ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ

ਹਰਜੀਤ ਸਿੰਘ ਜ਼ੀਰਕਪੁਰ, 22 ਸਤੰਬਰ

ਜ਼ੀਰਕਪੁਰ ਵਿੱਚ ਲੱਗੇ ਜਾਮ ਦਾ ਦ੍ਰਿਸ਼।

ਸ਼ਹਿਰ ਦੀਆਂ ਸੜਕਾਂ ’ਤੇ ਅੱਜ ਸ਼ਾਮ ਭਾਰੀ ਜਾਮ ਲੱਗ ਗਿਆ। ਵਾਹਨ ਚਾਲਕਾਂ ਨੂੰ ਪੰਜ ਮਿੰਟ ਦਾ ਸਫ਼ਰ ਤੈਅ ਕਰਨ ਨੂੰ ਘੰਟਿਆਂਬੱਧੀ ਜਾਮ ਵਿੱਚ ਖੱਜਲ ਹੋਣਾ ਪਿਆ। ਦੂਜੇ ਪਾਸੇ ਜਾਮ ’ਤੇ ਕਾਬੂ ਪਾਉਣ ਲਈ ਕਿਤੇ ਵੀ ਟਰੈਫਿਕ ਪੁਲੀਸ ਨਜ਼ਰ ਨਹੀਂ ਆਈ। ਅੱਜ ਦੇਰ ਸ਼ਾਮ ਅੱਠ ਵਜੇ ਤੋਂ ਲੈ ਕੇ ਖ਼ਬਰ ਲਿਖੇ ਜਾਣ ਤੱਕ ਰਾਤ ਦੇ ਦੱਸ ਵਜੇ ਤੱਕ ਪੂਰੇ ਸ਼ਹਿਰ ਦੀਆਂ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਇਕੱਤਰ ਜਾਣਕਾਰੀ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਸ਼ਹਿਰ ਦੇ ਡਿਸਕੋ ਘਰਾਂ, ਮੈਰਿਜ ਪੈਲੇਸਾਂ ਅਤੇ ਹੋਟਲਾਂ ਵਿਚ ਸਮਾਗਮਾਂ ਦੀ ਭਰਮਾਰ ਹੁੰਦੀ ਹੈ। ਦੂਜੇ ਪਾਸੇ ਸ਼ਹਿਰ ਵਿੱਚ ਆਵਾਜਾਈ ਨੂੰ ਕਾਬੂ ਕਰਨ ਵਾਲੀ ਟਰੈਫਿਕ ਪੁਲੀਸ ਦੀ ਡਿਊਟੀ ਰਾਤ ਅੱਠ ਵਜੇ ਮੁਕ ਜਾਂਦੀ ਹੈ। ਜਦਕਿ ਇਸ ਤੋਂ ਬਾਅਦ ਸੜਕਾਂ ’ਤੇ ਆਵਾਜਾਈ ਵੱਧ ਜਾਂਦੀ ਹੈ। ਲੰਘੇ ਕੱਲ੍ਹ ਸ਼ਨੀਵਾਰ ਅਤੇ ਐਤਵਾਰ ਸ਼ਹਿਰ ਦੀਆਂ ਸੜਕਾਂ ’ਤੇ ਆਮ ਦਿਨਾਂ ਨਾਲੋਂ ਵਧ ਟਰੈਫਿਕ ਸੀ। ਇਸ ਦੇ ਨਾਲ ਹੀ ਚੰਡੀਗੜ੍ਹ ਬੈਰੀਅਰ ਦੇ ਨੇੜੇ ਸਥਿਤ ਇਕ ਕਲੱਬ ’ਚ ਦੋ ਰੋਜ਼ਾ ਪ੍ਰੋਗਰਾਮ ਦਾ ਅੱਜ ਅਖ਼ੀਰਲਾ ਦਿਨ ਹੋਣ ਕਾਰਨ ਸੜਕਾਂ ’ਤੇ ਜਾਮ ਲੱਗ ਗਿਆ। ਮੌਕੇ ’ਤੇ ਟਰੈਫਿਕ ਪੁਲੀਸ ਨਾ ਹੋਣ ਕਾਰਨ ਸ਼ਹਿਰ ਦੀਆਂ ਚੰਡੀਗੜ੍ਹ ਅੰਬਾਲਾ, ਜ਼ੀਰਕਪੁਰ, ਪਟਿਆਲਾ ਅਤੇ ਜ਼ੀਰਕਪੁਰ ਪੰਚਕੂਲਾ ਸੜਕ ’ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ‘ਅੱਠ ਵਜੇ ਤਕ ਹੁੰਦੀ ਹੈ ਟਰੈਫਿਕ ਮੁਲਾਜ਼ਮਾਂ ਦੀ ਡਿਊਟੀ’ ਗੱਲ ਕਰਨ ’ਤੇ ਟਰੈਫਿਕ ਇੰਚਾਰਜ ਇੰਸਪੈਕਟਰ ਗੁਰਜੀਤ ਸਿੰਘ ਨੇ ਕਿਹਾ ਕਿ ਅੱਜ ਸ਼ਹਿਰ ਵਿਚ ਬਹੁਤ ਜ਼ਿਆਦਾ ਸਮਾਗਮ ਸੀ ਜਿਸ ਕਾਰਨ ਜਾਮ ਲੱਗਿਆ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲੀਸ ਦੀ ਅੱਠ ਵਜੇ ਤੱਕ ਡਿਊਟੀ ਹੁੰਦੀ ਹੈ ਜਿਸ ਕਾਰਨ ਕੋਈ ਵੀ ਮੁਲਾਜ਼ਮ ਮੌਕੇ ’ਤੇ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੁਲੀਸ ਸਟੇਸ਼ਨ ਦੀ ਜਾਮ ’ਤੇ ਕਾਬੂ ਪਾਉਣਾ ਜ਼ਿਮੇਵਾਰੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All