ਮੁਹਾਲੀ ਜ਼ਿਲ੍ਹਾ ਹੋਇਆ ਕਰੋਨਾ-ਮੁਕਤ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 21 ਮਈ ਜ਼ਿਲ੍ਹਾ ਮੁਹਾਲੀ ਵਿੱਚ ਵੀਰਵਾਰ ਨੂੰ ਕਰੋਨਾਵਾਇਰਸ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਜਦੋਂਕਿ ਪਿੰਡ ਮਿਲਖ ਦੀ ਲੜਕੀ ਸੁਮਨ ਕੌਰ (24) ਅਤੇ ਨਵਾਂ ਗਾਉਂ ਦੇ ਅੰਕਿਤ ਕੁਮਾਰ (30) ਠੀਕ ਹੋ ਕੇ ਘਰ ਪਰਤ ਆਏ ਹਨ। ਇਹ ਦੋਵੇਂ ਜਣੇ ਪੀਜੀਆਈ ਵਿੱਚ ਜ਼ੇਰੇ ਇਲਾਜ ਸਨ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਤੋਂ ਪੀੜਤ ਕੋਈ ਮਰੀਜ਼ ਕਿਸੇ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸਭ ਤੋਂ ਪਹਿਲਾਂ ਜਿਸ ਤੇਜ਼ੀ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ ਮਾਮਲੇ ਵਧੇ ਸਨ, ਸਿਹਤ ਵਿਭਾਗ ਦੇ ਯਤਨਾਂ ਸਦਕਾ ਉਸੇ ਤੇਜ਼ ਰਫ਼ਤਾਰ ਨਾਲ ਮਰੀਜ਼ ਠੀਕ ਹੋਣ ਕਾਰਨ ਹੁਣ ਇਕ ਤਰ੍ਹਾਂ ਨਾਲ ਮੁਹਾਲੀ ਜ਼ਿਲ੍ਹਾ ਇਸ ਮਹਾਮਾਰੀ ਤੋਂ ਮੁਕਤ ਹੋ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਤੋਂ ਪੀੜਤ 105 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚੋਂ 102 ਮਰੀਜ਼ ਕਰੋਨਾ ਨੂੰ ਮਾਤ ਦੇਣ ਵਿੱਚ ਸਫਲ ਰਹੇ ਹਨ ਜਦੋਂਕਿ ਤਿੰਨ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜ਼ਿਲ੍ਹੇ ਵਿੱਚ ਹੁਣ ਕਰੋਨਾ ਵਾਇਰਸ ਦੀ ਲਾਗ ਦਾ ਕੋਈ ਕੇਸ ਨਹੀਂ ਬਚਿਆ ਹੈ ਪਰ ਲੋਕਾਂ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਇਸ ਮਾਰੂ ਬਿਮਾਰੀ ਦਾ ਖ਼ਾਤਮਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਲਾਪ੍ਰਵਾਹ ਜਾਂ ਅਵੇਸਲੇ ਹੋਏ ਤਾਂ ਇਹ ਬਿਮਾਰੀ ਮੁੜ ਹਮਲਾ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੰਘੇ ਸ਼ੁੱਕਰਵਾਰ ਨੂੰ ਇਕੱਠੇ ਹੀ 35 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੀ।

ਗਿਆਨ ਸਾਗਰ ਹਸਪਤਾਲ ਵਿੱਚੋਂ ਦੋ ਮਰੀਜ਼ਾਂ ਨੂੰ ਮਿਲੀ ਛੁੱਟੀ ਬਨੂੜ (ਪੱਤਰ ਪ੍ਰੇਰਕ): ਗਿਆਨ ਸਾਗਰ ਹਸਪਤਾਲ ਵਿੱਚੋਂ ਅੱਜ ਦੋ ਕਰੋਨਾ ਪੀੜਤਾਂ ਨੂੰ ਇਲਾਜ ਮਗਰੋਂ ਘਰ ਭੇਜ ਦਿੱਤਾ ਗਿਆ। ਦੋਵੇਂ ਮਰੀਜ਼ ਰੂਪਨਗਰ ਜ਼ਿਲ੍ਹੇ ਦੇ ਵਸਨੀਕ ਹਨ। ਹਸਪਤਾਲ ਵਿੱਚ ਹੁਣ ਕਰੋਨਾ ਤੋਂ ਪੀੜਤ ਤਿੰਨ ਮਰੀਜ਼ ਹੀ ਰਹਿ ਗਏ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਅੱਜ ਘਰ ਭੇਜਿਆ ਗਿਆ ਹੈ ਉਨ੍ਹਾਂ ਵਿੱਚ ਬਰਜਿੰਦਰ ਸਿੰਘ (60) ਅਤੇ ਨਰਿੰਦਰ ਸਿੰਘ (42) ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਮਰੀਜ਼ਾਂ ਨੂੰ ਇੱਕ ਹਫ਼ਤੇ ਲਈ ਆਪਣੇ ਘਰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।

