ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਸਮਾਗਮਾਂ ਤੋਂ ਦੂਰ ਰੱਖਣ ਦੀ ਮੰਗ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਅਕਤੂਬਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ, ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਲਾਇਰਜ਼ ਫਾਰ ਹਿਊਮਨ ਐਂਡ ਡੈਮੋਕਰੈਟਿਕ ਰਾਈਟਸ ਤੇ ਸਮਾਜ ਸੇਵੀ ਲੋਕਾਂ ਦੀ ਸਾਂਝੀ ਮੀਟਿੰਗ ਇਥੇ ਹੋਈ ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਉਹ ਸਿੱਖਾਂ ਦੇ ਕਾਤਲਾਂ ਦੇ ਹੱਕ ਵਿਚ ਖੜ੍ਹਨ ਵਾਲੇ ਕਾਂਗਰਸੀਆਂ, ਭਾਜਪਾਈਆਂ, ਬਾਦਲਕਿਆਂ ਅਤੇ ਆਰਐਸਐਸ ਦੇ ਆਗੂਆਂ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ’ਤੇ ਹੋ ਰਹੇ ਸਮਾਗਮਾਂ ਵਿਚ ਮੁੱਖ ਮਹਿਮਾਨ ਨਾ ਬਣਾਉਣ। ਮੀਟਿੰਗ ਤੋਂ ਬਾਅਦ ਬਿਆਨ ਜਾਰੀ ਕਰਦਿਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਨ੍ਹਾਂ ਧਿਰਾਂ ਨੇ ਰਲ ਮਿਲ ਕੇ ਦਰਬਾਰ ਸਾਹਿਬ ’ਤੇ ਫੌਜੀ ਹਮਲਾ, ਝੂਠੇ ਮੁਕਾਬਲੇ, ਖੁਦਕੁਸ਼ੀਆਂ, ਬੇਅਦਬੀਆਂ ਅਤੇ ਨਸ਼ੇ ਵਰਤਾਏ। ਹੁਣ ਇਹ ਧਿਰਾਂ ਫਿਰ ਰਲ ਕੇ ਗੁਰੂ ਨਾਨਕ ਦੇਵ ਦਾ 500ਵਾਂ ਪ੍ਰਕਾਸ਼ ਦਿਹਾੜਾ ਮਨਾ ਕੇ ਲੋਕਾਈ ਨੂੰ ਧੋਖਾ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਥ ਤੇ ਪੰਜਾਬ ਦੇ ਲੋਕ 25000 ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੀ ਪੜਤਾਲ ਮੰਗ ਰਹੇ ਸਨ ਪਰ ਇਨ੍ਹਾਂ ਧਿਰਾਂ ਨੇ ਅਦਾਲਤਾਂ ਦੁਆਰਾ ਦੋਸ਼ੀ ਠਹਿਰਾਏ ਗਏ ਗਿਣਤੀ ਦੇ ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਕਾਰਵਾਈ ਨੂੰ ਗੁਰੂ ਨਾਨਕ ਦੇਵ ਦੀ ਸੇਧ ਅਨੁਸਾਰ ਦੱੱਸ ਕੇ ਝੂਠ ਬੋਲ ਰਿਹਾ ਹੈ। ਜਥੇਬੰਦੀਆਂ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਝੂਠੇ ਮੁਕਾਬਲਿਆਂ ਬਾਰੇ ਕੀਤੀ ਬਿਆਨਬਾਜ਼ੀ ਪਾਖੰਡ ਹੈ। ਜਦੋਂ ਕਿ ਪੂਰੇ 15 ਸਾਲ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ 25 ਹਜ਼ਾਰ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਬਚਾਉਂਦੇ ਰਹੇ ਤੇ ਤਰੱਕੀਆਂ ਦਿੰਦੇ ਰਹੇ ਅਤੇ ਅਕਾਲੀ ਦਲ ਵਿਚ ਸ਼ਾਮਲ ਕਰਦੇ ਰਹੇ। ਹੁਣ ਵੀ ਹਰਸਿਮਰਤ ਕੌਰ ਬਾਦਲ ਮੋਦੀ ਮੰਤਰੀ ਮੰਡਲ ਵਿਚ ਬੈਠ ਕੇ ਝੂਠੇ ਮੁਕਾਬਲਿ਼ਆਂ ਦੇ ਦੋਸ਼ੀਆਂ ਨੂੰ ਵਾਰੀ ਵਾਰੀ ਰਿਹਾਅ ਕਰਵਾ ਰਹੀ ਹੈ। ਜਥੇਬੰਦੀਆਂ ਨੇ ਕਿਹਾ ਕਿ ਇਨ੍ਹਾਂ ਧਿਰਾਂ ਵੱਲੋਂ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ’ਤੇ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਰਿਹਾਅ ਕਰਨਾ ਅਤੇ ਫਿਰ ਇਸ ਨੂੰ ਗੁਰੂ ਸਹਿਬਾਨ ਦੀ ਸੇਧ ਅਨੁਸਾਰ ਦੱਸਣਾ ਅਤਿ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਅਤੇ 25000 ਸਿੱਖ ਨੌਜਵਾਨਾਂ, ਬੀਬੀਆਂ, ਬੱਚਿਆਂ, ਬਜ਼ੁਰਗਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਪ੍ਰਕਾਸ਼ ਦਿਹਾੜੇ ’ਤੇ ਮੁੱਖ ਮਹਿਮਾਨ ਬਣਾਉਣ ਦੀ ਕਾਰਵਾਈ ਸਿੱਖ ਪੰਥ ਦੇ ਜ਼ਖਮਾਂ ’ਤੇ ਹੋਰ ਲੂਣ ਛਿੜਕਣ ਦੇ ਬਰਾਬਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All