ਪ੍ਰਿੰਸੀਪਲ ਖ਼ਿਲਾਫ਼ ਡਾਇਰੈਕਟਰ ਨੂੰ ਸ਼ਿਕਾਇਤ

ਸੁਖਵਿੰਦਰ ਪਾਲ ਸੋਢੀ ਚੰਡੀਗੜ੍ਹ, 30 ਮਈ ਯੂਟੀ ਦੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-37 ਦੀ ਪ੍ਰਿੰਸੀਪਲ ਖਿਲਾਫ਼ ਸਕੂਲ ਦੇ 15 ਅਧਿਆਪਕਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਪ੍ਰਿੰਸੀਪਲ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਇਸੇ ਸਕੂਲ ਦੇ ਇਕ ਅਧਿਆਪਕ ਨੇ ਪ੍ਰਿੰਸੀਪਲ ਖਿਲਾਫ ਐੱਸਐੱਸਪੀ ਨੂੰ ਸ਼ਿਕਾਇਤ ਕਰਕੇ ਕਿਹਾ ਹੈ ਕਿ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਆਮ ਤੌਰ ’ਤੇ ਸਰਕਾਰੀ ਸਕੂਲਾਂ ਵਿਚ ਰੈਗੂਲਰ ਪ੍ਰਿੰਸੀਪਲ ਤਾਇਨਾਤ ਕੀਤੇ ਜਾਂਦੇ ਹਨ ਪਰ ਵਿਭਾਗ ਨੇ ਪਿਛਲੇ ਸਾਲ ਕੰਟਰੈਕਟ ’ਤੇ ਪ੍ਰਿੰਸੀਪਲ ਤਾਇਨਾਤ ਕੀਤੇ ਸਨ। ਇਨ੍ਹਾਂ ਵਿਚੋਂ ਇਕ ਸਰਕਾਰੀ ਸਕੂਲ ਸੈਕਟਰ-37 ਵਿਚ ਤਾਇਨਾਤ ਸੋਨੀਆ ਜੈਸਵਾਲ ਤੋਂ ਸਕੂਲ ਦਾ ਸਟਾਫ ਕਥਿਤ ਤੌਰ ’ਤੇ ਤੰਗ ਹੈ। ਉਨ੍ਹਾਂ ਪੰਜਾਬੀ ਟ੍ਰਿਬਿਊਨ ਨੂੰ ਸ਼ਿਕਾਇਤ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਜਦ ਤੋਂ ਇਸ ਪ੍ਰਿੰਸੀਪਲ ਨੇ ਜੁਆਇਨ ਕੀਤਾ ਹੈ ਤਦ ਤੋਂ ਅਧਿਆਪਕਾਂ ਦੀ ਪ੍ਰੇਸ਼ਾਨੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਿੰਸੀਪਲ ਰਾਤ ਦੇ 11 ਵਜੇ ਵੀ ਅਧਿਆਪਕਾਂ ਨੂੰ ਫੋਨ ਕਰ ਕੇ ਅਗਲੇ ਦਿਨ ਦੇ ਹੁਕਮ ਦਿੰਦੀ ਹੈ ਤੇ ਸਕੂਲ ਵਿਚ ਅਧਿਆਪਕਾਂ ਨੂੰ ਕਥਿਤ ਤੌਰ ’ਤੇ ਜ਼ਲੀਲ ਕਰਦੀ ਹੈ। ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਅਧਿਆਪਕਾਂ ’ਤੇ ਬਿਨਾਂ ਗੱਲ ਤੋਂ ਰੋਅਬ ਝਾੜਨਾ ਗਲਤ ਹੈ ਤੇ ਉਹ ਇਸ ਖਿਲਾਫ ਸੰਘਰਸ਼ ਕਰਨਗੇ। ਇਸੇ ਦੌਰਾਨ ਪ੍ਰਿੰਸੀਪਲ ਸੋਨੀਆ ਜਸਵਾਲ ਨੇ ਕਿਹਾ ਕਿ ਉਹ ਕੰਟਰੈਕਟ ’ਤੇ ਤਾਇਨਾਤ ਹੈ। ਇਸ ਕਰਕੇ ਰੈਗੂਲਰ ਅਧਿਆਪਕ ਉਸ ਨੂੰ ਪਸੰਦ ਨਹੀਂ ਕਰਦੇ। ਉਹ ਅਧਿਆਪਕਾਂ ਨੂੰ ਸਿਰਫ ਨਿਯਮਾਂ ਤਹਿਤ ਹੀ ਕੰਮ ਕਰਨ ਨੂੰ ਕਹਿੰਦੇ ਹਨ। ਉਹ ਇਸ ਬਾਰੇ ਵਿਭਾਗ ਨੂੰ ਰਿਪੋਰਟ ਵੀ ਭੇਜਣਗੇ। ਇਸੀ ਸਕੂਲ ਦੇ ਅਧਿਆਪਕ ਅਭਿਸ਼ੇਕ ਵਸ਼ਿਸ਼ਟ ਨੇ ਐੱਸਐੱਸਪੀ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਇੰਟਰਨੈਟ ਜ਼ਰੀਏ ਫੋਨ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਵਿਚ ਉਸ ਦੇ ਬੱਚਿਆਂ ਬਾਰੇ ਨਤੀਜੇ ਭੁਗਤਣ ਲਈ ਕਿਹਾ ਜਾ ਰਿਹਾ ਹੈ। ਇਸ ਅਧਿਆਪਕ ਨੇ ਦੱਸਿਆ ਕਿ ਉਸ ਨੂੰ ਫੋਨ ਕਰਨ ਵਾਲੇ ਨੇ ਨਵੀਂ ਦਿੱਲੀ ਐਮਐਚਆਰਡੀ ਤੋਂ ਦੱਸਿਆ ਤੇ ਧਮਕਾਇਆ।

ਪ੍ਰਸ਼ਾਸਨ ਵਰਚੁਅਲ ਕਲਾਸਰੂਮ ਸ਼ੁਰੂ ਕਰੇਗਾ ਮਹਾਮਾਰੀ ਕਾਰਨ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਲਈ ਪ੍ਰਸ਼ਾਸਨ ਦਾ ਇਨਫਰਮੇਸ਼ਨ ਤਕਨਾਲੋਜੀ ਵਿਭਾਗ ਵਰਚੁਅਲ ਕਲਾਸਰੂਮ ਲਾਂਚ ਕਰੇਗਾ। ਇਸ ਲਈ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਆਈਟੀ ਵੱਲੋਂ ਜਮਾਤਾਂ ਲਾਈਆਂ ਜਾਣਗੀਆਂ। ਇਸ ਵਿਚ ਵਿਦਿਆਰਥੀਆਂ ਨੂੰ ਅਸਲੀ ਵਾਂਗ ਪੜ੍ਹਾਇਆ ਜਾਵੇਗਾ। ਇਸ ਲਈ ਵਿਦਿਆਰਥੀਆਂ ਨੂੰ ਸਪਿਕ ਦੀ ਵੈਬਸਾਈਟ ’ਤੇ ਫੀਸ ਜਮ੍ਹਾਂ ਕਰਵਾਉਣੀ ਪਵੇਗੀ ਤੇ ਇਸ ਵਿਚ ਆਈਟੀ ਨਾਲ ਸਬੰਧਤ ਕੋਰਸਿਜ਼ ਕਰਵਾਏ ਜਾਣਗੇ। ਸਪਿਕ ਵਲੋਂ ਜਮਾਤਾਂ ਜੂਨ ਦੇ ਦੂਜੇ ਹਫਤੇ ਲਾਈਆਂ ਜਾਣਗੀਆਂ।

ਸੇਂਟ ਕਬੀਰ ਤੇ ਸੇਂਟ ਜੋਸਫ ਸਕੂਲ ਖ਼ਿਲਾਫ਼ ਪ੍ਰਦਰਸ਼ਨ਼ ਸਕੂਲਾਂ ਵਲੋਂ ਲੌਕਡਾਊਨ ਦੌਰਾਨ ਫੀਸਾਂ ਮੰਗਣ ਤੋਂ ਖਫਾ ਵਿਦਿਆਰਥੀਆਂ ਦੇ ਮਾਪਿਆਂ ਨੇ ਅੱਜ ਸੇਂਟ ਕਬੀਰ ਸਕੂਲ ਸੈਕਟਰ-26 ਤੇ ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ ਸੈਕਟਰ-44 ਵਿਚ ਪ੍ਰਦਰਸ਼ਨ ਕੀਤਾ। ਮਾਪਿਆਂ ਨੇ ‘ਨੋ-ਸਕੂਲ, ਨੋ-ਫੀਸ’ ਦੇ ਨਾਅਰੇ ਵੀ ਲਗਾਏ। ਮਾਪਿਆਂ ਨੇ ਸਕੂਲ ਪ੍ਰਬੰਧਕਾਂ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਸੇਂਟ ਕਬੀਰ ਸਕੂਲ ਦੇ ਡਾਇਰੈਕਟਰ ਗੁਰਪ੍ਰੀਤ ਬਖਸ਼ੀ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਿਰਫ ਯੂਟੀ ਦੇ ਸਿੱਖਿਆ ਵਿਭਾਗ ਦੇ ਨਿਯਮਾਂ ਤਹਿਤ ਹੀ ਫੀਸ ਮੰਗੀ ਜਾ ਰਹੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All