ਕਰੋਨਾ ਮਰੀਜ਼ ਪੰਚਕੂਲਾ ਨਾਲ ਸਬੰਧਤ ਨਹੀਂ: ਸਿਵਲ ਸਰਜਨ

ਪੀਪੀ ਵਰਮਾ ਪੰਚਕੂਲਾ, 24 ਮਈ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕਿਹਾ ਹੈ ਕਿ ਅਮਰੀਕਾ ਤੋਂ ਪਰਤੇ ਵਿਅਕਤੀਆਂ ਵਿੱਚੋਂ ਜਿਹੜੇ 21 ਲੋਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ਵਿੱਚੋਂ ਪੰਚਕੂਲਾ ਜ਼ਿਲ੍ਹੇ ਨਾਲ ਸਬੰਧਤ ਕੋਈ ਵੀ ਵਿਅਕਤੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਪੀੜਤ ਇਨ੍ਹਾਂ ਵਿਅਕਤੀਆਂ ਵਿੱਚੋਂ 16 ਨੂੰ ਮੁਲਾਨਾ ਮੈਡੀਕਲ ਕਾਲਜ ਅੰਬਾਲਾ, ਦੋ ਵਿਅਕਤੀਆਂ ਨੂੰ ਰੋਹਤਕ ਦੇ ਮੈਡੀਕਲ ਕਾਲਜ ਅਤੇ ਤਿੰਨ ਵਿਅਕਤੀਆਂ ਨੂੰ ਅਗਰੋਹਾ (ਹਿਸਾਰ) ਦੇ ਮੈਡੀਕਲ ਕਾਲਜ ਵਿੱਚ ਸ਼ਿਫਟ ਕੀਤਾ ਗਿਆ ਹੈ। ਇਸੇ ਤਰ੍ਹਾਂ ਹੋਰਨਾ ਵਿਅਕਤੀਆਂ ਨੂੰ ਪੰਚਕੂਲਾ ਦੇ ਬਿਸ਼ਨੋਈ ਭਵਨ, ਗੁੱਜਰ ਭਵਨ ਅਤੇ ਹੋਰਨਾਂ ਭਵਨਾਂ ਵਿੱਚ ਕੁਆਰਨਟਾਈਨ ਕੀਤਾ ਗਿਆ ਹੈ। ਪਾਰਕਾਂ ਵਿੱਚ ਥੁੱਕ ਸੁੱਟਣ ’ਤੇ ਮਨਾਹੀ: ਪੰਚਕੂਲਾ ਦੇ ਪਾਰਕਾਂ ਵਿੱਚ ਥੁੱਕ ਸੁੱਟਣ ’ਤੇ ਮਨਾਹੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨਿਕ ਹੁਕਮਾਂ ਅਨੁਸਾਰ ਡਿਫਾਲਟਰਾਂ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਇਸੇ ਦੌਰਾਨ ਅੱਜ ਸਵੇਰੇ ਪਾਰਕਾਂ ਵਿੱਚ ਰੌਣਕ ਪਰਤ ਆਈ ਪਰ ਬਜ਼ੁਰਗਾਂ ਅਤੇ 10 ਸਾਲ ਤੋਂ ਛੋਟੇ ਬੱਚਿਆਂ ਨੂੰ ਪਾਰਕ ਵਿੱਚ ਆਉਣ ਤੋਂ ਮਨਾਹੀ ਹੈ। ਪਾਰਕਾਂ ਵਿੱਚ ਯੋਗਾ ਕਰਨ ’ਤੇ ਵੀ ਪਾਬੰਦੀ ਹੈ। ਖੁੱਲ੍ਹੇ ਰੂਪ ਵਿੱਚ ਜਿਮ ’ਤੇ ਵੀ ਪਾਬੰਦੀ ਹੈ। ਪਾਰਕਾਂ ਵਿੱਚ ਸ਼ਰਾਬ, ਤੰਬਾਕੂ, ਸ਼ਿਗਰਟ, ਪਾਨ ਤੇ ਗੁਟਕਾ ਖਾਣਾ ਤੋਂ ਵੀ ਮਨਾਹੀ ਹੈ। ਅੰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲੀਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਪਰਵਾਸੀਆਂ ਨੂੰ ਪਿੱਤਰੀ ਸੂਬਿਆਂ ਵਿੱਚ ਭੇਜਿਆ: ਪੰਚਕੂਲਾਂ ਦੀਆਂ ਵੱਖ-ਵੱਥ ਥਾਵਾਂ ਤੋਂ 3150 ਪਰਵਾਸੀਆਂ ਨੂੰ ਉਨ੍ਹਾਂ ਦੇ ਪਿੱਤਰੀ ਸੂਬਿਆਂ ਵਿੱਚ ਭੇਜਿਆ ਗਿਆ ਹੈ। ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ, ਸਕੇਤੜੀ, ਮੜਾਵਾਲਾ ਪਿੰਡ ਤੋਂ ਹਰਿਆਣਾ ਰੋਡਵੇਜ ਦੀਆਂ 100 ਬੱਸਾਂ, ਬਰੇਲੀ, ਅਟਾਵਾ ਅਤੇ ਮੁਰਾਦਾਬਾਦ ਲਈ ਰਵਾਨਾ ਹੋਈਆਂ। ਪਰਵਾਸੀਆਂ ਨੂੰ ਅਲੀਗੜ੍ਹ, ਬਰੇਲੀ, ਮੁਰਾਦਾਬਾਦ ਅਤੇ ਮੇਰਠ ਵੀ ਭੇਜਿਆ ਗਿਆ। ਪਹਿਲਾਂ ਇਹ ਪਰਵਾਸੀ ਪੈਦਲ ਹੀ ਜਾ ਰਹੇ ਸਨ। ਪ੍ਰਸ਼ਾਸਨ ਦੇ ਅਫ਼ਸਰਾਂ ਨੇ ਇਨ੍ਹਾਂ ਨੂੰ ਫੜਿਆ ਅਤੇ ਮੈਡੀਕਲ ਜਾਂਚ ਕਰਵਾਈ ਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਬਿਠਾਇਆ।

ਬਾਂਦਰ ਘਾਟੀ ਵਿੱਚ ਅੱਗ ਲੱਗੀ; ਪਸ਼ੂ-ਪੰਛੀ ਸੜੇ ਪੁਰਾਣਾ ਪੰਚਕੂਲਾ ਦੇ ਘੱਗਰ ਪਾਰ ਬਾਂਦਰ ਘਾਟੀ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਪੌਣੇ ਤਿੰਨ ਘੱਟੇ ਵਿੱਚ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਅੱਗ ਕਾਰਨ ਪੰਛੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਾਂਦਰਾਂ ਦੇ ਮਰਨ ਦੀ ਸੰਭਾਵਨਾ ਹੈ। ਇਸ ਬਾਂਦਰ ਘਾਟੀ ਵਿੱਚ ਜੰਗਲ ਵਿੱਚ ਰਹਿੰਦੇ ਹਨ।

ਕੁਰੂਕਸ਼ੇਤਰ ਇਲਾਕੇ ਦੀ ਮਹਿਲਾ ਕਰੋਨਾ ਪਾਜ਼ੇਟਿਵ ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਜ਼ਿਲਾ ਸਿਵਲ ਸਰਜਨ ਡਾ. ਸੁਖਬੀਰ ਸਿੰਘ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਦੇ ਉਪ ਮੰਡਲ ਲਾਡਵਾ ਵਿਚ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਵੇਰਵਿਆਂ ਅਨੁਸਾਰ ਵਾਰਡ ਨੰਬਰ 12 ਦੀ 45 ਸਾਲਾਂ ਦੀ ਮਹਿਲਾ ਕਰੋਨਾ ਪੀੜਤ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤਕ ਕਰੋਨਾਵਾਇਰਸ ਦੀ ਜਾਂਚ ਲਈ 4046 ਸੈਂਪਲ ਲਏ ਜਾ ਚੁੱਕੇ ਹਨ ਜਿਨਾਂ ਵਿੱਚੋਂ 3634 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਲਾਡਵਾ ਦੀ ਮਹਿਲਾ 19 ਮਈ ਨੂੰ ਦਿੱਲੀ ਆਪਣੀ ਬੇਟੀ ਕੋਲ ਗਈ ਸੀ ਤੇ 22 ਮਈ ਨੂੰ ਉਸ ਦਾ ਸੈਂਪਲ ਲਿਆ ਗਿਆ ਸੀ। ਇਸ ਮਹਿਲਾ ਨੂੰ ਮੁਲਾਣਾ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ। ਡਾ. ਸੁਖਬੀਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਹੁਣ ਤਕ ਕਰੋਨਾ ਵਾਇਰਸ ਦੇ 15 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਇਨਾਂ ’ਚੋਂ ਤਿੰਨੇ ਮਰੀਜ਼ ਠੀਕ ਹੋ ਚੁੱਕੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All