ਅਕਬਰੀ ਸ਼ਹਿਨਸ਼ਾਹੀਆਂ ਦੇ ਕਿੰਗਰੇ ਟੁੱਟੇ

ਆਪਣੇ ਵੇਲਿਆਂ ਦੌਰਾਨ ਚਰਚਿਤ ਪੱਤਰਕਾਰ ਵਜੋਂ ਵਿਚਰੇ ਐੱਮਜੇ ਅਕਬਰ ਦਾ ਭੂਤਕਾਲ ਉਸ ਦੇ ਭਵਿੱਖ ਅੱਗੇ ਕੰਧ ਬਣ ਕੇ ਖਲੋ ਗਿਆ ਜਾਪਦਾ ਹੈ। ‘ਮੀ ਟੂ’ ਮੁਹਿੰਮ ਤਹਿਤ ਉਸ ਦਾ ਨਾਂ ਲੈਣ ਵਾਲੀਆਂ ਪੱਤਰਕਾਰ ਬੀਬੀਆਂ ਦੀ ਗਿਣਤੀ ਨੌਂ ਤੱਕ ਅੱਪੜ ਗਈ ਹੈ। ਇਨ੍ਹਾਂ ਬੀਬੀਆਂ ਨੇ ਜਿਨਸੀ ਸ਼ੋਸ਼ਣ ਦੀਆਂ ਜਿਹੜੀਆਂ ਕਹਾਣੀਆਂ ਬਿਆਨ ਕੀਤੀਆਂ ਹਨ, ਉਹ ਬਹੁਤ ਭਿਆਨਕ ਹਨ। ਇਨ੍ਹਾਂ ਕਹਾਣੀਆਂ ਦੀ ਸਾਂਝੀ ਤੰਦ ਇਹੀ ਹੈ ਕਿ ਉਨ੍ਹਾਂ ਦਾ ਰਸੂਖ਼ਵਾਨ ਬੌਸ ਆਪਣੀ ਪੁਜੀਸ਼ਨ ਦੀ ਦੁਰਵਰਤੋਂ ਰੱਜ ਕੇ ਅਤੇ ਬੇਖ਼ੌਫ਼ ਕਰ ਰਿਹਾ ਸੀ। ਉਹ ਆਪਣੀਆਂ ਨੌਜਵਾਨ ਕੁਲੀਗ ਦੀ ਸ਼ਨਾਖ਼ਤ ਕਰਦਾ, ਉਨ੍ਹਾਂ ਲਈ ਚੰਗੇ ਰੁਤਬੇ ਤੇ ਰੁਜ਼ਗਾਰ ਦਾ ਚੋਗਾ ਸੁੱਟਦਾ, ਉਨ੍ਹਾਂ ਨੂੰ ਹੋਟਲਾਂ ਵਿਚ ਮੀਟਿੰਗਾਂ ਲਈ ਸੱਦਦਾ ਅਤੇ ਫਿਰ ਉਨ੍ਹਾਂ ਉੱਤੇ ਆਪਣੀ ਮਰਜ਼ੀ ਥੋਪਣ ਦੀ ਕੋਸ਼ਿਸ਼ ਕਰਦਾ। 1990ਵਿਆਂ ਵਿਚ ਚੰਗੀਆਂ ਕਿਤਾਬਾਂ ਦੇ ਲਿਖਾਰੀ ਵਜੋਂ ਮਸ਼ਹੂਰ ਹੋਏ ਉਸ ਪੱਤਰਕਾਰ ਦਾ ਇਹ ਰੰਗ ਦੁਨੀਆਂ ਨੇ ਹੁਣ ਦਹਾਕਿਆਂ ਬਾਅਦ ਉੱਘੜ ਕੇ ਸਾਹਮਣੇ ਆਇਆ ਹੈ। ਇਸ ਰੰਗ ਦਾ ਖੁਲਾਸਾ ‘ਮੀ ਟੂ’ ਮੁਹਿੰਮ ਕਾਰਨ ਸੰਭਵ ਹੋ ਸਕਿਆ ਹੈ। ਪੀੜਤ ਬੀਬੀਆਂ ਵਿਚੋਂ ਇਕ ਨੇ ਸਾਲ ਪਹਿਲਾਂ ਉਸ ਖ਼ਿਲਾਫ਼ ਲੇਖ ਲਿਖਿਆ ਸੀ ਪਰ ਉਸ ਵਿਚ ਅਕਬਰ ਦਾ ਨਾਂ ਨਹੀਂ ਸੀ। ਉਸ ਵਕਤ ਕੋਈ ਅਜਿਹਾ ਮਾਹੌਲ ਹੀ ਨਹੀਂ ਸੀ ਕਿ ਕੋਈ ਇਸ ਬਾਰੇ ਚਰਚਾ ਵੀ ਕਰਦਾ। ਸਿੱਟੇ ਵਜੋਂ ਉਹ ਲੇਖ ਪਰਚੇ ਦੇ ਪੰਨਿਆਂ ਵਿਚ ਹੀ ਦਫ਼ਨ ਹੋ ਕੇ ਰਹਿ ਗਿਆ। ਹੁਣ ‘ਮੀ ਟੂ’ ਮੁਹਿੰਮ ਨੇ ਔਰਤਾਂ ਦੀ ਆਵਾਜ਼ ਏਨੀ ਬੁਲੰਦ ਕਰ ਦਿੱਤੀ ਕਿ ਇਸ ਨੇ ਬੋਲੇ ਕੰਨਾਂ ਨੂੰ ਵੀ ਦਰਦ ਕਥਾ ਸੁਣਾ ਦਿੱਤੀ ਹੈ। ਕੇਂਦਰ ਸਰਕਾਰ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਪਹਿਲਾਂ ਇਸ ਮਸਲੇ ਤੋਂ ਟਾਲਾ ਵੱਟਦੀ ਰਹੀ ਅਤੇ ਖ਼ਾਮੋਸ਼ ਰਹੀ। ਹੁਣ ਕਿਤੇ ਜਾ ਕੇ ਵੱਖ ਵੱਖ ਬਿਆਨ ਆਉਣੇ ਆਰੰਭ ਹੋਏ ਹਨ। ਇਨ੍ਹਾਂ ਬਿਆਨਾਂ ਤੋਂ ਗ਼ੈਰ ਸੰਜੀਦਗੀ ਹੀ ਝਲਕ ਰਹੀ ਹੈ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ਦਾ ਆਖਣਾ ਹੈ ਕਿ ਇਸ ਮਸਲੇ ਦਾ ਜਵਾਬ ਖ਼ੁਦ ਅਕਬਰ ਨੇ ਹੀ ਦੇਣਾ ਹੈ। ਪਾਰਟੀ ਦੇ ਸਰਕਰਦਾ ਲੀਡਰ ਅਤੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਮੁਤਾਬਿਕ, ਅਕਬਰ ਬਾਰੇ ਫ਼ੈਸਲਾ ਸਰਕਾਰ ਨੇ ਕਰਨਾ ਹੈ। ਇਹ ਅਸਲ ਵਿਚ ਉਸ ਮਾਹੌਲ ਦੀ ਬਦੌਲਤ ਸੰਭਵ ਹੋਇਆ ਹੈ ਜਿਸ ਦੀ ਹੋਂਦ ਬਾਝੋਂ ਔਰਤਾਂ ਨਾਲ ਹੋਈਆਂ ਜੱਗੋਂ ਤੇਰਵੀਆਂ ਦਾ ਕਿਤੇ ਹਿਸਾਬ ਨਹੀਂ ਹੁੰਦਾ। ‘ਮੀ ਟੂ’ ਮੁਹਿੰਮ ਦਾ ਇਕ ਚੰਗਾ ਪੱਖ ਐਤਕੀਂ ਇਹ ਰਿਹਾ ਹੈ ਕਿ ਨਮੋਸ਼ੀ ਦਾ ਘੇਰਾ ਕਾਲੀਆਂ ਕਰਤੂਤਾਂ ਕਰਨ ਵਾਲਿਆਂ ਨੂੰ ਹੀ ਪੈ ਰਿਹਾ ਹੈ। ਅਜਿਹੇ ਮਾਮਲਿਆਂ ਵਿਚ ਪਹਿਲਾਂ ਤਾਂ ਪੀੜਤ ਨੂੰ ਹੀ ਵਧੇਰੇ ਪ੍ਰੇਸ਼ਾਨੀ ਅਤੇ ਨਮੋਸ਼ੀ ਝੱਲਣੀ ਪੈਂਦੀ ਸੀ। ਇਸੇ ਕਰਕੇ ਅਕਸਰ ਹਰ ਪੀੜਤ ਸਾਹਮਣੇ ਆਉਣ ਤੋਂ ਝਿਜਕਦੀ ਸੀ। ਹੁਣ ਮਸਲਾ ਇਕੱਲੇ ਐੱਮਜੇ ਅਕਬਰ ਦੇ ਅਸਤੀਫ਼ੇ ਦਾ ਨਹੀਂ ਰਹਿ ਗਿਆ, ਇਹ ਵਡੇਰੇ ਪ੍ਰਸੰਗ ਵਿਚ ਔਰਤਾਂ ਦੇ ਸ਼ੋਸ਼ਣ ਨਾਲ ਜੁੜਿਆ ਹੋਇਆ ਹੈ। ਇਸ ਦੀਆਂ ਅਗਲੀਆਂ ਪਰਤਾਂ ਔਰਤਾਂ ਦੀ ਆਜ਼ਾਦੀ ਅਤੇ ਬਰਾਬਰੀ ਵੱਲ ਖੁੱਲ੍ਹਦੀਆਂ ਹਨ। ਇਨ੍ਹਾਂ ਹਾਲਾਤ ਵਿਚ ਹੁਣ ਸਰਕਾਰਾਂ ਅਤੇ ਨਿਆਂ ਪਾਲਿਕਾ ਨੂੰ ਇਕ ਕਦਮ ਹੋਰ ਅਗਾਂਹ ਵਧਾਉਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All