ਕੁਰਾਲੀ ’ਚ ਕਰਫਿਊ ਲਾਗੂ ਕਰਵਾਉਣ ਲਈ ਪ੍ਰਸ਼ਾਸਨ ਸਖ਼ਤ

ਲੋਕਾਂ ਨੂੰ ਕਰਫਿਊ ਦੀ ਪਾਲਣਾ ਕਰਨ ਲਈ ਸੁਚੇਤ ਕਰਦੇ ਹੋਏ ਅਧਿਕਾਰੀ।

ਮਿਹਰ ਸਿੰਘ ਕੁਰਾਲੀ , 24 ਮਾਰਚ ਕਰੋਨਾਵਇਰਸ ਦੇ ਪਸਾਰੇ ਨੂੰ ਰੋਕਣ ਲਈ ਸਰਕਾਰ ਵੱਲੋਂ ਲਗਾਏ ਕਰਫਿਊ ਨੂੰ ਸਥਾਨਕ ਸ਼ਹਿਰ ਵਿੱਚ ਲਾਗੂ ਕਰਵਾਉਣ ਲਈ ਪ੍ਰਸ਼ਾਸਨ ਨੂੰ ਸਖ਼ਤੀ ਵਰਤਣੀ ਪੈ ਰਹੀ ਹੈ। ਅੱਜ ਸਵੇਰ ਹੁੰਦਿਆਂ ਹੀ ਸ਼ਹਿਰ ਵਿੱਚ ਕਰਫਿਊ ਬੇਅਸਰ ਨਜ਼ਰ ਆਇਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਖ਼ਤੀ ਵਰਤੀ ਅਤੇ ਕਰਫਿਊ ਨੂੰ ਲਾਗੂ ਕਰਵਾਇਆ। ਵੇਰਵਿਆਂ ਅਨੁਸਾਰ ਅੱਜ ਸਵੇਰੇ ਸ਼ਹਿਰ ਵਿੱਚ ਕਰਫਿਊ ਬੇਅਸਰ ਨਜ਼ਰ ਆਇਆ। ਸ਼ਹਿਰ ਦੇ ਬਾਜ਼ਾਰਾਂ ਵਿੱਚ ਲੋਕਾਂ ਦੀ ਚਹਿਲ-ਪਹਿਲ ਨਜ਼ਰ ਆਉਣ ਲੱਗ ਪਈ। ਇਸੇ ਦੌਰਾਨ ਜਿੱਥੇ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਸਵੇਰੇ ਖੁੱਲ੍ਹੀਆਂ ਨਜ਼ਰ ਆਈਆਂ ਉਥੇ ਕਈ ਹੋਰ ਦੁਕਾਨਾਂ ਵੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਸ਼ਹਿਰ ਦੇ ਮਾਤਾ ਰਾਣੀ ਚੌਕ ਵਿੱਚ ਤਾਂ ਮਾਤਾ ਸੀਤਲਾ ਮੰਦਰ ’ਚ ਅੱਜ ਲੱਗਣ ਵਾਲੇ ਮੇਲੇ ਨੂੰ ਲੈ ਕੇ ਮਾਰਕੀਟ ਲੱਗਣ ਦੀ ਪੂਰੀ ਤਿਆਰੀ ਰਾਤੋ-ਰਾਤ ਕੀਤੀ ਜਾ ਚੁੱਕੀ ਸੀ। ਮਾਤਾ ਰਾਣੀ ਚੌਕ ਵਿੱਚ ਮੇਲੇ ਲਈ ਸਟਾਲਾਂ ਲਗਾਉਣ ਲਈ ਟੈਂਟ ਲਗਾਏ ਜਾ ਚੁੱਕੇ ਸਨ ਅਤੇ ਦੁਕਾਨਦਾਰ ਥੋੜੀ ਹੋਰ ਢਿੱਲ ਦੀ ਤਾਂਘ ਵਿੱਚ ਸਨ ਤਾਂ ਜੋ ਉਹ ਸਟਾਲ ਲਗਾ ਸਕਣ। ਇਸ ਤਾਂਘ ਵਿੱਚ ਦੁਕਾਨਦਾਰ ਕਰਫਿਊ ਦੀ ਉਲੰਘਣਾ ਕਰਦੇ ਹੋਏ ਟੈਂਟ ਹੇਠ ਹੀ ਇਕੱਠੇ ਹੋ ਕੇ ਬੈਠੇ ਰਹੇ। ਇਸ ਤੋਂ ਇਲਾਵਾ ਸ਼ਹਿਰ ਵਿੱਚ ਰੇਹੜੀਆਂ ਉੱਤੇ ਫਲ ਵੇਚਣ ਵਾਲਿਆਂ ਨੇ ਵੀ ਥਾਵਾਂ ਮੱਲ ਲਈਆਂ ਸਨ। ਇਸ ਮਗਰੋਂ ਜ਼ਿਲ੍ਹਾ ਪ੍ਰਸ਼ਾਸ਼ਨ ਹਰਕਤ ਵਿੱਚ ਆ ਗਿਆ। ਕਰਫਿਊ ਨੂੰ ਲਾਗੂ ਕਰਵਾਉਣ ਲਈ ਐੱਸਡੀਐਮ ਖਰੜ ਹਿਮਾਂਸ਼ੂ ਸੂਦ, ਤਹਿਸੀਲਦਾਰ ਮਨਦੀਪ ਸਿੰਘ, ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਅਤੇ ਸਥਾਨਕ ਥਾਣਾ ਸਿਟੀ ਦੇ ਮੁਖੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੁਲੀਸ ਤੇ ਪ੍ਰਸ਼ਾਸਿਨਕ ਟੀਮ ਨੇ ਸ਼ਹਿਰ ਦੇ ਬਾਜ਼ਾਰਾਂ ਤੇ ਸੜਕਾਂ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਭੀੜ ਭੜੱਕੇ ਵਾਲੇ ਰਿਹਾਇਸ਼ੀ ਖੇਤਰਾਂ ਦਾ ਦੌਰਾ ਵੀ ਕੀਤਾ। ਇਸੇ ਦੌਰਾਨ ਪੁਲੀਸ ਨੇ ਕਈ ਦੁਕਾਨਾਂ ਬੰਦ ਕਰਵਾਈਆਂ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਇਕੱਠੇ ਲੋਕਾਂ ਨੂੰ ਅਜਿਹਾ ਕਰਨ ਤੋਂ ਵਰਜਿਆ।

ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਸਥਾਨਕ ਕੌਮੀ ਮਾਰਗ ਦੇ ਮੇਨ ਚੌਕ ਵਿੱਚ ਪੁਲੀਸ ਨੇ ਰਾਹਗੀਰਾਂ ਖ਼ਿਲਾਫ਼ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ। ਬਗੈਰ ਕਿਸੇ ਕਾਰਨ ਘਰਾਂ ’ਚੋਂ ਨਿਕਲ ਕੇ ਸੜਕਾਂ ’ਤੇ ਘੁੰਮਣ ਵਾਲਿਆਂ ਦੀ ਡੰਡਾ ਪਰੇਡ ਵੀ ਹੋਈ ਜਿਸ ਤੋਂ ਕੁਝ ਸਮੇਂ ਬਾਅਦ ਸ਼ਹਿਰ ਵਿੱਚ ਕਰਫਿਊ ਪੂਰੀ ਤਰ੍ਹਾਂ ਲਾਗੂ ਹੋ ਗਿਆ। ਐੱਸਡੀਐਮ ਹਿਮਾਂਸ਼ੂ ਜੈਨ ਨੇ ਲੋਕਾਂ ਨੂੰ ਕਰਫਿਊ ਦੇ ਹੁਕਮਾਂ ਦੀ ਪਾਲਣ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਹੁਣ ਵੀ ਕਰਫਿਊ ਦੀ ਉਲੰਘਣਾ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸੇ ਦੌਰਾਨ ਨਗਰ ਕੌਂਸਲ ਨੇ ਵੀ ਅੱਜ ਮੁੜ ਮੁਨਾਦੀ ਕਰਵਾ ਕੇ ਲੋਕਾਂ ਨੂੰ ਕਰਫਿਊ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All