DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਦਿਅਕ ਅਦਾਰੇ ਬੰਦ; 15 ਤੱਕ ਰਾਤ ਦਾ ਕਰਫਿਊ

ਸਿਨੇਮਾ ਘਰ, ਬਾਰ, ਮੌਲਜ਼, ਸਪਾ, ਰੈਸਟੋਰੈਂਟ, ਮਿਊਜ਼ੀਅਮ ਤੇ ਚਿੜੀਆ ਘਰ 50 ਫੀਸਦ ਸਮਰੱਥਾ ਨਾਲ ਖੋਲ੍ਹਣ ਦੀ ਹਦਾਇਤ

  • fb
  • twitter
  • whatsapp
  • whatsapp
Advertisement

ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜਨਵਰੀ

ਮੁੱਖ ਅੰਸ਼

Advertisement

  • ਸਰਕਾਰੀ/ਪ੍ਰਾਈਵੇਟ ਦਫ਼ਤਰਾਂ ਅਤੇ ਸਨਅਤਾਂ ’ਚ ਸਟਾਫ ਲਈ ਟੀਕਾਕਰਨ ਲਾਜ਼ਮੀ ਕਰਾਰ
  • ਪਟਿਆਲਾ ਦੇ ਮੈਡੀਕਲ ਕਾਲਜ ’ਚ 100 ਤੇ ਲੁਧਿਆਣਾ ਜ਼ਿਲ੍ਹੇ ਦੇ ਨਰਸਿੰਗ ਕਾਲਜ ’ਚ 41 ਵਿਦਿਆਰਥੀ ਕਰੋਨਾ ਪਾਜ਼ੇਟਿਵ

ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਤੋਂ ਐਨ ਪਹਿਲਾਂ ਕੋਵਿਡ ਕੇਸਾਂ ਦੀ ਦਰ ’ਚ ਵਾਧੇ ਨੂੰ ਦੇਖਦਿਆਂ ਪੰਜਾਬ ਭਰ ਵਿਚ 15 ਜਨਵਰੀ ਤੱਕ ਰਾਤ ਦਾ ਕਰਫਿਊ ਅਤੇ ਨਵੀਆਂ ਕੋਵਿਡ ਬੰਦਿਸ਼ਾਂ ਲਗਾ ਦਿੱਤੀਆਂ ਹਨ। ਪੰਜਾਬ ਵਿੱਚ 9 ਜੁਲਾਈ 2021 ਨੂੰ ਕੋਵਿਡ ਦੀ ਦੂਸਰੀ ਲਹਿਰ ਮੱਠੀ ਪੈਣ ਮਗਰੋਂ ਰਾਤ ਦਾ ਕਰਫਿਊ ਹਟਾਇਆ ਗਿਆ ਸੀ ਅਤੇ ਹੁਣ ਕਰੀਬ ਛੇ ਮਹੀਨੇ ਮਗਰੋਂ ਕੋਵਿਡ ਕੇਸਾਂ ਦੇ ਪਾਸਾਰ ਕਰਕੇ ਮੁੜ ਰਾਤ ਦਾ ਕਰਫਿਊ ਲਾਉਣਾ ਪਿਆ ਹੈ। ਪੰਜਾਬ ’ਚ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ ਅਤੇ ਸ਼ਹਿਰਾਂ ਤੇ ਕਸਬਿਆਂ ਵਿਚ ਸਿਰਫ਼ ਜ਼ਰੂਰੀ ਵਸਤਾਂ ਦੀ ਹੀ ਆਮਦੋਰਫ਼ਤ ਦੀ ਇਜਾਜ਼ਤ ਹੋਵੇਗੀ। ਪਟਿਆਲਾ ਦੇ ਮੈਡੀਕਲ ਕਾਲਜ ਵਿਚ ਕਰੀਬ 142 ਵਿਦਿਆਰਥੀ ਅਤੇ ਲੁਧਿਆਣਾ ਜ਼ਿਲ੍ਹੇ ਦੇ ਡੀ.ਐੱਮ.ਸੀ ਕਾਲਜ ਆਫ਼ ਨਰਸਿੰਗ ਮਲਕਪੁਰ ਵਿਚ 41 ਵਿਦਿਆਰਥੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਵਿਚ ਵੀ ਵਿਦਿਆਰਥੀ ਕੋਵਿਡ ਪਾਜ਼ੇਟਿਵ ਨਿਕਲ ਆਏ ਹਨ।

