ਮਿੱਟੀ ਮਾਫ਼ੀਆ ਖ਼ਿਲਾਫ਼ ਹਰਕਤ ਵਿੱਚ ਆਈ ਬਨੂੜ ਪੁਲੀਸ

ਮਾਣਕਪੁਰ ਖੇਤਰ ਵਿੱਚ ਕੀਤੀ ਗਈ ਨਾਜਾਇਜ਼ ਮਾਈਨਿੰਗ ਦਾ ਦ੍ਰਿਸ਼।

ਕਰਮਜੀਤ ਸਿੰਘ ਚਿੱਲਾ ਬਨੂੜ, 11 ਫਰਵਰੀ ਮਿੱਟੀ ਮਾਫ਼ੀਆ ਵੱਲੋਂ ਵਿਵਾਦਗ੍ਰਸਤ ਸਤਲੁਜ-ਯਮੁਨਾ ਲਿੰਕ ਨਹਿਰ ਦੇ ਕੰਢਿਆਂ ਉੱਤੇ ਲੰਮੇ ਸਮੇਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਬਨੂੜ ਪੁਲੀਸ ਹਰਕਤ ਵਿੱਚ ਆ ਗਈ ਹੈ। ਪੁਲੀਸ ਨੇ ਕਾਰਵਾਈ ਕਰਦਿਆਂ ਮਿੱਟੀ ਨਾਲ ਭਰੀਆਂ ਦੋ ਟਰੈਕਟਰ-ਟਰਾਲੀਆਂ ਅਤੇ ਇੱਕ ਜੇਸੀਬੀ ਮਸ਼ੀਨ ਨੂੰ ਜ਼ਬਤ ਕੀਤਾ ਹੈ। ਪੁਲੀਸ ਨੇ ਇਸ ਸਬੰਧੀ ਰਘਬੀਰ ਸਿੰਘ ਅਤੇ ਪ੍ਰਿਥਵੀ ਰਾਜ ਵਾਸੀ ਮਾਣਕਪੁਰ ਖਿਲਾਫ਼ ਮਾਈਨਿੰਗ ਐਂਡ ਮਿਨਰਲਜ਼ ਐਕਟ ਖਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਇਨ੍ਹਾਂ ਵਿੱਚੋਂ ਰਘਬੀਰ ਸਿੰਘ ਨੂੰ ਕਾਬੂ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਚਿਤਕਾਰਾ ਯੂਨੀਵਰਸਿਟੀ ਦੇ ਨੇੜੇ ਤੋਂ ਲੈਕੇ ਬੀਰੋਮਾਜਰੀ ਤੱਕ ਦੇ ਐੱਸਵਾਈਐਲ ਦੇ ਕਈਂ ਕਿਲੋਮੀਟਰ ਖੇਤਰ ਵਿੱਚ ਨਹਿਰ ਦੇ ਕੰਢਿਆਂ ਦੇ ਆਲੇ ਦੁਆਲੇ ਲੰਮੇ ਸਮੇਂ ਤੋਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਪਿੰਡ ਫ਼ਤਿਹਪੁਰ-ਗੜ੍ਹੀ, ਪਿੰਡ ਮਾਣਕਪੁਰ, ਪਿੰਡ ਖੇੜਾ ਗੱਜੂ, ਅਬਰਾਵਾਂ, ਨੱਤਿਆਂ, ਬੀਰੋਮਾਜਰੀ ਵਾਲੇ ਖੇਤਰਾਂ ਨੇੜਲੇ ਪਿੰਡਾਂ ਵਿੱਚੋਂ ਲੰਘਦੀ ਨਹਿਰ ਦੇ ਕੰਢਿਆਂ ਉੱਤੇ ਕਈ ਥਾਂ ਉੱਤੇ ਦਸ ਤੋਂ ਪੰਦਰਾਂ ਪੰਦਰਾਂ ਫੁੱਟ ਡੂੰਘੀ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ। ਮਿੱਟੀ ਮਾਫ਼ੀਆ ਨੇ ਨਹਿਰ ਦੇ ਕੰਢਿਆਂ ਤੋਂ ਪੁਟਾਈ ਕਰਦੇ ਸਮੇਂ ਵੱਡੀ ਪੱਧਰ ਉੱਤੇ ਪਹਾੜੀ ਕਿੱਕਰਾਂ ਨੂੰ ਵੀ ਨਾਲ ਹੀ ਉਖਾੜਿਆ ਗਿਆ ਹੈ। ਮਾਣਕਪੁਰ ਪਿੰਡ ਦੇ ਕਈਂ ਪਤਵੰਤੇ ਨਾਜਾਇਜ਼ ਮਾਈਨਿੰਗ ਸਬੰਧੀ ਲੰਮੇ ਸਮੇਂ ਤੋਂ ਆਵਾਜ਼ ਉਠਾ ਰਹੇ ਸਨ। ਇਨ੍ਹਾਂ ਵੱਲੋਂ ਇਸ ਸਬੰਧੀ ਬਨੂੜ ਪੁਲੀਸ ਨੂੰ ਦਰਖਾਸਤਾਂ ਵੀ ਦਿੱਤੀਆਂ ਗਈਆਂ ਸਨ ਅਤੇ ਕਿਹਾ ਗਿਆ ਸੀ ਕਿ ਪੁਲੀਸ ਮਿੱਟੀ ਮਾਫ਼ੀਆ ਖਿਲਾਫ਼ ਲੋੜੀਂਦੀ ਕਾਰਵਾਈ ਨਹੀਂ ਕਰ ਰਹੀ। ਇਸ ਸਬੰਧੀ ਮੀਡੀਆ ਵੱਲੋਂ ਵੀ ਲਗਾਤਾਰ ਮੁੱਦੇ ਨੂੰ ਉਭਾਰਿਆ ਜਾ ਰਿਹਾ ਸੀ। ਪਿੰਡ ਵਾਸੀਆਂ ਨੇ ਪੁਲੀਸ ਦੀ ਤਾਜ਼ਾ ਕਾਰਵਾਈ ਦੀ ਸ਼ਲਾਘਾ ਕੀਤੀ।

ਫ਼ਰਾਰ ਮੁਲਜ਼ਮ ਨੂੰ ਛੇਤੀ ਕੀਤਾ ਜਾਵੇਗਾ ਕਾਬੂ: ਥਾਣਾ ਮੁਖੀ ਥਾਣਾ ਬਨੂੜ ਦੇ ਮੁਖੀ ਸੁਭਾਸ਼ ਕੁਮਾਰ ਨੇ ਦੱਸਿਆ ਕਿ ਮਾਣਕਪੁਰ-ਅਬਰਾਵਾਂ ਨੇੜਿਉਂ ਐੱਸਵਾਈਐੱਲ ਦੇ ਕਿਨਾਰਿਆਂ ਉੱਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿੱਚੋਂ ਮਿੱਟੀ ਨਾਲ ਭਰੀਆਂ ਟਰੈਕਟਰ-ਟਰਾਲੀਆਂ ਦੇ ਚਾਲਕਾਂ ਵਿੱਚੋਂ ਰਘਬੀਰ ਸਿੰਘ ਨੂੰ ਪੁਲੀਸ ਨੇ ਕਾਬੂ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਿਥਵੀ ਰਾਜ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਥਾਣਾ ਬਨੂੜ ਅਧੀਨ ਪੈਂਦੇ ਸਮੁੱਚੇ ਖੇਤਰ ਵਿੱਚ ਕਿਸੇ ਨੂੰ ਵੀ ਨਜਾਇਜ਼ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All