ਸੂਬੇ ਵਿਚ ‘ਲੇਬਰ ਸੰਕਟ’ ਪੈਦਾ ਹੋਣ ਦਾ ਡਰ

ਗਗਨਦੀਪ ਅਰੋੜਾ ਲੁਧਿਆਣਾ, 29 ਮਾਰਚ

ਲੁਧਿਆਣਾ ਤੋਂ ਆਪੋ-ਆਪਣੇ ਘਰਾਂ ਲਈ ਪੈਦਲ ਜਾਂਦੇ ਹੋਏ ਪਰਵਾਸੀ ਮਜ਼ਦੂਰ। -ਫੋਟੋ: ਹਿਮਾਂਸ਼ੂ ਮਹਾਜਨ

ਕਰੋਨਾਵਾਇਰਸ ਖ਼ਤਮ ਹੋਣ ਤੋਂ ਬਾਅਦ ਸਨਅਤਾਂ ’ਤੇ ਪੈਣ ਵਾਲਾ ਮਾੜਾ ਪ੍ਰਭਾਵ ਹੁਣ ਤੋਂ ਹੀ ਨਜ਼ਰ ਆਉਣ ਲੱਗ ਪਿਆ ਹੈ। ਲੌਕਡਾਊਨ ਕਾਰਨ ਸਨਅਤ ਵਿੱਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਵਾਪਸੀ ਕਰਨ ਲੱਗੇ ਹਨ, ਜਿਸ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਸਨਅਤਾਂ ਨੂੰ ਭੁਗਤਨਾ ਪੈ ਸਕਦਾ ਹੈ। ਕਰੋਨਾਵਾਇਰਸ ਖ਼ਤਮ ਹੋਣ ਤੋਂ ਬਾਅਦ ਜਦੋਂ ਸਨਅਤਾਂ ਖੁੱਲ੍ਹਣਗੀਆਂ ਤਾਂ ਸੂਬੇ ਵਿਚ ‘ਲੇਬਰ’ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਵਿਚ ਇੰਨੀ ਦਹਿਸ਼ਤ ਹੈ ਕਿ ਉਹ ਕਰਫਿਊ ਦੀ ਪਰਵਾਹ ਕੀਤੇ ਬਿਨਾਂ ਪੈਦਲ ਹੀ ਆਪਣੇ ਪਿੰਡਾਂ ਨੂੰ ਨਿਕਲ ਪਏ ਹਨ। ਰਸਤੇ ਵਿਚ ਕਈ ਥਾਵਾਂ ’ਤੇ ਇਨ੍ਹਾਂ ਨੂੰ ਪੁਲੀਸ ਮੁਲਾਜ਼ਮ ਰੋਕ ਵੀ ਰਹੇ ਹਨ, ਪਰ ਹਰ ਥਾਂ ’ਤੇ ਭੁੱਖਮਰੀ ਫੈਲਣ ਦੀ ਗੱਲ ਕਹਿ ਕੇ ਇਹ ਮਜ਼ਦੂਰ ਅੱਗੇ ਵੱਧਦੇ ਜਾ ਰਹੇ ਹਨ। ਲੁਧਿਆਣਾ ਦੇ ਜਗਰਾਉਂ ਪੁਲ ’ਤੇ ਮਿਲੇ 8 ਮਜ਼ੂਦਰਾਂ ਦੀ ਟੋਲੀ ਨੇ ਦੱਸਿਆ ਕਿ ਉਹ ਸਿੱਧਵਾਂ ਨਹਿਰ ਕੋਲੋਂ ਸਹਾਰਨਪੁਰ ਲਈ ਨਿਕਲੇ ਹਨ। ਉਹ ਸਾਰੇ ਹੀ ਉਥੇ ਇੱਕ ਫੈਕਟਰੀ ਵਿਚ ਕੰਮ ਕਰਦੇ ਸਨ, ਪਰ ਜਦੋਂ ਦਾ ਲੌਕਡਾਊਨ ਹੋਇਆ ਹੈ, ਖਾਣ-ਪੀਣ ਤੇ ਰਹਿਣ ਦੀ ਮੁਸ਼ਕਲ ਹੋ ਗਈ ਹੈ। ਜਿਸ ਇਲਾਕੇ ਵਿਚ ਉਹ ਰਹਿੰਦੇ ਹਨ, ਉਥੇ ਸੈਂਕੜਿਆਂ ਦੀ ਗਿਣਤੀ ਵਿਚ ਪਰਵਾਸੀ ਮਜ਼ਦੂਰ ਰਹਿੰਦੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਇਸੇ ਤਰ੍ਹਾਂ ਹੀ ਪੈਦਲ ਆਪਣੇ ਪਿੰਡਾਂ ਵੱਲ ਤੁਰ ਪਏ ਹਨ। ਅਜਿਹਾ ਹੀ ਇੱਕ ਪਰਿਵਾਰ ਸੁਨੇਤ ਇਲਾਕੇ ਦਾ ਹੈ, ਜੋ ਆਪਣੇ ਪਰਿਵਾਰ ਨੂੰ ਲੈ ਕੇ ਬਿਹਾਰ ਲਈ ਨਿਕਲ ਪਿਆ ਹੈ। ਫਿਰੋਜ਼ ਨਾਂ ਦੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਆਪਣੇ ਪਿੰਡ ਪੁੱਜ ਜਾਏ, ਫਿਰ ਉਸ ਨੂੰ ਕੋਈ ਮੁਸ਼ਕਲ ਨਹੀਂ।

ਸੂੂਬੇ ਵਿਚ 35 ਲੱਖ ਮਜ਼ਦੂਰ ਫੈਕਟਰੀਆਂ ’ਚ ਕਰ ਰਹੇ ਨੇ ਕੰਮ ਸਨਅਤੀ ਸ਼ਹਿਰ ਦੇ ਸਨਅਤਕਾਰ ਬਦਿਸ਼ ਜਿੰਦਲ ਦਾ ਕਹਿਣਾ ਹੈ ਕਿ ਜੇ ਇਹੀ ਹਾਲ ਰਿਹਾ ਤਾਂ ਭਵਿੱਖ ਵਿੱਚ ਲੇਬਰ ਦਾ ਸੰਕਟ ਜ਼ਰੂਰ ਆਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਵੱਖ ਵੱਖ ਫੈਕਟਰੀਆਂ ਵਿਚ 35 ਲੱਖ ਦੇ ਕਰੀਬ ਮਜ਼ਦੂਰ ਕੰਮ ਕਰਦੇ ਹਨ, ਜਿਨ੍ਹਾਂ ਵਿਚ ਦਿਹਾੜੀਦਾਰ ਕਾਮੇ ਵੀ ਸ਼ਾਮਲ ਹਨ। ਇਕੱਲੇ ਸਨਅਤੀ ਸ਼ਹਿਰ ਵਿਚ 15 ਲੱਖ ਮਜ਼ਦੂਰ ਹਨ, ਜਿਨ੍ਹਾਂ ਵਿਚ 5 ਲੱਖ ਦਿਹਾੜੀਦਾਰ ਤੇ 10 ਲੱਖ ਮਜ਼ੂਦਰ ਫੈਕਟਰੀਆਂ ਵਿਚ ਰੈਗੂੂਲਰ ਕੰਮ ਕਰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All