Advertisement

ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਕੋਵਿਡ ਦਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਖ਼ਬਰਦਾਰ ਕਰ ਦਿੱਤਾ ਸੀ। ਗ੍ਰਹਿ ਵਿਭਾਗ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ ਜਿਨ੍ਹਾਂ ਤਹਿਤ 15 ਜਨਵਰੀ ਤੱਕ ਰਾਜ ਭਰ ਵਿਚ ਸਕੂਲ, ਕਾਲਜ ਤੇ ਯੂਨੀਵਰਸਿਟੀ ਮੁੜ ਬੰਦ ਕਰ ਦਿੱਤੀਆਂ ਗਈਆਂ ਹਨ। ਸਿਰਫ਼ ਆਨ ਲਾਈਨ ਪੜ੍ਹਾਈ ਹੀ ਹੋਵੇਗੀ। ਮੈਡੀਕਲ ਅਤੇ ਨਰਸਿੰਗ ਅਦਾਰਿਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਰਾਜ ਭਰ ਦੇ ਸਰਕਾਰੀ/ਪ੍ਰਾਈਵੇਟ ਦਫ਼ਤਰਾਂ ਅਤੇ ਸਨਅਤਾਂ ’ਚ ਸਟਾਫ ਲਈ ਟੀਕਾਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ। ਹਦਾਇਤਾਂ ਅਨੁਸਾਰ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿਚ ‘ਨੋ ਮਾਸਕ, ਨੋ ਸਰਵਿਸ’ ਦਾ ਫ਼ਾਰਮੂਲਾ ਲਾਗੂ ਕੀਤਾ ਗਿਆ ਹੈ। ਜਨਤਕ ਥਾਵਾਂ ’ਤੇ ਵੀ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਜ਼ਰੂਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਸਿਨੇਮਾ ਘਰਾਂ, ਮਲਟੀਪਲੈਕਸ, ਬਾਰ, ਮੌਲਜ਼, ਸਪਾ, ਰੈਸਟੋਰੈਂਟ, ਮਿਊਜ਼ੀਅਮ ਅਤੇ ਚਿੜੀਆ ਘਰ ਵੀ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਹਦਾਇਤ ਕੀਤੀ ਗਈ ਹੈ ਅਤੇ ਸਬੰਧਤ ਸਟਾਫ ਦਾ ਟੀਕਾਕਰਨ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਪੋਰਟਸ ਕੰਪਲੈਕਸ, ਸਟੇਡੀਅਮ, ਸਵਿਮਿੰਗ ਪੂਲ ਅਤੇ ਜਿੰਮ ਵੀ 15 ਜਨਵਰੀ ਤੱਕ ਬੰਦ ਕਰ ਦਿੱਤੇ ਹਨ। ਏਸੀ ਬੱਸਾਂ ਵੀ 50 ਫੀਸਦੀ ਯਾਤਰੀਆਂ ਨਾਲ ਹੀ ਚੱਲ ਸਕਣਗੀਆਂ। ਸੂਬੇ ’ਚ ਅੱਜ ਕਰੋਨਾ ਦੇ ਇੱਕ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।ਇਕੱਲੇ ਪਟਿਆਲਾ ਤੇ ਪਠਾਨਕੋਟ ਜ਼ਿਲ੍ਹੇ ਵਿਚ ਕੋਵਿਡ ਕੇਸਾਂ ਦੀ ਗਿਣਤੀ ਬਾਕੀ ਪੰਜਾਬ ਦੇ ਮੁਕਾਬਲੇ ਪੰਜਾਹ ਫੀਸਦੀ ਹੈ। ਸਿਹਤ ਮੰਤਰੀ ਓ.ਪੀ.ਸੋਨੀ ਨੇ ਲੰਘੇ ਕੱਲ੍ਹ ਹੀ ਪੰਜਾਬ ਵਿੱਚ 15 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।

ਲੁਧਿਆਣਾ ਵਿੱਚ ਇਕ ਔਰਤ ਨੂੰ ਕਰੋਨਾ ਵੈਕਸੀਨ ਲਗਾਉਂਦੀ ਸਿਹਤ ਮੁਲਾਜ਼ਮ। -ਫੋਟੋ: ਹਿਮਾਂਸ਼ੂ

ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਭੜਕੇ

ਪ੍ਰਾਈਵੇਟ ਸਕੂਲਾਂ ਦੀ ਐਸੋਸੀਏਸ਼ਨ ਰਾਸਾ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਮਾਨ (ਬਠਿੰਡਾ) ਨੇ ਕਿਹਾ ਕਿ ਸਰਕਾਰ ਨੇ ਬਿਨਾਂ ਅਗਾਊਂ ਨੋਟਿਸ ਦੇ ਇਹ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਖੁੱਲ੍ਹੇ ਹਨ ਅਤੇ ਸਿਆਸੀ ਰੈਲੀਆਂ ਵੀ ਹੋ ਰਹੀਆਂ ਹਨ ਤਾਂ ਫਿਰ ਅਚਾਨਕ ਸਕੂਲ ਬੰਦ ਕਰਨ ਦੀ ਕੀ ਤੁੱਕ ਹੈ। ਇਸੇ ਦੌਰਾਨ ਸਕੂਲ ਸਿੱਖਿਆ ਵਿਭਾਗ ਨੇ ਅੱਜ ਪੰਜਾਬ ਦੇ ਸਰਕਾਰੀ/ਸਹਾਇਤਾ ਪ੍ਰਾਪਤ/ ਪ੍ਰਾਈਵੇਟ/ਅਨਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਨੂੰ 15 ਜਨਵਰੀ ਤੱਕ ਬੰਦ ਕਰ ਦਿੱਤਾ ਹੈ।

