ਸੂਖਮ ਖੇਤੀ ਬਾਰੇ ਏਸ਼ੀਅਨ-ਆਸਟਰਲੇਸ਼ੀਅਨ ਕਾਨਫਰੰਸ ਸ਼ੁਰੂ

ਪੀਏਯੂ ਵਿੱਚ ਸੂਖਮ ਖੇਤੀ ਬਾਰੇ ਚਰਚਾ ਕਰਦਾ ਹੋਇਆ ਬੁਲਾਰਾ।

ਸਤਵਿੰਦਰ ਬਸਰਾ ਲੁਧਿਆਣਾ, 14 ਅਕਤੂਬਰ ਪੀਏਯੂ ਵਿੱਚ ਅੱਜ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਇੰਡੀਅਨ ਸੁਸਾਇਟੀ ਆਫ਼ ਐਗਰੀਕਲਚਰਲ ਇੰਜਨੀਅਰਿੰਗ ਦੇ ਸਹਿਯੋਗ ਨਾਲ ਅੱਠਵੀਂ ਏਸ਼ੀਅਨ-ਆਸਟਰਲੇਸ਼ੀਅਨ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ ਹੋਈ। ਇਹ ਕਾਨਫਰੰਸ ਨਵੇਂ ਦੌਰ ਵਿੱਚ ਸੂਖਮ ਖੇਤੀ ਲਈ ਨਵੀਆਂ ਤਕਨੀਕਾਂ, ਵਿਧੀਆਂ ਅਤੇ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਦੇ ਉਦੇਸ਼ ਨਾਲ ਪਹਿਲੀ ਵਾਰ ਭਾਰਤ ਵਿੱਚ ਹੋ ਰਹੀ ਹੈ। ਪ੍ਰਧਾਨਗੀ ਮੰਡਲ ਵਿੱਚ ਅਮਰੀਕਾ ਦੀ ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਫ਼ਸਲ ਅਤੇ ਭੂਮੀ ਵਿਗਿਆਨ ਵਿਭਾਗ ਤੋਂ ਰਾਜ ਖੋਸਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਤੋਂ ਇਲਾਵਾ ਆਈਐਸਏਈ ਦੇ ਪ੍ਰਧਾਨ ਡਾ. ਇੰਦਰ ਮਨੀ, ਅੰਤਰਰਾਸ਼ਟਰੀ ਖੇਤੀ ਇੰਜਨੀਅਰਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋ. ਲੋਨਬਰਗ ਡਿਬੋਅ, ਆਈਸੀਏਆਰ ਤੋਂ ਡਾ. ਗਜੇਂਦਰ ਸਿੰਘ, ਪੀਏਯੂ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ, ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਪ੍ਰਬੰਧਕੀ ਸਕੱਤਰ ਵਜੋਂ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਸ਼ਾਮਲ ਹੋਏ। ਪ੍ਰੋ. ਖੋਸਲਾ ਨੇ ਕਿਹਾ ਕਿ 21ਵੀਂ ਸਦੀ ਦੀਆਂ ਚੁਣੌਤੀਆਂ ਗੰਭੀਰ ਹੋ ਗਈਆਂ ਹਨ। ਭੋਜਨ ਨੂੰ ਬਰਬਾਦ ਹੋਣ ਤੋਂ ਬਚਾ ਕੇ ਤੇ ਸੂਖਮ ਖੇਤੀਬਾੜੀ ਤਕਨੀਕਾਂ ਅਪਣਾ ਕੇ ਭਾਰਤ ਵਰਗੇ ਦੇਸ਼ ਵਿੱਚ ਛੋਟੇ ਕਿਸਾਨਾਂ ਨੂੰ ਬਚਾਇਆ ਜਾ ਸਕਦਾ ਹੈ। ਪ੍ਰੋ. ਡਿਬੋਅ ਨੇ ਅੰਤਰਰਾਸ਼ਟਰੀ ਸੂਖਮ ਖੇਤੀ ਸੁਸਾਇਟੀ ਵੱਲੋਂ ਸੂਖਮ ਖੇਤੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਚਰਚਾ ਕੀਤੀ। ਪੀਏਯੂ ਦੇ ਉਪ ਕੁਲਪਤੀ ਡਾ. ਢਿੱਲੋਂ ਨੇ ਕਿਹਾ ਕਿ ਪਾਣੀ ਅਤੇ ਭੂਮੀ ਦੀ ਸੰਭਾਲ ਇਸ ਸਮੇਂ ਪੰਜਾਬ ਦੇ ਮੁੱਖ ਮੁੱਦੇ ਹਨ। ਡਾ. ਮਨੀ ਨੇ ਕਿਹਾ ਕਿ ਖੇਤੀ ਲਾਗਤ ਘਟਾ ਕੇ ਅਤੇ ਜਿਣਸਾਂ ਦੇ ਮੁੱਲ ਵਿੱਚ ਵਾਧਾ ਕਰਕੇ ਖੇਤੀ ਨੂੰ ਪੇਸ਼ੇਵਰ ਰਾਹਾਂ ’ਤੇ ਤੋਰਿਆ ਜਾ ਸਕਦਾ ਹੈ। ਡਾ. ਗਜੇਂਦਰ ਸਿੰਘ ਨੇ ਕਿਹਾ ਕਿ ਮਸ਼ੀਨੀਕਰਨ ਨੇ ਖੇਤੀ ਨੂੰ ਸੌਖਾ ਪਰ ਗੁੰਝਲਦਾਰ ਬਣਾ ਦਿੱਤਾ ਹੈ। ਤਕਨਾਲੋਜੀ ਦੀ ਬਹੁਤਾਤ ਦੇ ਨਾਲ-ਨਾਲ ਇਸ ਨੂੰ ਲਾਗੂ ਕਰਨਾ ਵੱਡੀ ਚੁਣੌਤੀ ਹੈ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸਵਾਗਤੀ ਸ਼ਬਦ ਕਹੇ। ਇਸ ਮੌਕੇ ਕਾਨਫਰੰਸ ਦਾ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਕਾਨਫਰੰਸ ਵਿੱਚ ਵੱਖ-ਵੱਖ ਦੇਸ਼ਾਂ  ਦੇ 300 ਦੇ ਕਰੀਬ ਡੈਲੀਗੇਟ ਹਿੱਸਾ ਲੈ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All