ਜ਼ਿਲ੍ਹਾ ਹਸਪਤਾਲਾਂ ’ਚ ਸਥਾਪਿਤ ਹੋਣਗੇ ਇੰਟੈਂਸਿਵ ਕੇਅਰ ਯੂਨਿਟ

ਕੋਵਿਡ-19 ਨਾਲ ਨਜਿੱਠਣ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਸਿਹਤ ਮੰਤਰੀ।

ਲਾਜਵੰਤ ਸਿੰਘ ਨਵਾਂਸ਼ਹਿਰ, 28 ਮਾਰਚ ਇਥੇ ਕਰੋਨਾਵਾਇਰਸ ਦੇ ਕੇਸਾਂ ਮਗਰੋਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਆਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ’ਚ ਇੰਟੈਂਸਿਵ ਕੇਅਰ ਵਾਰਡ ਬਣਾਏ ਜਾਣਗੇ, ਜਿਥੇ ਵੈਂਟੀਲੇਟਰ ਸਮੇਤ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਕੋਲ ਜ਼ਿਲ੍ਹਾ ਹਸਪਤਾਲਾਂ ’ਚ ਲਾਏ ਜਾਣ ਵਾਲੇ 50 ਵੈਂਟੀਲੇਟਰਾਂ ਦੀ ਸਪਲਾਈ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਈਸੀਯੂ ਵਾਰਡਾਂ ਅਤੇ ਵੈਂਟੀਲੇਟਰਾਂ ਨੂੰ ਚਲਾਉਣ ਲਈ ਬੇਹੋਸ਼ੀ ਮਾਹਿਰ ਡਾਕਟਰਾਂ ਨੂੰ ਨਾਮੀਂ ਸਿਹਤ ਸੰਸਥਾਵਾਂ ਤੋਂ ਸਿਖਲਾਈ ਦਿਵਾਈ ਜਾ ਰਹੀ ਹੈ ਤਾਂ ਜੋ ਉਹ ਆਈਸੀਯੂ ਵਾਰਡਾਂ ਨੂੰ ਬਿਹਤਰ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਨੂੰ ਦੋ ਵੈਂਟੀਲੇਟਰਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ ਜਿਹੜੇ ਕਿ ਲੋੜੀਂਦਾ ਬੁਨਿਆਦੀ ਢਾਂਚਾ ਮੁਕੰਮਲ ਹੋਣ ਬਾਅਦ ਕਾਰਜਸ਼ੀਲ ਹੋ ਜਾਣਗੇ। ਉਨ੍ਹਾਂ ਮੀਟਿੰਗ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਿਲ੍ਹੇ ’ਚ ਆਟਾ ਮਿੱਲਾਂ ਨੂੰ ਨਿਯਮਿਤ ਆਧਾਰ ’ਤੇ ਚਲਾਉਣ ਲਈ ਵੀ ਆਖਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਾਰੀਆਂ ਹੀ ਰਿਪੋਰਟਾਂ ਨੈਗੇਟਿਵ ਆਈਆਂ ਹਨ। ਹੁਣ ਤੱਕ ਲਏ ਗਏ 838 ਸੈਂਪਲਾਂ ’ਚੋਂ 596 ਨੈਗੇਟਿਵ ਆਏ ਹਨ ਤੇ 38 ਪਾਜ਼ੇਟਿਵ ਆਏ, ਜਦਕਿ ਬਾਕੀਆਂ ਦਾ ਨਤੀਜਾ ਆਉਣਾ ਬਾਕੀ ਹੈ। ਉਨ੍ਹਾਂ ਸ਼ਹੀਦ ਭਗਤ ਸਿਘ ਨਗਰ ’ਚ ਹੁਣ ਤੱਕ 123 ਸੈਂਪਲ ਨੈਗੇਟਿਵ ਅਤੇ 19 ਪਾਜ਼ੇਟਿਵ ਆਉਣ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਵਿਧਾਇਕ ਅੰਗਦ ਸਿੰਘ, ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਬਲਾਚੌਰ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐੱਸਐੱਸਪੀ ਅਲਕਾ ਮੀਨਾ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All