ਪੇਂਡੂ ਗਰੀਬਾਂ ਤੇ ਖੇਤ ਮਜ਼ਦੂਰ ਪਰਿਵਾਰਾਂ ਦੀਆਂ ਰਸੋਈਆਂ ’ਚ ਰਹਿ ਗਏ ਸਿਰਫ਼ ਖਾਲੀ ਡੱਬੇ

ਇਕਬਾਲ ਸਿੰਘ ਸ਼ਾਂਤ ਲੰਬੀ, 29 ਮਾਰਚ

ਪਿੰਡ ਗੱਗੜ ’ਚ ਰਸੋਈ ਦੇ ਖਾਲੀ ਡੱਬੇ ਵਿਖਾਉਂਦੀ ਹੋਈ ਸੋਮਾ ਰਾਣੀ।

ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਤਾਜ਼ਾ ਕਮਾਈ ’ਤੇ ਨਿਰਭਰ ਪੇਂਡੂ ਗਰੀਬਾਂ ਅਤੇ ਖੇਤ ਮਜ਼ਦੂਰ ਪਰਿਵਾਰਾਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ। ਸਰਕਾਰੀ ਮਦਦ ਦੇ ਵੱਡੇ ਸਿਆਸੀ ਦਾਅਵਿਆਂ ਵਿਚਕਾਰ ਇਹ ਲੋਕ ਕਰੋਨਾ ਦੇ ਸਹਿਮ ਅਤੇ ਭੁੱਖ ਦੇ ਪੁੜਾਂ ’ਚ ਪਿਸਦੇ ਜਾ ਰਹੇ ਹਨ। ਅਜਿਹੇ ਹਾਲਾਤ ਬਹੁਗਿਣਤੀ ਪੇਂਡੂ ਖੇਤਰਾਂ ਵਿੱਚ ਬਣੇ ਹੋਏ ਹਨ ਜਿੱਥੇ ਜ਼ੀਰੋ ਲੈਵਲ ’ਤੇ ਗਰੀਬਾਂ ਤੱਕ ਸਰਕਾਰੀ ਰਸਦ ਨਹੀਂ ਪੁੱਜੀ। ਲੋਕਾਂ ’ਚ ਕਰੋਨਾ ਵਾਲੀ ਮੌਤ ਨਾਲੋਂ ਖਾਲੀ ਢਿੱਡ ਮਰਨ ਦਾ ਖੌਫ਼ ਵਧੇਰੇ ਸਤਾ ਰਿਹਾ ਹੈ। ਕਿਸੇ ਦੇ ਝੁੱਗੇ ’ਚ ਰਸਦ ਦੇ ਨਾਂ ’ਤੇ ਕਣਕ ਤਾਂ ਪਈ ਹੈ ਪਰ ਉਸ ਨੂੰ ਪਿਸਾਉਣ ਲਈ ਚੱਕੀ ਤੱਕ ਪੁੱਜਣ ਦੇ ਹਾਲਾਤ ਨਹੀਂ। ਬਹੁਤਿਆਂ ਦੇ ਘਰ ਦੇ ਰਸੋਈ ਲਈ ਲੋੜੀਂਦੇ ਸਾਮਾਨ ਦੇ ਡੱਬੇ ਖਾਲੀ ਖੜਕ ਰਹੇ ਹਨ। ਇਹ ਜ਼ਮੀਨੀ ਸਥਿਤੀ ਲੌਕਡਾਊਨ ਅਤੇ ਕਰਫਿਊ ਦੇ ਪਹਿਲੇ ਹਫ਼ਤੇ ਦੀ ਹੈ। ਜੇਕਰ ਸਰਕਾਰੀ ਰਸਦ ਇਨ੍ਹਾਂ ਤੱਕ ਨਾ ਪੁੱਜੀ ਤਾਂ ਅਗਲੇ ਦਿਨਾਂ ’ਚ ਹਾਲਾਤ ਗੰਭੀਰ ਹੋਣਗੇ। ਹੁਣ ਤੱਕ ਸਰਕਾਰੀ ਪ੍ਰਸ਼ਾਸਨ ਦਾ ਜ਼ੋਰ ਜ਼ਮੀਨੀ ਹਾਲਾਤ ਨੂੰ ਸੁਧਾਰਨ ਨਾਲੋਂ ਮੀਟਿੰਗਾਂ ’ਤੇ ਵੱਧ ਲੱਗ ਰਿਹਾ ਹੈ। ਢਿੱਡ ਦੀ ਭੁੱਖ ਦੇ ਹਾਲਾਤ ’ਚ ਜੂਝ ਰਹੀ ਪਿੰਡ ਗੱਗੜ ’ਚ ਅਮਰਜੀਤ ਕੌਰ ਅਤੇ ਸੋਮਾ ਰਾਣੀ ਦੀ ਹਾਲਤ ਅਜਿਹੀ ਹੈ ਕਿ ਉਨ੍ਹਾਂ ਦੇ ਘਰਾਂ ’ਚ ਰਸੋਈ ਖਾਲੀ ਹੋ ਚੁੱਕੀ ਹੈ। ਪਿੰਡ ਸਿੰਘੇਵਾਲਾ (ਫਤੂਹੀਵਾਲਾ) ਦੀ 60 ਸਾਲਾ ਖੇਤ ਮਜ਼ਦੂਰ ਔਰਤ ਜੰਗੀਰ ਕੌਰ ਬੁੱਢੇ ਵਾਰੇ ਵੀ ਦਿਹਾੜੀ ਕਰਕੇ ਦੋ ਪੋਤੀਆਂ ਅਤੇ ਇੱਕ ਪੋਤੇ ਦਾ ਪਾਲਣ ਪੋਸ਼ਣ ਕਰ ਰਹੀ ਹੈ। ਉਸ ਦਾ ਨੌਜਵਾਨ ਪੁੱਤਰ ਗੁਰਤੇਜ ਸਿੰਘ ਅਤੇ ਨੂੰਹ ਸੁਖਦੀਪ ਕੌਰ ਦੀ ਭਰ ਜਵਾਨੀ ’ਚ ਮੌਤ ਹੋ ਗਈ ਸੀ। ਤਾਜ਼ਾ ਕਮਾਈ ’ਤੇ ਨਿਰਭਰ ਇਸ ਪਰਿਵਾਰ ਨੂੰ ਕਰੋਨਾ ਮਹਾਮਾਰੀ ਕਾਰਨ ਕਰਫਿਊ ਨੇ ਫਾਕੇ ਕੱਟਣ ਦੀ ਹਾਲਤ ’ਚ ਸੁੱਟ ਦਿੱਤਾ ਹੈ। ਇਹੀ ਹਾਲ ਉਸ ਦੇ ਗੁਆਂਢੀ ਬੱਗਾ ਸਿੰਘ ਦੇ ਪਰਿਵਾਰ ਦਾ ਹੈ। ਬੱਗਾ ਸਿੰਘ ਨੂੰ ਅਧਰੰਗ ਨੇ ਅਪਾਹਜ ਬਣਾ ਦਿੱਤਾ ਹੈ। ਉਸ ਦੀ ਪਤਨੀ ਜਸਵਿੰਦਰ ਕੌਰ ਮਜ਼ਦੂਰੀ ਕਰਕੇ ਘਰ ਦਾ ਤੋਰਾ ਵੀ ਤੋਰਦੀ ਹੈ। ਇਸ ਵੇਲੇ ਇਸ ਪਰਿਵਾਰ ਕੋਲ ਸਾਰਾ ਰਾਸ਼ਨ ਮੁੱਕ ਚੁੱਕਾ ਹੈ। ਇਹ ਕਹਾਣੀ ਜੰਗੀਰ ਕੌਰ, ਬੱਗਾ ਸਿੰਘ ਅਤੇ ਓਮ ਪ੍ਰਕਾਸ਼ ਦੀ ਹੀ ਨਹੀਂ ਸਗੋਂ ਲੱਖਾਂ ਮਜ਼ਦੂਰ ਪਰਿਵਾਰ ਅੱਜ ਬੇਹੱਦ ਔਖੀ ਹਾਲਤ ’ਚੋਂ ਲੰਘ ਰਹੇ ਹਨ। ਲੋਕਾਂ ਦਾ ਇਹ ਵੀ ਗਿਲਾ ਹੈ ਕਿ ਵੋਟਾਂ ਵੇਲੇ ਉਨ੍ਹਾਂ ਦੀਆਂ ਦੇਹਲੀਆਂ ਨੀਵੀਆਂ ਕਰਨ ਵਾਲੇ ਸਭ ਸਿਆਸੀ ਲੀਡਰ ਹੁਣ ਕਿਤੇ ਦਿਖਾਈ ਨਹੀਂ ਦਿੰਦੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਅਜਿਹੇ ਪਰਿਵਾਰਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਤੇ ਪਿੰਡ ਵਾਸੀਆਂ ਨੂੰ ਸਹਿਯੋਗ ਕਰਨ ਲਈ ਪ੍ਰੇਰ ਕੇ ਰਾਸ਼ਨ ਇਕੱਠਾ ਕਰਨ ਦੀ ਮੁਹਿੰਮ ਹੱਥ ’ਚ ਲੈ ਲਈ ਹੈ। ਖੇਤ ਮਜ਼ਦੂਰ ਆਗੂ ਕਾਲਾ ਸਿੰਘ ਤੇ ਕਿਸਾਨ ਆਗੂ ਗੁਰਪਾਸ਼ ਸਿੰਘ ਦੀ ਅਗਵਾਈ ’ਚ ਟੀਮ ਲੋਕਾਂ ਨੂੰ ਇਸ ਬਿਮਾਰੀ ਬਾਰੇ ਵੀ ਜਾਗਰੂਕ ਕਰ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All