ਫਗਵਾੜਾ ਮੰਡੀ ’ਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ

ਮੰਡੀ ’ਚ ਪਈਆਂ ਝੋਨੇ ਦੀਆਂ ਬੋਰੀਆਂ।

ਜਸਬੀਰ ਸਿੰਘ ਚਾਨਾ ਫਗਵਾੜਾ, 13 ਅਕਤੂਬਰ ਪੰਜਾਬ ਭਰ ਦੀਆਂ ਮੰਡੀਆਂ ਸਮੇਤ ਫਗਵਾੜਾ ਇਲਾਕੇ ਦੀ ਮੁੱਖ ਮੰਡੀ ਵਿਚ ਝੋਨੇ ਦੀ ਖਰੀਦ ਤਾਂ ਸ਼ੁਰੂ ਹੋ ਗਈ ਹੈ ਪਰ ਚੁਕਾਈ ਨਹੀਂ ਹੋ ਰਹੀ, ਜਿਸ ਕਾਰਨ ਆੜ੍ਹਤੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ 1 ਲੱਖ 30 ਹਜ਼ਾਰ ਦੇ ਕਰੀਬ ਬੋਰੀ ਚਿੱਟੇ ਆਸਮਾਨ ਹੇਠ ਪਈ ਹੈ। ਜੇ ਕਿਸੇ ਵੀ ਸਮੇਂ ਮੀਂਹ ਆ ਗਿਆ ਤਾਂ ਝੋਨੇ ਨੂੰ ਨੁਕਸਾਨ ਪੁੱਜਣ ਦਾ ਖ਼ਦਸ਼ਾ ਹੈ। ਫਗਵਾੜਾ ਵਿਚ ਹੋ ਰਹੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਕਾਰਨ ਵੀ ਕੋਈ ਕਿਸਾਨ ਮੰਡੀ ’ਚ ਨਜ਼ਰ ਨਹੀਂ ਆ ਰਿਹਾ। ਕਿਸਾਨਾਂ ਦੇ ਕਰਿੰਦੇ ਹੀ ਝੋਨਾ ਲੱਦ ਕੇ ਮੰਡੀ ’ਚ ਸੁੱਟ ਜਾਂਦੇ ਹਨ ਅਤੇ ਕਿਸਾਨ ਸ਼ਾਮ ਵੇਲੇ ਆ ਕੇ ਆੜ੍ਹਤੀ ਪਾਸੋਂ ਆਪਣੇ ਝੋਨੇ ਦੇ ਹੋਏ ਵਜ਼ਨ ਦੀ ਪਰਚੀ ਲੈ ਜਾਂਦੇ ਹਨ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਰਾਏ ਪੱਬੀ, ਮਹਿੰਦਰ ਸਿੰਘ, ਗੈਜਾ ਨੰਦ ਅਗਰਵਾਲ, ਵਰਿੰਦਰ ਕੁਮਾਰ, ਜਸਵਿੰਦਰ ਸਿੰਘ, ਦਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਤਕ ਸਿਰਫ਼ ਇਕ ਸ਼ੈਲਰ ਮਾਲਕ ਨੇ ਹੀ ਝੋਨੇ ਦੀ 8-10 ਹਜ਼ਾਰ ਬੋਰੀ ਦੀ ਖ਼ਰੀਦ ਕੀਤੀ ਹੈ। ਸਰਕਾਰੀ ਏਜੰਸੀ ਨੇ ਮਾਲ ਤਾਂ ਖਰੀਦਿਆ ਹੈ ਪਰ ਲਿਫ਼ਟਿੰਗ ਨਹੀਂ ਹੋ ਰਹੀ ਅਤੇ ਨਾ ਹੀ ਅਦਾਇਗੀ ਹੋ ਰਹੀ ਹੈ। ਸਰਕਾਰ ਕਿਸਾਨਾਂ ਪਾਸੋਂ ਖਾਤਾ ਨੰਬਰ ਮੰਗ ਰਹੀ ਹੈ ਪਰ ਕੋਈ ਵੀ ਕਿਸਾਨ ਅਜੇ ਦੇਣ ਨੂੰ ਤਿਆਰ ਨਹੀਂ। ਬਹੁਤੇ ਕਿਸਾਨ ਚੋਣਾਂ ’ਚ ਰੁੱਝੇ ਹੋਏ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਬਾਅਦ ਦੇਖਣਗੇ। ਆੜ੍ਹਤੀ ਪ੍ਰੇਸ਼ਾਨ ਹਨ ਕਿਉਂਕਿ ਸਰਕਾਰ ਦੀ ਖਾਤਾ ਨੰਬਰ ਦੇਣ ਦੀ ਸ਼ਰਤ ਪੂਰੀ ਨਾ ਹੋਣ ਕਰਕੇ ਉਹ ਨੁਕਸਾਨ ਝੱਲ ਰਹੇ ਹਨ। ਦੂਜੇ ਪਾਸੇ ਕਿਸੇ ਉੱਚ ਅਧਿਕਾਰੀ ਨੇ ਵੀ ਝੋਨੇ ਦੀ ਚੁਕਾਈ ਨਾ ਹੋਣ ਸਬੰਧੀ ਜਾਇਜ਼ਾ ਨਹੀਂ ਲਿਆ, ਜਿਸ ਕਰਕੇ ਆੜ੍ਹਤੀਆਂ ’ਚ ਰੋਸ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All