ਈ- ਕ੍ਰਾਂਤੀ ਲਈ ਤਿਆਰ ਰਹਿਣ ਦਾ ਸਮਾਂ

ਰੁਪਿੰਦਰ ਸਿੰਘ ਟੈਕਨਾਲੌਜੀ ਨੇ ਸਾਡੀ ਜ਼ਿੰਦਗੀ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਆਉਣ ਵਾਲੇ ਵਰ੍ਹੇ 2011 ਵੱਲ ਝਾਤ ਮਾਰਦਿਆਂ ਅਸੀਂ ਵੇਖਦੇ ਹਾਂ ਕਿ ਤਕਨੀਕ (ਈ- ਕ੍ਰਾਂਤੀ) ਸਾਡੇ ਰੋਜ਼ਮਰ੍ਹਾ ਦੇ ਰਹਿਣ-ਸਹਿਣ ਦਾ ਇਕ ਅਟੁੱਟ ਅੰਗ ਬਣ ਗਈ ਹੈ। ਇਕ ਅੰਦਾਜ਼ੇ ਮੁਤਾਬਕ ਜ਼ਿਆਦਾਤਰ ਭਾਰਤੀਆਂ ਤਕਰੀਬਨ 70 ਫੀਸਦੀ ਕੋਲ ਮੋਬਾਈਲ ਫੋਨ ਹਨ। ਹੋਰਨਾ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਮੋਬਾਈਲ ਫੋਨ ਦੀ ਕਾਲ ਦਰ ਸਭ ਤੋਂ ਘੱਟ ਹੈ,ਜਿਸ ਕਰ ਕੇ ਅਸੀਂ ਵਡਮੁੱਲੀਆਂ ਸੇਵਾਵਾਂ ਦੀ ਵਧੇਰੇ ਆਸ ਕਰਦੇ ਹਾਂ। ਅੱਜ ਦੇ ਸਮੇਂ ’ਚ ਉਸੇ ਚੀਜ਼ ਦੀ ਹੋਂਦ ਕਾਇਮ ਰਹੇਗੀ ਜਿਹੜੀ ਲੋਕਾਂ ਲਈ ਲਾਹੇਵੰਦ ਹੋਵੇਗੀ। ਸਥਾਨਕ ਮਾਰਕੀਟ ਵਿਚ ਡਿਜੀਟਲ ਤਕਨੀਕ ਦੇ ਦਾਖਲੇ ਨੂੰ ਵਧਾਉਣ ਲਈ ਲੋੜੀਂਦਾ ਹੁੰਗਾਰਾ ਮੋਬਾਈਲ ਫੋਨਾਂ ਵੱਲੋਂ ਪਾਇਆ ਜਾ ਰਿਹਾ ਹੈ। ਖਪਤਕਾਰਾਂ ਤਕ ਉਨ੍ਹਾਂ ਦੀ ਆਪਣੀ ਭਾਸ਼ਾ ਜ਼ਰੀਏ ਪਹੁੰਚ ਕਰ ਕੇ ਇਸ ਵਿਚ ਵਾਧਾ ਕੀਤਾ ਜਾ ਸਕਦਾ ਹੈ। ਈ-ਪੁਸਤਕਾਂ ਚੰਗੀ ਤਰੱਕੀ ਕਰਨਗੀਆਂ। ਇਸ ਖੇਤਰ ’ਚ ਹੋਰ ਬਹੁਤ ਕੁਝ ਵੇਖਣ ਨੂੰ ਮਿਲੇਗਾ। ਭਾਰਤ ਦੇ ਬਣੇ ‘ਵਿੰਕ’ ਦਾ ਮੁਕਾਬਲਾ ਐਪਲ ਆਈਪੈਡ,ਕਿੰਡਲ,ਨੂਕ ਤੇ ਸੋਨੀ ਈ- ਰੀਡਰ ਜਿਹੇ ਵਿਦੇਸ਼ੀ ਬ੍ਰਾਂਡਜ਼ ਨਾਲ ਹੈ ਜਿਹੜੇ ਇਥੇ ਸੌਖਿਆਂ ਹੀ ਉਪਲਬਧ ਹਨ। ਵਿੰਕ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਦਾ ਵਿਸ਼ਾ-ਵਸਤੂ14 ਭਾਰਤੀ ਭਾਸ਼ਾਵਾਂ ਵਿਚ ਉਪਲਬਧ ਹੈ। ਯੂਨੀਕੋਡ ਦੇ ਮਾਪਦੰਡ ਅਪਣਾਉਣ ਕਰਕੇ ਭਾਰਤੀ ਭਾਸ਼ਾਵਾਂ ਵਿਚ ਮਿਲਦੇ    ਵਿਸ਼ਾ-ਵਸਤੂ ਨੂੰ ਅਸਾਨੀ ਨਾਲ ਕੰਪਿਊਟਰਾਂ ਤੇ ਹੋਰਨਾਂ ਉਪਕਰਣਾਂ ’ਤੇ ਉਪਲਬਧ ਕਰਾਇਆ ਜਾ ਸਕਦਾ ਹੈ।  ਕੰਪਿਊਟਰ ਤੇ ਹੋਰਨਾਂ ਯੰਤਰਾਂ ਵਿਚ ਭਾਰਤੀ ਭਾਸ਼ਾਵਾਂ ਦਾ ਦਾਖਲਾ ਬਹੁਤ ਸੀਮਤ ਜਿਹਾ ਰਿਹਾ ਹੈ। ਹੁਣ ਤਕ ਹਿੰਦੀ ਦੇ 57,823, ਤੇਲਗੂ ਦੇ 45,963, ਮਰਾਠੀ ਦੇ 31,400, ਤਾਮਿਲ ਦੇ 25,263, ਗੁਜਰਾਤੀ ਦੇ 17,142 ਤੇ ਮਲਿਆਲਮ ਦੇ 14830 ਲੇਖ ਆਨਲਾਈਨ ਉਪਲਬਧ ਹਨ।  ਪੰਜਾਬੀ ਭਾਵੇਂ ਕਿ ਇਨ੍ਹਾਂ ਸਾਰੀਆਂ ਭਾਸ਼ਾਵਾਂ ਤੋਂ ਮੋਹਰੀ ਰਹੀ ਹੈ ਪਰ ਬਹੁਤ ਘੱਟ ਲੇਖ ਆਨਲਾਈਨ ਵੇਖਣ ਨੂੰ ਮਿਲਦੇ ਹਨ। ਵਿਕੀਲੀਕਸ ਵੈੱਬਸਾਈਟ ਨੇ ਡਿਜੀਟਲ ਟੈਕਨਾਲੌਜੀ ਦੀ ਵਰਤੋਂ ਕਰਦਿਆਂ ਅਮਰੀਕੀ ਸਰਕਾਰ ਖਿਲਾਫ ਜਿਹੜਾ ਮੋਰਚਾ ਖੋਲ੍ਹਿਆ ਉਸ ਨਾਲ ਨਾ ਕੇਵਲ ਸਰਕਾਰ ਬਲਕਿ ਹੋਰਨਾਂ ਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਵੈੱਬਸਾਈਟ ਕੋੋਲ ਅਜਿਹੇ ਕਈ ਦਸਤਾਵੇਜ਼ਾਂ ਦਾ ਭੰਡਾਰ ਹੈ ਜਿਹੜੇ ਆਉਂਦੇ ਕੁਝ ਦਿਨਾਂ ਵਿਚ ਜਨਤਕ ਕੀਤੇ ਜਾਣਗੇ। ਵੈੱਬਸਾਈਟ ਦੇ ਖੁਲਾਸਿਆਂ ਨੇ ਦੇਸ਼ਾਂ ਦੀ ਕੂਟਨੀਤੀ ਦਾ ਤਰੀਕਾ ਬਦਲ ਦਿੱਤਾ ਹੈ। ਜੇਕਰ ਇਸ ਵੈੱਬਸਾਈਟ ’ਤੇ ਪਾਬੰਦੀ ਜਾਂ ਰੋਕ ਲਗਦੀ ਹੈ ਤਾਂ ਵੀ ਇਸ ਡਿਜੀਟਲ ਤਕਨੀਕ ਦੀ ਵਰਤੋਂ ਨਾਲ ਇਸ ਵੈੱਬਸਾਈਟ ਨੇ ਹੋਰ ਕਈ ਰਾਹ ਖੋਲ੍ਹ ਦਿੱਤੇ ਹਨ। ਤਕਨਾਲੋਜੀ ਦੇ ਵੱਧਦੇ ਪ੍ਰਭਾਵ ਕਾਰਨ ਆਨਲਾਈਨ ਸ਼ਾਪਿੰਗ ਨੂੰ ਵੀ ਹੁਲਾਰਾ ਮਿਲਿਆ ਹੈ। ਪਿਛਲੇ ਸਾਲ ਅਪਰੈਲ ਤਕ 77 ਲੱਖ ਲੋਕਾਂ ਨੇ ‘ਇੰਡੀਅਨ ਰੇਲਵੇਜ਼’ ਦੀ ਵੈੱਬਸਾਈਟ ’ਤੇ ਟਿਕਟਾਂ ਦੀ ਆਨਲਾਈਨ ਬੁਕਿੰਗ ਵਾਸਤੇ ਦਸਤਕ ਦਿੱਤੀ। ਅਸੀਂ ਘਰ ਬੈਠੇ ਹੀ ਸਿਨਮੇ ਦੀਆਂ ਟਿਕਟਾਂ ਬੁਕ ਕਰ ਸਕਦੇ ਹਾਂ। ਬੈਂਕਾਂ ਨਾਲ ਜੁੜਿਆ ਸਾਡਾ ਸਾਰਾ ਕਾਰੋਬਾਰ ਆਨਲਾਈਨ ਹੋ ਚੱਲਿਆ ਹੈ। ਜਿਵੇਂ ਜਿਵੇਂ ਅਸੀਂ ਆਪਣੇ ਆਪ ਨੂੰ ਇਸ ਅਨੁਸਾਰ ਢਾਲ ਲਵਾਂਗੇ ਇਸ ਰੁਝਾਨ ਵਿਚ ਹੋਰ ਵਾਧਾ ਹੁੰਦਾ ਜਾਵੇਗਾ। ਅਸੀਂ ਇਹ ਮੰਨਦੇ ਹਾਂ ਕਿ ਇਕ ਉਹ ਸਮਾਂ ਸੀ ਜਦੋਂ ਸਾਨੂੰ ਵਾਈ-ਫਾਈ ’ਚੋਂ ਬਾਹਰ ਆਉਣਾ ਪਿਆ ਪਰ ਵੱਧਦੀਆਂ ਕੀਮਤਾਂ (ਖਾਸਕਰ ਪੈਟਰੋਲ ਦੀਆਂ) ਨੇ ਮੱਧ ਵਰਗ ਨੂੰ ਤਕੜਾ ਝਟਕਾ ਦਿੱਤਾ ਹੈ। ਅਸਮਾਨ ਛੂੰਹਦੀਆਂ ਤੇਲ ਕੀਮਤਾਂ ਦੇ ਮੱਦੇਨਜ਼ਰ ਲੋਕ ਬਿਜਲਈ ਕਾਰਾਂ ਨੂੰ ਤਰਜੀਹ ਦੇਣਗੇ। ਬੈਟਰੀ ਨਾਲ ਚੱਲਣ ਵਾਲੀ ਰੇਵਾ ਭਾਵੇਂ ਚੰਗਾ ਵਿਕਲਪ ਹੈ ਪਰ ਬੈਠਣ ਦੀ ਸਮਰੱਥਾ ਘਟ ਹੋਣ ਕਰਕੇ ਸਫਲ ਨਹੀਂ ਹੋ ਸਕੀ। ਮਹਿੰਦਰਾ ਦੇ ਇਸ ਖੇਤਰ ’ਚ ਆਉਣ ਨਾਲ ਰੇਵਾ ਨੂੰ ਕੁਝ ਹੁਲਾਰਾ ਮਿਲਣ ਦੀ ਸੰਭਾਵਨਾ ਹੈ। ਹਿਉਂਦਈ,ਜਨਰਲ ਮੋਟਰਜ਼ ਤੇ ਟਾਟਾ ਵੱਲੋਂ ਵੀ ਨੇੜ ਭਵਿੱਖ ਵਿਚ ਬਿਜਲਈ ਕਾਰਾਂ ਬਾਜ਼ਾਰ ਵਿਚ ਲਿਆਉਣ ਦੀ ਯੋਜਨਾ ਹੈ। ਇੰਟਰਨੈੱਟ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਾ ਹੈ। ਉਹ ਲੋਕ ਜਿਨ੍ਹਾਂ ਦੀ ਅਜੇ ਤਕ ਇੰਟਰਨੈੱਟ ਤਕ ਰਸਾਈ ਸੰਭਵ ਨਹੀਂ ਹੋਈ ਉਨ੍ਹਾਂ ਨੂੰ ਵੀ ਕੋਈ ਨਾ ਕੋਈ ਜ਼ਰੀਆ ਲੱਭ ਕੇ ਇਸ ਨਾਲ ਜੁੜਨ ਦੀ ਲੋੜ ਹੈ।

-ਪੰਜਾਬੀ ਰੂਪ: ਅਮਰਪ੍ਰੀਤ ਸਿੰਘ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All