ਸ਼ਰਾਬ ਤਸਕਰੀ ਦਾ ਧੰਦਾ ਸਿਆਸੀ ਸਰਪ੍ਰਸਤੀ ਹੇਠ ਹੋ ਰਿਹਾ ਹੈ ਪ੍ਰਫੁੱਲਿਤ

ਸਰਬਜੀਤ ਸਿੰਘ ਭੱਟੀ ਲਾਲੜੂ, 24 ਮਈ ਇਲਾਕੇ ’ਚ ਕਥਿਤ ਤੌਰ ’ਤੇ ਗੈਰ ਮਿਆਰੀ ਨਾਜਾਇਜ਼ ਸ਼ਰਾਬ ਦਾ ਧੰਦਾ ਪਿਛਲੇ ਕਾਫੀ ਸਮੇਂ ਤੋਂ ਪ੍ਰਫੁੱਲਤ ਹੋ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਅੰਦਰ ਠੇਕੇਦਾਰਾਂ ਕੋਲ ਰਹਿ ਚੁੱਕੇ ਕਰਿੰਦੇ ਇਸ ਧੰਦੇ ’ਚ ਸ਼ਾਮਲ ਹਨ। ਉਹ ਨਾਲ ਲੱਗਦੇ ਰਾਜ ਹਰਿਆਣੇ ਤੋਂ ਗੈਰ ਮਿਆਰੀ ਅਤੇ ਸਸਤੀ ਸ਼ਰਾਬ ਲਿਆ ਕੇ ਇਲਾਕੇ ਵਿੱਚ ਵੇਚਣ ਅਤੇ ਹੋਮ ਡਲਿਵਰੀ ਦਾ ਧੰਦਾ ਕਰਦੇ ਹਨ। ਇਸ ਗੈਰ ਮਿਆਰੀ ਨਾਜਾਇਜ਼ ਸ਼ਰਾਬ ਦੇ ਮੁੱਦੇ ਨੂੰ ਸੀਪੀਆਈ (ਐੱਮ) ਦੇ ਆਗੂਆਂ ਵਲੋਂ ਵੀ ਚੁੱਕਿਆ ਗਿਆ ਪਰ ਅਜੇ ਤੱਕ ਸਰਕਾਰ ਨੇ ਇਸ ਪਾਸੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਗੈਰ ਮਿਆਰੀ ਸ਼ਰਾਬ ਪੀ ਕੇ ਪਿਛਲੇ ਇਕ ਦਹਾਕੇ ਵਿੱਚ ਦਰਜਨਾਂ ਹੀ ਨੌਜਾਵਨ ਬੇਵਕਤੀ ਮੌਤ ਮਾਰੇ ਜਾ ਚੁੱਕੇ ਹਨ। ਸੀਪੀਆਈ (ਐਮ) ਦੇ ਆਗੂ ਸਾਬਕਾ ਸਰਪੰਚ ਲਾਭ ਸਿੰਘ, ਕਾਮਰੇਡ ਕੌਲ ਸਿੰਘ, ਕਾਮਰੇਡ ਚੰਦਰਪਾਲ ਅੱਤਰੀ ਤੇ ਨੰਦ ਕਿਸੋਰ ਨੇ ਜਾਣਕਾਰੀ ਦਿੱਤੀ ਕਿ ਨਾਜਾਇਜ਼ ਗੈਰ ਮਿਆਰੀ ਸ਼ਰਾਬ, ਨਾਜਾਇਜ਼ ਮਾਈਨਿੰਗ ਅਤੇ ਨਾਜਾਇਜ਼ ਕਬਜ਼ਿਆਂ ਦਾ ਗੋਰਖ ਧੰਦਾ ਪਿਛਲੇ ਡੇਢ ਦਹਾਕੇ ਤੋਂ ਲਾਲੜੂ ਵਿੱਚ ਬਿਨਾਂ ਰੋਕ ਟੋਕ ਜਾਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 10 ਸਾਲ ਦੇ ਕਾਰਜਕਾਲ ਦੌਰਾਨ ਹਲਕਾ ਡੇਰਾਬਸੀ ’ਚ ਤਿੰਨੇ ਨਗਰ ਕੌਂਸਲਾਂ ਲਾਲੜੂ, ਡੇਰਾਬਸੀ ਤੇ ਜ਼ਿਰਕਪੁਰ ਵਿੱਚ ਅਕਾਲੀ-ਭਾਜਪਾ ਗੱਠਜੋੜ ਦਾ ਪੂਰਨ ਬਹੁਮੱਤ ਹੋਣ ਦੇ ਬਾਵਜੂਦ ਨਾਜਾਇਜ਼ ਸ਼ਰਾਬ ਤੇ ਸਰਕਾਰੀ ਜ਼ਮੀਨਾਂ ਉਪਰ ਕਬਜ਼ੇ ਦੇ ਮਾਮਲਿਆਂ ’ਚ ਉਨ੍ਹਾਂ ਨੇ ਚੁੱਪ ਵੱਟੀ ਰੱਖੀ ਪਰ ਹੁਣ ਜਦੋਂ ਉਨ੍ਹਾਂ ਦਾ ਉਕਤ ਨਗਰ ਕੌਂਸਲਾਂ ਤੇ ਕਾਰਜਕਾਲ ਖਤਮ ਹੋ ਗਿਆ ਤਾਂ ਗੱਠਜੋੜ ਨੇ ਉਕਤ ਮਾਮਲਿਆਂ ਨੂੰ ਜ਼ੋਰਸ਼ੋਰ ਨਾਲ ਉਠਾਣਾ ਸ਼ੁਰੂ ਕਰ ਦਿੱਤਾ। ਲਾਲੜੂ ਪਿੰਡ ’ਚ ਪਿਛਲੇ ਡੇਢ ਦਹਾਕੇ ਤੋਂ ਘਰ-ਘਰ ਨਾਜਾਇਜ਼ ਤੇ ਗੈਰ ਮਿਆਰੀ ਸ਼ਰਾਬ ਦੀ ਸਪਲਾਈ ਹੋ ਰਹੀ ਹੈ। ਗੱਠਜੋੜ ਦੀ ਸਰਕਾਰ ਵੇਲੇ ਇਕ ਰਸੂਖਦਾਰ ਕਾਂਗਰਸੀ ਨੇ ਕਰੋੜਾਂ ਰੁਪਏ ਦੀ ਕੌਂਸਲ ਦੀ ਜ਼ਮੀਨ ਉਪਰ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਪਰ ਕੌਂਸਲ ਦੇ ਕਈ ਅਹੁਦੇਦਾਰ ਉਸ ਦੇ ਹੱਕ ਵਿੱਚ ਖਲੋ ਗਏ। ਇਲਾਕਾ ਵਾਸੀਆਂ ਨੇ ਇਸ ਗੋਰਖ ਧੰਦੇ ਨੂੰ ਤੁਰੰਤ ਨੱਥ ਪਾਏ ਜਾਣ ਦੀ ਮੰਗ ਕੀਤੀ ਹੈ।

ਚੌਕਸੀ ਵਰਤੀ ਜਾ ਰਹੀ ਹੈ: ਥਾਣਾ ਮੁਖੀ ਥਾਣਾ ਮੁਖੀ ਲਾਲੜੂ ਗੁਰਚਰਨ ਸਿੰਘ ਨੇ ਗੈਰ ਮਿਆਰੀ ਸ਼ਰਾਬ ਦੀ ਤਸਕਰੀ ਸਬੰਧੀ ਕਿਹਾ ਕਿ ਪਿਛਲੇ ਦਿਨੀ ਕੁੱਝ ਵਿਅਕਤੀਆਂ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਪਰ ਸ਼ਰਾਬ ਨਹੀਂ ਮਿਲੀ ਅਤੇ ਹੁਣ ਵੀ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ, ਕਿਸੇ ਵੀ ਸ਼ਰਾਬ ਦੀ ਤਸਕਰੀ ਕਰਨ ਵਾਲੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All