ਛੱਤ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਸ਼ੱਕੀ ਹਾਲਤ ’ਚ ਮੌਤ

ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 11 ਜੂਨ ਇਥੋਂ ਦੀ ਏਅਰੋ ਸਿਟੀ ਦੇ ਜੀ ਬਲਾਕ ਵਿੱਚ ਇਕ ਘਰ ਵਿੱਚ ਮਜ਼ਦੂਰੀ ਕਰ ਰਹੇ ਇਕ ਪਰਵਾਸੀ ਮਜਦੂਰ ਦੀ ਸ਼ੱਕੀ ਹਾਲਤ ’ਚ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਉਸਦਾ ਕਤਲ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 30 ਸਾਲਾ ਸੁਬੋਧ ਕੁਮਾਰ ਦੇ ਰੂਪ ਵਿੱਚ ਹੋਈ ਹੈ ਜੋ ਆਪਣੇ ਪਿੱਛੇ ਵਿਧਵਾ ਪਤਨੀ ਤੇ ਤਿੰਨ ਬੱਚੇ ਛੱਡ ਗਿਆ ਹੈ। ਮ੍ਰਿਤਕ ਸੁਬੋਧ ਦੇ ਭਰਾ ਮਨੋਜ ਕੁਮਾਰ ਨੇ ਦੱਸਿਆ ਕਿ ਉਸਦਾ ਭਰਾ ਏਅਰੋ ਸਿਟੀ ਦੇ ਜੀ ਬਲਾਕ ਦੇ ਮਕਾਨ ਨੰਬਰ 6544 ਵਿੱਚ ਮਜ਼ਦੂਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਠੇਕੇਦਾਰ ਕੇਸਰ ਸਿੰਘ ਦਾ ਫੋਨ ਆਇਆ ਕਿ ਉਸਦੇ ਭਰਾ ਦੀ ਅਚਾਨਕ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਮਨੋਜ ਨੇ ਦੋਸ਼ ਲਾਇਆ ਕਿ ਉਸਦੇ ਭਰਾ ਦਾ ਕਤਲ ਕੀਤਾ ਗਿਆ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਗੱਲ ਕਰਨ ’ਤੇ ਠੇਕੇਦਾਰ ਕੇਸਰ ਸਿੰਘ ਨੇ ਦੱਸਿਆ ਕਿ ਸੁਬੋਧ ਲੰਘੀ ਰਾਤ ਰੋਟੀ ਖਾ ਕੇ ਛੱਤ ’ਤੇ ਸੌਣ ਚਲਾ ਗਿਆ ਸੀ। ਸਵੇਰ ਜਦੋਂ ਉਹ ਕੰਮ ’ਤੇ ਨਹੀਂ ਪਹੁੰਚਿਆ ਤਾਂ ਉਸ ਨੂੰ ਦੇਖਣ ਲਈ ਜਦੋਂ ਉਹ ਉੱਪਰ ਗਏ ਤਾਂ ਉਹ ਹੇਠਾਂ ਲਕੜੀ ਦੀ ਪੌੜੀ ਕੋਲ ਡਿੱਗਿਆ ਹੋਇਆ ਸੀ। ਉਨ੍ਹਾਂ ਤੁਰੰਤ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਥਾਣਾ ਮੁਖੀ ਇੰਸਪੈਕਟਰ ਗੁਰਜੀਤ ਸਿੰਘ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਮੌਤ ਦੇ ਅਸਲ ਕਾਰਨ ਸਾਹਮਣੇ ਆਉਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All