ਚੰਨੀ ਨੇ ਕੀਤਾ ਕੇਜਰੀਵਾਲ ਨੂੰ ਫੋਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦਿੱਲੀ ਦੇ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਹੈ। ਕੇਜਰੀਵਾਲ ਕੋਵਿਡ-19 ਦੀ ਲਾਗ ਲਈ ਪਾਜ਼ੇਟਿਵ ਨਿਕਲ ਆਏ ਹਨ। ਮੁੱਖ ਮੰਤਰੀ ਚੰਨੀ ਨੇ ਕੇਜਰੀਵਾਲ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ ਹੈ।

ਭਾਰਤ ਵਿੱਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 1,892 ਹੋਈ

ਨਵੀਂ ਦਿੱਲੀ: ਮੁਲਕ ਦੇ 23 ਸੂਬਿਆਂ ਤੇ ਯੂਟੀਜ਼ ਵਿੱਚ ਓਮੀਕਰੋਨ ਵੇਰੀਐਂਟ ਦੇ 1,892 ਕੇਸ ਮਿਲ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 568, ਦਿੱਲੀ ਵਿੱਚ 382, ਕੇਰਲਾ ਵਿੱਚ 185, ਰਾਜਸਥਾਨ ਵਿੱਚ 174, ਗੁਜਰਾਤ ਵਿੱਚ 152 ਤੇ ਤਾਮਿਲਨਾਡੂ ਵਿੱਚ 121 ਕੇਸ ਮਿਲੇ ਹਨ। ਭਾਰਤ ਵਿੱਚ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਅੱਜ ਮਿਲੇ ਨਵੇਂ 37,379 ਕੇਸਾਂ ਮਗਰੋਂ 3,49,60,261 ਹੋ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 1,71,830 ਹੋ ਗਈ ਹੈ। ਅੰਕੜਿਆਂ ਮੁਤਾਬਕ ਕਰੋਨਾ ਕਾਰਨ ਕੁੱਲ ਮੌਤਾਂ ਦੀ ਗਿਣਤੀ ਵਧ ਕੇ 4,82,017 ਹੋ ਗਈ ਹੈ, ਜਿਸ ਦੌਰਾਨ ਅੱਜ ਕੁੱਲ 124 ਮਰੀਜ਼ਾਂ ਦੀ ਮੌਤ ਹੋਈ ਹੈ। -ਪੀਟੀਆਈ

ਸਿਆਸੀ ਰੈਲੀਆਂ ’ਤੇ ਰੋਕਾਂ ਬਾਰੇ ਸਰਕਾਰ ਚੁੱਪ

ਪੰਜਾਬ ਸਰਕਾਰ ਨੇ ਸਿਆਸੀ ਰੈਲੀਆਂ ’ਤੇ ਪਾਬੰਦੀ ਬਾਰੇ ਚੁੱਪ ਵੱਟ ਲਈ ਹੈ। ਪੰਜਾਬ ਚੋਣਾਂ ਐਨ ਸਿਰ ’ਤੇ ਹਨ ਜਿਸ ਕਰਕੇ ਰੈਲੀਆਂ ’ਤੇ ਬੰਦਿਸ਼ ਲਾਉਣ ਬਾਰੇ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ ਬੰਦਿਸ਼ਾਂ ਦੌਰਾਨ ਹੀ ਭਲਕੇ ਫਿਰੋਜ਼ਪੁਰ ਵਿਚ ਰੈਲੀ ਕਰਨਗੇ। ਇੱਧਰ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਮੋਰਿੰਡਾ ਤੇ ਫਗਵਾੜਾ ਵਿਚ ਜਨਤਕ ਸਮਾਗਮ ਕੀਤੇ ਹਨ। ਸਾਰੀਆਂ ਸਿਆਸੀ ਧਿਰਾਂ ਨੇ ਅੱਜ ਕੋਵਿਡ ਬੰਦਿਸ਼ਾਂ ਦੇ ਪਹਿਲੇ ਦਿਨ ਆਪਣੇ ਸਿਆਸੀ ਪ੍ਰੋਗਰਾਮਾਂ ਨੂੰ ਪਹਿਲਾਂ ਮਿੱਥੇ ਮੁਤਾਬਕ ਹੀ ਜਾਰੀ ਰੱਖਿਆ ਹੈ।

Advertisement
×