ਕਾਲਕਾ ਦੇ ਪਤੀ-ਪਤਨੀ ਕਰੋਨਾ ਪਾਜ਼ੇਟਿਵ

ਪੰਚਕੂਲਾ (ਪੀਪੀ ਵਰਮਾ): ਕਾਲਕਾ ਵਾਸੀ ਪਤੀ-ਪਤਨੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੋਹਾਂ ਨੂੰ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਪਤੀ-ਪਤਨੀ 25 ਮਈ ਨੂੰ ਅਹਿਮਦਾਬਾਦ ਤੋਂ ਵਾਪਸ ਆਏ ਸਨ। ਜ਼ਿਲ੍ਹਾ ਸਿਹਤ ਵਿਭਾਗ ਨੇ ਇਨ੍ਹਾਂ ਦੇ ਸੰਪਰਕ ਵਿੱਚ ਆਏ 40 ਲੋਕਾਂ ਦੀ ਮੈਡੀਕਲ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨ ਪਸ਼ੂਆਂ ਦੀ ਮੌਤ: ਪਿੰਜੌਰ ਬਲਾਕ ਦੇ ਪਿੰਡ ‘ਭੈਰੋਂ ਕੀ ਸੈਰ’ ਦੇ ਖੇਤਾਂ ਵਿੱਚ ਘਾਹ ਚਰ ਰਹੇ ਤਿੰਨ ਪਸ਼ੂਆਂ ਦੀ ਅਚਾਨਕ ਮੌਤ ਹੋ ਗਈ ਤੇ ਕਈ ਪਸ਼ੂ ਡਿੱਗ ਕੇ ਬੇਹੋਸ਼ ਹੋ ਗਏ। ਮੌਕੇ ’ਤੇ ਵੈਟਰਟਰੀ ਡਾਕਟਰ ਨੂੰ ਬੁਲਾਇਆ ਗਿਆ। ਮ੍ਰਿਤਕਾਂ ਵਿੱਚ ਇਕ ਗਾਂ, ਇਕ ਵੱਛਾ ਅਤੇ ਕੱਟਾ ਸ਼ਾਮਲ ਹਨ। ਇਸੇ ਤਰ੍ਹਾਂ ਜਿਹੜੇ ਪਸ਼ੂ ਬੇਹੋਸ਼ ਹੋਏ ਸਨ ਉਨ੍ਹਾਂ ਦਾ ਇਲਾਜ ਜਾਰੀ ਹੈ। ਪਿੰਡ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਪਸ਼ੂਆਂ ਦਾ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਪਸ਼ੂਆਂ ਦੀ ਮੌਤ ਕਿਉਂ ਹੋਈ ਹੈ। ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ: ਇਥੇ ਸੈਕਟਰ-16 ਦੀ ਕੋਠੀ ਵਿੱਚ ਨੌਕਰਾਣੀ ਦੀ ਹੱਤਿਆ ਦੇ ਦੋਸ਼ ਤਹਿਤ ਮੁਕਲ ਕੁਮਾਰ ਵਾਸੀ ਪਿੰਡ ਬੁੱਢਣਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਇਸ ਨੌਕਰਾਣੀ ਨਾਲ ਇਕ-ਤਰਫਾ ਪਿਆਰ ਕਰਦਾ ਸੀ ਤੇ ਗੱਲ ਸਿਰੇ ਨਾ ਚੜ੍ਹਨ ਕਾਰਨ ਉਸ ਨੇ ਲੜਕੀ ਦਾ ਗਲਾ ਘੁੱਟ ਦਿੱਤਾ ਅਤੇ ਬਾਅਦ ਵਿੱਚ ਪਾਣੀ ਦੇ ਟੱਬ ਵਿੱਚ ਉਸ ਨੂੰ ਡੁਬਾ ਦਿੱਤਾ। ਪੁਲੀਸ ਨੇ ਮੁਲਜ਼ਮ ਦੇ ਖਿਲਾਫ਼ ਸੈਕਟਰ-14 ਦੇ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਹੈ। ‘ਆਪ’ ਆਗੂ ਯੋਗੇਸ਼ਵਰ ਸ਼ਰਮਾ ਨੂੰ ਮਿਲੇ ਮਾਪੇ: ਪੰਚਕੂਲਾ ਸਮੇਤ ਪੂਰੇ ਹਰਿਆਣਾ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਲੌਕਡਾਊਨ ਪੀਰੀਅਡ ਦੌਰਾਨ ਜੋ ਫੀਸਾਂ ਮੰਗੀਆਂ ਜਾ ਰਹੀਆਂ ਹਨ, ਉਸ ਦੇ ਵਿਰੋਧ ਵਿਚ ਮਾਪੇ ਅੱਜ ਆਮ ਆਦਮੀ ਪਾਰਟੀ ਦੇ ਨੇਤਾ ਯੋਗੇਸ਼ਵਰ ਸ਼ਰਮਾ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ। ਮਾਪਿਆਂ ਨੇ ਦੱਸਿਆ ਕਿ ਨਿੱਜੀ ਸਕੂਲਾਂ ਵਾਲੇ ਵਧੀਆਂ ਫੀਸਾਂ ਤੋਂ ਇਲਾਵਾ ਹੋਰ ਫੰਡਾਂ ਦੀ ਵੀ ਮੰਗ ਕਰ ਰਹੇ ਹਨ। ਮਾਪਿਆਂ ਨੇ ਕਿਹਾ ਕਿ ਇਸ ਆਰਥਿਕ ਮੰਦੀ ਦੇ ਸਮੇਂ ਵਿੱਚ ਉਹ ਕਿੱਥੋਂ ਫੀਸਾਂ ਜਮ੍ਹਾਂ ਕਰਵਾਉਣ ਜਦੋਂਕਿ ਬੱਚਿਆਂ ਨੂੰ ਸਿੱਖਿਆ ਵੀ ਮੁਹੱਈਆ ਨਹੀਂ ਕਰਵਾਈ ਗਈ ਹੈ। ਯੋਗੇਸ਼ਵਰ ਸ਼ਰਮਾ ਨੇ ਮਾਮਲਾ ਸਰਕਾਰ ਦੇ ਧਿਆਨ ’ਚ ਲਿਆਉਣ ਦਾ ਭਰੋਸਾ ਦਿੱਤਾ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All