ਮੁਹਾਲੀ ਵਾਸੀਆਂ ਨੂੰ ਕਰਫਿਊ ’ਚ ਮਿਲੇਗੀ ਢਿੱਲ

ਪਿੰਡ ਸੰਤੇਮਾਜਰਾ ਨੇੜੇ ਮੰਗਲਵਾਰ ਨੂੰ ਸਵੇਰ ਵੇਲੇ ਸਬਜ਼ੀਆਂ ਖਰੀਦਦੇ ਹੋਏ ਲੋਕ। -ਫੋਟੋ: ਵਿੱਕੀ ਘਾਰੂ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 24 ਮਾਰਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ ਜ਼ਿਲ੍ਹੇ ਵਿੱਚ ਕਰਫਿਊ ਦੌਰਾਨ ਵਿਸ਼ੇਸ਼ ਢਿੱਲ ਦੇਣ ਦਾ ਐਲਾਨ ਕੀਤਾ ਹੈ। ਮੁਹਾਲੀ ਪ੍ਰਸ਼ਾਸਨ ਨੇ ਲੰਮੀ ਸੋਚ ਵਿਚਾਰ ਤੋਂ ਬਾਅਦ ਅੱਜ ਦੇਰ ਸ਼ਾਮ ਫੈਸਲਾ ਕੀਤਾ ਕਿ ਕਰਫਿਊ ਦੌਰਾਨ ਆਮ ਲੋਕਾਂ ਨੂੰ ਘਰ-ਘਰ ਜਾ ਕੇ ਦੁੱਧ, ਦਵਾਈ ਅਤੇ ਭੋਜਨ ਪਦਾਰਥਾਂ ਦੀ ਸਪਲਾਈ ਭਲਕੇ ਬੁੱਧਵਾਰ ਤੋਂ ਫੇਰੀ ਵਾਲਿਆਂ ਅਤੇ ਮੁਹੱਲਿਆਂ ਦੇ ਠੇਕੇਦਾਰਾਂ ਰਾਹੀਂ ਮੁਹੱਈਆ ਕਰਵਾਈ ਜਾਵੇਗੀ। ਇਸ ਫੈਸਲੇ ਮੁਤਾਬਕ 25 ਮਾਰਚ ਤੋਂ ਸਵੇਰੇ 6 ਵਜੇ ਤੋਂ 9 ਵਜੇ ਤੱਕ ਦੁੱਧ ਅਤੇ ਸਬਜ਼ੀਆਂ ਲਈ ਅਤੇ ਸਵੇਰੇ 8 ਵਜੇ ਤੋਂ 11 ਵਜੇ ਕਰਿਆਨੇ ਅਤੇ ਦਵਾਈਆਂ ਖਰੀਦਣ ਲਈ ਸਮਾਂ ਦਿੱਤਾ ਜਾਵੇਗਾ। ਆਮ ਲੋਕਾਂ ਨੂੰ ਰਾਹਤ ਦੇਣ ਸਬੰਧੀ ਅੱਜ ਜਾਰੀ ਇਨ੍ਹਾਂ ਆਦੇਸ਼ਾਂ ਵਿੱਚ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਲੋਕ ਆਪਣੇ ਸਥਾਨਕ ਕਰਿਆਨੇ ਦੀਆਂ ਦੁਕਾਨਾਂ/ਕੈਮਿਸਟਾਂ ਤੋਂ ਡਲਿਵਰੀ ਰਾਹੀਂ ਸਾਮਾਨ ਮੰਗਵਾ ਸਕਦੇ ਹਨ। ਦੁਕਾਨਾਂ/ਸੰਪਰਕ ਨੰਬਰਾਂ ਦੀ ਸੂਚੀ ਵੈਬਸਾਈਟ www.sasnagar.gov.in ’ਤੇ ਅਪਡੇਟ ਕੀਤੀ ਜਾ ਰਹੀ ਹੈ। ਸਪੁਰਦਗੀ ਨਾਲ ਸਬੰਧਤ ਕਿਸੇ ਵੀ ਮੁੱਦੇ ਲਈ ਕੰਟਰੋਲ ਰੂਮ ਨੰਬਰ 0172-2219541 ਅਤੇ 7888556264 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬੇਘਰੇ ਅਤੇ ਗਰੀਬਾਂ ਨੂੰ ਪਕਾਇਆ ਭੋਜਨ ਮੁਹੱਈਆ ਕਰਾਉਣ ਲਈ ਇਕ ਵੱਖਰੀ ਹੈਲਪਲਾਈਨ 9463775070 ਸਥਾਪਿਤ ਕੀਤੀ ਗਈ ਹੈ ਤਾਂ ਜੋ ਕਰਫਿਊ ਦੌਰਾਨ ਜ਼ਿਲ੍ਹੇ ਦੇ ਲੋਕਾਂ ਨੂੰ ਰੋਜ਼ਮੱਰਾ ਦੀਆਂ ਵਸਤੂਆਂ ਲਈ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਮੁਹਾਲੀ ਜ਼ਿਲ੍ਹੇ ਅੰਦਰ ਅੱਜ ਦੂਜੇ ਦਿਨ ਵੀ ਮੁਕੰਮਲ ਕਰਫਿਊ ਲਾਗੂੂ ਰਿਹਾ। ਸ਼ਹਿਰ ਦੇ ਐਂਟਰੀ ਪੁਆਇੰਟਾਂ ਅਤੇ ਸੰਪਰਕ ਸੜਕਾਂ ’ਤੇ ਨਾਕਾਬੰਦੀ ਕੀਤੀ ਗਈ। ਚੰਡੀਗੜ੍ਹ-ਮੁਹਾਲੀ ਦੀਆਂ ਸਾਂਝੀਆਂ ਹੱਦਾਂ ’ਤੇ ਪੰਜਾਬ ਪੁਲੀਸ ਦੇ ਨਾਲ ਸੀਆਰਪੀਐਫ਼ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਸਨ। ਸਮੁੱਚਾ ਸ਼ਹਿਰ ਅਤੇ ਆਸਪਾਸ ਇਲਾਕੇ ਵਿੱਚ ਸੁੰਨ ਪਸਰੀ ਹੋਈ ਸੀ। ਉਧਰ, ਕਰਫਿਊ ਦੇ ਬਾਵਜੂਦ ਕਈ ਥਾਵਾਂ ’ਤੇ ਲੋਕ ਘਰਾਂ ਤੋਂ ਬਾਹਰ ਨਿਕਲਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਸ ਸਬੰਧੀ ਕਰਫਿਊ ਨਿਯਮ ਤੋੜਨ ਦੇ ਦੋਸ਼ ਹੇਠ ਵੱਖ-ਵੱਖ ਥਾਣਿਆਂ ਵਿੱਚ 40 ਤੋਂ ਵੱਧ ਕੇਸ ਦਰਜ ਕੀਤੇ ਜਾਣ ਬਾਰੇ ਪਤਾ ਲੱਗਾ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All