ਜੀਟੀਯੂ ਵੱਲੋਂ ਸਿੱਖਿਆ ਸਕੱਤਰ ਦੇ ਦਫ਼ਤਰ ਅੱਗੇ ਸੂਬਾਈ ਧਰਨਾ 18 ਨੂੰ

ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 13 ਫਰਵਰੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਮਨਵਾਉਣ ਲਈ 18 ਫਰਵਰੀ ਨੂੰ ਸਿੱਖਿਆ ਭਵਨ ਮੁਹਾਲੀ ਵਿੱਚ ਸਥਿਤ ਸਿੱਖਿਆ ਸਕੱਤਰ ਪੰਜਾਬ ਦੇ ਦਫ਼ਤਰ ਅੱਗੇ ਸੂਬਾਈ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਇਸ ਵੇਲੇ ਵਿਭਾਗ ਅੰਦਰ ਤਾਨਾਸ਼ਾਹੀ ਵਾਲਾ ਮਾਹੌਲ ਹੈ। ਪਾਠਕ੍ਰਮ ਤੋਂ ਲੈ ਕੇ ਰੋਜ਼ਾਨਾ ਦੇ ਟੈਸਟਾਂ ਤੱਕ ਸਭ ਕੁਝ ਮੁੱਖ ਦਫ਼ਤਰ ਵੱਲੋਂ ਤਿਆਰ ਕਰ ਕੇ ਭੇਜਿਆ ਜਾ ਰਿਹਾ ਹੈ। ਵਿਭਾਗ ਅੰਦਰ ਕੰਮ ਕਰਦੇ ਹਜ਼ਾਰਾਂ ਐੱਸਐੱਸ/ਰਮਸਾ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 75 ਫ਼ੀਸਦੀ ਤੋਂ ਵੱਧ ਕਟੌਤੀ ਕਰ ਕੇ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਜ਼ਲੀਲ ਕਰ ਕੇ ਵਿਭਾਗ ਅੰਦਰ ਰੈਗੂਲਰ ਹੋਣ ਲਈ ਮਜਬੂਰ ਕੀਤਾ ਗਿਆ ਹੈ। ਸ੍ਰੀ ਸਸਕੌਰ ਨੇ ਕਿਹਾ ਕਿ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਵਿੱਚ ਹੋਏ ਕਈ ਅਧਿਆਪਕ ਪੱਖੀ ਫੈਸਲੇ ਇਸ ਅਧਿਕਾਰੀ ਦੀ ਤਾਨਾਸ਼ਾਹੀ ਦੇ ਚੱਲਦੇ ਲਾਗੂ ਨਹੀਂ ਕੀਤੇ ਜਾ ਰਹੇ, ਜਿਸ ਕਾਰਨ 18 ਫਰਵਰੀ ਨੂੰ ਜਥੇਬੰਦੀ ਵੱਲੋਂ ਸਿੱਖਿਆ ਸਕੱਤਰ ਦਫ਼ਤਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਕੁਲਦੀਪ ਸਿੰਘ, ਅਰਜਨ ਸਿੰਘ, ਵੀਰ ਸਿੰਘ, ਰਜਿੰਦਰ ਬਾਲੀ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All