੀ ਢਾਂਚੇ ਉੱਤੇ ਪੂਰੀ ਤਰ੍ਹਾਂ ਆਪਣਾ ਕਬਜ਼ਾ ਜਮਾ ਲਿਆ। ਇਸ ਵਰਤਾਰੇ ਨੇ ਪਾਰਟੀ ਦੇ ਕੁਝ ਸਿਖਰਲੇ ਆਗੂਆਂ ਦੇ ਹੱਥਾਂ ਵਿਚ ਅਥਾਹ ਤਾਕਤ ਦੇ ਦਿੱਤੀ ਅਤੇ ਨਵੇਂ ਰੰਗਰੂਟਾਂ ਨੇ ਸਭ ਪੱਧਰਾਂ ‘ਤੇ ਅਤਿ ਮਚਾ ਦਿੱਤੀ। ਪਾਰਟੀ ਵਿਚ ਨਿਸ਼ਕਾਮਤਾ ਤੇ ਨਿਮਰਤਾ ਦੀ ਥਾਂ ਹੁੱਲੜਪੁਣੇ ਦਾ ਕਲਚਰ ਭਾਰੂ ਹੋ ਗਿਆ ਅਤੇ ਪਾਰਟੀ ਦੀ ਅਸਲ ਰੂਹ ਉਡ-ਪੁਡ ਗਈ। ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਨਾਲ ਜੁੜੀ ਪਾਰਟੀ ਹੈ ਤੇ ਇਸ ਦੀਆਂ ਕੁਰਬਾਨੀਆਂ ਬੇਮਿਸਾਲ ਹਨ। ਪਾਰਟੀ 1920 ਵਿਚ ਹੋਂਦ ਵਿਚ ਆਈ ਸੀ ਅਤੇ ਇਹ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਖੇਤਰੀ ਪਾਰਟੀਆਂ ‘ਚ ਗਿਣੀ ਜਾਂਦੀ ਹੈ। ਮੁੱਢ ਤੋਂ ਹੀ ਪਾਰਟੀ ਦਮਨਕਾਰੀ ਅਤੇ ਧੱਕੜ ਹਕੂਮਤਾਂ ਨਾਲ ਆਢਾ ਲੈਂਦੀ ਰਹੀ ਹੈ ਜਿਸ ਦੀ ਮਿਸਾਲ ਸੁਤੰਤਰਤਾ ਸੰਗਰਾਮ ਤੇ ਆਜ਼ਾਦੀ ਤੋਂ ਬਾਅਦ ਦੇ ਸੰਘਰਸ਼ ਤੋਂ ਦੇਖੀ ਜਾ ਸਕਦੀ ਹੈ। 1975 ਵਿਚ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਸਰਕਾਰ ਨਾਲ ਪਾਰਟੀ ਨੇ ਜਿਵੇਂ ਟੱਕਰ ਲਈ ਸੀ, ਉਸ ਦੀ ਮਿਸਾਲ ਸਮਕਾਲੀ ਸਮਿਆਂ ਵਿਚ ਨਹੀਂ ਮਿਲਦੀ; ਤੇ ਮੌਜੂਦਾ ਲੀਡਰਸ਼ਿਪ ਲੋਕਾਂ ‘ਤੇ ਕਿਹੋ ਜਿਹੀ ਛਾਪ ਛੱਡ ਰਹੀ ਸੀ- ਗੁੰਡਾਗਰਦੀ ਵਾਲੀ? ਸ਼੍ਰੋਮਣੀ ਅਕਾਲੀ ਦਲ ਦੀ ਦਸ ਸਾਲਾ ਹਕੂਮਤ ਦੌਰਾਨ ਕਿਸਾਨਾਂ ਦੀ ਬਰਬਾਦੀ, ਅਰਥਚਾਰੇ ਦਾ ਨਿਘਾਰ, ਨਸ਼ਿਆਂ ਦਾ ਤੰਦੂਆ ਜਾਲ, ਹੱਦਾਂ ਬੰਨੇ ਟੱਪਿਆ ਭ੍ਰਿਸ਼ਟਾਚਾਰ, ਸੁਪਰੀਮ ਕੋਰਟ ਵਿਚ ਹਰਿਆਣਾ ਨਾਲ ਸਤਲੁਜ-ਯਮੁਨਾ ਲਿੰਕ ਨਹਿਰ ਕੇਸ ਵਿਚ ਸ਼ਿਕਸਤ, ਅਕਾਲੀ ਆਗੂਆਂ ਦੀ ਨੰਗੀ ਚਿੱਟੀ ਗੁੰਡਾਗਰਦੀ, ਟਰਾਂਸਪੋਰਟ, ਕੇਬਲ ਟੀਵੀ, ਸ਼ਰਾਬ ਤੇ ਰੇਤਾ-ਬਜਰੀ ਦੇ ਕਾਰੋਬਾਰ ‘ਤੇ ਏਕਾਧਿਕਾਰ, ਵੱਖ ਵੱਖ ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੂਪ ਵਿਚ ਮਜ਼ਹਬੀ ਕੱਟੜਪੁਣੇ ਦੀਆਂ ਮਿਸਾਲਾਂ ਨੇ ਅਕਾਲੀ ਦਲ ਦਾ ਵਰਤਮਾਨ ਸਿਆਹ ਕਰ ਦਿੱਤਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪਾਰਟੀ ਦਾ ਹਸ਼ਰ ਨਜ਼ਰ ਆਉਣ ਲੱਗ ਪਿਆ ਸੀ। ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਗੱਲ ਬੈਠ ਚੁੱਕੀ ਸੀ ਕਿ ਨਸ਼ਿਆਂ ਦੀ ਤਸਕਰੀ, ਸਿਆਸੀ ਬਦਲੇਖੋਰੀ ਤੇ ਹੋਰ ਲੋਕ ਦੋਖੀ ਸਰਗਰਮੀਆਂ ਬਾਦਲ ਪਰਿਵਾਰ ਦੀ ਸ਼ਹਿ ਨਾਲ ਚੱਲ ਰਹੀਆਂ ਹਨ। ਪੰਜਾਬ ਵਿਚ 2017 ਦੀਆਂ ਚੋਣਾਂ ਤੋਂ ਬਾਅਦ ‘ਲੋਕਨੀਤੀ’ ਵੱਲੋਂ ਕਰਵਾਏ ਸਰਵੇਖਣ ਤੋਂ ਵੀ ਇਹ ਧਾਰਨਾ ਉਜਾਗਰ ਹੋਈ ਸੀ। ਇਹ ਵੀ ਪਹਿਲੀ ਵਾਰ ਦੇਖਣ ਨੂੰ ਮਿਲਿਆ, ਜਦੋਂ ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਦੀ ਲੋਕਪ੍ਰਿਯਤਾ 1997 ਤੋਂ ਬਾਅਦ ਨਿਮਨ ਸਤਰ ‘ਤੇ ਪੁੱਜ ਗਈ ਤੇ ਸਤਹਿ ਦੇ ਹੇਠਾਂ ਸੱਤਾ ਵਿਰੋਧੀ ਭਾਵਨਾਵਾਂ ਦਾ ਗੁਬਾਰ ਇਕੱਠਾ ਹੋ ਗਿਆ। ਇਹ ਜ਼ਾਤੀ ਤੌਰ ‘ਤੇ ਬਾਦਲ ਪਰਿਵਾਰ ਅਤੇ ਵੱਖ ਵੱਖ ਪੱਧਰਾਂ ‘ਤੇ ਗੁੰਡਾਗਰਦੀ ਮਚਾਉਣ ਵਾਲਿਆਂ ਖ਼ਿਲਾਫ਼ ਰੋਹ ਦੀ ਲਹਿਰ ਸੀ। ਲੋਕਾਂ ਦੀਆਂ ਨਜ਼ਰਾਂ ਵਿਚ ਇਹ ਬੇਅਸੂਲੇ ਤੇ ਸੌਦੇਬਾਜ਼ ਸਿਆਸਤਦਾਨ ਸਨ ਜੋ ਆਪੋ-ਆਪਣੇ ਮੁਫ਼ਾਦ ਲਈ ਸਮੁੱਚੇ ਸਿਆਸੀ ਅਮਲ ਨੂੰ ਤਾਰ ਤਾਰ ਕਰਨ ਲੱਗੇ ਹੋਏ ਸਨ। ਲੋਕਾਂ ਦੀ ਆਮ ਧਾਰਨਾ ਬਣ ਗਈ ਸੀ ਕਿ ਪਾਰਟੀ ਬਾਦਲਾਂ ਤੇ ਉਨ੍ਹਾਂ ਦੇ ਜੀ ਹਜ਼ੂਰੀਆਂ ਦੀ ਜਾਗੀਰ ਬਣ ਗਈ ਹੈ। ਵਿਧਾਨ ਸਭਾ ਚੋਣਾਂ ਦੌਰਾਨ ਬਾਦਲਾਂ ਤੇ ਕੁਝ ਸੀਨੀਅਰ ਅਕਾਲੀ ਆਗੂਆਂ ਨਾਲ ਧੱਕਾਮੁੱਕੀ ਹੋਣ ਦੀਆਂ ਘਟਨਾਵਾਂ ਇਹੋ ਸੰਕੇਤ ਦੇ ਰਹੀਆਂ ਸਨ। ਸਭ ਤੋਂ ਹੈਰਾਨਕੁਨ ਘਟਨਾ ਉਹ ਸੀ ਜਦੋਂ ਮੁੱਖ ਮੰਤਰੀ ਬਾਦਲ ਦੇ ਆਪਣੇ ਜੱਦੀ ਹਲਕੇ ਲੰਬੀ ਵਿਚ ਜੁੱਤੀ ਵੱਜੀ ਜਿਸ ਨਾਲ ਉਨ੍ਹਾਂ ਦੀ ਐਨਕ ਟੁੱਟ ਗਈ ਸੀ। ਸੁਖਬੀਰ ਦੇ ਅਸੈਂਬਲੀ ਹਲਕੇ ਵਿਚ ਵੀ ਪਥਰਾਓ ਹੋਇਆ ਸੀ। ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੀ ਪੱਗ ਲੱਥ ਗਈ ਸੀ ਅਤੇ ਦਿਹਾਤੀ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਉਨ੍ਹਾਂ ਦਾ ਪੁੱਤਰ ਤਖ਼ਤ ਦਮਦਮਾ ਸਾਹਿਬ ਦੇ ਬਾਹਰ ਭੜਕੇ ਲੋਕਾਂ ਵਿਚ ਘਿਰ ਗਏ ਸਨ, ਪੁਲੀਸ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਬਚਾਅ ਕੇ ਕੱਢਿਆ ਸੀ। ਇਹ ਸ਼ੁਰੂਆਤੀ ਸੰਕੇਤ ਸਨ ਕਿ ਆਉਣ ਵਾਲੇ ਦਿਨਾਂ ‘ਚ ਪਾਰਟੀ ਨਾਲ ਕੀ ਭਾਣਾ ਵਰਤਣ ਵਾਲਾ ਹੈ। ਅਕਾਲੀ ਸਦਾ ਹੀ ਆਪਣੇ ਸਿਆਸੀ ਏਜੰਡੇ ਦੀ ਧਾਰ ਪ੍ਰਚੰਡ ਕਰਨ ਲਈ ਚਲਾਕੀ ਨਾਲ ਸਿੱਖ ਧਰਮ ਦੀ ਵਰਤੋਂ ਕਰਦੇ ਰਹੇ ਹਨ ਪਰ ਇਸ ਵਾਰ ਉਹ ਖ਼ੁਦ ਸਿੱਖਾਂ ਦੀਆਂ ਨਜ਼ਰਾਂ ਵਿਚ ਡਿਗ ਗਏ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਬੇਹੁਰਮਤੀ ਕਰਨ ਲਈ ਜ਼ਿੰਮੇਵਾਰ ਬਣ ਗਏ। ਆਮ ਸਿੱਖ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਅਦਬੀ ਦੇ ਮੁੱਦੇ ਨਾਲ ਨਾ ਨਜਿੱਠਣ ਅਤੇ ਸਿੱਖ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ ਨਾ ਕਰਨ ਲਈ ਜ਼ਿੰਮੇਵਾਰ ਮੰਨਦੇ ਹਨ ਜਿਸ ਕਰ ਕੇ ਸਿੱਖ ਭਾਈਚਾਰੇ ਅੰਦਰ ਅਕਾਲੀ ਦਲ ਲਈ ਅਪਣੱਤ ਜਾਂਦੀ ਰਹੀ। ਬੇਅਦਬੀ ਦਾ ਮੁੱਦਾ ਕਾਂਗਰਸ ਨੂੰ ਰਾਸ ਆ ਗਿਆ ਅਤੇ ਇਸ ਨੇ ਅਕਾਲੀ ਲੀਡਰਸ਼ਿਪ ਦਾ ਮੱਕੂ ਠੱਪਣ ਲਈ ਇਸ ਮੁੱਦੇ ਦਾ ਖੂਬ ਇਸਤੇਮਾਲ ਕੀਤਾ। ਜਿਸ ਤਰ੍ਹਾਂ ਅਕਾਲੀ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਬੇਅਦਬੀ ਦੀਆ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬਹਿਸ ‘ਚੋਂ ਵਾਕਆਊਟ ਕੀਤਾ, ਉਸ ਤੋਂ ਸਾਫ਼ ਹੋ ਗਿਆ ਕਿ ਪਾਰਟੀ ਇਸ ਮੁੱਦੇ ‘ਤੇ ਸਦਨ ਦੀ ਕਾਰਵਾਈ ਦਾ ਸਾਹਮਣਾ ਕਰਨ ਦੀ ਹਾਲਤ ਵਿਚ ਨਹੀਂ ਹੈ। ਪਾਰਟੀ ਲੀਡਰਸ਼ਿਪ ਇਕ ਤੋਂ ਬਾਅਦ ਇਕ ਬੱਜਰ ਗ਼ਲਤੀਆਂ ਕਰਦੀ ਆ ਰਹੀ ਹੈ। ਪਹਿਲਾਂ ਇਸ ਨੇ ਜਥੇਦਾਰ ਤੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿਵਾਈ ਪਰ ਜਦੋਂ ਸਿੱਖ ਸੰਗਤ ਨੇ ਇਸ ਨੂੰ ਨਾ ਸਵੀਕਾਰਿਆ ਤਾਂ ਇਹ ਮੁਆਫ਼ੀ ਵਾਪਸ ਕਰਵਾ ਦਿੱਤੀ। ਇਸ ਤੋਂ ਸਪੱਸ਼ਟ ਹੋ ਗਿਆ ਕਿ ਪਾਰਟੀ ਲੀਡਰਸ਼ਿਪ ਨਾ ਕੇਵਲ ਸੰਵੇਦਨਸ਼ੀਲ ਮੁੱਦਿਆਂ ਨਾਲ ਨਜਿੱਠਣ ਦੇ ਅਸਮੱਰਥ ਹੈ ਸਗੋਂ ਪ੍ਰਪੱਕ ਵੀ ਨਹੀਂ ਹੈ। ਇਸ ਸਮੇਂ ਪਾਰਟੀ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੀ ਲੀਡਰਸ਼ਿਪ ਦੀ ਘਾਟ ਮਹਿਸੂਸ ਹੋ ਰਹੀ ਹੈ। ਅਕਾਲੀ ਦਲ ਦੇ ਰਵਾਇਤੀ ਲੋਕ ਅਧਾਰ ਦੇ ਖੁਰਨ ਦਾ ਇਕ ਕਾਰਨ ਇਹ ਵੀ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਲੀਡਰਸ਼ਿਪ ਜਿਵੇਂ ਮੋਦੀ ਨੁਮਾ ਸਿਆਸਤ ਦੀ ਅੱਖਾਂ ਮੀਟ ਕੇ ਹਮਾਇਤ ਕਰਦੀ ਆ ਰਹੀ ਹੈ। ਅਸਲ ਵਿਚ, ਬਾਦਲਾਂ ਨੇ ਜਿਸ ਢੰਗ ਨਾਲ ਪਾਰਟੀ ਅੰਦਰ ਜਮਹੂਰੀਅਤ ਦਾ ਘਾਣ ਕੀਤਾ, ਉਸ ਦਾ ਨਤੀਜਾ ਪਾਰਟੀ ਅਤੇ ਲੀਡਰਸ਼ਿਪ ਖ਼ਿਲਾਫ਼ ਰੋਹ ਦੇ ਰੂਪ ਵਿਚ ਨਿੱਕਲਿਆ। ਪਾਰਟੀ ਅਤੇ ਸ਼੍ਰੋਮਣੀ ਕਮੇਟੀ ਦੇ ਇਕ ਇਕ ਫੈਸਲੇ ਨੂੰ ਜਿਸ ਢੰਗ ਨਾਲ ਕੰਟਰੋਲ ਕੀਤਾ ਗਿਆ, ਉਸ ਨੇ ਕਿਸੇ ਹੋਰ ਲੀਡਰ ਲਈ ਕੋਈ ਥਾਂ ਹੀ ਨਹੀਂ ਛੱਡੀ। ਹੁਣ ਇਸ ਤਾਨਾਸ਼ਾਹੀ ਖ਼ਿਲਾਫ਼ ਪਾਰਟੀ ਅੰਦਰ ਲਾਵਾ ਫੁੱਟ ਪਿਆ ਹੈ।

*ਲੇਖਕ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ਰਾਜਨੀਤੀ ਸ਼ਾਸਤਰ ਵਿਭਾਗ ਦਾ ਪ੍ਰੋਫ਼ੈਸਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਸ਼ਹਿਰ

View All