ਅਹਿਮ ਫੈਸਲਾ: ਚੰਡੀਗੜ੍ਹ ’ਚ ਪਹਿਲੀ ਜੂਨ ਤੋਂ ਦੌੜੇਗੀ ਰੇਲ

ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਫਾਈਲ ਫੋਟੋ।

ਆਤਿਸ਼ ਗੁਪਤਾ ਚੰਡੀਗੜ੍ਹ, 21 ਮਈ ਚੰਡੀਗੜ੍ਹ ਵਿੱਚ ਦੋ ਮਹੀਨੇ ਬਾਅਦ ਪਹਿਲੀ ਜੂਨ ਤੋਂ ਰੇਲ ਸੇਵਾ ਬਹਾਲ ਹੋਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਵੱਲੋਂ ਦਿੱਲੀ ਤੋਂ ਊਨਾ (ਹਿਮਾਚਲ ਪ੍ਰਦੇਸ਼) ਲਈ ਚਲਾਈ ਗਈ ਜਨ ਸ਼ਤਾਬਦੀ ਐਕਸਪ੍ਰੈਸ ਚੰਡੀਗੜ੍ਹ ਤੋਂ ਹੋ ਕੇ ਜਾਵੇਗੀ। ਇਸ ਸਬੰਧੀ ਅੰਬਾਲਾ ਡਵੀਜ਼ਨ ਤੋਂ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਇਹ ਰੇਲ ਗੱਡੀ ਪੁਰਾਣੇ ਸਮੇਂ ’ਤੇ ਚੱਲੇਗੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਸਮੇਂ ਦੌਰਾਨ ਸਿਰਫ਼ ਇਕ ਰੇਲ ਗੱਡੀ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਆਵੇਗੀ ਅਤੇ ਕੁਝ ਸਮੇਂ ਬਾਅਦ ਹੋਰ ਗੱਡੀਆਂ ਚਲਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਜਾਵੇਗੀ। ਇਸੇ ਦੌਰਾਨ ਯੂਟੀ ਪ੍ਰਸ਼ਾਸਨ ਨੇ ਬਾਪੂਧਾਮ ਕਲੋਨੀ ਵਿਚਲੇ ਸਕੂਲ ਵਿੱਚ ਹੀ ਕਰੋਨਾ ਜਾਂਚ ਕੇਂਦਰ ਬਨਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਲਿਆ ਗਿਆ। ਉਨ੍ਹਾਂ ਕਿਹਾ ਕਿ ਕਲੋਨੀ ਵਿਚਲੇ ਵਾਲੰਟੀਅਰਾਂ ਦੀ ਮਦਦ ਨਾਲ ਕਰੋਨਾ ਦੇ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਤੁਰੰਤ ਕੁਆਰਨਟਾਈਨ ਕੇਂਦਰ ਵਿੱਚ ਭੇਜਿਆ ਜਾਵੇ। ਪ੍ਰਸ਼ਾਸਕ ਨੇ ਕਿਹਾ ਕਿ ਚੰਡੀਗੜ੍ਹ ਵਿੱਚ 77 ਫ਼ੀਸਦ ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਸ਼ੁਰੂ ਹੋਣ ਜਾ ਰਹੀ ਬੱਸ, ਰੇਲ ਅਤੇ ਹਵਾਈ ਸੇਵਾ ਸਬੰਧੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਲੋਕਾਂ ਦੀ ਸਕਰੀਨਿੰਗ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਨਾਲ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਫੈਲਾਅ ’ਤੇ ਕਾਬੂ ਪਾਇਆ ਜਾ ਸਕੇ।

ਸ਼ਰਾਬ ’ਤੇ 5 ਫ਼ੀਸਦ ਕੋਵਿਡ ਸੈੱਸ ਲਗਾਇਆ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਵਿਕਣ ਵਾਲੀ ਸ਼ਰਾਬ ’ਤੇ 5 ਫ਼ੀਸਦ ਕੋਵਿਡ ਸੈੱਸ ਲਗਾ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸੈੱਸ ਦੇਸੀ/ਅੰਗ੍ਰੇਜ਼ੀ ਸ਼ਰਾਬ ਦੀਆਂ ਬੋਤਲਾਂ ’ਤੇ ਲੱਗੇਗਾ। ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਕੁਝ ਹਫ਼ਤੇ ਪਹਿਲਾਂ ਸ਼ਰਾਬ ’ਤੇ ਗਊ ਸੈੱਸ ਲਗਾਇਆ ਗਿਆ ਸੀ ਅਤੇ ਇਹ ਸੈੱਸ ਉਸ ਤੋਂ ਵੱਖ ਹੋਵੇਗਾ। ਇਸ ਤੋਂ ਇਲਾਵਾ ਆਬਕਾਰੀ ਵਿਭਾਗ ਵੱਲੋਂ ਵੀ ਸ਼ਰਾਬ ’ਤੇ 10 ਫ਼ੀਸਦ ਐਕਸਾਈਜ਼ ਡਿਊਟੀ ਵਧਾਈ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All