ਯੂਟੀ ਸਿਹਤ ਵਿਭਾਗ ਨੇ ਲਿਆ ਸੁੱਖ ਦਾ ਸਾਹ

ਕੁਲਦੀਪ ਸਿੰਘ ਚੰਡੀਗੜ੍ਹ, 24 ਮਾਰਚ ਯੂਟੀ ਦੇ ਸਿਹਤ ਵਿਭਾਗ ਨੇ ਅੱਜ ਉਸ ਵੇਲੇ ਸੁੱਖ ਦਾ ਸਾਹ ਲਿਆ ਜਦੋਂ ਕਰੋਨਾਵਾਇਰਸ (ਕੋਵਿਡ-19) ਦੇ ਸੱਤਵੇਂ ਪਾਜ਼ੇਟਿਵ ਆਏ ਮਰੀਜ਼ ਦੇ ਸੰਪਰਕ ਵਿਚ ਆਏ ਕਰੀਬ 55 ਸਾਲਾਂ ਦੇ ਵਿਅਕਤੀ ਤੇ 50 ਸਾਲਾਂ ਦੀ ਔਰਤ ਸਮੇਤ ਹੋਰ ਵੱਖ-ਵੱਖ ਮਰੀਜ਼ਾਂ ਨੂੰ ਮਿਲਾ ਕੇ ਕੁੱਲ ਪੰਜ ਮਰੀਜ਼ਾਂ ਦੇ ਖੂਨ ਦੇ ਸੈਂਪਲਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਯੂਟੀ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਪੁਰਸ਼ ਅਤੇ ਮਹਿਲਾ ਮਰੀਜ਼ ਤੋਂ ਇਲਾਵਾ ਬਾਕੀ ਮਰੀਜ਼ਾਂ ਵਿੱਚ ਪੰਜਾਬ ਦੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵਸਨੀਕ 35 ਸਾਲਾਂ ਦੇ ਨੌਜਵਾਨ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ ਜਿਸ ਨੂੰ ਪੀਜੀਆਈ ਦੇ ਸੀਡੀ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਇਸੇ ਦੌਰਾਨ ਜੀਐੱਮਸੀਐੱਚ-32 ਵਿੱਚ ਦਾਖਲ 22 ਅਤੇ 25 ਸਾਲਾਂ ਦੇ ਦੋ ਨੌਜਵਾਨਾਂ ਦੀਆਂ ਰਿਪੋਰਟਾਂ ਵੀ ਨੈਗੇਟਿਵ ਆਈਆਂ ਹਨ। ਚੰਡੀਗੜ੍ਹ ਨਿਵਾਸੀ 75 ਸਾਲਾਂ ਦੀ ਬਜ਼ੁਰਗ ਔਰਤ ਜੋ ਕਿ ਜੀਐੱਮਸੀਐੱਚ-32 ਵਿਚ ਦਾਖਲ ਹੈ, ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਫਿਲਹਾਲ ਕਰੋਨਾਵਾਇਰਸ ਦਾ ਕੋਈ ਵੀ ਨਵਾਂ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਸਮੇਂ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 7 ਹੀ ਹੈ।

ਕਰਫਿਊ ਤੋਂ ਸੈਕਟਰ-ਵਾਈਜ਼ ਮਿਲੇਗੀ ਛੋਟ ਕਰਫਿਊ ਦੌਰਾਨ ਜ਼ਰੂਰਤ ਦੀਆਂ ਵਸਤਾਂ ਖਰੀਦਣ ਲਈ ਪ੍ਰਸ਼ਾਸਨ ਵੱਲੋਂ ਕਰਫਿਊ ’ਚ ਸੈਕਟਰ-ਵਾਈਜ਼ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਦੇ ਸਮੇਂ ਉਹ ਪ੍ਰਸ਼ਾਸਨ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਰਤੋਂ ਦੀ ਵਸਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਸ੍ਰੀ ਪਰੀਦਾ ਨੇ ਦੱਸਿਆ ਕਿ ਕਰਫਿਊ ਦੌਰਾਨ ਬੇਸਹਾਰਾ ਲੋਕਾਂ ਨੂੰ ਰੈੱਡ ਕਰਾਸ ਵੱਲੋਂ ਭੋਜਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਕਈ ਲੋੜਵੰਦ ਲੋਕਾਂ ਨੂੰ ਮੁਫ਼ਤ ਅਤੇ ਕਈਆਂ ਤੋਂ 10 ਰੁਪਏ ਪ੍ਰਤੀ ਥਾਲੀ ਵਸੂਲੇ ਜਾ ਰਹੇ ਹਨ। ਉਨ੍ਹਾਂ ਸ਼ਹਿਰ ਦੀਆਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ, ਗੁਰਦੁਆਰਾ ਕਮੇਟੀਆਂ ਅਤੇ ਆਰਐੱਸਐੱਸ ਸਮੇਤ ਹੋਰਨਾਂ ਸਾਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਉਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All