ਕਰਫਿਊ ਕਾਰਨ ਸਮਾਰਟ ਸਿਟੀ ਪ੍ਰਾਜੈਕਟ ਲਟਕੇ

ਚੰਡੀਗੜ੍ਹ ਦੇ ਸੈਕਟਰ-17 ਵਿੱਚ ਐਂਟਰੀ ਟਿਕਟ ਕੱਟਦਾ ਹੋਇਆ ਮੁਲਾਜ਼ਮ। -ਫੋਟੋ: ਪ੍ਰਦੀਪ ਤਿਵਾੜੀ

ਮੁਕੇਸ਼ ਕੁਮਾਰ ਚੰਡੀਗੜ੍ਹ, 21 ਮਈ ਕਰੋਨਾਵਾਇਰਸ ਕਾਰਨ ਚੰਡੀਗੜ੍ਹ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਮਾੜਾ ਅਸਰ ਪਿਆ ਹੈ। ਇਸੇ ਦੌਰਾਨ ਚੰਡੀਗੜ੍ਹ ਸਮਾਰਟ ਸਿਟੀ ਲਿਮਿਟਿਡ (ਸੀਐੱਸਸੀਐੱਲ) ਨੇ ਆਪਣੇ ਪ੍ਰਾਜੈਕਟਾਂ ਦੇ ਪੂਰੇ ਕਰਨ ਦੀ ਮਿਆਦ ਦੋ ਮਹੀਨੇ ਵਧਾ ਦਿੱਤੀ ਹੈ। ਇਸੇ ਦੌਰਾਨ ਕੰਪਨੀ ਅਧਿਕਾਰੀਆਂ ਨੂੰ ਉਮੀਦ ਹੈ ਕਿ ‘ਈ-ਗਵਰਨੈਂਸ’ ਪ੍ਰਾਜੈਕਟਾਂ ਨੂੰ ਪਹਿਲੀ ਜੂਨ ਨੂੰ ਲਾਂਚ ਕਰ ਦਿੱਤਾ ਜਾਵੇਗਾ। ਇਸ ਯੋਜਨਾ ਨਾਲ ਘੱਟ ਤੋਂ ਘੱਟ 28 ਈ-ਸੇਵਾਂਵਾਂ ਨੂੰ ਜੋੜਿਆ ਜਾਵੇਗਾ। ਸੀਐੱਸਸੀਐਲ ਦੇ ਸੀਈਓ ਅਤੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਪਹਿਲਾਂ ਤੋਂ ਅਲਾਟ ਕੀਤੇ ਕੰਮਾਂ ’ਤੇ ਮੁੜ ਤੋਂ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਨੇਪਰੇ ਚਾੜ੍ਹਨ ਦੀ ਮਿਆਦ ਦੋ ਮਹੀਨੇ ਅੱਗੇ ਪਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਕਰਫਿਊ ਕਾਰਨ ਵਿਕਾਸ ਕਾਰਜ ਠੱਪ ਰਹੇ ਤੇ ਲਗਪਗ ਦੋ ਮਹੀਨਿਆਂ ਦਾ ਸਮਾਂ ਬਰਬਾਦ ਹੋ ਗਿਆ। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟਾਂ ਤਹਿਤ ਸ਼ੁਰੂ ਕੀਤੀ ਗਈ ‘ਈ-ਗਵਰਨੈਂਸ’ ਯੋਜਨਾ ਤਹਿਤ ਪ੍ਰਮੁੱਖ ਜਨਤਕ ਸੇਵਾਂਵਾਂ ਆਨਲਾਈਨ ਉਪਲਬਧ ਕਰਵਾਈਆਂ ਜਾਣਗੀਆਂ। ਸ਼੍ਰੀ ਯਾਦਵ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਇਸ ਮਹੱਤਪੂਰਨ ਯੋਜਨਾ ਲਈ ਲੋੜੀਂਦਾ ਵੈਬ-ਪੋਰਟਲ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ ਤੇ ਹੋਰਨਾਂ ਪ੍ਰਾਜੈਕਟਾਂ ’ਤੇ ਵੀ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।

ਪਬਲਿਕ ਸਾਈਕਲ ਸ਼ੇਅਰਿੰਗ ਯੋਜਨਾ ਅਗਸਤ ਤੋਂ ਸ਼ੁਰੂ ਹੋਣ ਦੀ ਉਮੀਦ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਸੀਐੱਸਸੀਐੱਲ ਦੀ ਅਗਲੇ ਮਹੀਨੇ ਜੂਨ ਤੋਂ ਸ਼ੁਰੂ ਹੋਣ ਵਾਲੀ ‘ਪਬਲਿਕ ਸਾਈਕਲ ਸ਼ੇਅਰਿੰਗ’ ਯੋਜਨਾ ਹੁਣ ਦੋ ਮਹੀਨੇ ਬਾਅਦ ਅਗਸਤ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਨੂੰ ਲੈਕੇ ਤਿੰਨ ਕੂੜਾ ਟਰਾਂਸਫਰ ਸਟੇਸ਼ਨਾਂ ਦੀ ਉਸਾਰੀ ਵੀ ਹੁਣ ਸਤੰਬਰ ਮਹੀਨੇ ਤੋਂ ਸ਼ੁਰੂ ਹੋਵੇਗੀ। ਇਹ ਪ੍ਰਾਜੈਕਟ ਮੁੰਬਈ ਦੀ ਕੰਪਨੀ ਨੂੰ 20 ਕਰੋੜ ਰੁਪਏ ਵਿੱਚ ਇਸ ਸਾਲ ਜਨਵਰੀ ਮਹੀਨੇ ਵਿੱਚ ਅਲਾਟ ਕੀਤਾ ਗਿਆ ਸੀ ਅਤੇ ਸ਼ਰਤਾਂ ਅਨੁਸਾਰ ਛੇ ਮਹੀਨੇ ਵਿੱਚ ਪ੍ਰਾਜੈਕਟ ਪੂਰਾ ਕਰਨਾ ਸੀ। ਇਨ੍ਹਾਂ ਕੂੜਾ ਟਰਾਂਸਫਰ ਸਟੇਸ਼ਨਾਂ ਦੇ ਬਣਨ ਤੋਂ ਬਾਅਦ ਕੂੜਾ ਸਹਿਜ ਸਫਾਈ ਕੇਂਦਰਾਂ ਵਿੱਚ ਨਾ ਭੇਜ ਕੇ ਸਿੱਧਾ ਇਨ੍ਹਾਂ ਸਟੇਸ਼ਨਾਂ ਵਿੱਚ ਭੇਜਿਆ ਜਾਵੇਗਾ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਕਰੋਨਾਵਾਇਰਸ ਕਾਰਨ ਪ੍ਰਭਾਵਿਤ ਹੋਏ ਕਾਰਜਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All