ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 13 ਅਕਤੂਬਰ ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਸਜਾਵਟ ਵਾਸਤੇ ਵੱਖ-ਵੱਖ ਤਰ੍ਹਾਂ ਦੇ ਦੇਸੀ ਤੇ ਵਿਦੇਸ਼ੀ ਫੁੱਲ ਵਰਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਭਾਈ ਇਕਬਾਲ ਸਿੰਘ ਮੁੰਬਈ ਵੱਲੋਂ ਫੁੱਲਾਂ ਦੀ ਸਜਾਵਟ ਦੀ ਸੇਵਾ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਸਜਾਵਟ ਲਈ 15 ਟਨ ਤੋਂ ਵੱਧ ਫੁੱਲਾਂ ਦੀ ਵਰਤੋਂ ਹੋਵੇਗੀ। ਇਨ੍ਹਾਂ ਫੁੱਲਾਂ ਵਿਚ ਆਰਕਿਡ, ਲਿੱਲੀ, ਕਾਰਨੇਸ਼ਨ, ਟਾਈਗਰ ਆਰਕਿਡ, ਸਿੰਗਾਪੁਰੀ ਡਰਾਫਟ, ਸੋਨ ਚੰਪਾ, ਗੁਲਾਬ, ਮੈਰੀਗੋਲਡ, ਜਰਬਰਾ, ਐਲਕੋਨੀਆ, ਐਨਥੋਨੀਅਮ ਆਦਿ ਵਿਸ਼ੇਸ਼ ਹਨ। ਇਹ ਫੁੱਲ ਕਲਕੱਤਾ, ਮੁੰਬਈ, ਪੂਨਾ, ਬੰਗਲੂਰੂ, ਹਾਲੈਂਡ, ਥਾਈਲੈਂਡ ਤੇ ਮਲੇਸ਼ੀਆਂ ਤੋਂ ਮੰਗਵਾਏ ਗਏ ਹਨ। ਫੁੱਲ ਲਾਉਣ ਲਈ ਕੋਲਕਾਤਾ ਤੋਂ ਲਗਪਗ 100 ਕਾਰੀਗਰ ਕੰਮ ਰਹੇ ਹਨ। ਇਸ ਤੋਂ ਇਲਾਵਾ ਮੁੰਬਈ ਤੋਂ ਵੀ ਇਕ ਸੌਂ ਤੋਂ ਵੱਧ ਸੰਗਤ ਸਹਿਯੋਗ ਲਈ ਪੁੱਜੀ ਹੋਈ ਹੈ। ਫੁੱਲਾਂ ਦੀ ਸਜਾਵਟ ਦਾ ਕੰਮ ਭਲਕ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਾਰੀਆਂ ਤਿਆਰੀ ਮੁਕੰਮਲ ਹਨ ਅਤੇ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਲਈ ਪੁੱਜ ਰਹੀ ਹੈ। ਫੁੱਲਾਂ ਦੀ ਸਜਾਵਟ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਰਿਕਰਮਾ ’ਚ ਸਥਿਤ ਹੋਰ ਸਥਾਨਾਂ ’ਤੇ ਕੀਤੀ ਜਾਵੇਗੀ। ਇਸੇ ਤਰ੍ਹਾਂ ਨਗਰ ਕੀਰਤਨ ਦੌਰਾਨ ਗੱਡੀਆਂ ਵੀ ਇਨ੍ਹਾਂ ਫੁੱਲਾਂ ਨਾਲ ਸਜਾਈਆਂ ਜਾਣਗੀਆਂ। ਪ੍ਰਕਾਸ਼ ਪੁਰਬ 15 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਤੇ 14 ਅਕਤੂਬਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All