ਕਰੋਨਾ: 16 ਹੋਰ ਕੇਸ ਪਾਜ਼ੇਟਿਵ; 42 ਡਿਸਚਾਰਜ

ਕੁਲਦੀਪ ਸਿੰਘ ਚੰਡੀਗੜ੍ਹ, 21 ਮਈ ਸਿਟੀ ਬਿਊਟੀਫੁੱਲ ਵਿੱਚ 16 ਹੋਰ ਵਿਅਕਤੀਆਂ ਦੀਆਂ ਕਰੋਨਾ ਰਿਪੋਰਟਾਂ ਅੱਜ ਪਾਜ਼ੇਟਿਵ ਆਈਆਂ ਹਨ। ਇਸ ਤਰ੍ਹਾਂ ਸ਼ਹਿਰ ਵਿੱਚ ਕਰੋਨਾਵਾਇਰਸ (ਕੋਵਿਡ-19) ਦਾ ਅੰਕੜਾ 218 ’ਤੇ ਪਹੁੰਚ ਗਿਆ ਹੈ। ਇਸੇ ਦੌਰਾਨ ਅੱਜ ਪੀਜੀਆਈ ਵਿੱਚ ਕਰੋਨਾ ਦੇ 25 ਮਰੀਜ਼ ਤੰਦਰੁਸਤ ਹੋ ਗਏ ਹਨ ਜੋ ਕਿ ਚੰਡੀਗੜ੍ਹ ਦੇ ਵਸਨੀਕ ਹਨ। ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਸ੍ਰੀ ਧਨਵੰਤਰੀ ਕਾਲਜ ਸੈਕਟਰ-46 ਤੋਂ 17 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਹੁਣ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 37 ਰਹਿ ਗਈ ਹੈ। ਯੂਟੀ ਦੇ ਸਿਹਤ ਵਿਭਾਗ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ 16 ਮਰੀਜ਼ਾਂ ਵਿੱਚੋਂ ਬਾਪੂਧਾਮ ਕਲੋਨੀ ਦੇ 12 ਵਿਅਕਤੀਆਂ ਦੀਆਂ ਰਿਪੋਰਟਾਂ ਕਰੋਨਾ ਪਾਜ਼ੇਟਿਵ ਆਈਆਂ ਹਨ ਤੇ 3 ਵਿਅਕਤੀ ਕੱਚੀ ਕਾਲੋਨੀ ਧਨਾਸ ਦੇ ਵਸਨੀਕ ਹਨ। ਇਨ੍ਹਾਂ ਦੇ ਇੱਕ ਸਾਥੀ ਦੀ ਰਿਪੋਰਟ ਸ਼ੱਕੀ ਹੋਣ ਕਾਰਨ ਉਸ ਦਾ ਸੈਂਪਲ ਦੁਬਾਰਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸੈਕਟਰ-30 ਦੀ ਸਾਢੇ ਤਿੰਨ ਸਾਲਾਂ ਦੀ ਬੱਚੀ ਨੂੰ ਵੀ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਸ਼ਹਿਰ ਵਿੱਚ ਕੁੱਲ 178 ਮਰੀਜ਼ ਡਿਸਚਾਰਜ ਹੋ ਚੁੱਕੇ ਹਨ ਅਤੇ ਹੁਣ ਤੱਕ 3 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ। ਅੱਜ ਡਿਸਚਾਰਜ ਕੀਤੇ ਗਏ ਮਰੀਜ਼ਾਂ ਵਿੱਚ ਪੀਜੀਆਈ ਦੀ 27 ਸਾਲਾਂ ਦੀ ਨਰਸਿੰਗ ਅਫ਼ਸਰ ਵੀ ਸ਼ਾਮਿਲ ਹੈ। ਬਾਕੀ ਡਿਸਚਾਰਜ ਹੋਏ ਮਰੀਜ਼ਾਂ ਸੈਕਟਰ 30, ਬਾਪੂਧਾਮ ਕਲੋਨੀ, ਸੈਕਟਰ-25, ਸੈਕਟਰ-32, ਮੌਲੀ ਜਾਗਰਾਂ, ਸੈਕਟਰ-52, ਮਨੀਮਾਜਰਾ ਅਤੇ ਮਲੋਇਆ ਦੇ ਵਸਨੀਕ ਹਨ। ਇਨ੍ਹਾਂ ਤੋਂ ਇਲਾਵਾ ਦੋ ਮਰੀਜ਼ ਜ਼ਿਲ੍ਹਾ ਮੁਹਾਲੀ ਦੇ ਵਸਨੀਕ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All