ਮੁਹਾਲੀ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ: ਸਿੱਧੂ

ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਬਲਬੀਰ ਸਿੰਘ ਸਿੱਧੂ।

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 24 ਮਈ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਰੋਨਾਵਾਇਰਸ ਤੋਂ ਮੁਕਤੀ ਮਿਲਣ ਅਤੇ ਹਾਲਾਤ ਆਮ ਵਾਂਗ ਹੋਣ ’ਤੇ ਮੁਹਾਲੀ ਦੇ ਸਰਬਪੱਖੀ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਵੇਗੀ। ਉਨ੍ਹਾਂ ਨੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਾਇਜ਼ਾ ਲੈਣ ਲਈ ਇੱਥੋਂ ਦੇ ਫੇਜ਼-5 ਸਮੇਤ ਫੇਜ਼-11 ਮਾਰਕੀਟ, ਫੇਜ਼-10, 9, 7, ਫੇਜ਼-3ਬੀ2 ਅਤੇ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਫੇਜ਼-11 ਦੀ ਮਾਰਕੀਟ ਵਿੱਚ ਵਿਹੜੇ ਦਾ ਕੰਮ, ਸੀਵਰੇਜ ਪ੍ਰਣਾਲੀ, ਪਾਰਕਿੰਗ ਦੀ ਸਮੱਸਿਆ ਅਤੇ ਪਹੁੰਚ ਸੜਕ ਦੀ ਸਥਿਤੀ ਵਿੱਚ ਸੁਧਾਰ, ਫੇਜ਼-9 ਦੀ ਮਾਰਕੀਟ ਵਿੱਚ ਸੈਨੇਟਰੀ ਹਾਲਾਤਾਂ ਵਿੱਚ ਸੁਧਾਰ, ਫੇਜ਼-7 ਮਾਰਕੀਟ ਵਿੱਚ ਬਾਹਰੀ ਰੇਹੜੀ ਵਿਕਰੇਤਾਵਾਂ ਨੂੰ ਸੰਚਾਲਨ ਦੀ ਆਗਿਆ ਨਾ ਦੇਣ, ਪਾਰਕਿੰਗ ਦੇ ਹਿੱਸੇ ਨੂੰ ਗਰੀਨ ਬੈਲਟ ਦਾ ਹਿੱਸਾ ਬਣਾਉਣ, ਸੀਵਰੇਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੁਹਾਲੀ ਦੀਆਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਦੇ ਵਿਕਾਸ ਲਈ 1 ਕਰੋੜ 45 ਲੱਖ ਰੁਪਏ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਵੇਂ ਮੁਹਾਲੀ ਜ਼ਿਲ੍ਹਾ ਕਰੋਨਾ ਮੁਕਤ ਹੋ ਗਿਆ ਹੈ ਪਰ ਸਾਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਨਿਗਮ ਕਮਿਸ਼ਨਰ ਕਮਲ ਗਰਗ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਤੇ ਹੋਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All