ਗੁਰੂ ਨਾਨਕ ਦੀ ਵਿਚਾਰਧਾਰਾ ਤੇ ਸਿੱਖਿਆਵਾਂ ’ਤੇ ਆਧਾਰਤ ਦਸਤਾਵੇਜ਼ੀ ਦਾ ਪ੍ਰੀਮੀਅਰ

ਸਮਾਗਮ ਦੌਰਾਨ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੂੰ ਕਿਤਾਬ ਭੇਟ ਕਰਦੇ ਹੋਏ ਡਾ. ਰਾਜਵੰਤ ਸਿੰਘ ਤੇ ਡਾ. ਪ੍ਰਭਲੀਨ ਸਿੰਘ।

ਡਾ. ਹਿਮਾਂਸੂ ਸੂਦ ਫ਼ਤਹਿਗੜ੍ਹ ਸਾਹਿਬ, 13 ਫਰਵਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿੱਚ ‘ਗੁਰੂ ਨਾਨਕ ਦੇਵ ਜੀ, ਸਿੱਖ ਧਰਮ ਦੇ ਸੰਸਥਾਪਕ: ਫਿਲਾਸਫੀ ਅਤੇ ਸਿੱਖਿਆਵਾਂ’ ਵਿਸ਼ੇ ਉੱਤੇ ਬਣੀ ਕੌਮਾਂਤਰੀ ਪੱਧਰੀ ਦਸਤਾਵੇਜ਼ੀ ਦਾ ਪੰਜਾਬ ਵਿਚਲਾ ਪਹਿਲਾ ਪ੍ਰੀਮੀਅਰ ਸ਼ੋਅ ਦਿਖਾਇਆ ਗਿਆ। ਲੋਕ ਸੰਪਰਕ ਅਫ਼ਸਰ ਡਾ. ਬੀਰਬਿਕਰਮ ਸਿੰਘ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕਰਦੇ ਹੋਏ ਮੁੱਖ ਮਹਿਮਾਨ ਬਾਰੇ ਜਾਣ-ਪਛਾਣ ਕਰਵਾਈ ਅਤੇ ਦੱਸਿਆ ਕਿ ਇਹ ਦਸਤਾਵੇਜ਼ੀ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਬੈਨਰ ਹੇਠ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਿਖਾਈ ਜਾਵੇਗੀ। ਇਸ ਮੌਕੇ ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਵਾਸ਼ਿੰਗਟਨ ਦੇ ਬਾਨੀ ਮੈਂਬਰ ਅਤੇ ਚੇਅਰਮੈਨ ਡਾ. ਰਾਜਵੰਤ ਸਿੰਘ ਮੁੱਖ ਮਹਿਮਾਨ ਸਨ ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕੀ ਅਫ਼ਸਰ ਡਾ. ਪ੍ਰਭਲੀਨ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਇਹ ਦਸਤਾਵੇਜ਼ੀ ਵਿਸ਼ਵ ਦੇ ਪੰਜਵੇਂ ਸਭ ਤੋਂ ਵੱਡੇ ਧਰਮ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਫਿਲਮ ਲਾਸ ਏਂਜਲਸ ਵਿੱਚ ਜਾਗਰੂਕਤਾ ਫਿਲਮ ਫੈਸਟੀਵਲ ਵਿੱਚ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਜਿੱਤ ਚੁੱਕੀ ਹੈ ਅਤੇ ਵਾਈਪੀਐੱਸਐੱਫ ਵੱਲੋਂ ਦੇਸ਼ ਭਰ ਵਿੱਚ ਦਿਖਾਈ ਜਾ ਰਹੀ ਹੈ। ਸਮਾਗਮ ਦਾ ਉਦਘਾਟਨ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਲਈ ਇਸ ਤਰ੍ਹਾਂ ਦੀ ਯਾਦਗਾਰ ਦਸਤਾਵੇਜ਼ੀ ਦਾ ਪਹਿਲਾ ਪ੍ਰੀਮੀਅਰ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਸ਼ੋਅ ਨਾ ਸਿਰਫ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ, ਬਲਕਿ ਫੈਕਲਟੀ ਅਤੇ ਸਟਾਫ਼ ਮੈਬਰਾਂ ਲਈ ਵੀ ਫ਼ਲਦਾਇਕ ਸਾਬਤ ਹੋਇਆ ਕਿਉਂਕਿ ਫਿਲਮ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਜੀਵਨ ਅਤੇ ਵਿਰਾਸਤ ਨੂੰ ਸਪੱਸ਼ਟ ਰੂਪ ਵਿੱਚ ਬਿਆਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦਸਤਾਵੇਜ਼ੀ ਵਿੱਚ ਦੁਨੀਆਂ ਦੇ ਵੱਖ-ਵੱਖ ਧਰਮਾਂ ਤੇ ਖਿੱਤਿਆਂ ਦੇ ਪ੍ਰਚਾਰਕਾਂ ਅਤੇ ਸਕਾਲਰਾਂ ਦੇ ਗੁਰੂ ਸਾਹਿਬ ਦੇ ਮਨੁੱਖੀ ਭਾਈਚਾਰੇ ’ਤੇ ਜ਼ੋਰ ਦਿੰਦੀ ਸਿਖਲਾਈ ਤੇ ਸਿੱਖਿਆਵਾਂ ਬਾਰੇ ਵਿਚਾਰ ਹਨ। ਇਸ ਮੌਕੇ ਡੀਨ (ਰਿਸਰਚ) ਡਾ. ਆਰ.ਕੇ. ਸ਼ਰਮਾ, ਵਿਭਾਗਾਂ ਦੇ ਮੁਖੀ, ਇੰਚਾਰਜ ਅਤੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ। ਸਟੇਜ ਸਕੱਤਰ ਦਾ ਫ਼ਰਜ਼ ਸਹਾਇਕ ਪ੍ਰੋਫੈਸਰ ਡਾ. ਹਰਦੇਵ ਸਿੰਘ ਨੇ ਬਾਖੂਬੀ ਨਿਭਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All