ਕ੍ਰਿਕਟ ਸਟੇਡੀਅਮ ਤੇ ਸਪੋਰਟਸ ਕੰਪਲੈਕਸ ਆਰਜ਼ੀ ਜੇਲ੍ਹ ਬਣਾਏ

ਮਨੀਮਾਜਰਾ ਦਾ ਸਪੋਰਟਸ ਕੰਪਲੈਕਸ ਜਿਸ ਨੂੰ ਜੇਲ੍ਹ ’ਚ ਤਬਦੀਲ ਕੀਤਾ ਗਿਆ ਹੈ। -ਫੋਟੋ: ਰਵੀ ਕੁਮਾਰ

ਆਤਿਸ਼ ਗੁਪਤਾ ਚੰਡੀਗੜ੍ਹ, 24 ਮਾਰਚ ਕਰੋਨਾਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਯੂਟੀ ਪ੍ਰਸ਼ਾਸਨ ਨੇ ਸ਼ਹਿਰ ’ਚ ਬੀਤੀ ਰਾਤ ਤੋਂ ਕਰਫਿਊ ਲਾਗੂ ਕਰ ਦਿੱਤਾ ਸੀ। ਇਸੇ ਦੌਰਾਨ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲੀਸ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਪੁਲੀਸ ਵੱਲੋਂ ਪੰਜਾਬ ਜੇਲ੍ਹ ਮੈਨੁਅਲ ਦੇ ਅਨੁਸਾਰ ਸੈਕਟਰ-16 ਦੇ ਕ੍ਰਿਕੇਟ ਸਟੇਡੀਅਮ ਅਤੇ ਸਪੋਰਟਸ ਕੰਪਲੈਕਸ ਮਨੀਮਾਜਰਾ ਨੂੰ ਆਰਜ਼ੀ ਤੌਰ ’ਤੇ ਜੇਲ੍ਹ ਬਣਾਇਆ ਗਿਆ ਹੈ ਜਿੱਥੇ ਕਰਫਿਊ ਤੇ ਹੋਰਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹਿਰਾਸਤ ਦੌਰਾਨ ਰੱਖਿਆ ਜਾਵੇਗਾ। ਇਸੇ ਦੌਰਾਨ ਪੁਲੀਸ ਨੇ ਸ਼ਹਿਰ ’ਚ ਵੱਖ ਵੱਖ ਥਾਵਾਂ ’ਤੇ ਚੈਕਿੰਗ ਕੀਤੀ ਅਤੇ ਕਈ ਲੋਕਾਂ ਨੂੰ ਦਬਕੇ ਮਾਰ ਕੇ ਘਰ ਬੈਠਣ ਲਈ ਮਜਬੂਰ ਕੀਤਾ। ਇਸ ਦੌਰਾਨ ਖੁੱਡਾ ਅਲੀਸ਼ੇਰ ਦੇ ਬੀਆਰ ਅੰਬੇਦਕਰ ਪਾਰਕ ’ਚ ਕੁਝ ਵਿਅਕਤੀ ਬੈਠੇ ਸਨ ਜਿਨ੍ਹਾਂ ਵਿੱਚੋਂ 4 ਵਿਅਕਤੀਆਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਇਸੇ ਤਰ੍ਹਾਂ ਡੱਡੂਮਾਜਰਾ ਇਲਾਕੇ ’ਚ ਕੁਝ ਨੌਜਵਾਨ ਸੜਕਾਂ ’ਤੇ ਫ਼ਿਰਦੇ ਵਿਖਾਈ ਦਿੱਤੇ ਜਿਨ੍ਹਾਂ ਨੂੰ ਵੀ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਅਤੇ ਕਈ ਥਾਈਂ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਪੁਲੀਸ ਨੇ ਕਰਫਿਊ ਦੌਰਾਨ ਸ਼ਹਿਰ ਦੀਆਂ ਸੜਕਾਂ ’ਤੇ ਫਲੈਗ ਮਾਰਚ ਕੀਤੇ ਅਤੇ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ। ਇਸੇ ਦੌਰਾਨ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲੀਸ ਨੇ ਸ਼ਹਿਰ ’ਚ ਘੁੰਮ ਰਹੇ 360 ਵਿਅਕਤੀਆਂ ਨੂੰ 192 ਵਾਹਨਾਂ ਸਮੇਤ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਵਿੱਚੋਂ ਪੁਲੀਸ ਨੇ 13 ਵਾਹਨਾਂ ਨੂੰ ਜ਼ਬਤ ਕਰ ਲਿਆ ਹੈ। ਇਸੇ ਦੌਰਾਨ ਪੁਲੀਸ ਨੇ 29 ਵਿਅਕਤੀਆਂ ਖ਼ਿਲਾਫ਼ ਧਾਰਾ 188 ਤਹਿਤ 23 ਕੇਸ ਦਰਜ ਕੀਤੇ ਹਨ। ਥਾਣਾ ਸੈਕਟਰ-3 ਦੀ ਪੁਲੀਸ ਨੇ ਸੈਕਟਰ-9 ’ਚ ਗਸ਼ਤ ਦੌਰਾਨ ਇਕ ਕਾਰ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਕਾਰ ਭਜਾ ਕੇ ਲੈ ਗਿਆ। ਪੁਲੀਸ ਨੇ ਕਾਰ ਸਵਾਰ ਰਾਜੇਸ਼ ਕੁਮਾਰ ਵਾਸੀ ਰਾਜਸਥਾਨ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਹਿਰ ਦੀਆਂ ਬਾਹਰੀ ਸੜਕਾਂ ’ਤੇ 38 ਨਾਕੇ ਲਗਾਏ ਗਏ ਹਨ ਅਤੇ ਕਿਸੇ ਨੂੰ ਵੀ ਸ਼ਹਿਰ ’ਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਗਰਭਵਤੀ ਔਰਤ ਅਤੇ ਬਜ਼ੁਰਗ ਨੂੰ ਸਿਹਤ ਸੇਵਾਵਾਂ ਦੀ ਲੋੜ ਪੈਂਦੀ ਹੈ ਤਾਂ ਉਹ ਐਮਰਜੈਂਸੀ ਹੈਲਪਲਾਈਨ ਨੰਬਰ 112 ’ਤੇ ਸੰਪਰਕ ਕਰ ਸਕਦਾ ਹੈ।

ਦਵਾਈਆਂ ਦੀ ਦੁਕਾਨਾਂ ਰਹਿਣਗੀਆਂ ਖੁੱਲ੍ਹੀਆਂ ਕਰਫਿਊ ਦੌਰਾਨ ਸ਼ਹਿਰ ’ਚ ਦਵਾਈ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਦਵਾਈ ਦੀਆਂ ਦੁਕਾਨਾਂ ਦੇ ਮਾਲਕ ਡਿਪਟੀ ਕਮਿਸ਼ਨਰ ਤੋਂ ਕਰਫਿਊ ਦੇ ਪਾਸ ਜਾਰੀ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨ ਨੰਬਰ 98152-72650, 98140-55034 ਅਤੇ 98765-37241 ’ਤੇ ਸੰਪਰਕ ਕਰਕੇ ਘਰ ’ਚ ਦਵਾਈ ਮੰਗਵਾਈ ਜਾ ਸਕੇਗੀ। ਇਸੇ ਦੌਰਾਨ ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਬਿੱਲਾਂ ਦੀ ਅਦਾਇਗੀ ਦੀ ਤਰੀਕ ਵਧਾ ਕੇ 15 ਅਪਰੈਲ ਕਰ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All