ਹੰਸ ਰਾਜ ਨੇ ਨਕੋਦਰ ਡੇਰੇ ਦੇ ਦਰਵਾਜ਼ੇ ਲੋੜਵੰਦਾਂ ਲਈ ਖੋਲ੍ਹੇ

ਪਾਲ ਸਿੰਘ ਨੌਲੀ ਜਲੰਧਰ, 28 ਮਾਰਚ ਦੇਸ਼ ਭਰ ਵਿਚ ਚੱਲ ਰਹੇ ਲੌਕਡਾਊਨ ਦੌਰਾਨ ਨਕੋਦਰ ਦੇ ਡੇਰਾ ਬਾਪੂ ਅਲਮਸਤ ਦੇ ਸਾਈਂ ਹੰਸ ਰਾਜ ਹੰਸ ਨੇ ਗ਼ਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਡੇਰੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਡੇਰੇ ਵੱਲੋਂ ਲੋੜਵੰਦਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ ਹੈ। ਨਕੋਦਰ ਦੇ ਆਲੇ-ਦੁਆਲੇ ਰਹਿਣ ਵਾਲੇ ਗ਼ਰੀਬ ਲੋਕਾਂ ਨੂੰ ਰਾਸ਼ਨ ਤੇ ਖਾਣੇ ਦੇ ਪੈਕੇਟ ਵੰਡੇ ਜਾ ਰਹੇ ਹਨ। ਨਕੋਦਰ ਦੇ ਐੱਸਡੀਐੱਮ ਨਾਲ ਵੀ ਗੱਲਬਾਤ ਕਰ ਕੇ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਗ਼ਰੀਬਾਂ ਨੂੰ ਜਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ, ਉਸ ਤਰ੍ਹਾਂ ਦੀ ਹੀ ਮਦਦ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐੱਸਐੱਮਐੱਸ ਰਾਹੀਂ ਜਾਂ ਫੋਨ ’ਤੇ ਸੰਪਰਕ ਕਰ ਸਕਦੇ ਹਨ। ਆਪਣੇ ਜੱਦੀ ਪਿੰਡ ਸਫੀਪੁਰ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਕ ਲੱਖ ਦੇ ਕਰੀਬ ਦਾ ਸਾਮਾਨ ਲੈ ਕੇ ਵੰਡਿਆ ਹੈ ਤੇ ਹੋਰ ਮਦਦ ਲਈ ਵੀ ਤਿਆਰ ਹਨ। ਦਿੱਲੀ ਵਿਚ ਆਪਣੇ ਲੋਕ ਸਭਾ ਹਲਕੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉੱਥੇ 50 ਲੱਖ ਦੀ ਗਰਾਂਟ ਉਨ੍ਹਾਂ ਦੇ ਐੱਮਪੀ ਫੰਡ ਵਿਚੋਂ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਾਉਣ ਲਈ ਜਿਹੜੇ ਕਦਮ ਉਨ੍ਹਾਂ ਨੇ ਚੁੱਕੇ ਹਨ, ਉਹ ਬਹੁਤ ਹੀ ਦਲੇਰਾਨਾ ਹਨ। ਇਸ ਲਾਗ ਦੀ ਬਿਮਾਰੀ ’ਤੇ ਕਾਬੂ ਪਾਉਣ ਮਗਰੋਂ ਹੀ ਪ੍ਰਧਾਨ ਮੰਤਰੀ ਵੱਲੋਂ ਵਰਤੀ ਗਈ ਦੂਰਦਰਸ਼ਤਾ ਬਾਰੇ ਪਤਾ ਲੱਗ ਸਕੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All