ਪ੍ਰਾਈਵੇਟ ਸਕੂਲਾਂ ਵੱਲੋਂ ਪ੍ਰਸ਼ਾਸਨ ਦੇ ਹੁਕਮਾਂ ਨੂੰ ਚੁਣੌਤੀ

ਸੁਖਵਿੰਦਰ ਪਾਲ ਸੋਢੀ ਚੰਡੀਗੜ੍ਹ, 21 ਮਈ ਯੂਟੀ ਦੇ ਪ੍ਰਾਈਵੇਟ ਸਕੂਲਾਂ ਨੇ ਪ੍ਰਸ਼ਾਸਨ ਦੇ ਸਿਰਫ ਟਿਊਸ਼ਨ ਫੀਸ ਲੈਣ ਦੇ ਹੁਕਮਾਂ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਸ ਮਾਮਲੇ ’ਤੇ ਭਲਕੇ ਸੁਣਵਾਈ ਹੋਵੇਗੀ। ਦੂਜੇ ਪਾਸੇ ਸਕੂਲਾਂ ਨੇ ਟਿਊਸ਼ਨ ਫੀਸ ਵਿਚ ਹੋਰ ਹੈੱਡ ਪਾ ਕੇ ਟਿਊਸ਼ਨ ਫੀਸਾਂ ਵਧਾ ਦਿੱਤੀਆਂ ਹਨ ਜਿਸ ਕਾਰਨ ਮਾਪਿਆਂ ’ਤੇ ਤਾਲਾਬੰਦੀ ਦੇ ਦੌਰ ਵਿਚ ਵਿੱਤੀ ਬੋਝ ਪੈ ਗਿਆ ਹੈ। ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਵਲੋਂ ਅੱਜ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਪ੍ਰਸ਼ਾਸਨ ਦੇ ਸਕੂਲਾਂ ਨੂੰ ਸਿਰਫ ਟਿਊਸ਼ਨ ਫੀਸ ਲੈਣ ਦੇ ਹੁਕਮ ਬਿਲਕੁਲ ਗਲਤ ਹਨ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕਿਹੜੇ ਹੈੱਡ ਹੇਠ ਫੀਸ ਤੇ ਕਿੰਨੀ ਫੀਸ ਲੈਣ ਦੇ ਅਧਿਕਾਰ ਪ੍ਰਾਈਵੇਟ ਸਕੂਲਾਂ ਦੇ ਹਨ ਤੇ ਇਸ ਮਾਮਲੇ ਵਿਚ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਬੇਵਜ੍ਹਾ ਦਖਲ ਦੇ ਰਿਹਾ ਹੈ। ਸਕੂਲਾਂ ਨੇ ਇਸ ਗੱਲ ’ਤੇ ਵੀ ਇਤਰਾਜ਼ ਜਤਾਇਆ ਹੈ ਕਿ ਫੀਸ ਨਾ ਦੇਣ ਦੀ ਸੂਰਤ ਵਿਚ ਕਿਸੇ ਵਿਦਿਆਰਥੀ ਦਾ ਨਾਂ ਨਾ ਕੱਟਣ ਤੇ ਉਸ ਨੂੰ ਆਨਲਾਈਨ ਸਿੱਖਿਆ ਜਾਰੀ ਰੱਖਣ ਦੇ ਹੁਕਮ ਵੀ ਗਲਤ ਹਨ। ਇਹ ਜਾਣਕਾਰੀ ਮਿਲੀ ਹੈ ਕਿ ਸ਼ਹਿਰ ਦੇ ਵੱਡੀ ਗਿਣਤੀ ਸਕੂਲਾਂ ਨੇ ਸਪੋਰਟਸ ਫੰਡ, ਕੰਪਿਊਟਰ ਫੰਡ ਤੇ ਹੋਰ ਖਰਚੇ ਇਕੱਠੇ ਕਰ ਕੇ ਟਿਊਸ਼ਨ ਫੀਸ ਨਿਰਧਾਰਤ ਕੀਤੀ ਹੈ ਜਿਸ ਕਾਰਨ ਮਾਪਿਆਂ ’ਤੇ ਵੱਡਾ ਵਿੱਤੀ ਬੋਝ ਪੈ ਗਿਆ ਹੈ। ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ (ਸੀਪੀਏ) ਦੇ ਪ੍ਰਧਾਨ ਨਿਤਿਨ ਗੋਇਲ ਨੇ ਦੱਸਿਆ ਕਿ ਸੀਬੀਐੱਸਈ ਨੇ ਸੂਬਾ ਸਰਕਾਰਾਂ ਨੂੰ ਸਾਫ ਕਿਹਾ ਹੈ ਕਿ ਇਸ ਹਾਲਤ ਵਿਚ ਸਿਰਫ ਉਹੀ ਫੀਸਾਂ ਲਈਆਂ ਜਾ ਸਕਦੀਆਂ ਹਨ ਜਿਹੜੇ ਹੈਡਜ਼ (ਸਿਰਲੇਖ) ਸੂਬਾ ਸਰਕਾਰ ਨੇ ਨਿਰਧਾਰਤ ਕੀਤੇ ਹੋਏ ਹਨ ਪਰ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਫੀਸ ਪਾਲਸੀ ਲਾਗੂ ਕਰਨ ਲਈ ਕੋਈ ਵੱਖਰਾ ਸਿਰਲੇਖ ਹੀ ਨਹੀਂ ਬਣਾਇਆ ਤੇ ਸਕੂਲ ਆਪਣੀ ਸਹੂਲਤ ਅਨੁਸਾਰ ਫੀਸਾਂ ਵਸੂਲਦੇ ਰਹੇ ਹਨ। ਇਥੋਂ ਦੇ ਨਿੱਜੀ ਸਕੂਲਾਂ ਤੋਂ ਲਏ ਵੇਰਵਿਆਂ ਅਨੁਸਾਰ ਇਸ ਵੇਲੇ ਜ਼ਿਆਦਾਤਰ ਸਕੂਲਾਂ ਨੇ ਆਪਣੀ ਫੀਸ ਹੈੱਡ ਵਿਚੋਂ ਟਿਊਸ਼ਨ ਫੀਸ ਦਾ ਹੈੱਡ ਹਟਾ ਕੇ ਤਿਮਾਹੀ ਫੀਸ ਰੱਖ ਲਿਆ ਹੈ।

ਸਕੂਲਾਂ ਤੋਂ ਫੀਸਾਂ ਦਾ ਵੇਰਵਾ ਮੰਗਿਆ ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਤੋਂ ਫੀਸਾਂ ਬਾਰੇ ਵੇਰਵਾ ਮੰਗਿਆ ਹੈ। ਇਹ ਕਾਰਵਾਈ ਸਕੂਲਾਂ ਵਲੋਂ ਟਿਊਸ਼ਨ ਫੀਸਾਂ ਵਿਚ ਵੱਡਾ ਵਾਧਾ ਕਰਨ ਤੋਂ ਬਾਅਦ ਕੀਤੀ ਗਈ ਹੈ। ਵਿਭਾਗ ਨੇ ਇਨ੍ਹਾਂ ਸਕੂਲਾਂ ਨੂੰ ਲੌਕਡਾਊਨ ਦੌਰਾਨ ਸਿਰਫ ਟਿਊਸ਼ਨ ਫੀਸ ਲੈਣ ਦੇ ਹੁਕਮ ਦਿੱਤੇ ਸਨ। ਜ਼ਿਲ੍ਹਾ ਸਿੱਖਿਆ ਅਫਸਰ ਨੇ ਸਰਕੁਲਰ ਜਾਰੀ ਕਰ ਕੇ ਪੁੱਛਿਆ ਹੈ ਕਿ ਸਕੂਲ ਸਾਲਾਨਾ ਫੀਸ ਕਿੰਨੀ ਲੈ ਰਹੇ ਹਨ। ਇਸ ਤੋਂ ਇਲਾਵਾ ਟਿਊਸ਼ਨ ਫੀਸ, ਬਾਕੀ ਦੇ ਫੰਡਾਂ ਦੇ ਵੇਰਵੇ ਤੇ ਬੱਸ ਫੀਸ ਦੇ ਵੇਰਵੇ ਇਕ ਦਿਨ ਅੰਦਰ ਦਿੱਤੇ ਜਾਣ।

ਸੇਂਟ ਜ਼ੇਵੀਅਰ ਸਕੂਲ ਬਾਰੇ ਸਕੱਤਰ ਨੂੰ ਸ਼ਿਕਾਇਤ ਸੇਂਟ ਜ਼ੇਵੀਅਰ ਸਕੂਲ ਸੈਕਟਰ-44 ਖਿਲਾਫ ਉਸ ਸਕੂਲ ਵਿਚ ਪੜ੍ਹਦੇ ਵਿਦਿਆਰਥੀ ਦੇ ਪਿਤਾ ਹਰਿੰਦਰ ਕੁਮਾਰ ਨੇ ਫੀਸਾਂ ਦੀ ਰੈਗੂਲੇਟਰੀ ਬਾਡੀ ਦੇ ਸਕੱਤਰ ਨੂੰ ਅੱਜ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਫੀਸ ਪਾਲਸੀ ਦੇ ਨਿਯਮਾਂ ਦੇ ਉਲਟ ਸਕੂਲ ਵਲੋਂ ਬੱਚਿਆਂ ਦੇ ਮਾਪਿਆਂ ਦੀ ਸਲਾਹ ਦੇ ਉਲਟ ਫੀਸਾਂ ਵਧਾਈਆਂ ਜਾ ਰਹੀਆਂ ਹਨ। ਸਕੂਲ ਵਲੋਂ ਲੌਕਡਾਊਨ ਦੌਰਾਨ ਫੀਸ ਮੰਗੀ ਜਾ ਰਹੀ ਹੈ ਜਦਕਿ ਸਕੂਲ ਵਲੋਂ ਆਨਲਾਈਨ ਸਿੱਖਿਆ ਦੀ ਥਾਂ ਸਿਰਫ ਵਟਸਐਪ ’ਤੇ ਸੀਮਤ ਗਿਣਤੀ ਵਿਚ ਵਰਕਸ਼ੀਟਾਂ ਭੇਜੀਆਂ ਗਈਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All