ਕੈਂਸਰ ਦਾ ਮਰੀਜ਼ ਕਰੋਨਾ ਪਾਜ਼ੇਟਿਵ ਪੰਚਕੂਲਾ (ਪੀਪੀ ਵਰਮਾ): ਇਥੋਂ ਦੇ ਸੈਕਟਰ-2 ਵਿੱਚ ਕੈਂਸਰ ਮਰੀਜ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੇ ਦਿੱਲੀ ਜਾਣ ਤੋਂ ਪਹਿਲਾਂ ਟੈਸਟ ਕਰਵਾਇਆ ਸੀ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਮਰੀਜ਼ ਨੂੰ ਸੈਕਟਰ-6 ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਸਿਹਤ ਵਿਭਾਗ ਅਤੇ ਪੰਚਕੂਲਾ ਪ੍ਰਸ਼ਾਸਨ ਇਸ ਵਿਅਕਤੀ ਦੇ ਰਿਸ਼ਤੇਦਾਰਾਂ ਅਤੇ ਉਸ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕਰਨ ਵਿੱਚ ਜੁਟਿਆ ਹੋਂਇਆ ਹੈ। ਇਸ ਤਰ੍ਹਾਂ ਹੁਣ ਪੰਚਕੂਲਾ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 26 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿਚੋਂ ਦੋ ਕੇਸ ਐਕਟਿਵ ਹਨ ਤੇ 23 ਮਰੀਜ਼ ਕਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਪਰਤ ਗਏ ਹਨ। ਅਣਅਧਿਕਾਰਤ ਤੌਰ ’ਤੇ ਅਮਰੀਕਾ ਗਏ ਵਿਅਕਤੀ ਭਾਰਤ ਲਿਆਂਦੇ: ਅਣਅਧਿਕਾਰਤ ਤੌਰ ’ਤੇ ਅਮਰੀਕਾ ਗਏ 73 ਲੋਕਾਂ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਦੀ ਟੀਮ ਨੇ ਵਾਪਸ ਭਾਰਤ ਲਿਆਂਦਾ ਹੈ। ਇਨ੍ਹਾਂ ਸਾਰਿਆਂ ਦੇ ਪਾਸਪੋਰਟ ਜ਼ਬਤ ਕਰਕੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਸੂਚਨਾ ਦਿੱਤੀ ਗਈ ਹੈ। ਇਨ੍ਹਾਂ ਵਿਅਕਤੀਆਂ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਏਅਰਪੋਰਟ ’ਤੇ ਲਿਆਦਾ ਗਿਆ ਜਿੱਥੋਂ ਇਨ੍ਹਾਂ ਨੂੰ ਬੱਸਾਂ ਰਾਹੀਂ ਪੰਚਕੂਲਾ ਲਿਆਂਦਾ ਗਿਆ। ਹੁਣ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਵੱਖ-ਵੱਖ ਭਵਨਾਂ ਵਿੱਚ ਕੁਆਰਨਟਾਈਨ ਕੀਤਾ ਗਿਆ ਹੈ।

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਹੌਟਸਪੌਟ ਜ਼ੋਨ ਖ਼ਤਮ ਫਤਹਿਗੜ੍ਹ ਸਾਹਿਬ (ਦਰਸ਼ਨ ਸਿੱਘ ਮਿੱਠਾ): ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹੇ ਵਿੱਚ ਐਲਾਨੇ ਹੌਟਸਪੌਟ/ਕੰਟੇਨਮੈਂਟ ਜ਼ੋਨ ਖ਼ਤਮ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕਰੋਨਾਵਾਇਰਸ ਸਬੰਧੀ ਕੇਸ ਸਾਹਮਣੇ ਆਉਣ ਦੇ ਜ਼ਿਲ੍ਹੇ ਅੰਦਰ ਪੈਂਦੇ ਸਬੰਧਤ ਪਿੰਡਾਂ/ਸਥਾਨਾਂ ਨੂੰ ਹੌਟਸਪੌਟ/ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ। ਅੱਜ ਸਿਵਲ ਸਰਜਨ ਵੱਲੋਂ ਆਪਣੇ ਪੱਤਰ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੂੰ ਸੂਚਨਾ ਦਿੱਤੀ ਗਈ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਪਿਛਲੇ ਦਿਨਾਂ ਵਿੱਚ ਕੋਈ ਵੀ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਜ਼ਿਲ੍ਹਾ ਮੈਜਿਸਟਰੇਟ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਐਲਾਨੇ ਗਏ ਹੌਟਸਪੌਟ/ਕੰਟੇਨਮੈਂਟ ਜ਼ੋਨ ਖ਼ਤਮ ਕੀਤੇ ਜਾਣ। ਜ਼ਿਲ੍ਹਾ ਮੈਜਿਸਟਰੇਟ ਨੇ ਸਿਵਲ ਸਰਜਨ ਦੇ ਪੱਤਰ ਨੂੰ ਆਧਾਰ ਬਣਾ ਕੇ ਉਪਰੋਕਤ ਹੁਕਮ ਜਾਰੀ ਕਰ ਦਿੱਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਪੀੜਤਾਂ ਦੀ ਕੁਲ ਗਿਣਤੀ 2,26,770 ਹੋਈ, 6348 ਦੀ ਜਾ ਚੁੱਕੀ ਹੈ ਜਾਨ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਲਿੰਗ ਜਾਂਚ ਕਰਨ ਦੀ ਮਿਲੀ ਸੀ ਸ਼ਿਕਾਇਤ

ਕੇਰਲ ਸਾਈਬਰ ਵਾਰੀਅਰਜ਼ ਵੱਲੋਂ ਮੇਨਕਾ ਗਾਂਧੀ ਦੀ ਪੀਪਲ ਫਾਰ ਐਨੀਮਲਜ਼ ਵੈੱਬਸਾਈਟ ਹੈਕ

ਕੇਰਲ ਸਾਈਬਰ ਵਾਰੀਅਰਜ਼ ਵੱਲੋਂ ਮੇਨਕਾ ਗਾਂਧੀ ਦੀ ਪੀਪਲ ਫਾਰ ਐਨੀਮਲਜ਼ ਵੈੱਬਸਾਈਟ ਹੈਕ

ਗਰਭਵਤੀ ਮਾਦਾ ਹਾਥੀ ਦੀ ਮੌਤ ਦੇ ਮਾਮਲੇ ’ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ

ਸ਼ਹਿਰ

View All