ਪਿੰਡ ਮਿਰਜ਼ਾਪੁਰ ਨੂੰ ‘ਸੈਰ ਸਪਾਟਾ’ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ ਲਟਕੀ

ਮਿਹਰ ਸਿੰਘ ਕੁਰਾਲੀ, 12 ਮਈ ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਮਿਰਜ਼ਾਪੁਰ ਦੇ ਕੁਦਰਤੀ ਨਜ਼ਾਰਿਆਂ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਲਈ ਸਰਕਾਰ ਵੱਲੋਂ ਤਿਆਰ ਕੀਤੀ ‘ਈਕੋ ਟੂਰਿਜ਼ਮ’ ਸਕੀਮ ਦਫ਼ਤਰਾਂ ਦੀਆਂ ਫਾਈਲਾਂ ਤੇ ਅਧਿਕਾਰੀਆਂ ਦੀਆਂ ਫੇਰੀਆਂ ਵਿੱਚ ਹੀ ਉਲਝ ਕੇ ਰਹਿ ਗਈ ਹੈ। ਮੌਜੂਦਾ ਸਰਕਾਰ ਵੱਲੋਂ ਤਿੰਨ ਕੁ ਸਾਲ ਪਹਿਲਾਂ ਆਰੰਭੀਆਂ ਗਈਆਂ ਗਤੀਵਿਧੀਆਂ ਵੀ ਇਸ ਸਕੀਮ ਨੂੰ ਦਫ਼ਤਰੀ ਮੀਟਿੰਗਾਂ ਤੋਂ ਅੱਗੇ ਨਹੀਂ ਤੋਰ ਸਕੀਆਂ। ਜ਼ਿਕਰਯੋਗ ਹੈ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵੱਸੇ ਬਲਾਕ ਮਾਜਰੀ ਦੇ ਅੰਤਿਮ ਪਿੰਡ ਮਿਰਜ਼ਾਪੁਰ ਦੀਆਂ ਪਹਾੜੀਆਂ ਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਆਲੇ-ਦੁਆਲੇ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ ਸਰਕਾਰ ਵੱਲੋਂ ਕਾਫੀ ਸਮਾਂ ਪਹਿਲਾਂ ਤਿਆਰ ਕੀਤੀ ਗਈ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਹੀ ਵੱਸੇ ਬਲਾਕ ਦੇ ਹੋਰਨਾਂ ਪਿੰਡਾਂ ਸੀਸਵਾਂ, ਪੜਛ ਤੇ ਜੈਅੰਤੀ ਮਾਜਰਾ ਆਦਿ ਨੂੰ ਇੱਕ ਲੜੀ ਵਿੱਚ ਪਰੋ ਕੇ ‘ਈਕੋ ਟੂਰਿਜ਼ਮ’ ਸਕੀਮ ਤਹਿਤ ਵਿਕਸਤ ਕਰਨ ਲਈ ਹੀ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿਲਜੁਲ ਵੀ ਸ਼ੁਰੂ ਕੀਤੀ ਸੀ। ਇਸ ਮਨੋਰਥ ਲਈ ਵਿਭਾਗਾਂ ਦੇ ਉੱਚ ਅਧਿਕਾਰੀ ਇਸ ਖੇਤਰ ਦਾ ਕਈ ਵਾਰ ਦੌਰਾ ਵੀ ਕਰ ਚੁੱਕੇ ਹਨ। ਇਸ ਸਕੀਮ ਦੀ ਸਮੀਖਿਆ ਕਰਨ ਲਈ ਭਾਰਤ ਤੇ ਰਾਜ ਸਰਕਾਰ ਦੇ ਅਧਿਕਾਰੀਆਂ ਤੋਂ ਇਲਾਵਾ ਵਿਦੇਸ਼ੀ ਮਹਿਮਾਨ ਅਧਿਕਾਰੀ ਵੀ ਇਸ ਖੇਤਰ ਦਾ ਦੌਰਾ ਕਰ ਚੁੱਕੇ ਹਨ ਪਰ ਇਸ ਸਭ ਦੇ ਬਾਵਜੂਦ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਵਿਕਸਤ ਕਰਨ ਦੀ ਯੋਜਨਾ ਅੱਗੇ ਨਹੀਂ ਤੁਰ ਸਕੀ। ਇਸ ਸਬੰਧੀ ਪਿੰਡ ਮਿਰਜ਼ਾਪੁਰ ਦੇ ਸਾਬਕਾ ਸਰਪੰਚ ਦਿਲਾ ਰਾਮ, ਸਾਬਕਾ ਪੰਚਾਇਤ ਮੈਂਬਰ ਸ਼ੰਕਰ, ਗੁਰਚਰਨ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ‘ਈਕੋ ਕਲੱਬ’ ਸਕੀਮ ਤਹਿਤ ਹੀ ਪਿੰਡ ਦੇ ਸਾਲਾਂ ਪੁਰਾਣੇ ਤੇ ਖੰਡਰ ਬਣਦੇ ਜਾ ਰਹੇ ਰੈਸਟ ਹਾਊਸ ਦੀ ਹਾਲਤ ਸੁਧਾਰਣ, ਸੀਸਵਾਂ ਤੱਕ ਪਹਾੜੀ ਖੇਤਰ ਵਿੱਚੋਂ ਆਉਂਦੇ ਪਗਡੰਡੀ ਰੂਪੀ ਰਸਤੇ ਨੂੰ 18 ਫੁੱਟ ਚੌੜਾ ਕਰਨ, ਸੜਕ ਦੇ ਦੁਆਲੇ ਦੁਕਾਨਾਂ ਤੇ ਹੋਰ ਵਿਰਾਸਤੀ ਕੇਂਦਰ ਸਥਾਪਤ ਕਰਨ, ਪਿੰਡ ਵਿੱਚ ਸਥਾਪਤ ਕੀਤੇ ਡੈਮ ਦੀ ਦਿੱਖ ਨੂੰ ਸੁੰਦਰ ਬਣਾ ਕੇ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਝੀਲ ਦੀ ਤਰਜ਼ ਉੱਤੇ ਵਿਕਸਤ ਕਰਨ ਅਤੇ ਸੈਲਾਨੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਬਾਰੇ ਜਾਣੂ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਇਸ ਮਨੋਰਥ ਲਈ ਅਧਿਕਾਰੀਆਂ ਦੀ ਟੀਮ ਕਰੀਬ ਤਿੰਨ ਕੁ ਸਾਲ ਪਹਿਲਾਂ ਪਿੰਡ ਦਾ ਦੌਰਾ ਵੀ ਕਰ ਚੁੱਕੀ ਹੈ ਪਰ ਫਿਰ ਵੀ ਇਹ ਯੋਜਨਾ ਅੱਗੇ ਨਹੀਂ ਤੁਰ ਸਕੀ। ਇਸ ਤੋਂ ਇਲਾਵਾ ਲਾਲੜੂ-ਬੱਦੀ ਐਕਸਪ੍ਰੈਸ ਵੇਅ ਦੇ ਪ੍ਰੋਜੈਕਟ ਦੇ ਠੱਪ ਹੋਣ ਨਾਲ ਵੀ ਇਸ ਇਲਾਕੇ ਦੇ ਵਿਕਸਿਤ ਹੋਣ ਦੀਆਂ ਉਮੀਦਾਂ ਨੂੰ ਢਾਹ ਲੱਗੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਸਕੀਮ ਤਹਿਤ ਪਿੰਡ ਦੇ ਵਿਕਸਤ ਹੋਣ ਨਾਲ ਭੂਗੌਲਿਕ ਹਾਲਾਤ ਨਾਲ ਜੂਝ ਰਹੇ ਪਿੰਡ ਵਾਸੀਆਂ ਨੂੰ ਰੁਜ਼ਗਾਰ ਮਿਲਣ ਦੀ ਆਸ ਬੱਝੀ ਸੀ। ਪਿੰਡ ਵਾਸੀ ਇਸ ਸਕੀਮ ਤੋਂ ਕਾਫੀ ਉਤਸ਼ਾਹਤ ਸਨ ਪਰ ਕਰੀਬ ਇਕ ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ ਹੀ ਇਲਾਕਿਆਂ ਨੂੰ ਵਿਕਸਤ ਕਰਕੇ ਉੱਥੋਂ ਦੀ ਸਰਕਾਰ ਨੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਦੇ ਨਾਲ ਨਾਲ ਪਿੰਡਾਂ ਦੇ ਵਸਨੀਕਾਂ ਦੀ ਆਮਦਨੀ ਦੇ ਸਾਧਨ ਵਜੋਂ ਵਿਕਸਤ ਕੀਤਾ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਇਲਾਕੇ ਨੂੰ ਵੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਬਣਦੀ ਕਾਰਵਾਈ ਕੀਤੀ ਜਾਵੇ।

ਮੁੱਖ ਮੰਤਰੀ ਵੀ ਲੈ ਚੁੱਕੇ ਨੇ ਜਾਇਜ਼ਾ

ਸੀਸਵਾਂ ਤੇ ਮਿਰਜ਼ਾਪੁਰ ਦੇ ਡੈਮਾਂ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਖੇਤਰ ਦਾ ਦੌਰਾ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਕਰੀਬ ਚਾਰ ਸਾਲ ਪਹਿਲਾਂ ਸੀਸਵਾਂ ਡੈਮ ਦਾ ਜਾਇਜ਼ਾ ਲਿਆ ਸੀ ਜਦੋਂਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਧਿਕਾਰੀਆਂ ਸਮੇਤ 21 ਜੁਲਾਈ 2011 ਨੂੰ ਸੀਸਵਾਂ ਦੇ ਡੈਮ ਦਾ ਦੌਰਾ ਕਰਦਿਆਂ ਇੱਥੋਂ ਦੇ ਕੁਦਰਤੀ ਨਜ਼ਾਰਿਆਂ ਦਾ ਜਾਇਜ਼ਾ ਲਿਆ ਸੀ ਪਰ ਸਾਲਾਂ ਬੀਤਣ ਦੇ ਬਾਵਜੂਦ ਇਸ ਸਬੰਧੀ ਕੋਈ ਕਾਰਵਾਈ ਅੱਗੇ ਨਹੀਂ ਤੁਰ ਸਕੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All